** ਚੇਤਿ ਗੋਵਿੰਦੁ ਅਰਾਧੀਐ ਹੋਵੈ ਅਨੰਦੁ ਘਣਾ ॥ ਸੰਤ ਜਨਾ ਮਿਲਿ ਪਾਈਐ ਰਸਨਾ ਨਾਮੁ ਭਣਾ॥ ** ** ਸਮੁੱਚੀ ਨਾਨਕ ਨਾਮ ਲੇਵਾ ਸੰਗਤ ਨੂੰ ਚੇਤ ਸੰਗਰਾਂਦ ਦੇ ਪਵਿੱਤਰ ਦਿਹਾੜੇ ’ਤੇ ਨਵੇਂ ਨਾਨਕਸ਼ਾਹੀ ਵਰ੍ਹੇ ਸੰਮਤ 557 ਦੀਆਂ ਲੱਖ-ਲੱਖ ਵਧਾਈਆਂ **

ਗੁਰੂ ਸਾਹਿਬਾਨ ਨੇ ਕਿਸੇ ਵੀ ਹਾਲਤ ਵਿੱਚ ਸਿੱਖ ਨੂੰ ਧਰਮ ਵਿੱਚ ਪਰਪੱਕ ਰਹਿਣਾ ਸਿਖਾਇਆ : ਜਥੇਦਾਰ ਅਵਤਾਰ ਸਿੰਘ

ਅੰਮ੍ਰਿਤਸਰ : 5 ਅਗਸਤ (        ) ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿਕਲੀਗਰ ਸਿੱਖਾਂ ਵੱਲੋਂ ਦਿੱਤੇ ਬਿਆਨ ਕਿ ਸ਼੍ਰੋਮਣੀ ਕਮੇਟੀ ਨੇ ਉਨ੍ਹਾਂ ਦੀ ਕਦੇ ਬਾਂਹ ਨਹੀਂ ਫੜੀ ਨੂੰ ਸਰਾਸਰ ਗਲਤ ਕਰਾਰ ਦਿੱਤਾ ਹੈ।

ਇਥੋਂ ਜਾਰੀ ਪ੍ਰੈਸ ਬਿਆਨ ਵਿੱਚ ਸ਼੍ਰੋਮਣੀ ਕਮੇਟੀ ਦੇ ਬੁਲਾਰੇ ਤੇ ਵਧੀਕ ਸਕੱਤਰ ਸ੍ਰ: ਦਿਲਜੀਤ ਸਿੰਘ ਬੇਦੀ ਨੇ ਜਥੇਦਾਰ ਅਵਤਾਰ ਸਿੰਘ ਦੇ ਹਵਾਲੇ ਨਾਲ ਕਿਹਾ ਕਿ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਂ-ਸਮੇਂ ਤੇ ਬਿਨਾਂ ਕਿਸੇ ਭੇਦ ਭਾਵ ਦੇ ਹਰ ਤਰ੍ਹਾਂ ਦੀ ਮਾਲੀ ਸਹਾਇਤਾ ਕਰਦੀ ਆ ਰਹੀ ਹੈ।ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਸਿਕਲੀਗਰ ਸਿੱਖਾਂ ਨੂੰ ਸਹਾਇਤਾ ਵਜੋਂ ਸਾਲ ੨੦੧੧-੧੨ ਵਿੱਚ ੧੦ ਲੱਖ ੨੫ ਹਜ਼ਾਰ ਰੁਪਏ, ਸਾਲ ੨੦੧੩-੧੪ ਵਿੱਚ ੩੨ ਲੱਖ ੭੦ ਹਜ਼ਾਰ ਰੁਪਏ, ਸਾਲ ੨੦੧੪-੧੫ ਵਿੱਚ ੧੦ ਲੱਖ ੯੦ ਹਜ਼ਾਰ ਰੁਪਏ, ਸਾਲ ੨੦੧੫-੧੬ ਵਿੱਚ ੨੦ ਲੱਖ ੫੦ ਹਜ਼ਾਰ ਰੁਪਏ ਤੇ ਇਸੇ ਸਹਾਇਤਾ ਨੂੰ ਜਾਰੀ ਰੱਖਦਿਆਂ ਸਾਲ ੨੦੧੬-੧੭ ਵਿੱਚ ੩ ਲੱਖ ੨੧ ਹਜ਼ਾਰ ੭੫੦ ਰੁਪਏ ਦੀ ਸਹਾਇਤਾ ਪ੍ਰਦਾਨ ਕੀਤੀ ਗਈ ਹੈ।ਉਨ੍ਹਾਂ ਕਿਹਾ ਕਿ ਹੁਣ ਤੱਕ ਕੁੱਲ਼ ੭੭ ਲੱਖ ੫੬ ਹਜ਼ਾਰ ੭੫੦ ਰੁਪਏ ਸਹਾਇਤਾ ਸਿਕਲੀਗਰ ਸਿੱਖਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਿੱਤੀ ਜਾ ਚੁੱਕੀ ਹੈ।ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਸਿਕਲੀਗਰ ਪ੍ਰੀਵਾਰਾਂ ਦੀ ਵੱਧ ਤੋਂ ਵੱਧ ਮਦਦ ਕਰ ਰਹੀ ਹੈ ਤੇ ਅੱਗੋਂ ਵੀ ਜਾਰੀ ਹੈ।ਉਨ੍ਹਾਂ ਕਿਹਾ ਕਿ ਜਿਹੜਾ ਪ੍ਰੀਵਾਰ ਦਰਖਾਸਤ ਦੇ ਨਾਲ ਠੋਸ ਸਬੂਤ ਲਗਾਉਂਦਾ ਹੈ ਉਸ ਦੀ ਦਰਖਾਸਤ ‘ਤੇ ਵਿਚਾਰ ਕਰਕੇ ਸਹਾਇਤਾ ਦਿੱਤੀ ਜਾਂਦੀ ਹੈ।

ਸ. ਬੇਦੀ ਨੇ ਦੱਸਿਆ ਕਿ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਸਿੱਖ ਗੁਰੂ ਸਾਹਿਬਾਨ ਨੇ ਆਪਣੇ ਸਿੱਖ ਨੂੰ ਹਰ ਤਰ੍ਹਾਂ ਦੇ ਹਾਲਾਤਾਂ ਵਿੱਚ ਆਪਣੇ ਧਰਮ ਵਿੱਚ ਪਰਪੱਕ ਹੋਣ ਲਈ ਪ੍ਰੇਰਿਆ ਹੈ। ਉਨ੍ਹਾਂ ਕਿਹਾ ਕਿ ਜੋ ਲੋਕ ਧਰਮ ਤਬਦੀਲੀ ਦੀ ਗੱਲ ਕਰਦੇ ਹਨ ਉਹ ਦਸਮ ਪਾਤਸ਼ਾਹ ਦੇ ਚਾਰੇ ਲਾਲਾਂ ਤੇ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਦੇ ਹੋਏ ਉਨ੍ਹਾਂ ਤੋਂ ਸਬਕ ਲੈਣ, ਜਿਨ੍ਹਾਂ ਧਰਮ ਨਹੀਂ ਹਾਰਿਆ ਤੇ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾ ਕੇ ਆਪਾ ਕੁਰਬਾਨ ਕਰ ਗਏ।ਉਨ੍ਹਾਂ ਕਿਹਾ ਕਿ ਲਾਲਚ ਵੱਸ ਧਰਮ ਤਬਦੀਲ ਕਰਨਾ ਕੋਈ ਸਿਆਣਪ ਵਾਲੀ ਗੱਲ ਨਹੀਂ।ਉਨ੍ਹਾਂ ਕਿਹਾ ਕਿ ਕੁਝ ਲੋਕ ਸਿੱਖਾਂ ਦੀ ਇਸ ਸੰਸਥਾ ਨੂੰ ਬਦਨਾਮ ਕਰਨ ਤੇ ਆਪਣੀ ਝੂਠੀ ਸ਼ੋਹਰਤ ਖਾਤਿਰ ਗਲਤ ਬਿਆਨ ਲਗਵਾ ਰਹੇ ਹਨ ਜੋ ਸਰਾਸਰ ਗਲਤ ਹੈ।ਉਨ੍ਹਾਂ ਕਿਹਾ ਕਿ ਜੇਕਰ ਕੋਈ ਰਹਿ ਗਿਆ ਹੈ ਤਾਂ ਉਹ ਪੂਰੇ ਸਬੂਤਾਂ ਸਹਿਤ ਮੇਰੇ ਨਾਲ ਜਾਂ ਦਫ਼ਤਰ ਸ਼੍ਰੋਮਣੀ ਕਮੇਟੀ ‘ਚ ਸੰਪਰਕ ਕਰ ਸਕਦਾ ਹੈ।