ਅੰਮ੍ਰਿਤਸਰ 10 ਅਗਸਤ ( ) ਭਾਈ ਬਲਦੇਵ ਸਿੰਘ ਵਡਾਲਾ ਵੱਲੋਂ ਅਖ਼ਬਾਰਾਂ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਣਾਈ ਗਈ ਸਾਰਾਗੜ੍ਹੀ ਸਰਾਂ ਦੇ ਫਰਨੀਚਰ ਬਾਰੇ ਦਿੱਤਾ ਗਿਆ ਬਿਆਨ ਤੱਥਾਂ ਤੋਂ ਬਿਲਕੁਲ ਉਲਟ ਹੈ।
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਕਮੇਟੀ ਦੇ ਬੁਲਾਰੇ ਨੇ ਪ੍ਰੈਸ ਦੇ ਨਾਮ ਬਿਆਨ ਜਾਰੀ ਕਰਦਿਆਂ ਕੀਤਾ।ਉਨ੍ਹਾਂ ਕਿਹਾ ਕਿ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ੨੫੦ ਕਮਰਿਆਂ ਵਾਲੀ ੮ ਮੰਜ਼ਿਲਾ ਸਾਰਾਗੜ੍ਹੀ ਸਰਾਂ ਯਾਤਰੀਆਂ ਦੀ ਸੁਵਿਧਾ ਨੂੰ ਮੁੱਖ ਰੱਖਦੇ ਹੋਏ ਧਰਮ ਸਿੰਘ ਮਾਰਕੀਟ ਲਾਗੇ ਬਣਾਈ ਗਈ ਹੈ।ਜਿਸ ਵਿੱਚ ਲਿਫ਼ਟਾਂ, ਵਾਤਾਵਰਣ ਅਨੁਕੂਲ ਏਅਰ ਕੰਡੀਸ਼ਨ ਤੇ ਸੋਲਰ ਬਿਜਲੀ ਦਾ ਸੁਚੱਜਾ ਪ੍ਰਬੰਧ ਹੈ।ਬੁਲਾਰੇ ਨੇ ਦੱਸਿਆ ਕਿ ਇਨ੍ਹਾਂ ਕਮਰਿਆਂ ‘ਚ ਫਰਨੀਚਰ ਲਗਾਉਣ ਲਈ ਅਖਬਾਰਾਂ ‘ਚ ਇਸ਼ਤਿਹਾਰ ਦਿੱਤੇ ਗਏ ਤੇ ਕਈ ਫਰਮਾਂ ਨੇ ਆ ਕੇ ਇਕ-ਇਕ ਕਮਰੇ ਲਈ ਫਰਨੀਚਰ ਬਣਾ ਕੇ ਦਿੱਤਾ, ਪਰ ਇਨ੍ਹਾਂ ੬ ਕਮਰਿਆਂ ਵਿੱਚ ਲਗਾਇਆ ਆਰਜੀ ਫਰਨੀਚਰ ਕੋਈ ਵੀ ਯੋਗ ਨਾ ਸਮਝਿਆ ਗਿਆ।ਦਿੱਲੀ ਦੀ ਇੱਕ ਫ਼ਰਮ ਜਿਹੜੀ ਚੀਨ ਤੋਂ ਫਰਨੀਚਰ ਆਯਾਤ ਕਰਦੀ ਹੈ ਨੇ ਸ਼੍ਰੋਮਣੀ ਕਮੇਟੀ ਨੂੰ ਆਪਣੀ ਪੇਸ਼ਕਸ਼ ਦਿੱਤੀ।ਅੰਤ੍ਰਿੰਗ ਕਮੇਟੀ ਵੱਲੋਂ ਇਹ ਫੈਸਲਾ ਕੀਤਾ ਗਿਆ ਕਿ ਸਥਾਪਿਤ ਕੀਤੀ ਗਈ ਕਮੇਟੀ ਚੀਨ ਜਾ ਕੇ ਇਸ ਫਰਨੀਚਰ ਦਾ ਓਥੋਂ ਦੀਆਂ ਵੱਖ-ਵੱਖ ਫਰਮਾਂ ਨਾਲ ਗੱਲ ਕਰਕੇ ਆਪਣਾ ਫੈਸਲਾ ਦੇਵੇ।ਇਸ ਵਾਸਤੇ ਸ. ਰਘੂਜੀਤ ਸਿੰਘ ਵਿਰਕ ਸੀਨੀਅਰ ਮੀਤ ਪ੍ਰਧਾਨ ਤੇ ਅੰਤ੍ਰਿੰਗ ਕਮੇਟੀ ਮੈਂਬਰ ਸ. ਰਾਜਿੰਦਰ ਸਿੰਘ ਮਹਿਤਾ ਚੀਨ ਗਏ ਤੇ ਕਈ ਫਰਮਾਂ ਦੀਆਂ ਵਰਕਸ਼ਾਪਾਂ, ਗੋਦਾਮ ਤੇ ਸ਼ੋਅ ਰੂਮ ਦੇਖ ਕੇ ਫਰਨੀਚਰ ਖ੍ਰੀਦਣ ਸਬੰਧੀ ਸਿਫਾਰਸ਼ ਕੀਤੀ।
ਬੁਲਾਰੇ ਨੇ ਹੋਰ ਜਾਣਕਾਰੀ ਦੇਂਦਿਆਂ ਦੱਸਿਆ ਕਿ ਸਾਰੀਆਂ ਪ੍ਰਾਪਤ ਕੀਤੀਆਂ ਕੁਟੇਸ਼ਨਾ ਤੇ ਵਿਚਾਰ ਕਰਨ ਉਪਰੰਤ ਲਿਖਤੀ ਰੂਪ ਵਿਚ ਅੰਤ੍ਰਿੰਗ ਕਮੇਟੀ ਕੋਲੋਂ ਫਰਨੀਚਰ ਖਰੀਦ ਕਰਨ ਦੀ ਪ੍ਰਵਾਨਗੀ ਲਈ ਗਈ ਅਤੇ ਅੰਤ੍ਰਿੰਗ ਕਮੇਟੀ ਦੇ ਫੈਂਸਲੇ ਦੇ ਅਧਾਰ ਤੇ ੧੦ ਲੱਖ ਦੀ ਰਕਮ ਦੇ ਬਰਾਬਰ ਦੀ ਪੇਸ਼ਗੀ ਦਿੱਤੀ ਗਈ।ਕਮੇਟੀ ਨੇ ਦੱਸਿਆ ਕਿ ਕੋਈ ਵੀ ਫਰਨੀਚਰ ਸਪਲਾਈ ਕਰਨ ਵਾਲਾ ਜਦ ਤੱਕ ਉਸ ਨੂੰ ਰਕਮ ਨਾ ਮਿਲੇ ਉਹ ਖਰੀਦਦਾਰ ਦੇ ਆਰਡਰ ਨੂੰ ਪ੍ਰਵਾਨ ਨਹੀਂ ਮੰਨਦਾ।ਇਸ ਫਲਸਰੂਪ ਇਹ ਫੈਸਲਾ ਲਿਆ ਗਿਆ ਕਿ ਫਰਨੀਚਰ ਦੀ ਬਣਦੀ ਖਰੀਦ ਵਾਲੀ ਰਕਮ ਜਿਹੜੀ ਅੰਤ੍ਰਿੰਗ ਕਮੇਟੀ ਤੋਂ ਪ੍ਰਵਾਨ ਹੋ ਚੁੱਕੀ ਹੈ ਅਦਾ ਕੀਤੀ ਜਾਵੇ।
ਬੁਲਾਰੇ ਨੇ ਦੱਸਿਆ ਕਿ ਅਜਿਹੀ ਸੂਰਤ ਵਿੱਚ ਜੇ ਸਪਲਾਇਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਮਾਨ ਨਹੀਂ ਦੇਂਦਾ ਤਾਂ ਜਿਸ ਫਰਮ ਰਾਹੀਂ ਇਹ ਆਰਡਰ ਦਿੱਤਾ ਗਿਆ ਸੀ ਉਸ ਕੋਲੋਂ ਜ਼ਮਾਨਤੀ ਬਾਂਡ (ਹਰਜਾਨਾ ਬੰਧਨ) ਤੇ ਏਨੀ ਹੀ ਰਕਮ ਦਾ ਅਗਲੇਰੀ ਤਾਰੀਖ਼ ਦਾ ਚੈੱਕ ਲਿਆ ਜਾਵੇ ਅਤੇ ਇਹ ਲਿਆ ਗਿਆ ਹੈ, ਜਿਸ ਦੀ ਸਹਿਮਤੀ ਸ਼੍ਰੋਮਣੀ ਕਮੇਟੀ ਦੇ ਨਿਰਧਾਰਿਤ ਚਾਰਟਰਡ ਅਕਾਊਂਟੈਂਟ ਤੋਂ ਲਈ ਗਈ ਹੈ।ਬੁਲਾਰੇ ਨੇ ਕਿਹਾ ਕਿ ਅਜਿਹੀ ਸੂਰਤ ਵਿੱਚ ਸਾਰੀ ਖਰੀਦਦਾਰੀ ਤੋਂ ਪਹਿਲਾਂ ਪ੍ਰਵਾਨਗੀ ਬਿਲਕੁਲ ਨਿਯਮਾਂ ਅਨੁਸਾਰ ਹੋਈ ਹੈ।ਉਨ੍ਹਾਂ ਕਿਹਾ ਕਿ ਕਈ ਸੱਜਣ ਸ਼੍ਰੋਮਣੀ ਕਮੇਟੀ ਨੂੰ ਬਦਨਾਮ ਕਰਨ ਦਾ ਯਤਨ ਕਰ ਰਹੇ ਹਨ ਜੋ ਉਚਿੱਤ ਨਹੀਂ।