ਮੁੱਖਵਾਕ - ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ Arrow Right ਸੋਰਠਿ ਮਹਲਾ ੫ ॥ ਸੂਖ ਮੰਗਲ ਕਲਿਆਣ ਸਹਜ ਧੁਨਿ ਪ੍ਰਭ ਕੇ ਚਰਣ ਨਿਹਾਰਿਆ॥ ਰਾਖਨਹਾਰੈ ਰਾਖਿਓ ਬਾਰਿਕੁ ਸਤਿਗੁਰਿ ਤਾਪੁ ਉਤਾਰਿਆ॥ ੧॥ ਸੋਮਵਾਰ, ੯ ਵੈਸਾਖ (ਸੰਮਤ ੫੫੭ ਨਾਨਕਸ਼ਾਹੀ) ੨੧ ਅਪ੍ਰੈਲ, ੨੦੨੫ (ਅੰਗ: ੬੧੯)

ਅੰਮ੍ਰਿਤਸਰ, 20 ਜੂਨ-
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਰਾਗੜ੍ਹੀ ਨਿਵਾਸ ਵਿਖੇ ਕਮਰਾ ਰਾਖਵਾਂ ਕਰਨ ਦੇ ਨਾਂ ’ਤੇ ਸੰਗਤਾਂ ਨਾਲ ਨਕਲੀ ਵੈੱਬਸਾਈਟ ਜਰੀਏ ਠੱਗੀ ਮਾਰਨ ਵਾਲੇ ਖਾਤੇ ਨੂੰ ਬੰਦ ਕਰਵਾ ਦਿੱਤਾ ਗਿਆ ਹੈ। ਸ਼੍ਰੋਮਣੀ ਕਮੇਟੀ ਦੇ ਇੰਟਰਨੈੱਟ ਵਿਭਾਗ ਨੇ ਸਾਰਾਗੜ੍ਹੀ ਨਿਵਾਸ ਦੇ ਨਾਂ ’ਤੇ ਚਲਾਈ ਜਾ ਰਹੀ ਜਾਅਲੀ ਵੈੱਬਸਾਈਟ ਦਾ ਆਈ.ਪੀ. ਐਡਰੈਸ ਪਤਾ ਲਗਾ ਕੇ ਇਸ ਕਾਰਵਾਈ ਨੂੰ ਪੂਰਾ ਕੀਤਾ ਹੈ। ਇਸ ਸਬੰਧੀ ਗੱਲ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਪ੍ਰਤਾਪ ਸਿੰਘ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਨੇ ਇਸ ਸਬੰਧੀ ਪੁਲਿਸ ਪ੍ਰਸ਼ਾਸਨ ਨੂੰ ਸ਼ਿਕਾਇਤ ਦਰਜ ਕਰਵਾਈ ਸੀ, ਪਰੰਤੂ ਪੁਲਿਸ ਵੱਲੋਂ ਕੋਈ ਵੀ ਠੋਸ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਸੰਗਤਾਂ ਨਾਲ ਜੁੜਿਆ ਇਹ ਬੇਹੱਦ ਗੰਭੀਰ ਮਾਮਲਾ ਹੈ, ਕਿਉਂਕਿ ਪਿਛਲੇ ਕੁਝ ਸਮੇਂ ਤੋਂ ਸ੍ਰੀ ਦਰਬਾਰ ਸਾਹਿਬ ਨਾਲ ਸਬੰਧਤ ਸਰਾਵਾਂ ਵਿਖੇ ਕਮਰਾ ਰਾਖਵਾਂ ਕਰਵਾਉਣ ਦੇ ਨਾਂ ’ਤੇ ਕੁਝ ਸ਼ਰਧਾਲੂਆਂ ਨਾਲ ਠੱਗੀ ਹੋਈ ਹੈ। ਉਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ ਇਸ ਨਕਲੀ ਵੈੱਬਸਾਈਟ ਦਾ ਆਈ.ਪੀ. ਐਡਰੈਸ ਪਤਾ ਲਗਾ ਕੇ ਇਸ ਨੂੰ ਫਿਲਹਾਲ ਬੰਦ ਕਰਵਾਇਆ ਹੈ ਅਤੇ ਹੁਣ ਪੁਲਿਸ ਪ੍ਰਸ਼ਾਸਨ ਦੀ ਜ਼ੁੰਮੇਵਾਰੀ ਹੈ ਕਿ ਉਹ ਇਸ ਦੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਬਣਦੀ ਕਾਨੂੰਨੀ ਕਾਰਵਾਈ ਕਰੇ। ਉਨ੍ਹਾਂ ਇਹ ਵੀ ਕਿਹਾ ਕਿ ਇਸ ਦੇ ਨਾਲ ਹੀ ਠੱਗੀ ਦਾ ਸ਼ਿਕਾਰ ਹੋਈਆਂ ਸੰਗਤਾਂ ਦੇ ਪੈਸੇ ਵੀ ਵਾਪਸ ਕਰਵਾਏ ਜਾਣ।
ਇਸੇ ਦੌਰਾਨ ਸ੍ਰੀ ਦਰਬਾਰ ਸਾਹਿਬ ਨਾਲ ਸਬੰਧਤ ਸਰਾਵਾਂ ਦੇ ਮੈਨੇਜਰ ਸ. ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਇਕ ਠੱਗ ਵੱਲੋਂ ਸਾਰਾਗੜ੍ਹੀ ਨਿਵਾਸ ਦੇ ਨਾਂ ’ਤੇ ਇਕ ਨਕਲੀ ਵੈੱਬਸਾਈਟ ਬਣਾ ਕੇ ਕਮਰੇ ਬੁੱਕ ਕਰਨ ਸਬੰਧੀ ਧੋਖਾਧੜੀ ਕੀਤੀ ਜਾ ਰਹੀ ਸੀ, ਜਿਸ ਦਾ ਪਤਾ ਲਗਣ ’ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਨਿਰਦੇਸ਼ਾਂ ਅਨੁਸਾਰ ਇੰਟਰਨੈੱਟ ਵਿਭਾਗ ਨੇ ਆਪਣੀ ਕਾਰਵਾਈ ਆਰੰਭੀ ਅਤੇ ਇਹ ਨਕਲੀ ਵੈੱਬਸਾਈਟ ਬੰਦ ਕਰਵਾਈ। ਉਨ੍ਹਾਂ ਸੰਗਤ ਨੂੰ ਅਪੀਲ ਕੀਤੀ ਕਿ ਸ੍ਰੀ ਦਰਬਾਰ ਸਾਹਿਬ ਵਿਖੇ ਆਨਲਾਈਨ ਤਰੀਕੇ ਨਾਲ ਕਮਰਾ ਰਾਖਵਾਂ ਕਰਵਾਉਣ ਲਈ ਸ਼੍ਰੋਮਣੀ ਕਮੇਟੀ ਦੀ ਅਧਿਕਾਰਤ ਵੈੱਬਸਾਈਟ www.sgpcsarai.com ਦੀ ਹੀ ਵਰਤੋਂ ਕਰਨ।