ਅੰਮ੍ਰਿਤਸਰ ੨੯ ਮਈ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਦੇਸ਼ ਵਿਦੇਸ਼ਾਂ ਅੰਦਰ ਸਿੱਖਾਂ ‘ਤੇ ਹੋ ਰਹੇ ਨਸਲੀ ਹਮਲਿਆਂ ਦੀ ਨਿੰਦਾ ਕਰਦਿਆਂ ਭਾਰਤ ਸਰਕਾਰ ਨੂੰ ਇਸ ਪਾਸੇ ਧਿਆਨ ਦੇਣ ਦੀ ਅਪੀਲ ਕੀਤੀ ਹੈ। ਜਾਰੀ ਇੱਕ ਬਿਆਨ ਵਿਚ ਭਾਈ ਲੌਂਗੋਵਾਲ ਨੇ ਆਖਿਆ ਕਿ ਚਾਹੀਦਾ ਤਾਂ ਇਹ ਹੈ ਕਿ ਭਾਰਤ ਸਰਕਾਰ ਵੱਲੋਂ ਵਿਦੇਸ਼ਾਂ ਵਿਚ ਸਿੱਖਾਂ ਵਿਰੁੱਧ ਹੁੰਦੇ ਨਸਲੀ ਹਮਲਿਆਂ ਨੂੰ ਰੋਕਣ ਲਈ ਸੰਜੀਦਾ ਕਰਮ ਚੁੱਕੇ ਜਾਂਦੇ, ਪਰ ਦੁੱਖ ਦੀ ਗੱਲ ਹੈ ਕਿ ਉਲਟਾ ਆਪਣੇ ਹੀ ਦੇਸ਼ ਅੰਦਰ ਸਿੱਖਾਂ ਨੂੰ ਦਬਾਉਣ ਦੇ ਮਾਮਲੇ ਸਾਹਮਣੇ ਆ ਰਹੇ ਹਨ। ਉਨ੍ਹਾਂ ਬੀਤੇ ਦਿਨੀਂ ਕਰਨਾਟਕ ਦੇ ਗੁਲਬਰਗ ਵਿਚ ੨੫ ਸਾਲਾ ਸਿੱਖ ਨੌਜਵਾਨ ਅਵਤਾਰ ਸਿੰਘ ਦੀ ਕੁੱਟਮਾਰ ਦਾ ਹਵਾਲਾ ਦਿੰਦਿਆਂ ਕਿਹਾ ਕਿ ਦੇਸ਼ ਲਈ ੮੦ ਫ਼ੀਸਦੀ ਤੋਂ ਵੱਧ ਕੁਰਬਾਨੀਆਂ ਦੇਣ ਵਾਲੇ ਸਿੱਖਾਂ ਨਾਲ ਦੇਸ਼ ਅੰਦਰ ਨਫ਼ਰਤ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਘੱਟ ਗਿਣਤੀ ਸਿੱਖਾਂ ਨਾਲ ਧੱਕਾ ਹੈ ਅਤੇ ਸਰਕਾਰਾਂ ਨੂੰ ਅਜਿਹੀਆਂ ਘਟਨਾਵਾਂ ਰੋਕਣ ਲਈ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ। ਦੂਸਰੇ ਪਾਸੇ ਭਾਈ ਲੌਂਗੋਵਾਲ ਨੇ ਬੀਤੇ ਦਿਨੀਂ ਅਮਰੀਕਾ ਦੇ ਸ਼ਹਿਰ ਸਿਨਸਿਨਾਟੀ ‘ਚ ਨਸਲੀ ਹਮਲੇ ਦਾ ਸ਼ਿਕਾਰ ਹੋਏ ਜ਼ੇਰੇ ਇਲਾਜ਼ ਸ. ਜਸਪ੍ਰੀਤ ਸਿੰਘ ਦੀ ਮੌਤ ‘ਤੇ ਵੀ ਅਫ਼ਸੋਸ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ ਕਿ ਜਿਥੇ ਕਰਨਾਟਕ ਦੀ ਘਟਨਾ ਦੇ ਦੋਸ਼ੀਆਂ ਵਿਰੁੱਧ ਭਾਰਤ ਸਰਕਾਰ ਸਬੰਧਤ ਸੂਬੇ ਦੀ ਸਰਕਾਰ ਨੂੰ ਕਾਰਵਈ ਲਈ ਕਹੇ ਉਥੇ ਹੀ ਅਮਰੀਕਾ ਮਾਮਲੇ ਬਾਰੇ ਵੀ ਵਿਦੇਸ਼ ਮੰਤਰਾਲੇ ਰਾਹੀਂ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਲਈ ਦਬਾਅ ਬਣਾਏ।