** ਚੇਤਿ ਗੋਵਿੰਦੁ ਅਰਾਧੀਐ ਹੋਵੈ ਅਨੰਦੁ ਘਣਾ ॥ ਸੰਤ ਜਨਾ ਮਿਲਿ ਪਾਈਐ ਰਸਨਾ ਨਾਮੁ ਭਣਾ॥ ** ** ਸਮੁੱਚੀ ਨਾਨਕ ਨਾਮ ਲੇਵਾ ਸੰਗਤ ਨੂੰ ਚੇਤ ਸੰਗਰਾਂਦ ਦੇ ਪਵਿੱਤਰ ਦਿਹਾੜੇ ’ਤੇ ਨਵੇਂ ਨਾਨਕਸ਼ਾਹੀ ਵਰ੍ਹੇ ਸੰਮਤ 557 ਦੀਆਂ ਲੱਖ-ਲੱਖ ਵਧਾਈਆਂ **

 ਅੰਮ੍ਰਿਤਸਰ, ੧੧ ਜੁਲਾਈ:-  ਸਿੱਖ ਪ੍ਰਤੀਨਿਧ ਬੋਰਡ ਉੜੀਸਾ ਦੇ ਮੈਂਬਰ ਸ. ਸਤਪਾਲ ਸਿੰਘ ਭੁਵਨੇਸ਼ਵਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ। ਉਨ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਤੇ ਇਲਾਹੀ ਬਾਣੀ ਦੇ ਕੀਰਤਨ ਦਾ ਆਨੰਦ ਮਾਣਿਆ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਸ. ਸਤਪਾਲ ਸਿੰਘ ਨੂੰ ਸਿਰੋਪਾਓ, ਧਾਰਮਿਕ ਪੁਸਤਕਾਂ ਦਾ ਸੈਟ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਦੇ ਕੇ ਸਨਮਾਨਿਤ ਕੀਤਾ।
ਇਸ ਮੌਕੇ ਸ. ਸਤਪਾਲ ਸਿੰਘ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੂੰ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਪਾਵਨ ਅਸਥਾਨ ਗੁਰਦੁਆਰਾ ਆਰਤੀ ਸਾਹਿਬ, ਜਗਨਨਾਥ ਪੁਰੀ (ਉੜੀਸਾ) ਦੀ ਸੇਵਾ ਸੰਭਾਲ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਅੱਜ ਰੂਹਾਨੀਅਤ ਦੇ ਇਸ ਕੇਂਦਰ ਵਿਖੇ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਦਾ ਧੰਨਵਾਦ ਕਰਕੇ ਅਰਦਾਸ ਕੀਤੀ ਹੈ ਕਿ ਸਤਿਗੁਰੂ ਇਸ ਨਿਮਾਣੇ ਸਿੱਖ ਤੋਂ ਮਨੁੱਖਤਾ ਦੀ ਭਲਾਈ ਲਈ ਹਮੇਸ਼ਾ ਕਾਰਜ ਕਰਵਾਉਂਦੇ ਰਹਿਣ।
ਇਸ ਮੌਕੇ ਸਾਬਕਾ ਜਥੇਦਾਰ ਗਿਆਨੀ ਜਸਬੀਰ ਸਿੰਘ ਰੋਡੇ, ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਭਾਈ ਅਮਰਜੀਤ ਸਿੰਘ ਚਾਵਲਾ, ਅੰਤ੍ਰਿੰਗ ਮੈਂਬਰ ਭਾਈ ਰਾਮ ਸਿੰਘ ਤੇ ਸ. ਬਲਵਿੰਦਰ ਸਿੰਘ ਵੇਈਂਪੂਈਂ, ਮੈਂਬਰ ਸ. ਰਜਿੰਦਰ ਸਿੰਘ ਮਹਿਤਾ ਤੇ ਭਾਈ ਮਨਜੀਤ ਸਿੰਘ, ਸਕੱਤਰ ਡਾ. ਰੂਪ ਸਿੰਘ, ਸ. ਅਵਤਾਰ ਸਿੰਘ ਸੈਂਪਲਾ ਤੇ ਸ. ਸੁਖਦੇਵ ਸਿੰਘ ਭੂਰਾ ਕੋਹਨਾ ਵਧੀਕ ਸਕੱਤਰ ਹਾਜ਼ਰ ਸਨ।