ਜਗਦੀਸ਼ ਟਾਈਟਲਰ ਕੇਸ ਵਿੱਚ ਸੀ ਬੀ ਆਈ ਵੱਲੋਂ ਅਦਾਲਤ ਵਿੱਚ ਪੂਰੀ ਜਾਂਚ ਰੀਪੋਰਟ ਦਾਖਲ ਨਾ ਕਰਨਾ ਦਾਲ ਵਿੱਚ ਕਾਲਾ ਦੱਸਿਆ
ਅੰਮ੍ਰਿਤਸਰ : 12 ਜੁਲਾਈ ( ) ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਵਿਰੁੱਧ ਕੜਕੜਡੂਮਾ ਕੋਰਟ ਵਿੱਚ ਸੀ ਬੀ ਆਈ ਵੱਲੋਂ ਪੂਰੀ ਰੀਪੋਰਟ ਪੇਸ਼ ਨਾ ਕਰਨ ਤੇ ਇਸ ਨੂੰ ਮੰਦ ਭਾਗਾ ਕਰਾਰ ਦੇਂਦਿਆਂ ਢਿੱਲੀ ਕਾਰਗੁਜਾਰੀ ਦੱਸਿਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਵੱਲੋਂ 1984 ਦੇ ਸਿੱਖ ਕਤਲੇਆਮ ਵਿੱਚ ਜੋ ਮੰਦਭਾਗੀ ਭੂਮਿਕਾ ਨਿਭਾਈ ਗਈ ਸੀ ਉਸ ਤੋਂ ਦਿੱਲੀ ਦਾ ਬੱਚਾ-ਬੱਚਾ ਜਾਣੂ ਹੈ, ਪਰ ਏਨਾ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਸਿੱਖਾਂ ਨੂੰ ਅਜੇ ਤੱਕ ਇਨਸਾਫ਼ ਨਾ ਮਿਲਣਾ ਸੀ ਬੀ ਆਈ ਦੀ ਵੱਡੀ ਅਣਗਹਿਲੀ ਹੈ।
ਉਨ੍ਹਾਂ ਕਿਹਾ ਕਿ ਸਿੱਖ ਕੌਮ ਦਾ ਸਬਰ ਦਾ ਬੰਨ੍ਹ ਹੁਣ ਟੁੱਟ ਚੁੱਕਾ ਹੈ। ਉਨ੍ਹਾਂ ਕਿਹਾ ਕਿ ਅਦਾਲਤ ਨੂੰ ਸੀ ਬੀ ਆਈ ਜਾਂਚ ਅਧਿਕਾਰੀਆਂ ਤੋਂ ਉਨ੍ਹਾਂ ਦੀ ਇਸ ਅਣਗਹਿਲੀ ਲਈ ਸਪੱਸ਼ਟੀਕਰਨ ਮੰਗਣਾ ਚਾਹੀਦਾ ਹੈ । ਉਨ੍ਹਾਂ ਕਿਹਾ ਕਿ ਸੀ ਬੀ ਆਈ ਦਾ ਟਾਈਟਲਰ ਸਬੰਧੀ ਪੂਰੀ ਰੀਪੋਰਟ ਪੇਸ਼ ਨਾ ਕਰਨਾ ਇਸ ਗੱਲ ਦਾ ਸਬੂਤ ਦੇਂਦਾ ਹੈ ਕਿ ਕਿਤੇ ਨਾ ਕਿਤੇ ਦਾਲ ਵਿੱਚ ਕਾਲਾ ਹੈ। ਉਨ੍ਹਾਂ ਕਿਹਾ ਕਿ ਸਿੱਖ ਕੌਮ ਦੀ ਨਸਲਕੁਸ਼ੀ ਕਰਨ ਵਾਲੇ ਕਾਤਿਲਾਂ ਨੂੰ ਜਿੰਨੀ ਦੇਰ ਤੱਕ ਸਜ਼ਾ ਨਹੀਂ ਮਿਲ ਜਾਂਦੀ ਓਨੀ ਦੇਰ ਉਨ੍ਹਾਂ ਦੇ ਸੀਨੇ ਵਿੱਚ ਹੋਏ ਜ਼ਖ਼ਮ ਰਿਸਦੇ ਰਹਿਣਗੇ। ਉਨ੍ਹਾਂ ਭਾਰਤੀ ਗ੍ਰਹਿ ਮੰਤਰਾਲੇ ਨੂੰ ਸੀ ਬੀ ਆਈ ਦੀ ਢਿੱਲੀ ਕਾਰਗੁਜਾਰੀ ਤੇ ਨਕੇਲ ਕੱਸਣ ਲਈ ਅਪੀਲ ਕਰਦਿਆਂ ਮਾਣਯੋਗ ਅਦਾਲਤ ਨੂੰ ਸਿੱਖ ਨਸਲਕੁਸ਼ੀ ਦੇ ਸ਼ਿਕਾਰ ਲੋਕਾਂ ਨੂੰ ਜਲਦੀ ਇਨਸਾਫ਼ ਚੇਣ ਲਈ ਬੇਨਤੀ ਕੀਤੀ।