ਅੰਮ੍ਰਿਤਸਰ 10 ਮਈ ( ) ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੋਸ਼ਲ ਮੀਡੀਏ ਤੇ ਦੋ ਹਿੰਦੂ ਵਿਅਕਤੀਆਂ ਦੇ ਨੰਗੇ ਸਿਰ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਤਾਬਿਆ ਬੈਠਿਆਂ ਵਾਲੀ ਤਸਵੀਰ ਜਾਰੀ ਕਰਨ ਤੇ ਸਖ਼ਤ ਨੋਟਿਸ ਲਿਆ ਹੈ।
ਦਫ਼ਤਰ ਤੋਂ ਪ੍ਰੈਸ ਨੋਟ ਜਾਰੀ ਕਰਦਿਆਂ ਉਨ੍ਹਾਂ ਕਿਹਾ ਕਿ ਪਾਵਨ ਪਵਿੱਤਰ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਜਿਸ ਇਤਰਾਜਯੋਗ ਹਾਲਤ ਵਿੱਚ ਇਹ ਦੋਨੋ ਵਿਅਕਤੀ ਬੈਠੇ ਹਨ ਇਸ ਨਾਲ ਦੇਸ਼-ਵਿਦੇਸ਼ ਵਿੱਚ ਵਸਦੇ ਪੂਰੇ ਸਿੱਖ ਸਮੁਦਾਏ ਨੂੰ ਠੇਸ ਪੁੱਜੀ ਹੈ।ਉਨ੍ਹਾਂ ਸਾਈਬਰ ਸੈਲ ਦੇ ਆਈ ਜੀ ਪੀ, ਮਿਸਟਰ ਆਰ ਪੀ ਓਪਾਧਿਆਏ ਤੋਂ ਮੰਗ ਕਰਦਿਆਂ ਕਿਹਾ ਕਿ ਇਹ ਸਿੱਖਾਂ ਦੇ ਜਜਬਾਤਾਂ ਨੂੰ ਭੜਕਾਉਣ ਲਈ ਬਹੁਤ ਵੱਡੀ ਸਾਜਿਸ਼ ਰਚੀ ਗਈ ਹੈ।ਉਨ੍ਹਾਂ ਕਿਹਾ ਕਿ ਇਹ ਤਸਵੀਰ ਕਿਹੜੇ ਵਿਅਕਤੀ ਵੱਲੋਂ ਪਾਈ ਗਈ ਹੈ ਤੇ ਇਹ ਦੋਨੋ ਹਿੰਦੂ ਵਿਅਕਤੀ ਕੌਣ ਹਨ ਇਸ ਦਾ ਤੁਰੰਤ ਪਤਾ ਲਗਾਉਣਾ ਚਾਹੀਦਾ ਹੈ।
ਉਨ੍ਹਾਂ ਕੇਂਦਰ ਸਰਕਾਰ ਨੂੰ ਅਪੀਲ ਕਰਦਿਆ ਕਿਹਾ ਕਿ ਆਏ ਦਿਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਿਰਾਦਰ ਦੀਆਂ ਘਟਨਾਵਾਂ ਜੋ ਸੋਸ਼ਲ ਮੀਡੀਆ ਤੇ ਜਾਣ ਬੁੱਝ ਕੇ ਪਾਈਆਂ ਜਾ ਰਹੀਆਂ ਹਨ ਉਹ ਆਪਸੀ ਭਾਈਚਾਰਕ ਸਾਂਝ ਨੂੰ ਖਤਮ ਕਰਨ ਲਈ ਕਿਸੇ ਸ਼ੈਤਾਨੀ ਦਿਮਾਗ ਦੀ ਕਾਢ ਹਨ।ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਦਾ ਸਖ਼ਤ ਨੋਟਿਸ ਲੈ ਕੇ ਇਨ੍ਹਾਂ ਨੂੰ ਸੋਸ਼ਲ ਮੀਡੀਆ ਤੋਂ ਤੁਰੰਤ ਹਟਾਇਆ ਜਾਏ ਤੇ ਅੱਗੇ ਤੋਂ ਐਸਾ ਨਾ ਕਰਨ ਦੀ ਸਖ਼ਤ ਹਿਦਾਇਤ ਦਿੱਤੀ ਜਾਵੇ।ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਸ਼ਰਾਰਤੀ ਅਨਸਰ ਦੇਸ਼ ਦੀ ਏਕਤਾ ਤੇ ਅਖੰਡਤਾ ਲਈ ਬਹੁਤ ਵੱਡਾ ਖਤਰਾ ਹਨ ਇਸ ਲਈ ਇਨ੍ਹਾਂ ਦੇ ਪਰ ਕੁਤਰਨੇ ਜ਼ਰੂਰੀ ਹਨ।