ਅੰਮ੍ਰਿਤਸਰ 19 ਮਈ ( ) ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਸਮੇਂ-ਸਮੇਂ ਰਹੇ ਮੁਖੀਆਂ ਦੇ ਚਿੱਤਰ ਕੇਂਦਰੀ ਸਿੱਖ ਅਜਾਇਬ ਘਰ ਵਿਖੇ ਮਿਤੀ 20 ਮਈ ਨੂੰ ਸਵੇਰੇ 8.30 ਵਜੇ ਸੁਸ਼ੋਭਿਤ ਕੀਤੇ ਜਾਣਗੇ।
ਇਸ ਸਬੰਧੀ ਪ੍ਰੈਸ ਦੇ ਨਾਮ ਬਿਆਨ ਜਾਰੀ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਬੁਲਾਰੇ ਤੇ ਵਧੀਕ ਸਕੱਤਰ ਸ੍ਰ: ਦਿਲਜੀਤ ਸਿੰਘ ਬੇਦੀ ਨੇ ਦੱਸਿਆ ਕਿ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਜਥੇਦਾਰਾਂ ਦਾ ਇਤਿਹਾਸ ਵਿੱਚ ਵਿਸ਼ੇਸ਼ ਜ਼ਿਕਰ ਮਿਲਦਾ ਹੈ।ਉਨ੍ਹਾਂ ਨੇ ਸਮੇਂ-ਸਮੇਂ ਕੌਮ ਦੀ ਅਗਵਾਈ ਕਰਕੇ ਵੱਡੀ ਘਾਲਣਾ ਘਾਲੀ ਹੈ।ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਇਸ ਵਕਤ ਦੇ ਮੁਖੀ ਜਥੇਦਾਰ ਬਲਵੀਰ ਸਿੰਘ ਵੱਲੋਂ ਇਕ ਪੱਤਰ ਰਾਹੀਂ ਇਨ੍ਹਾਂ ਜਥੇਦਾਰਾਂ ਦੀਆਂ ਤਸਵੀਰਾਂ ਕੇਂਦਰੀ ਅਜਾਇਬ ਘਰ ਵਿਖੇ ਸੁਸ਼ੋਭਿਤ ਕਰਨ ਲਈ ਲਿਖਿਆ ਗਿਆ ਸੀ ਜਿਸ ਤੇ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਨੇ ਫੈਸਲਾ ਲੈਂਦਿਆਂ ਇਹ ਤਸਵੀਰਾਂ ਲਗਾਉਣ ਲਈ ਆਪਣੀ ਸਹਿਮਤੀ ਪ੍ਰਗਟਾਈ ਹੈ।ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਵੱਲੋਂ ਹੋਏ ਫੈਂਸਲੇ ਅਨੁਸਾਰ ਇਨ੍ਹਾਂ ਮਹਾਨ ਜਰਨੈਲਾਂ ਦੀਆਂ ਤਸਵੀਰਾਂ ਕੇਂਦਰੀ ਸਿੱਖ ਅਜਾਇਬ ਘਰ ਵਿਖੇ ਲਗਾਉਣ ਦਾ ਫੈਂਸਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਤਸਵੀਰਾਂ ਵਿੱਚ ਬਾਬਾ ਬਿਨੋਦ ਸਿੰਘ, ਬਾਬਾ ਦੀਵਾਨ ਦਰਬਾਰਾ ਸਿੰਘ, ਬਾਬਾ ਨੈਣਾ ਸਿੰਘ, ਬਾਬਾ ਹਨੂੰਮਾਨ ਸਿੰਘ, ਬਾਬਾ ਗਿਆਨਾ ਸਿੰਘ, ਬਾਬਾ ਤੇਜਾ ਸਿੰਘ, ਬਾਬਾ ਸਾਹਿਬ ਸਿੰਘ ਕਲਾਧਾਰੀ ਤੇ ਬਾਬਾ ਚੇਤ ਸਿੰਘ ਦੀਆਂ ਤਸਵੀਰਾਂ ਸ਼ਾਮਿਲ ਹਨ।ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਇਨ੍ਹਾਂ ਤਸਵੀਰਾਂ ਤੋਂ ਪਰਦਾ ਹਟਾਉਣ ਦੀ ਰਸਮ ਅਦਾ ਕਰਨਗੇ।ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਜਥੇ ਗੁਰਬਾਣੀ ਦਾ ਮਨੋਹਰ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕਰਨਗੇ।