ਅੰਮ੍ਰਿਤਸਰ 18 ਦਸੰਬਰ ( ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬੁਲਾਰੇ ਤੇ ਵਧੀਕ ਸਕੱਤਰ ਸ. ਦਿਲਜੀਤ ਸਿੰਘ ਬੇਦੀ ਨੇ ਇਥੋਂ ਜਾਰੀ ਪ੍ਰੈੱਸ ਬਿਆਨ ਵਿੱਚ ਕਿਹਾ ਕਿ ਅਮਰੀਕਾ ਵਿੱਚ ਵੱਖ ਥਾਈ ਸਿੱਖਾਂ ਤੇ ਨਸਲੀ ਹਮਲੇ, ਲਾਸ ਏਂਜਲਸ ਦੇ ਇਲਾਕੇ ਵਿੱਚ ਗੁਰਦੁਆਰਾ ਸਾਹਿਬ ਦੀ ਭੰਨ-ਤੋੜ ਕਰਨ ਤੇ ਗੁਰਦੁਆਰਾ ਸਾਹਿਬ ਦੀ ਦੀਵਾਰ ਤੇ ਸਿੱਖਾਂ ਨੂੰ ਮੁਸਲਮਾਨ ਸਮਝ ਕੇ ਆਈ ਐੱਸ ਆਈ ਵਿਰੁੱਧ ਭੜਕਾਊ ਨਾਹਰੇ ਲਿਖਣ ਦੇ ਸਬੰਧ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਮਿਸਟਰ ਬਰਾਕ ਓਬਾਮਾ, ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਤੇ ਨਵੀਂ ਦਿੱਲੀ ਵਿਖੇ ਅਮਰੀਕੀ ਰਾਜਦੂਤ ਮਿਸਟਰ ਰਿਚਰਡ ਆਰ ਵਰਮਾ ਨੂੰ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਕਮੇਟੀ ਨੇ ਪੱਤਰ ਲਿਖਿਆ ਹੈ।
ਸ. ਬੇਦੀ ਨੇ ਦੱਸਿਆ ਕਿ ਅਮਰੀਕਾ ਦੇ ਰਾਸ਼ਟਰਪਤੀ ਮਿਸਟਰ ਬਰਾਕ ਓਬਾਮਾ ਨੂੰ ਲਿਖੀ ਪੱਤਰਕਾ ‘ਚ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਨੇ ਕਿਹਾ ਕਿ ਮੈਂ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਹੋਣ ਦੇ ਨਾਤੇ ਤੁਹਾਡਾ ਧਿਆਨ 6 ਦਸੰਬਰ ਨੂੰ ਅਮਰੀਕਾ ਦੇ ਲਾਸ ਏਂਜਲਸ ਇਲਾਕੇ ਵਿੱਚ ਗੁਰਦੁਆਰਾ ਸਾਹਿਬ ਦੀ ਭੰਨ-ਤੋੜ ਕਰਨ ਅਤੇ ਸਿੱਖਾਂ ਨੂੰ ਮੁਸਲਮਾਨ ਸਮਝ ਕੇ ਆਈ ਐੱਸ ਆਈ ਵਿਰੁੱਧ ਨਾਅਰੇ ਲਿਖਣ ਦੀ ਘਟਨਾ ਵੱਲ ਦਿਵਾਉਣਾ ਚਾਹੁੰਦਾ ਹਾਂ।
ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਅਮਰੀਕਾ ਵਿੱਚ ਅਸੀਂ ਸਿੱਖਾਂ ਦੀ ਸੁਰੱਖਿਆ ਨੂੰ ਲੈ ਕੇ ਬਹੁਤ ਚਿੰਤਤ ਹਾਂ ਤੇ ਇਸ ਘਟਨਾ ਤੋਂ ਪਹਿਲਾਂ ਵੀ ਸਿੱਖਾਂ ਤੇ ਨਸਲੀ ਹਮਲੇ ਕੀਤੇ ਗਏ ਹਨ।ਉਨ੍ਹਾਂ ਕਿਹਾ ਕਿ ਸਿੱਖਾਂ ਨੇ ਅਮਰੀਕਾ ਦੀ ਆਰਥਿਕ ਉੱਨਤੀ ਵਿੱਚ ਵੱਡਮੁੱਲਾ ਯੋਗਦਾਨ ਪਾਇਆ ਹੈ ਤੇ ਸਿੱਖਾਂ ਨੇ ਹਮੇਸ਼ਾ ਸਰਬੱਤ ਦੇ ਭਲੇ ਤੇ ਭਾਈਚਾਰਕ ਸਾਂਝ ਦਾ ਸੁਨੇਹਾ ਬੁਲੰਦ ਕੀਤਾ ਹੈ।ਉਨ੍ਹਾਂ ਅਮਰੀਕਾ ਦੇ ਰਾਸ਼ਟਰਪਤੀ ਮਿਸਟਰ ਬਰਾਕ ਓਬਾਮਾ ਨੂੰ ਕਿਹਾ ਕਿ ਅਸੀਂ ਵਿਸ਼ਵਾਸ਼ ਕਰਦੇ ਹਾਂ ਕਿ ਤੁਸੀ ਇਸ ਗੰਭੀਰ ਮਾਮਲੇ ਵਿੱਚ ਆਪਣੀ ਨਿਜੀ ਦਿਲਚਸਪੀ ਲੈਂਦਿਆਂ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਕਰੋਗੇ ਤੇ ਅੱਗੇ ਤੋਂ ਅਜਿਹੀਆਂ ਮੰਦਭਾਗੀਆਂ ਘਟਨਾਵਾਂ ਨਾ ਵਾਪਰਨ ਇਸ ਲਈ ਸੰਜੀਦਾ ਕਦਮ ਚੁੱਕੋਗੇ।
ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਲਿਖੇ ਪੱਤਰ ਵਿੱਚ ਜਥੇਦਾਰ ਅਵਤਾਰ ਸਿੰਘ ਨੇ ਪੱਤਰ ਦਾ ਮਨੋਰਥ ਸਪੱਸ਼ਟ ਕਰਦਿਆਂ ਕਿਹਾ ਕਿ ਸਾਨੂੰ ਪਤਾ ਹੈ ਕਿ ਭਾਰਤ ਸਰਕਾਰ ਨੇ ਅਮਰੀਕਾ ਦੀ ਸਰਕਾਰ ਨਾਲ ਸਿੱਖਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕਈ ਵਾਰ ਗੱਲਬਾਤ ਕੀਤੀ ਹੈ, ਪਰ ਇਸ ਗੱਲਬਾਤ ਦੇ ਸਿੱਟੇ ਸੰਤੋਖਜਨਕ ਸਾਹਮਣੇ ਨਹੀਂ ਆ ਰਹੇ।ਉਨ੍ਹਾਂ ਕਿਹਾ ਕਿ ਭਾਰਤੀ ਲੋਕਤੰਤਰ ਵਿੱਚ ਸਿੱਖ ਕੌਮ ਦਾ ਵੱਡਾ ਹਿੱਸਾ ਹੋਣ ਕਰਕੇ ਅਸੀਂ ਭਾਰਤ ਸਰਕਾਰ ਤੋਂ ਇਸ ਮਾਮਲੇ ਸਬੰਧੀ ਵੱਡੇ ਪੱਧਰ ਤੇ ਸਹਿਯੋਗ ਦੀ ਉਮੀਦ ਕਰਦੇ ਹਾਂ। ਉਨ੍ਹਾਂ ਆਸ ਪ੍ਰਗਟਾਈ ਕਿ ਸਾਨੂੰ ਵਿਸ਼ਵਾਸ਼ ਹੈ ਕਿ ਤੁਸੀ ਅਮਰੀਕਾ ਦੀ ਸਰਕਾਰ ਨਾਲ ਸਿੱਖਾਂ ਦੀ ਪਹਿਚਾਣ ਨੂੰ ਲੈ ਕੇ ਪੈਦਾ ਹੋਈ ਗਲਤ-ਫਹਿਮੀ ਨੂੰ ਦੂਰ ਕਰਨ ਲਈ ਠੋਸ ਉਪਰਾਲੇ ਕਰੋਗੇ।
ਇਸ ਪੱਤਰ ਦੀ ਕਾਪੀ ਨਵੀਂ ਦਿੱਲੀ ਵਿਖੇ ਅਮਰੀਕਾ ਦੇ ਰਾਜਦੂਤ ਮਿਸਟਰ ਰਿਚਰਡ ਆਰ ਵਰਮਾ ਨੂੰ ਵੀ ਭੇਜੀ ਗਈ ਹੈ।