ਸਿੱਖ ਪੰਥ ਵੱਲੋਂ ਸ਼੍ਰੋਮਣੀ ਕਮੇਟੀ ਦੀ ਸਥਾਪਨਾ ਵੀਹਵੀਂ ਸਦੀ ਦੀ ਇਕ ਅਹਿਮ ਪ੍ਰਾਪਤੀ

-ਭਾਈ ਗੋਬਿੰਦ ਸਿੰਘ ਲੌਂਗੋਵਾਲ
ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ,
ਸ੍ਰੀ ਅੰਮ੍ਰਿਤਸਰ।

ਇਤਿਹਾਸਕ ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਅਨੇਕਾਂ ਕੁਰਬਾਨੀ ਅਤੇ ਸ਼ਹਾਦਤਾਂ ਸਦਕਾ ੧੫ ਨਵੰਬਰ ੧੯੨੦ ਨੂੰ ਹੋਂਦ ਵਿਚ ਆਈ ਸ਼ਹੀਦਾਂ ਦੀ ਜਥੇਬੰਦੀ ਸ਼੍ਰੋਮਣੀ ਕਮੇਟੀ ਸਿੱਖ ਪੰਥ ਦੀ ੨੦ਵੀਂ ਸਦੀ ਦੀ ਇਕ ਵਿਸ਼ੇਸ਼ ਪ੍ਰਾਪਤੀ ਹੈ। ਸਿੱਖ ਸਭਿਆਚਾਰ, ਸਿੱਖੀ ਸਿਧਾਂਤ ਅਤੇ ਸਿੱਖ ਇਤਿਹਾਸ ‘ਚ ਅਹਿਮ ਯੋਗਦਾਨ ਪਾਉਂਦਿਆਂ ਸੌ ਸਾਲਾਂ ‘ਚ ਆਏ ਅਨੇਕਾਂ ਉਤਰਾਅ ਚੜ੍ਹਾਅ ਦੇ ਬਾਵਜੂਦ ਸ਼੍ਰੋਮਣੀ ਕਮੇਟੀ ਦੇਸ਼ ਵਿਦੇਸ਼ ਦੇ ਸਿੱਖ ਭਾਈਚਾਰੇ ਦੀ ਇਕ ਪ੍ਰਤੀਨਿਧ ਸੰਸਥਾ ਅਤੇ ਸਿੱਖਾਂ ਦੀ ਪਾਰਲੀਮੈਂਟ ਵਜੋਂ ਆਪਣੀ ਵਿਲੱਖਣ ਪਛਾਣ ਹਾਸਲ ਕਰ ਚੁੱਕੀ ਹੈ।
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਮਾਜ ਦੇ ਕਲਿਆਣ ਹਿਤ ‘ਨਿਰਮਲ ਪੰਥ’ ਪ੍ਰਗਟ ਕਰਦਿਆਂ ਸਰਬ ਸਾਂਝੀਵਾਲਤਾ ਲਈ ‘ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ’ ਦਾ ਹੋਕਾ ਦਿੱਤਾ। ਜਬਰ ਜ਼ੁਲਮ, ਵਹਿਮ ਭਰਮ, ਪਾਖੰਡ, ਫੋਕੇ ਕਰਮ ਕਾਂਡ, ਇਸਤਰੀ ਦੀ ਦੁਰਦਸ਼ਾ ਅਤੇ ਜਾਤ ਵੰਡ ਆਦਿ ਦੇ ਵਿਰੁੱਧ ਅਵਾਜ਼ ਬੁਲੰਦ ਕਰਦਿਆਂ ਥਾਂ ਥਾਂ ਧਰਮ ਦਾ ਪ੍ਰਚਾਰ ਕੀਤਾ ਅਤੇ ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ ਦਾ ਉਪਦੇਸ਼ ਦਿੱਤਾ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਰੱਬੀ ਰਜ਼ਾ ਵਿਚ ਸ਼ਾਂਤਮਈ ਰਹਿ ਕੇ ਸ਼ਹਾਦਤ ਦਿੱਤੀ ਤਾਂ ਸ੍ਰੀ ਗੁਰੂ ਤੇਗ਼ ਬਹਾਦਰ ਜੀ ਨੇ ਹਿੰਦੂ ਧਰਮ ਦੀ ਤਿਲਕ ਜੰਞੂ ਦੀ ਰੱਖਿਆ ਲਈ ਦਿਲੀ ‘ਚ ਸਾਕਾ ਵਰਤਾਇਆ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜ਼ੁਲਮ ਖ਼ਿਲਾਫ਼ ਮੀਰੀ ਪੀਰੀ ਦੀਆਂ ਦੋ ਤਲਵਾਰਾਂ ਪਹਿਨੀਆਂ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਸਾਜ਼ ਕੇ ਸਰਬੰਸ ਵਾਰਦਿਆਂ ਸੰਸਾਰ ਸਾਹਮਣੇ ‘ਖ਼ਾਲਸੇ’ ਦੇ ਸਰੂਪ ਨੂੰ ਉਜਾਗਰ ਕੀਤਾ। ਗੁਰੂ ਸਾਹਿਬਾਨ ਨੇ ਜਿਸ ਵੀ ਧਰਤੀ ਨੂੰ ਆਪਣੀ ਚਰਨ ਛੋਹ ਨਾਲ ਨਿਵਾਜਿਆ, ਸਿੱਖ ਸੰਗਤ ਨੇ ਉਨ੍ਹਾਂ ਪਵਿੱਤਰ ਸਥਾਨਾਂ ‘ਤੇ ਗੁਰਦੁਆਰਾ ਸਾਹਿਬਾਨ ਉਸਾਰ ਕੇ ਗੁਰੂ ਸਾਹਿਬਾਨ ਦੀਆਂ ਯਾਦਾਂ ਨੂੰ ਸਦਾ ਲਈ ਸੰਭਾਲਿਆ। ਇਹ ਹੀ ਅੱਗੇ ਚੱਲ ਕੇ ਸਿੱਖੀ ਦੇ ਨਾ ਕੇਵਲ ਧਰਮ ਪ੍ਰਚਾਰ ਦੇ ਕੇਂਦਰ ਬਣੇ ਸਗੋਂ ਇਹ ਸਿੱਖ ਕੌਮ ਲਈ ਜੁੜ ਬੈਠ ਕੇ ਧਾਰਮਿਕ,ਸਮਾਜਿਕ ਅਤੇ ਰਾਜਨੀਤਿਕ ਪਹਿਲੂਆਂ ਉੱਤੇ ਵਿਚਾਰ ਕਰਨ ਹਿਤ ਅਤੇ ਜਥੇਬੰਦਕ ਸਰੂਪ ਨੂੰ ਗ੍ਰਹਿਣ ਕਰਦਿਆਂ ਰਾਜਸੀ ਸ਼ਕਤੀ ਹਾਸਲ ਕਰਨ ਦੇ ਕੇਂਦਰ ਵੀ ਬਣ ਗਏ।
ਗੁਰੂ ਕਾਲ ਤੋਂ ਬਾਅਦ ੧੮ਵੀਂ ਅਤੇ ੧੯ਵੀਂ ਸਦੀ ਦਾ ਅੱਧ ਸਿੱਖ ਕੌਮ ਲਈ ਆਪਣੀ ਹੋਂਦ ਬਚਾਉਣ ਤੋਂ ਇਲਾਵਾ ਆਪਣੀ ਸਵੈ ਪਛਾਣ, ਰਾਜਸੀ ਪਿੜ ਨੂੰ ਪਕੇਰਿਆਂ ਕਰਨ ਅਤੇ ਇਸ ਨੂੰ ਵਿਸਥਾਰ ਦੇਣ ਲਈ ਸੰਘਰਸ਼ ਦਾ ਸਮਾਂ ਰਿਹਾ। ਦਿੱਲੀ, ਕਾਬਲ ਕੰਧਾਰ, ਲੇਹ ਲਦਾਖ਼ ਆਦਿ ਨੂੰ ਫ਼ਤਿਹ ਕਰਨ ਦੇ ਦੌਰਾਨ ਜਦ ਵੀ ਮੌਕਾ ਮਿਲਿਆ ਜਾਂ ਵੱਸ ਚੱਲਿਆ ਸਿੱਖ ਪੰਥ ਨੇ ਗੁਰਧਾਮਾਂ ਦੀ ਉਸਾਰੀ ਅਤੇ ਇਸ ਦੀ ਮਹੱਤਤਾ ਨੂੰ ਵਧਾਉਣ ਵਲ ਵਿਸ਼ੇਸ਼ ਧਿਆਨ ਦਿੱਤਾ। ਮਿਸਾਲ ਵਜੋਂ ਸ: ਜੱਸਾ ਸਿੰਘ ਆਹਲੂਵਾਲੀਆ ਆਦਿ ਦੀ ਅਗਵਾਈ ‘ਚ ਦਿਲੀ ਨੂੰ ਜਿੱਤਣ ਉਪਰੰਤ ਸ. ਬਘੇਲ ਸਿੰਘ ਦੀ ਅਗਵਾਈ ‘ਚ ਦਿਲੀ ਵਿਖੇ ਗੁਰਧਾਮਾਂ ਦੀ ਉਸਾਰੀ ਅਤੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਵੱਲੋਂ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ‘ਤੇ ਸੋਨੇ ਦੀ ਚੜ੍ਹਤ ਚੜ੍ਹਾਉਣ ਦੀ ਸੇਵਾ ਆਦਿ। ਖ਼ਾਲਸਾ ਰਾਜ ਦੇ ਖ਼ਾਤਮੇ ਤੋਂ ਬਾਅਦ ਅੰਗਰੇਜ਼ ਹਕੂਮਤ ਨੂੰ ਸਿੱਖਾਂ ਦੇ ਇਤਿਹਾਸਕ ਗੁਰਧਾਮਾਂ ਦੀ ਭਗਤੀ ਤੇ ਸ਼ਕਤੀ ਦੇ ਸੋਮੇ ਅਤੇ ਕੇਂਦਰੀ ਧੁਰੇ ਵਜੋਂ ਅਹਿਮੀਅਤ ਦਾ ਅਹਿਸਾਸ ਹੋਇਆ, ਇਸ ਲਈ ਉਨ੍ਹਾਂ ਨੇ ਇਸਾਈ ਮਿਸ਼ਨਰੀਆਂ ਅਤੇ ਪਾਦਰੀਆਂ ਨੂੰ ਉਤਸ਼ਾਹਿਤ ਕੀਤਾ। ੧੮੭੩ ‘ਚ ਜਦ ਅੰਮ੍ਰਿਤਸਰ ਮਿਸ਼ਨ ਸਕੂਲ ਦੇ ਚਾਰ ਸਿੱਖ ਵਿਦਿਆਰਥੀਆਂ ਨੇ ਕੇਸ ਕਤਲ ਕਰ ਕੇ ਇਸਾਈ ਧਾਰਨ ਕਰਨ ਪ੍ਰਤੀ ਸ਼ਰੇਆਮ ਐਲਾਨ ਕੀਤਾ ਤਾਂ ਸੁਚੇਤ ਕੌਮੀ ਲੀਡਰਸ਼ਿਪ ਨੀਂਦ ‘ਚੋਂ ਜਾਗ ਉੱਠੀ, ਜਿਸ ਨਾਲ ਸਿੰਘ ਸਭਾ ਲਹਿਰ ਅਤੇ ਚੀਫ਼ ਖ਼ਾਲਸਾ ਦੀਵਾਨ ਦਾ ਆਗਾਜ਼ ਹੋਇਆ। ਅੰਗਰੇਜ਼ ਹਕੂਮਤ ਵੱਲੋਂ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪ੍ਰਬੰਧ ਆਪਣੇ ਹੱਥਾਂ ‘ਚ ਰੱਖਣ ਲਈ ਸਰਬਰਾਹੀ ਸਿਸਟਮ ਲਾਗੂ ਕਰਦਿਆਂ ਇਕ ਕਮੇਟੀ ਅਤੇ ਸਰਬਰਾਹ ਨਿਯੁਕਤ ਕੀਤਾ ਗਿਆ। ਇਸੇ ਦੌਰਾਨ ਗੁਰੂ ਕੀ ਸੰਪਤੀ ਨੂੰ ਆਪਣੀ ਮਲਕੀਅਤ ਸਮਝਣ ਵਾਲੇ ਮਹੰਤਾਂ ਅਤੇ ਪੁਜਾਰੀਆਂ ਨੂੰ ਦਿੱਤੀ ਗਈ ਸਰਕਾਰੀ ਸ਼ਹਿ ਨਾਲ ਪੁਜਾਰੀ ਲਾਣੇ ਦਾ ਗੁਰਮਤਿ ਵਿਰੋਧੀ ਕੰਮ ਵਿਹਾਰ ਸਿਖ਼ਰਾਂ ‘ਤੇ ਜਾ ਪੁੱਜਾ ਅਤੇ ਸਰਬ ਸਾਂਝੀਵਾਲਤਾ ਦੇ ਗੁਰ ਅਸਥਾਨਾਂ ‘ਤੇ ਛੂਤਛਾਤ ਵੀ ਭਾਰੂ ਹੋਣ ਲਗਾ । ਧਾਰਮਿਕ ਨਿਜ਼ਾਮ ਦੀ ਵਿਗੜੀ ਹਾਲਤ ਦੇਖ ਸਿੱਖ ਹਿਰਦਿਆਂ ਨੂੰ ਠੇਸ ਪਹੁੰਚੀ ਤੇ ਉਨ੍ਹਾਂ ‘ਚ ਫ਼ਿਕਰਮੰਦੀ ਵੀ ਵਧੀ। ਉਸ ਵਕਤ ਸਿੱਖਾਂ ‘ਚ ਆਈ ਜਾਗ੍ਰਿਤੀ ਕਾਰਨ ਗੁਰਦੁਆਰਾ ਸੁਧਾਰ ਲਹਿਰ, ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਜਨਮ ਲਿਆ।
ਸ਼੍ਰੋਮਣੀ ਕਮੇਟੀ ਦਾ ਸ਼ਾਨਾਮਤਾ ਇਤਿਹਾਸ ਅਤੇ ਪ੍ਰਾਪਤੀਆਂ ਰਹੀਆਂ ਹਨ, ਇਸ ਦੀ ਸਥਾਪਨਾ ਸਿੱਖ ਕੌਮ ਦੀ ਸੁਚੇਤ ਚੇਤਨਾ ਅਤੇ ਲਹੂ ਡੋਲਵੀਂ ਸੰਘਰਸ਼ ਦਾ ਨਤੀਜਾ ਹੈ। ਭਾਵੇਂ ਸ਼ੁਰੂਆਤੀ ਦੌਰ ‘ਚ ਅਛੂਤ ਸਮਝੀਆਂ ਜਾਂਦੀਆਂ ਜਾਤੀਆਂ ਵਿਚੋਂ ਅੰਮ੍ਰਿਤਪਾਨ ਕਰਨ ਵਾਲੇ ਸਿੰਘਾਂ ਵੱਲੋਂ ਸ੍ਰੀ ਦਰਬਾਰ ਸਾਹਿਬ ਵਿਖੇ ਪ੍ਰਸ਼ਾਦ ਭੇਟ ਕਰਨ ਦੀ ਮਨਾਹੀ ਦੇ ਰੋਸ ਵਜੋਂ ਭਾਈ ਮਹਿਤਾਬ ਸਿੰਘ ਬੀਰ ਦੀ ਅਗਵਾਈ ‘ਚ ‘ਖ਼ਾਲਸਾ ਬਰਾਦਰੀ’ ਵੱਲੋਂ ੧੨ ਅਕਤੂਬਰ ੧੯੨੦ ਨੂੰ ਸੰਗਤੀ ਰੂਪ ਵਿਚ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਕੜਾਹ ਪ੍ਰਸ਼ਾਦ ਭੇਟਾ ਕਰਨ ਦੇ ਵਰਤਾਰਿਆਂ ਅਤੇ ਉਸ ਵਕਤ ਪੁਜਾਰੀਆਂ ਵੱਲੋਂ ਖ਼ਾਲੀ ਛੱਡ ਕੇ ਗਏ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸੇਵਾ ਸੰਭਾਲ ਲਈ ਸੁਧਾਰਵਾਦੀ ਸਿੱਖਾਂ ਵੱਲੋਂ ਬਣਾਈ ਗਈ ਕਮੇਟੀ ਹੀ ਸ਼੍ਰੋਮਣੀ ਕਮੇਟੀ ਦੇ ਸਾਕਾਰ ਹੋਣ ਦਾ ਪਹਿਲਾ ਕਦਮ ਬਣਿਆ। ਇਸ ਉਪਰੰਤ ਕੌਮ ਦੇ ਆਗੂਆਂ ਨੇ ਫ਼ੈਸਲਾ ਕੀਤਾ ਕਿ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧ ਲਈ ਸਰਬੱਤ ਖ਼ਾਲਸਾ ਇਕੱਠ ਬੁਲਾ ਕੇ ਇਕ ਪੰਥਕ ਕਮੇਟੀ ਚੁਣੀ ਜਾਵੇ । ਭਾਵੇਂ ਕਿ ਸਰਬੱਤ ਖ਼ਾਲਸਾ ਇਕੱਠ ਤੋਂ ਦੋ ਦਿਨ ਪਹਿਲਾਂ ਹਕੂਮਤ ਵੱਲੋਂ ੩੬ ਮੈਂਬਰੀ ਕਮੇਟੀ ਦਾ ਐਲਾਨ ਕੀਤਾ ਜਾ ਚੁੱਕਿਆ ਸੀ ਫਿਰ ਵੀ ਸਿੱਖ ਕੌਮ ਵੱਲੋਂ ੧੫ ਨਵੰਬਰ ੧੯੨੦ ਨੂੰ ਸਰਬੱਤ ਖ਼ਾਲਸਾ ਇਕੱਠ ਕੀਤਾ ਗਿਆ ਅਤੇ ੧੭੫ ਮੈਂਬਰੀ ਕਮੇਟੀ ਦੀ ਚੋਣ ਕੀਤੀ ਗਈ ਜਿਸ ਵਿਚ ਸਰਕਾਰ ਨਾਲ ਟੱਕਰ ਨੂੰ ਟਾਲਣ ਲਈ ਸਰਕਾਰ ਵੱਲੋਂ ਐਲਾਨ ਕੀਤੇ ਉਹ ਮੈਂਬਰ ਵੀ ਸ਼ਾਮਿਲ ਕਰ ਲਏ ਗਏ ਜਿਨ੍ਹਾਂ ਦੀ ਚੋਣ ਇਕੱਠ ‘ਚ ਨਹੀਂ ਸੀ ਕੀਤੀ ਗਈ। ਉਕਤ ਚੋਣ ਉਪਰੰਤ ਅੰਗਰੇਜ਼ ਹਕੂਮਤ ਸਿੱਖਾਂ ਨਾਲ ਫਿਰ ਮੁੱਕਰ ਗਈ। ਨਤੀਜੇ ਵਜੋਂ ਮਹੰਤਾਂ ਤੋਂ ਗੁਰਧਾਮਾਂ ਨੂੰ ਅਜ਼ਾਦ ਕਰਵਾ ਕੇ ਪੰਥਕ ਪ੍ਰਬੰਧ ਅਧੀਨ ਲਿਆਉਣ ਲਈ ਗੁਰਦੁਆਰਾ ਸੁਧਾਰ ਲਹਿਰ ਦੀ ਆਰੰਭਤਾ ਹੋਈ। ਸਿੱਖ ਸੰਗਤ ਨੂੰ ਇਕ ਦੂਜੇ ਨਾਲ ਜੋੜਨ ਲਈ ਕੱਢਿਆ ਗਿਆ ‘ਅਕਾਲੀ ਪਤਰਕਾ’ ਅਖ਼ਬਾਰ ਸਿੱਖਾਂ ‘ਚ ਹਰ ਦਿਲ ਅਜ਼ੀਜ਼ ਬਣ ਜਾਣ ਕਾਰਨ ਇਸ ਲਹਿਰ ਦੇ ਹਮਸਫ਼ਰ ਅਕਾਲੀ ਅਖਵਾਉਣ ਲੱਗੇ ਅਤੇ ਅਣ ਐਲਾਨੀ ਅਕਾਲੀ ਲਹਿਰ ਚੱਲ ਪਈ। ਸਿੱਖ ਕੌਮ ਨੇ ਗੁਰਦੁਆਰਿਆਂ ਨੂੰ ਪੰਥਕ ਪ੍ਰਬੰਧ ਹੇਠ ਲਿਆਉਣ ਲਈ ਖ਼ੂਨ ਡੋਲਵਾਂ ਸੰਘਰਸ਼ ਕੀਤਾ, ਮੋਰਚੇ ਲਾਏ, ਸਾਕੇ ਵਰਤਾਏ, ਡਾਂਗਾਂ ਵਰ੍ਹੀਆਂ, ਗੋਲੀਆਂ ਖਾਧੀਆਂ, ੫੦੦ ਤੋਂ ਵੱਧ ਸ਼ਹੀਦੀਆਂ, ਹਜ਼ਾਰਾਂ ਅੰਗਹੀਣ, ਤੀਹ ਹਜ਼ਾਰ ਗ੍ਰਿਫ਼ਤਾਰੀਆਂ ਅਤੇ ਲੱਖਾਂ ਦਾ ਨੁਕਸਾਨ ਹੋਇਆ। ਇਸੇ ਜ਼ਬਰਦਸਤ ਜਦੋ ਜਹਿਦ ਦੇ ਨਤੀਜੇ ਵਜੋਂ ੧ ਨਵੰਬਰ ੧੯੨੫ ਨੂੰ ‘ਗੁਰਦੁਆਰਾ ਐਕਟ’ ਬਣ ਕੇ ਲਾਗੂ ਕੀਤਾ ਗਿਆ ਅਤੇ ਸਿੱਖ ਬੀਬੀਆਂ ਨੂੰ ਵੋਟ ਦਾ ਅਧਿਕਾਰ ਦਿੰਦਿਆਂ ਭਾਰਤੀ ਚੋਣ ਦੇ ਇਤਿਹਾਸ ‘ਚ ਪਹਿਲੀ ਵਾਰ ਇਸਤਰੀ ਵਰਗ ਨੂੰ ਵੋਟ ਦਾ ਅਧਿਕਾਰ ਦਿੱਤਾ ਗਿਆ। ਇਸ ਐਕਟ ਤਹਿਤ ਗੁਰਦੁਆਰਿਆਂ ਦਾ ਪ੍ਰਬੰਧ ਵੋਟਾਂ ਰਾਹੀਂ ਚੁਣੇ ਹੋਏ ਨੁਮਾਇੰਦਿਆਂ ਨੂੰ ਸੌਂਪਿਆ ਗਿਆ। ਇਸ ਕਮੇਟੀ ਦਾ ਨਾਮ ਪਹਿਲਾਂ ‘ਸੈਂਟਰਲ ਬੋਰਡ’ ਰੱਖਿਆ ਜੋ ਕਿ ਬਾਅਦ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ। ਭਾਵੇਂ ਕਿ ਗੁਰਧਾਮਾਂ ਪ੍ਰਤੀ ਚੇਤਨਾ ਲਹਿਰ ਦੀ ਸ਼ੁਰੂਆਤ ਗੁਰਦੁਆਰਾ ਰਕਾਬ ਗੰਜ ਸਾਹਿਬ, ਨਵੀਂ ਦਿਲੀ ਦੀ ਢਾਹੇ ਗਏ ਦੀਵਾਰ ਦੀ ਮੁੜ ਉਸਾਰੀ ਲਈ ਜੁਲਾਈ-ਅਗਸਤ ੧੯੨੦ ‘ਚ ਸਿਖ਼ਰਾਂ ਨੂੰ ਪਹੁੰਚ ਚੁੱਕੇ ਮੋਰਚੇ ਨਾਲ ਹੋ ਚੁੱਕੀ ਸੀ। ਇਸੇ ਤਰਾਂ ਸਿੱਖ ਸੰਗਤ ਨੇ ੨੭ ਸਤੰਬਰ ੧੯੨੦ ਨੂੰ ਗੁਰਦੁਆਰਾ ਚੁਮਾਲਾ ਸਾਹਿਬ, ਪਾਤਿਸ਼ਾਹੀ ਛੇਵੀਂ, ਲਾਹੌਰ ਦਾ ਮਹੰਤਾਂ ਤੋਂ ਛੁਡਵਾਇਆ ਗਿਆ ਕਬਜ਼ਾ ਗੁਰਦੁਆਰਾ ਸੁਧਾਰ ਲਹਿਰ ਦਾ ਪਹਿਲਾ ਪ੍ਰਬੰਧ ਹਾਸਲ ਕੀਤਾ। ਇਸੇ ਦੌਰਾਨ ਗੁਰਦੁਆਰਾ ਬਾਬੇ ਦੀ ਬੇਰ, ਸਿਆਲ ਕੋਟ ਦਾ ਪ੍ਰਬੰਧ ਹਾਸਲ ਕੀਤਾ ਗਿਆ। ਗੁਰਦੁਆਰਾ ਪੰਜਾ ਸਾਹਿਬ ਨੂੰ ੧੯ ਨਵੰਬਰ ੧੯੨੦ ਨੂੰ ਪੂਰੀ ਜਦੋਂ ਜਹਿਦ ਨਾਲ ਅਜ਼ਾਦ ਕਰਾਇਆ ਗਿਆ। ਗੁਰਦੁਆਰਾ ਤਰਨ ਤਾਰਨ ਦਰਬਾਰ ਸਾਹਿਬ ਦੇ ਕਬਜ਼ੇ ਨੂੰ ਲੈ ਕੇ ੨੫ ਜਨਵਰੀ ੧੯੨੧ ਵਾਲੇ ਦਿਨ ਮਹੰਤਾਂ ਵੱਲੋਂ ਸਾਜ਼ਿਸ਼ ਤਹਿਤ ਕੀਤੇ ਗਏ ਹਮਲੇ ਦੌਰਾਨ ਭਾਈ ਹਜ਼ਾਰਾ ਸਿੰਘ ਅਲਾਦੀਨ ਪੁਰ ਅਤੇ ਭਾਈ ਹੁਕਮ ਸਿੰਘ ਵਸਾਊ ਕੋਟ ਦੀਆਂ ਸ਼ਹਾਦਤਾਂ ਨਾਲ ਇਸ ਲਹਿਰ ‘ਚ ਪਹਿਲੀਆਂ ਸ਼ਹੀਦੀਆਂ ਦਾ ਯੋਗਦਾਨ ਪਿਆ। ਗੁਰਦੁਆਰਾ ਜਨਮ ਅਸਥਾਨ ਨਨਕਾਣਾ ਸਾਹਿਬ ‘ਚ ਭਾਈ ਲਛਮਣ ਸਿੰਘ ਧਾਰੋਵਾਲੀ ਅਤੇ ਭਾਈ ਦਲੀਪ ਸਿੰਘ ਦੀ ਅਗਵਾਈ ‘ਚ ਸ਼ਹੀਦੀ ਜਥੇ ਵੱਲੋਂ ਦਿੱਤੀਆਂ ਗਈਆਂ ਲਾਸਾਨੀ ਸ਼ਹਾਦਤਾਂ ਨੇ ਪੂਰੇ ਵਿਸ਼ਵ ਦਾ ਧਿਆਨ ਆਪਣੇ ਵਲ ਖਿੱਚਿਆ। ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਤੋਸ਼ੇ ਖਾਨੇ ਦੀਆਂ ਚਾਬੀਆਂ ਦਾ ਜਿੱਤਿਆ ਗਿਆ ਮੋਰਚਾ ਮਹਾਤਮਾ ਗਾਂਧੀ ਲਈ ‘ਭਾਰਤ ਦੀ ਅਜ਼ਾਦੀ ਲਈ ਜਿੱਤੀ ਗਈ ਪਹਿਲੀ ਲੜਾਈ ਸੀ’। ਇਸੇ ਦੌਰਾਨ ਗੁਰੂ ਕਾ ਬਾਗ ਦੇ ਮੋਰਚੇ ਨੇ ਸ਼ਾਂਤਮਈ ਸੰਘਰਸ਼ ਦੀਆਂ ਕਦਰਾਂ ਕੀਮਤਾਂ ਵਿਸ਼ਵ ਦੇ ਸਾਹਮਣੇ ਰੱਖੀਆਂ । ਅਸੰਭਵ ਨੂੰ ਸੰਭਵ ਕਰਨ ਵਾਲਾ ਸਾਕਾ ਗੁ: ਪੰਜਾ ਸਾਹਿਬ, ਨਾਭਾ ਐਜੀਟੇਸ਼ਨ ਤੋਂ ਗੰਗਸਰ ਜੈਤੋ ਦਾ ਮੋਰਚਾ ਵੀ ਆਪਣੇ ਆਪ ‘ਚ ਮਿਸਾਲ ਸੀ, ਜਿਸ ਦਾ ਕੋਈ ਸਾਨੀ ਨਹੀਂ। ਇਸੇ ਲਹਿਰ ਤਹਿਤ ਭਾਈ ਜੋਗਾ ਸਿੰਘ ਦਾ ਗੁਰਦੁਆਰਾ, ਗੁ: ਬਾਬਾ ਅਵਿਨਾਸ਼ਾ ਸਿੰਘ, ਤੇਜੇ ਜ਼ਿਲ੍ਹਾ ਵਜੀਰਾਬਾਦ, ਗੁ: ਗੁਰੂ ਅਰਜਨ ਸਾਹਿਬ ਹੋਠੀਆਂ, ਗੁਰਦਾਸਪੁਰ, ਗੁ: ਬਾਬੇ ਕੀ ਬੇਰ ਸੁਲਤਾਨਪੁਰ, ਫ਼ਰੀਦਕੋਟ ਰਿਆਸਤ ਦੇ ਗੁਰਦੁਆਰੇ, ਗੁ: ਕਮਲੀਆ, ਗੁਰੂ ਸਰ ਸਤਲਾਨੀ, ਗੁਰਦੁਆਰਾ ਕੇਰ ਸਾਹਿਬ, ਮਾਛੀ ਕੇ, ਸ਼ੇਖ਼ੂਪੁਰਾ ਤੇ ਖਡੂਰ ਸਾਹਿਬ, ਮੁਕਤਸਰ ਸਾਹਿਬ ਤੇ ਅਨੰਦਪੁਰ ਸਾਹਿਬ ਆਦਿ ਅਜ਼ਾਦ ਕਰਾਏ ਗਏ। ਇਸ ਸੰਘਰਸ਼ ਦੀ ਅਗਵਾਈ ਕਰਨ ਵਾਲੇ ਜਥੇ: ਕਰਤਾਰ ਸਿੰਘ ਝੱਬਰ, ਜਥੇ: ਤੇਜਾ ਸਿੰਘ ਭੁੱਚਰ, ਪ੍ਰਿੰਸੀਪਲ ਤੇਜਾ ਸਿੰਘ, ਸ: ਹਰਬੰਸ ਸਿੰਘ ਅਟਾਰੀ, ਸ: ਮੋਤਾ ਸਿੰਘ ਅਤੇ ਜਥੇ: ਤੇਜਾ ਸਿੰਘ ਸਮੁੰਦਰੀ ਆਦਿ ਦੇ ਯੋਗਦਾਨ ਨੂੰ ਭੁਲਾਇਆ ਨਹੀਂ ਜਾ ਸਕਦਾ।
ਸ਼੍ਰੋਮਣੀ ਕਮੇਟੀ ਦਾ ਪ੍ਰਥਮ ਪ੍ਰਧਾਨ ਚੁਣੇ ਜਾਣ ਦਾ ਮਾਣ ਸ: ਸੁੰਦਰ ਸਿੰਘ ਮਜੀਠੀਆ ਨੂੰ ਮਿਲਿਆ ਤਾਂ ਪੰਥ ਰਤਨ ਮਾਸਟਰ ਤਾਰਾ ਸਿੰਘ ਨੇ ਪੰਥਕ ਅਤੇ ਕੌਮੀ ਰਾਜਨੀਤੀ ‘ਚ ਆਪਣੀ ਪਛਾਣ ਸਥਾਪਿਤ ਕੀਤੀ। ਬਾਬਾ ਖੜਕ ਸਿੰਘ, ਸ: ਸੁੰਦਰ ਸਿੰਘ ਰਾਮਗੜ੍ਹੀਆ, ਸ: ਬਹਾਦਰ ਮਹਿਤਾਬ ਸਿੰਘ, ਸ: ਮੰਗਲ ਸਿੰਘ, ਸ: ਗੋਪਾਲ ਸਿੰਘ ਕੌਮੀ, ਸ: ਪ੍ਰਤਾਪ ਸਿੰਘ ਸ਼ੰਕਰ, ਜਥੇ: ਮੋਹਨ ਸਿੰਘ ਨਾਗੋਕੇ, ਜਥੇ: ਊਧਮ ਸਿੰਘ ਨਾਗੋਕੇ, ਸ: ਚਰਨ ਸਿੰਘ ਉਰਾੜਾ, ਜਥੇ: ਈਸ਼ਰ ਸਿੰਘ ਮਝੈਲ, ਬਾਵਾ ਹਰਿਕਿਸ਼ਨ ਸਿੰਘ, ਸ: ਪ੍ਰੇਮ ਸਿੰਘ ਲਾਲਪੁਰਾ, ਸ: ਅਜੀਤ ਸਿੰਘ ਬਾਲਾ, ਸ: ਕ੍ਰਿਪਾਲ ਸਿੰਘ ਚੱਕ ਸ਼ੇਰੇਵਾਲਾ, ਸੰਤ ਚੰਨਣ ਸਿੰਘ, ਸ: ਬਲਦੇਵ ਸਿੰਘ ਸਿਬੀਆ, ਬੀਬੀ ਜਗੀਰ ਕੋਰ, ਜ: ਜਗਦੇਵ ਸਿੰਘ ਤਲਵੰਡੀ, ਪ੍ਰੋ: ਕ੍ਰਿਪਾਲ ਸਿੰਘ ਬਡੂੰਗਰ, ਜਥੇ: ਅਵਤਾਰ ਸਿੰਘ ਮੱਕੜ ਨੇ ਵੀ ਇਸ ਸੰਸਥਾ ਦੇ ਪ੍ਰਬੰਧ ਨੂੰ ਉੱਚ ਮੁਕਾਮ ਤੱਕ ਪਹੁੰਚਾਉਣ ‘ਚ ਅਹਿਮ ਰੋਲ ਨਿਭਾਇਆ। ਉੱਥੇ ਹੀ ਬੇਦਾਗ਼ ਸਿਆਸਤਦਾਨ ਪੰਥ ਰਤਨ ਜਥੇ: ਗੁਰਚਰਨ ਸਿੰਘ ਟੌਹੜਾ ਨੇ ਸ਼੍ਰੋਮਣੀ ਕਮੇਟੀ ਦੀ ੨੭ ਸਾਲ ਦੀ ਸੇਵਾ ਕਾਲ ਦੌਰਾਨ ਪੰਥ ਪ੍ਰਤੀ ਸਮਰਪਿਤ ਰਹਿ ਕੇ ਸਿੱਖੀ ਸਿਧਾਂਤਾਂ ‘ਤੇ ਪਹਿਰਾ ਦਿੱਤਾ।
ਗੁਰਦੁਆਰਾ ਸੁਧਾਰ ਅਕਾਲੀ ਲਹਿਰ ਨੇ ਅੱਗੇ ਚੱਲ ਕੇ ਦੇਸ਼ ਦੀ ਅਜ਼ਾਦੀ ਲਈ ਵੀ ਅਹਿਮ ਰੋਲ ਅਦਾ ਕੀਤਾ। ਅਜ਼ਾਦੀ ਉਪਰੰਤ ਪੰਜਾਬੀ ਸੂਬਾ ਮੋਰਚਾ ਅਤੇ ੧੯੭੫ ਦੀ ਐਮਰਜੈਂਸੀ ਦੌਰਾਨ ਰਾਸ਼ਟਰ ਵਿਆਪੀ ਸਰਕਾਰ ਵਿਰੋਧੀ ਅੰਦੋਲਨ ਹੋਵੇ ਜਾਂ ਫਿਰ ਪੰਜਾਬ ਅਤੇ ਸਿੱਖ ਹਿਤਾਂ ਲਈ ੧੯੮੨ ‘ਚ ਲਾਏ ਗਏ ਧਰਮਯੁੱਧ ਮੋਰਚੇ ਵਿਚ ਸੰਤ ਹਰਚੰਦ ਸਿੰਘ ਲੌਂਗੋਵਾਲ ਅਤੇ ਸੰਤ ਬਾਬਾ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੇ ਮੋਢੇ ਨਾਲ ਮੋਢਾ ਜੋੜਦਿਆਂ ਸ਼੍ਰੋਮਣੀ ਕਮੇਟੀ ਨੇ ਅਹਿਮ ਭੂਮਿਕਾ ਨਿਭਾਈ।
ਸ਼੍ਰੋਮਣੀ ਕਮੇਟੀ ਦਾ ਮਕਸਦ ਗੁਰਧਾਮਾਂ ਦੀ ਸੁਯੋਗ ਸੇਵਾ ਸੰਭਾਲ ਅਤੇ ਸਿੱਖ ਧਰਮ ਦਾ ਪ੍ਰਚਾਰ ਪ੍ਰਸਾਰ ਕਰਨਾ ਹੈ। ਅੰਮ੍ਰਿਤ ਸੰਚਾਰ ਰਾਹੀਂ ਗੁਰੂ ਵਾਲੇ ਬਣਾਉਣਾ, ਸਿੱਖ ਰਹਿਤ ਮਰਯਾਦਾ, ਸਿੱਖੀ ਸਿਧਾਂਤ ਅਤੇ ਧਾਰਮਿਕ ਸਭਿਆਚਾਰ ਨੂੰ ਹਰ ਇਕ ਸਿੱਖ ਦੀ ਜ਼ਿੰਦਗੀ ਦਾ ਹਿੱਸਾ ਬਣਾਉਣ ਲਈ ਉਪਰਾਲਾ ਕਰਨਾ ਹੈ। ਸ਼੍ਰੋਮਣੀ ਕਮੇਟੀ ਦਾ ਸਾਲਾਨਾ ਬਜਟ ਕਰੀਬ ੧੦ ਅਰਬ ਰੁਪੈ ਹੈ। ਜਿਸ ਨਾਲ ਕਮੇਟੀ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ‘ਚ ਸੈਕਸ਼ਨ ੮੫ ਅਧੀਨ ੭੮ ਅਤੇ ਸੈਕਸ਼ਨ ੮੭ ਅਧੀਨ ੩੯੯ ਇਤਿਹਾਸਕ ਗੁਰਦੁਆਰਿਆਂ ਦਾ ਸੁਚਾਰੂ ਪ੍ਰਬੰਧ ਚਲਾਉਣ ਤੋਂ ਇਲਾਵਾ ਦੂਰੋਂ ਆਈਆਂ ਸੰਗਤਾਂ ਦੇ ਸਹੂਲਤ ਲਈ ਮਿਆਰੀ ਅਤੇ ਸਾਫ਼ ਸੁਥਰੀਆਂ ਅਨੇਕਾਂ ਸਰਾਵਾਂ ਦੀ ਉਸਾਰੀ ਕਰਾਈ ਗਈ ਹੈ। ਦੇਸ਼ ਵਿਦੇਸ਼ ‘ਚ ਅੰਮ੍ਰਿਤ ਸੰਚਾਰ ਅਤੇ ਧਰਮ ਪ੍ਰਚਾਰ ਦੀ ਸੇਵਾ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਸਿੱਖਿਆ ਅਤੇ ਮੈਡੀਕਲ ਖੇਤਰ ਵਿਚ ਵੀ ਅਹਿਮ ਯੋਗਦਾਨ ਪਾ ਰਹੀ ਹੈ। ਦੋ ਯੂਨੀਵਰਸਿਟੀਆਂ-ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਸ੍ਰੀ ਫ਼ਤਿਹਗੜ੍ਹ ਸਾਹਿਬ ਅਤੇ ਸ੍ਰੀ ਗੁਰੂ ਰਾਮਦਾਸ ਮੈਡੀਕਲ ਯੂਨੀਵਰਸਿਟੀ ਵਲ਼ਾ ਅੰਮ੍ਰਿਤਸਰ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਵੱਲੋਂ ੩੭ ਡਿਗਰੀ ਕਾਲਜ, ੫੩ ਸਕੂਲ,ਦੋ ਇੰਜੀਨੀਅਰ ਕਾਲਜ ਅਤੇ ਇਕ ਪਾਲੀਟੈਕਨਿਕ ਕਾਲਜ, ਇਕ ਦੰਦਾਂ ਦਾ ਕਾਲਜ, ਦੋ ਮੈਡੀਕਲ ਕਾਲਜ, ਇਕ ਨਰਸਿੰਗ ਕਾਲਜ ਅਤੇ ਅਨੇਕਾਂ ਡਿਸਪੈਂਸਰੀਆਂ ਚਲਾਈਆਂ ਜਾ ਰਹੀਆਂ ਹਨ। ਸ਼੍ਰੋਮਣੀ ਕਮੇਟੀ ਵੱਲੋਂ ਨੌਜਵਾਨ ਪੀੜੀ ਨੂੰ ਸਹੀ ਦਿਸ਼ਾ ਪ੍ਰਦਾਨ ਕਰਨ ਲਈ ਵਿੱਦਿਅਕ ਡਾਇਰੈਕਟੋਰੇਟ ਦੀ ਸਥਾਪਨਾ ਵੀ ਕੀਤੀ ਗਈ ਹੈ ਜਿਸ ਦਾ ਮੁੱਖ ਤੇ ਸੁੰਦਰ ਦਫ਼ਤਰ ਬਹਾਦਰਗੜ੍ਹ ਪਟਿਆਲਾ ਵਿਖੇ ਹੈ। ਸ਼੍ਰੋਮਣੀ ਕਮੇਟੀ ਨੇ ‘ਸਿੱਖ ਇਤਿਹਾਸ ਰੀਸਰਚ ਬੋਰਡ’ ਅਤੇ ‘ਸਿੱਖ ਰੈਫਰੈਂਸ ਲਾਇਬ੍ਰੇਰੀ’ ਵੀ ਸਥਾਪਿਤ ਕੀਤੀ ਹੋਈ ਹੈ ਜਿੱਥੇ ਹਜ਼ਾਰਾਂ ਕਿਤਾਬਾਂ, ਹੱਥ ਲਿਖਤਾਂ, ਪੁਰਾਣੀਆਂ ਅਖ਼ਬਾਰਾਂ ਸੰਭਾਲੀਆਂ ਹੋਈਆਂ ਹਨ, ਜਿੱਥੋਂ ਸਿੱਖ ਧਰਮ ਅਤੇ ਇਤਿਹਾਸ ਬਾਰੇ ਖੋਜ ਭਰਪੂਰ ਕਿਤਾਬਾਂ ਪ੍ਰਕਾਸ਼ਿਤ ਕੀਤੀਆਂ ਜਾਂਦੀਆਂ ਹਨ। ਸਿੱਖ ਧਰਮ ਦੇ ਪ੍ਰਚਾਰ ਪ੍ਰਸਾਰ ਲਈ ਅਲੱਗ ਅਲੱਗ ਰਾਜਾਂ ਵਿਚ ੧੧ ਸਿੱਖ ਮਿਸ਼ਨ ਅਤੇ ਕੇਂਦਰ, ਬਚਿਆਂ ਨੂੰ ਧਾਰਮਿਕ ਸਿੱਖਿਆ ਦੇਣ ਲਈ ੧੯ ਮਿਸ਼ਨਰੀ ਕਾਲਜ ਤੇ ਵਿਦਿਆਲੇ ਅਤੇ ਮਿਸ਼ਨਰੀ ਤੇ ਗੁਰਮਤਿ ਸੰਗੀਤ ਕਾਲਜ ਚਲਾਏ ਜਾ ਰਹੇ ਹਨ। ਗੁਰਮਤਿ ਸਾਹਿਤ ਦੇ ਪ੍ਰਕਾਸ਼ਨ ਲਈ ਵਿਸ਼ੇਸ਼ ਛਾਪੇਖ਼ਾਨੇ ਲਾਏ ਗਏ ਅਤੇ ਅੰਗਰੇਜ਼ੀ, ਹਿੰਦੀ ਅਤੇ ਪੰਜਾਬੀ ਵਿਚ ਧਾਰਮਿਕ ਤੇ ਇਤਿਹਾਸਕ ਪੁਸਤਕਾਂ ਛਾਪੀਆਂ ਅਤੇ ਵੰਡੀਆਂ ਜਾਂਦੀਆਂ ਹਨ। ਧਰਮ ਪ੍ਰਚਾਰ ਕਮੇਟੀ ਵੱਲੋਂ ਧਾਰਮਿਕ ਪ੍ਰਚਾਰ ਪ੍ਰਸਾਰ ਲਈ ਦੇਸ਼ ਵਿਦੇਸ਼ ‘ਚ ਪ੍ਰਚਾਰਕ ਭੇਜਣ ਦੀ ਵਿਸ਼ੇਸ਼ ਵਿਵਸਥਾ ਕੀਤੀ ਗਈ ਹੈ। ਧਰਮ ਪ੍ਰਚਾਰ ਲਈ ਇਤਿਹਾਸਕ ਗੌਰਵ ਵਾਲੀਆਂ ਵੀਡੀਓ ਫ਼ਿਲਮਾਂ ਉਪਲਬਧ ਹਨ। ਬਚਿਆਂ ਵਿਚ ਧਾਰਮਿਕ ਸਿੱਖਿਆ ਪ੍ਰਤੀ ਰੁਚੀ ਪੈਦਾ ਕਰਨ ਲਈ ਹਰ ਸਾਲ ਵਜ਼ੀਫ਼ੇ ਦਿੱਤੇ ਜਾਂਦੇ ਅਤੇ ਮੁਕਾਬਲੇ ਕਰਾਏ ਜਾਂਦੇ ਹਨ।
ਵਿਦੇਸ਼ਾਂ ਵਿਚ ਜਿੱਥੇ ਵੀ ਸਿੱਖ ਭਾਈਚਾਰੇ ਨੇ ਬਸੇਰਾ ਕੀਤਾ ਹੋਇਆ ਹੈ, ਉਨ੍ਹਾਂ ਮੁਲਕਾਂ ਦੀ ਤਰੱਕੀ ਅਤੇ ਖ਼ੁਸ਼ਹਾਲੀ ‘ਚ ਉਹ ਆਪਣੀ ਮਿਹਨਤ ਤੇ ਇਮਾਨਦਾਰੀ ਨਾਲ ਅਹਿਮ ਯੋਗਦਾਨ ਪਾ ਰਹੇ ਹਨ। ਸ਼੍ਰੋਮਣੀ ਕਮੇਟੀ ਸਿੱਖ ਕੌਮ ਦੀ ਪ੍ਰਤੀਨਿਧ ਸੰਸਥਾ ਵਜੋਂ ਵਿਦੇਸ਼ਾਂ ‘ਚ ਸਿੱਖ ਭਾਈਚਾਰੇ ਨੂੰ ਦਰਪੇਸ਼ ਮਸਲਿਆਂ, ਕਕਾਰਾਂ, ਖ਼ਾਲਸੇ ਦੀ ਹੋਂਦ ਹਸਤੀ ਅਤੇ ਵਿਲੱਖਣ ਪਛਾਣ ਨੂੰ ਮਜ਼ਬੂਤੀ ਦੇਣ, ਫਰਾਂਸ ਵਿਚ ਪਗੜੀ ਦੇ ਮਾਮਲੇ ਪ੍ਰਤੀ ਆਵਾਜ਼ ਉਠਾਉਂਦੀ ਰਹੀ ਹੈ। ਇਨ੍ਹਾਂ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਆਪਣੇ ਸੀਮਤ ਸਾਧਨਾਂ ਦੇ ਬਾਵਜੂਦ ਦੇਸ਼ ‘ਚ ਕਿਸੇ ਵੀ ਕੁਦਰਤੀ ਆਫ਼ਤ ਦੇ ਸੰਕਟ ਸਮੇਂ ਦੁਖੀ ਮਾਨਵਤਾ ਦਾ ਦੁੱਖ ਦਰਦ ਵੰਡਾਉਣ ਲਈ ਤਤਪਰ ਰਹੀ ਹੈ। ਲੋਕ ਕਲਿਆਣਕਾਰੀ ਕਾਰਜਾਂ ਵਜੋਂ ਪਿੰਗਲਵਾੜਾ ਭਗਤ ਪੂਰਨ ਸਿੰਘ, ਯਤੀਮਖ਼ਾਨਾ, ਬਿਰਧ ਆਸ਼ਰਮ ਆਦਿ ਨੂੰ ਸਲਾਨਾ ਸਹਾਇਤਾ ਦਿੰਦੀ ਹੈ। ਜੰਮੂ ਕਸ਼ਮੀਰ ਦੇ ਚਿੱਟੀ ਸਿੰਘ ਪੁਰਾ ਗੋਲੀਕਾਂਡ ਹੋਵੇ ਜਾਂ ਗੁਜਰਾਤ ਉੜੀਸਾ ‘ਚ ਆਈ ਸੁਨਾਮੀ, ਨੇਪਾਲ ਦੇ ਭੁਚਾਲ ਪੀੜਤ, ਹੜ੍ਹ ਪੀੜਤਾਂ ਜਾਂ ਫਿਰ ਹੁਣ ਕੋਰੋਨਾ ਦੀ ਮਹਾਂ ਮਾਰੀ ਦੌਰਾਨ ਬਿਨਾ ਪੱਖਪਾਤ ਲੋਕਾਈ ਦੀ ਸੇਵਾ ਵਿਚ ਸ਼੍ਰੋਮਣੀ ਕਮੇਟੀ ਨੇ ਮੋਹਰੀ ਭੂਮਿਕਾ ਨਿਭਾਈ ਹੈ।
ਸ਼੍ਰੋਮਣੀ ਕਮੇਟੀ ਜੂਨ ਤੇ ਨਵੰਬਰ ‘੮੪ ਦੇ ਸਿੱਖ ਕਤਲੇਆਮ ਪੀੜਤਾਂ, ਜੋਧਪੁਰ ਦੇ ਕੈਦੀਆਂ ਅਤੇ ਧਰਮੀ ਫ਼ੌਜੀਆਂ ਦੀ ਮਦਦ ਲਈ ਤਤਪਰ ਰਹਿਣ ਤੋਂ ਇਲਾਵਾ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜਾਵਾਂ ਦਿਵਾਉਣ, ਜੋਧਪੁਰ ਦੇ ਸਿੱਖ ਕੈਦੀਆਂ ਨੂੰ ਸਰਕਾਰ ਤੋਂ ਮੁਆਵਜ਼ਾ ਦਿਵਾਉਣ, ਸਜਾਵਾਂ ਪੂਰੀਆਂ ਕਰ ਚੁੱਕੇ ਸਿੱਖ ਸਿਆਸੀ ਕੈਦੀਆਂ ਦੀ ਰਿਹਾਈ, ਵਿਦੇਸ਼ਾਂ ਵਿਚ ਰਹਿ ਰਹੇ ਸਿੱਖਾਂ ਦੀ ਕਾਲੀ ਸੂਚੀ ਖ਼ਤਮ ਕਰਨ, ਗੁਰਦੁਆਰਾ ਸ੍ਰੀ ਦਰਬਾਰ ਸਾਹਿਬ, ਕਰਤਾਰ ਪੁਰ (ਪਾਕਿਸਤਾਨ) ਦੇ ਦਰਸ਼ਨਾਂ ਲਈ ਲਾਂਘਾ ਉਸਾਰਨ, ਗੁਰੂ ਨਾਨਕ ਦੇਵ ਜੀ ਦੀ ਯਾਦ ‘ਚ ਹਰਿ ਕੀ ਪੌੜੀ, ਹਰਿਦੁਆਰ ( ਉਤਰਾਖੰਡ) ਵਿਖੇ ਇਤਿਹਾਸਕ ‘ਗੁਰਦੁਆਰਾ ਗਿਆਨ ਗੋਦੜੀ ਸਾਹਿਬ’ ਦੀ ਮੂਲ ਅਸਥਾਨ ‘ਤੇ ਮੁੜ ਉਸਾਰੀ, ਗੁਰਦਵਾਰਾ ਗੁਰੂ ਡਾਂਗ ਮਾਰ ਸਾਹਿਬ, ਸਿੱਕਮ, ਗੁ: ਬਾਵਲੀ ਮੱਠ, ਮੰਗੂ ਮੱਠ, ਤੇ ਪੰਜਾਬੀ ਮੱਠ ਜਗਨਨਾਥ ਪੁਰੀ ਉੜੀਸਾ ਦੇ ਪ੍ਰਬੰਧ ਸਿੱਖ ਕੌਮ ਦੇ ਹਵਾਲੇ ਕਰਨ, ਅਨੰਦ ਕਾਰਜ ਐਕਟ ਨੂੰ ਪੂਰੇ ਦੇਸ਼ ਵਿੱਚ ਲਾਗੂ ਕਰਨ, ਘਰੇਲੂ ਹਵਾਈ ਸਫ਼ਰ ਦੌਰਾਨ ਅੰਮ੍ਰਿਤਧਾਰੀ ਸਿੱਖਾਂ ਲਈ ਕਿਰਪਾਨ (ਸ੍ਰੀ ਸਾਹਿਬ) ਪਹਿਨਣ ਦੀ ਆਗਿਆ, ਸਿਕਲੀਗਰ ਭਾਈਚਾਰਾ, ਵਣਜਾਰਾ ਸਮਾਜ ਅਤੇ ਲੁਬਾਣਾ ਸਮਾਜ (ਗੁਰੂ ਨਾਨਕ ਪੰਥੀ) ਆਦਿ ਦੇ ਆਰਥਿਕ ਪਖੋਂ ਕਮਜ਼ੋਰ ਪਰਿਵਾਰਾਂ ਦੇ ਬਚਿਆਂ ਨੂੰ ਸਕੂਲ ਦੀਆਂ ਫ਼ੀਸਾਂ ਤੇ ਯੂਨੀਫ਼ਾਰਮ ਆਦਿ ਦੇਣ, ਉਨ੍ਹਾਂ ਦੀ ਸੁਰੱਖਿਆ ਅਤੇ ਜੀਵਨ ਮਿਆਰ ਉੱਚਾ ਚੁੱਕਣ ਪ੍ਰਤੀ ਮਾਮਲਿਆਂ ਨੂੰ ਗੰਭੀਰਤਾ ਨਾਲ ਲੈਂਦਿਆਂ ਕੇਂਦਰ ਤਕ ਸਮੇਂ ਸਮੇਂ ਪਹੁੰਚ ਕੀਤੀ ਜਾਂਦੀ ਰਹੀ ਹੈ। ਅੰਡੇਮਾਨ ਨਿਕੋਬਾਰ ਦੀਪ ‘ਚ ਕਾਲੇ ਪਾਣੀ ਦੀ ਸਜ਼ਾ ਕੱਟਣ ਵਾਲੇ ਕੈਦੀ ਸਿੱਖਾਂ ਦੇ ਯੋਗਦਾਨ ਨੂੰ ਦਰਸਾਉਣ ਲਈ ਢੁਕਵੇਂ ਪ੍ਰਬੰਧ ਕਰਨ, ਫ਼ਿਲਮਾਂ ਆਦਿ ਵਿਚ ਸਿੱਖ ਕਿਰਦਾਰ ਅਤੇ ਇਤਿਹਾਸ ਨੂੰ ਸਹੀ ਤਰੀਕੇ ਨਾਲ ਪੇਸ਼ ਕਰਨ ਪ੍ਰਤੀ ਪੈਰਵਾਈ ਕਰਦਿਆਂ ਇਤਿਹਾਸਕ ਭੂਮਿਕਾ ਨਿਭਾ ਰਹੀ ਹੈ।
ਮੈਨੂੰ ਖ਼ੁਸ਼ੀ ਹੈ ਕਿ ਗੁਰੂ ਨਾਨਕ ਦੇਵ ਜੀ ਦਾ ੫੫੦ ਸਾਲਾ ਪ੍ਰਕਾਸ਼ ਪੁਰਬ ਪੂਰੀ ਸ਼ਰਧਾ ਅਤੇ ਧੂਮ ਧਾਮ ਨਾਲ ਮਨਾਉਣ, ਸ਼ਹੀਦ ਭਾਈ ਤਾਰੂ ਸਿੰਘ ਜੀ ਦੀ ੩੦੦ ਸਾਲਾ ਜਨਮ ਸ਼ਤਾਬਦੀ ਅਤੇ ਸ਼੍ਰੋਮਣੀ ਕਮੇਟੀ ਦੇ ੧੦੦ ਸਾਲਾ ਸਥਾਪਨਾ ਦਿਵਸ ਮੌਕੇ ਸ਼੍ਰੋਮਣੀ ਕਮੇਟੀ ਅਤੇ ਪੰਥ ਦੀ ਸੇਵਾ ਦਾ ਸੁਭਾਗ ਦਾਸ ਨੂੰ ਪ੍ਰਾਪਤ ਹੋਇਆ ਹੈ। ਇਸ ਤੋਂ ਪਹਿਲਾਂ ਪਿਛਲੇ ਦੋ ਦਹਾਕਿਆਂ ਦੌਰਾਨ ਸ਼੍ਰੋਮਣੀ ਕਮੇਟੀ ਵੱਲੋਂ ਸਿੱਖ ਪੰਥ ਅਤੇ ਸੰਗਤਾਂ ਦੇ ਸਹਿਯੋਗ ਨਾਲ ੧੯੯੯ ‘ਚ ੩੦੦ ਸਾਲਾ ਖ਼ਾਲਸਾ ਸਾਜਣਾ ਦਿਵਸ, ੨੦੦੪ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ੪੦੦ ਸਾਲਾ ਪ੍ਰਕਾਸ਼ ਪੁਰਬ, ੨੦੦੫ ‘ਚ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦਾ ੪੦੦ ਸਾਲਾ ਸ਼ਹੀਦੀ ਦਿਹਾੜਾ, ੨੦੦੬ ‘ਚ ਸ੍ਰੀ ਗੁਰੂ ਅਰਜਨ ਦੇਵ ਜੀ ਦਾ ੪੦੦ ਸਾਲਾ ਸ਼ਹੀਦੀ ਦਿਹਾੜਾ, ਗੁਰੂ ਗ੍ਰੰਥ ਸਾਹਿਬ ਜੀ ਦਾ ੩੦੦ ਸਾਲਾ ਸੰਪੂਰਨਤਾ ਦਿਵਸ ਅਤੇ ਗੁਰਤਾਗੱਦੀ ਦਿਵਸ, ੨੦੧੬ ‘ਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ੩੫੦ ਸਾਲਾ ਪ੍ਰਕਾਸ਼ ਸ਼ਤਾਬਦੀ, ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦਾ ੪੦੦ ਸਾਲਾ ਸਿਰਜਣਾ ਦਿਵਸ, ਤੋਂ ਇਲਾਵਾ ਬਾਬਾ ਬੁੱਢਾ ਜੀ ਦੀ ੫੦੦ ਸਾਲਾ ਜਨਮ ਸ਼ਤਾਬਦੀ, ਭਗਤ ਨਾਮਦੇਵ ਜੀ ਦਾ ੭੫੦ ਸਾਲਾ ਸ਼ਤਾਬਦੀ ਮਨਾ ਚੁੱਕੇ ਹਾਂ। ਅਗਲੇ ਸਾਲ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ੪੦੦ ਸਾਲਾ ਪ੍ਰਕਾਸ਼ ਸ਼ਤਾਬਦੀ ਆ ਰਹੀ ਹੈ। ਇਸੇ ਪ੍ਰਕਾਰ ਸ਼੍ਰੋਮਣੀ ਕਮੇਟੀ ਦੀਆਂ ਪਹਿਲ ਕਦਮੀਆਂ ‘ਤੇ ਪਿਛਲੀ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਵੱਲੋਂ ਯਾਦਗਾਰਾਂ ਦੀਆਂ ਉਸਾਰੀਆਂ ਕਰਾਈਆਂ ਗਈਆਂ ਹਨ, ਜਿਨ੍ਹਾਂ ‘ਚ ਸ੍ਰੀ ਅਨੰਦਪੁਰ ਸਾਹਿਬ ਵਿਖੇ ਵਿਰਾਸਤ ਏ ਖ਼ਾਲਸਾ, ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਪਲਾਜ਼ਾ ਅਤੇ ਸੁੰਦਰ ਵਿਰਾਸਤੀ ਮਾਰਗ, ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਯਾਦ ‘ਚ ਚੱਪੜਚਿੜੀ ਮੋਹਾਲੀ ਵਿਖੇ ਫ਼ਤਿਹ ਬੁਰਜ, ਵੱਡਾ ਅਤੇ ਛੋਟਾ ਘੱਲੂਘਾਰਾ ਦੀਆਂ ਯਾਦਗਾਰਾਂ ਆਦਿ ਸ਼ਾਮਿਲ ਹਨ। ਇਸੇ ਤਰਾਂ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪਾਵਨ ਬੀੜਾਂ ਦੀ ਛਪਾਈ ਕੇਵਲ ਸ਼੍ਰੋਮਣੀ ਕਮੇਟੀ ਦੇ ਅਧਿਕਾਰ ‘ਚ ਰੱਖਣ ਦੇ ਕਾਨੂੰਨ ਪਾਸ ਕਰਾਏ ਗਏ। ਸ਼੍ਰੋਮਣੀ ਕਮੇਟੀ ਨੂੰ ਕਮਜ਼ੋਰ ਕਰਨ ਲਈ ਕੁਝ ਪੰਥ ਵਿਰੋਧੀ ਤਾਕਤਾਂ ਮੈਦਾਨ ‘ਚ ਹਨ। ਹਰਿਆਣੇ ਦੀ ਪਿਛਲੀ ਕਾਂਗਰਸ ਸਰਕਾਰ ਵੱਲੋਂ ਸ਼੍ਰੋਮਣੀ ਕਮੇਟੀ ਨੂੰ ਤੋੜਨ ਲਈ ਹਰਿਆਣਾ ਕਮੇਟੀ ਦੀ ਸਾਜ਼ਿਸ਼ ਰਚੀ ਗਈ। ਇਸੇ ਤਰਾਂ ਕਸ਼ਮੀਰ ਦੀ ਭਾਸ਼ਾਈ ਸੂਚੀ ਵਿਚੋਂ ਪੰਜਾਬੀ ਨੂੰ ਬਾਹਰ ਕਰਨਾ ਇਕ ਗੰਭੀਰ ਮਾਮਲਾ ਹੈ। ਖੇਤੀ ਬਾਰੇ ਕਾਲੇ ਕਾਨੂੰਨਾਂ ਖ਼ਿਲਾਫ਼ ਸ਼੍ਰੋਮਣੀ ਕਮੇਟੀ ਦੇਸ਼ ਅਤੇ ਪੰਜਾਬ ਦੇ ਕਿਸਾਨੀ ਨਾਲ ਖੜੀ ਹੈ ਅਤੇ ਖੜੀ ਰਹੇਗੀ।
ਸ਼੍ਰੋਮਣੀ ਕਮੇਟੀ ਵੱਲੋਂ ਇਸ ਦਾ ੧੦੦ ਸਾਲਾ ਸਥਾਪਨਾ ਦਿਵਸ ਪੂਰਾ ਸਾਲ ਮਨਾਏ ਜਾਣ ਲਈ ਵਿਸ਼ੇਸ਼ ਪ੍ਰੋਗਰਾਮ ਉਲੀਕੇ ਗਏ ਹਨ। ਜਿਸ ਤਹਿਤ ਸ਼੍ਰੋਮਣੀ ਕਮੇਟੀ ਦੇ ਕੁਰਬਾਨੀਆਂ ਭਰੇ ਇਤਿਹਾਸ ਨੂੰ ਰੂਪ-ਮਾਨ ਕਰਦੀ ਚਿੱਤਰ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਜਾ ਚੁਕਾ ਹੈ। ਸਾਕਾ ਗੁ: ਦਰਬਾਰ ਸਾਹਿਬ ਤਰਨ ਤਾਰਨ ਸਾਹਿਬ ਅਤੇ ਸਾਕਾ ਗੁ: ਨਨਕਾਣਾ ਸਾਹਿਬ ਦੀਆਂ ਸ਼ਤਾਬਦੀਆਂ ਵੀ ਮਨਾਈਆਂ ਜਾ ਰਹੀਆਂ ਹਨ। ਸਕੂਲਾਂ ਕਾਲਜਾਂ ਵਿਚ ਸੈਮੀਨਾਰ ਕਰਾਏ ਜਾਣਗੇ। ਸਿੱਖੀ ਤੋਂ ਦੂਰ ਜਾ ਰਹੀ ਨੌਜਵਾਨ ਪੀੜੀ ਨੂੰ ਪ੍ਰੇਰਿਤ ਕਰਨ ਲਈ ਇਤਿਹਾਸਕ ਡਾਕੂਮੈਂਟਰੀ ਫ਼ਿਲਮਾਂ ਅਤੇ ਆਧੁਨਿਕ ਸਾਧਨਾਂ ਦੀ ਵਰਤੋਂ ਕੀਤੀਆਂ ਜਾਣਗੀਆਂ। ਚੰਗੇ ਨਤੀਜੇ ਪ੍ਰਾਪਤ ਕਰਨ ਲਈ ਸੋਸ਼ਲ ਮੀਡੀਆ ਦੀ ਵੀ ਸੁਯੋਗ ਵਰਤੋਂ ਕੀਤੀ ਜਾ ਰਹੀ ਹੈ। ਅੱਜ ੧੭ ਨਵੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪੈਣ ਉਪਰੰਤ ੧੦੦ ਸਾਲਾ ਸਥਾਪਨਾ ਦਿਵਸ ਸਬੰਧੀ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਮਹਾਨ ਗੁਰਮਤਿ ਸਮਾਗਮ ਕੀਤਾ ਜਾ ਰਿਹਾ ਹੈ। ਆਪ ਜੀ ਨੂੰ ਇਨ੍ਹਾਂ ਵਿਸ਼ੇਸ਼ ਪ੍ਰੋਗਰਾਮਾਂ ‘ਚ ਵਧ ਚੜ ਕੇ ਸ਼ਾਮਿਲ ਹੁੰਦਿਆਂ ਸ਼ਹੀਦਾਂ ਨੂੰ ਸਿੱਜਦਾ ਕਰਨ ਦੀ ਅਪੀਲ ਕਰਦਾ ਹਾਂ। ਅੰਤ ਵਿਚ ਸ਼੍ਰੋਮਣੀ ਕਮੇਟੀ ਦੇ ਸੌ ਸਾਲਾ ਸਥਾਪਨਾ ਦਿਵਸ ਦੀਆਂ ਸਮੁੱਚੇ ਖ਼ਾਲਸਾ ਪੰਥ ਨੂੰ ਬਹੁਤ ਬਹੁਤ ਮੁਬਾਰਕਾਂ।