ਅਖਨੂਰ ਵਿੱਚ ਸਿੱਖ ਨੌਜਵਾਨ ਦੇ ਕੇਸਾਂ ਦੀ ਬੇਅਦਬੀ ਕਰਨ ਦਾ ਲਿਆ ਸਖ਼ਤ ਨੋਟਿਸ
ਅੰਮ੍ਰਿਤਸਰ : 15 ਮਈ ( ) ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜੰਮੂ ਦੇ ਨੇੜਲੇ ਕਸਬਾ ਅਖਨੂਰ ਵਿਖੇ ਹਰਵਿੰਦਰ ਸਿੰਘ ਨਾ ਦੇ ਇੱਕ ਸਿੱਖ ਨੌਜਵਾਨ ਨੂੰ ਕੇਸਾਂ ਤੋਂ ਫੜ੍ਹ ਕੇ ਬੁਰੀ ਤਰ੍ਹਾਂ ਕੁੱਟਣ ਅਤੇ ਉਸਦੀ ਤਸਵੀਰ ਸੋਸ਼ਲ ਮੀਡੀਆ ਵਿੱਚ ਪਾਉਣ ਦਾ ਸਖ਼ਤ ਨੋਟਿਸ ਲਿਆ ਹੈ। ਉਨ੍ਹਾਂ ਕਿਹਾ ਕਿ ਦੋ ਹਿੰਦੂ ਭਰਾਵਾਂ ਸੰਨੀ ਗੁਪਤਾ ਤੇ ਬਨੀ ਗੁਪਤਾ ਵੱਲੋਂ ਸ਼ਰੇਆਮ ਸਿੱਖ ਨੌਜਵਾਨ ਦੀ ਕੁੱਟਮਾਰ ਕਰਨੀ ਤੇ ਉਸ ਨੂੰ ਸੋਸ਼ਲ ਮੀਡੀਆ ਤੇ ਪਾ ਕੇ ਦਿਖਾਉਣਾ ਸਿੱਖ ਕੌਮ ਨੂੰ ਇੱਕ ਚੈਲੰਜ ਹੈ। ਉਨ੍ਹਾਂ ਕਿਹਾ ਕਿ ਐਸੇ ਅਨਸਰ ਇਨਸਾਨੀਅਤ ਦੇ ਨਾਮ ਤੇ ਬਦਨੁਮਾ ਦਾਗ ਹਨ ਜੋ ਦੇਸ਼ ਦੇ ਸ਼ਾਂਤਮਈ ਮਾਹੌਲ ਨੂੰ ਖਰਾਬ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਦੇਸ਼-ਵਿਦੇਸ਼ ਵਿੱਚ ਵਸਦੇ ਸਿੱਖਾਂ ਵਿੱਚ ਇਸ ਮੰਦਭਾਗੀ ਘਟਨਾ ਵਾਪਰਨ ਨਾਲ ਸਖ਼ਤ ਗੁੱਸੇ ਦੀ ਲਹਿਰ ਪਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਐਸੇ ਅਨਸਰ ਇਹ ਨਾ ਸਮਝਣ ਕਿ ਸਿੱਖ ਕੌਮ ਕਮਜੋਰ ਹੈ ਬਲਕਿ ਸਿੱਖ ਆਪਣੀ ਸਿੱਖੀ ਅਤੇ ਕੌਮ ਦੀ ਰੱਖਿਆ ਕਰਨੀ ਜਾਣਦੇ ਹਨ। ਉਨ੍ਹਾਂ ਕਿਹਾ ਕਿ ਜੋ ਅਨਸਰ ਐਸੀਆਂ ਘਿਨਾਉਣੀਆਂ ਹਰਕਤਾਂ ਕਰਕੇ ਸਿੱਖ ਕੌਮ ਨੂੰ ਬਦਨਾਮ ਕਰਦੇ ਹਨ ਜਾਂ ਉਨ੍ਹਾਂ ਦੀ ਖਿੱਲ੍ਹੀ ਉਡਾਉਂਦੇ ਹਨ ਉਨ੍ਹਾ ਨੂੰ ਕਦਾਚਿੱਤ ਵੀ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਜੰਮੂ ਕਸ਼ਮੀਰ ਦੀ ਮੁੱਖ ਮੰਤਰੀ ਸ੍ਰੀ ਮਤੀ ਮਹਿਬੂਬਾ ਮੁਫ਼ਤੀ ਨੂੰ ਅਪੀਲ ਕਰਦਿਆਂ ਕਿਹਾ ਕਿ ਐਸੇ ਅਨਸਰਾਂ ਨੂੰ ਤੁਰੰਤ ਗ੍ਰਿਫ਼ਤਾਰ ਕਰਕੇ ਕਾਨੂੰਨ ਅਨੁਸਾਰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਅਗਰ ਇਨਸਾਨੀਅਤ ਦੇ ਦੁਸ਼ਮਣ ਸਨੀ ਤੇ ਬਨੀ ਦੋਵਾਂ ਭਰਾਵਾਂ ਨੂੰ ਉਨ੍ਹਾਂ ਦੀ ਕਰਨੀ ਦਾ ਫਲ ਸਰਕਾਰ ਵੱਲੋਂ ਨਾ ਦਿੱਤਾ ਗਿਆ ਤਾਂ ਇਸ ਤੋਂ ਨਿਕਲਣ ਵਾਲੇ ਭਿਆਨਕ ਨਤੀਜਿਆਂ ਲਈ ਜੰਮੂ ਦੀ ਸਰਕਾਰ ਤੇ ਪੁਲੀਸ ਪ੍ਰਸ਼ਾਸਨ ਖੁਦ ਜਿੰਮੇਵਾਰ ਹੋਵੇਗਾ।