ਪ੍ਰਬੰਧ ਨੂੰ ਮੁੱਖ ਰੱਖਦੇ ਹੋਏ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਲੋਂ ਇੰਚਾਰਜ ਅਖੰਡਪਾਠਾਂ ਅਤੇ ਇੰਚਾਰਜ ਰਾਗੀ ਸਿੰਘਾਂ ਨੂੰ ਨੰਬਰ ਜਾਰੀ ਕੀਤੇ ਗਏ ਹਨ ਕਿਰਪਾ ਕਰਕੇ ਅੱਗੇ ਤੋਂ ਆਪ ਜੀ ਇਹਨਾਂ ਨੰਬਰਾਂ ਤੇ ਸੰਪਰਕ ਕਰਨ ਦੀ ਕ੍ਰਿਪਾਲਤਾ ਕਰਨੀ ਜੀ। ਇੰਚਾਰਜ ਰਾਗੀ ਸਿੰਘਾਂ : 75280-13134 ਇੰਚਾਰਜ ਅਖੰਡਪਾਠਾਂ : 75280-13135

ਅੰਮ੍ਰਿਤਸਰ 5 ਜੁਲਾਈ (    ) ਆਪ ਪਾਰਟੀ ਦੇ ਕਨਵੀਨਰ ਤੇ ਦਿੱਲੀ ਸਰਕਾਰ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਤੇ ਆਸ਼ੀਸ਼ ਖੇਤਾਨ ਨੂੰ ਬੀਤੇ ਦਿਨੀਂ ਆਪਣੀ ਪਾਰਟੀ ਦੇ ਮਨੋਰਥ ਪੱਤਰ ਦੀ ਤੁਲਨਾ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਕਰਨ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ‘ਤੇ ਕੇਜਰੀਵਾਲ ਵੱਲੋਂ ਪਾਰਟੀ ਦੇ ਚੋਣ ਨਿਸ਼ਾਨ ਝਾੜੂ ਨਾਲ ਆਪਣੀ ਤਸਵੀਰ ਛਾਪਣ ‘ਤੇ ਸਿੱਖ ਕੌਮ ਤੋਂ ਮੁਆਫੀ ਮੰਗਣੀ ਚਾਹੀਦੀ ਹੈ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਥੋਂ ਜਾਰੀ ਪ੍ਰੈਸ ਬਿਆਨ ਵਿੱਚ ਕੀਤਾ।
       ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਾਗਤ ਜੋਤਿ ਸ਼ਬਦ ਗੁਰੂ ਹਨ ਜਿਨ੍ਹਾਂ ਦੀ ਤੁਲਨਾ ਕੇਜਰੀਵਾਲ ਦੇ ਭਾੜੇ ਦੇ ਟੱਟੂ ਅਸ਼ੀਸ਼ ਖੇਤਾਨ ਨੇ ਆਪਣੇ ਸਿਆਸੀ ਹਿਤਾਂ ਨੂੰ ਚਮਕਾਉਣ ਲਈ ਇਕ ਮਾਮੂਲੀ ਮਨੋਰਥ ਪੱਤਰ ਨਾਲ ਕਰਕੇ ਬੱਜਰ ਗਲਤੀ ਕੀਤੀ ਹੈ, ਜਿਸ ਨੂੰ ਸਿੱਖ ਕੌਮ ਕਦਾਚਿੱਤ ਵੀ ਮੁਆਫ਼ ਨਹੀਂ ਕਰ ਸਕਦੀ। ਉਨ੍ਹਾਂ ਕਿਹਾ ਕਿ ਇਥੇ ਹੀ ਬੱਸ ਨਹੀਂ ਕੇਜਰੀਵਾਲ ਨੇ ਸਾਰੀਆਂ ਹੱਦਾਂ ਬੰਨੇ ਪਾਰ ਕਰਦਿਆਂ ਆਪਣੇ ਮਨੋਰਥ ਪੱਤਰ ‘ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜਿਹੇ ਮੁਕੱਦਸ ਅਸਥਾਨ ਦੀ ਤਸਵੀਰ ‘ਤੇ ਆਪਣੀ ਤਸਵੀਰ ਨਾਲ ਚੋਣ ਨਿਸ਼ਾਨ ਝਾੜੂ ਦੀ ਤਸਵੀਰ ਛਾਪ ਕੇ ਇਕ ਹੋਰ ਘਿਨਾਉਣੀ ਹਰਕਤ ਨੂੰ ਅੰਜਾਮ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਦੇਸ਼-ਵਿਦੇਸ਼ ਵਿੱਚ ਵਸਦੇ ਸਿੱਖਾਂ ਦੇ ਹਿਰਦੇ ਵਲੂੰਧਰੇ ਗਏ ਹਨ ਤੇ ਉਨ੍ਹਾਂ ਵਿੱਚ ਭਾਰੀ ਰੋਸ ਤੇ ਰੋਹ ਪਾਇਆ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਕੇਜਰੀਵਾਲ ਆਪਣੀ ਪਾਰਟੀ ਦੇ ਬੁਲਾਰੇ ਅਸ਼ੀਸ਼ ਖੇਤਾਨ, ਜੋ ਕਿ ਦਿੱਲੀ ਡਾਇਲਾਗ ਕਮਿਸ਼ਨ ਦਾ ਮੁਖੀ ਹੈ ਨੂੰ ਬੋਲਣ ਤੋਂ ਪਹਿਲਾਂ ਤੋਲਣ ਦੀ ਤਾਮੀਜ ਸਿਖਾਉਣ।ਉਨ੍ਹਾਂ ਕਿਹਾ ਕਿ ਕੇਜਰੀਵਾਲ ਤੇ ਅਸ਼ੀਸ਼ ਖੇਤਾਨ ਸ਼੍ਰੋਮਣੀ ਅਕਾਲੀ ਦਲ ਤੇ ਪੰਜਾਬ ਸਰਕਾਰ ਵਿਰੁੱਧ ਕੋਈ ਬਿਆਨਬਾਜ਼ੀ ਕਰਨ ਤੋਂ ਪਹਿਲਾਂ ਆਪਣੀ ਪੀੜ੍ਹੀ ਥੱਲੇ ਸੋਟਾ ਫੇਰਨ।ਉਨ੍ਹਾਂ ਹੋਰ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਕੁਰਾਨ ਸ਼ਰੀਫ਼ ਦੀ ਬੇਅਦਬੀ ਦੀਆਂ ਘਟਨਾਵਾਂ ਦੀ ਪੜਤਾਲ ਲਗਾਤਾਰ ਜਾਰੀ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਦੀ ਆਪਣੀ ਪਾਰਟੀ ਦੇ ਦਿੱਲੀ ਦੇ ਵਿਧਾਇਕ ਤੇ ਕੁਰਾਨੇ ਪਾਕਿ ਦੀ ਬੇਅਦਬੀ ਦੇ ਲੱਗੇ ਇਲਜ਼ਾਮ ਦਾ ਜੁਆਬ ਅਸ਼ੀਸ਼ ਖੇਤਾਨ ਜਾਂ ਕੇਜਰੀਵਾਲ ਕਿਉਂ ਨਹੀਂ ਦੇ ਰਹੇ ? ਉਨ੍ਹਾਂ ਕਿਹਾ ਕਿ ਮਲੇਰਕੋਟਲੇ ਦੀ ਮੰਦਭਾਗੀ ਘਟਨਾ ਤੋਂ ਇਹ ਸਾਬਤ ਹੁੰਦਾ ਹੈ ਕਿ ਕੇਜਰੀਵਾਲ ਤੇ ਉਸ ਦੀ ਪਾਰਟੀ ਜਾਣ-ਬੁੱਝ ਕੇ ਪੰਜਾਬ ਦੇ ਸ਼ਾਂਤਮਈ ਮਾਹੌਲ ਨੂੰ ਖਰਾਬ ਕਰਨ ਅਤੇ ਪੰਜਾਬ ਵਿੱਚ ਭਰਾ ਮਾਰੂ ਜੰਗ ਛੇੜਨਾ ਚਾਹੁੰਦੇ ਹਨ।
    ਉਨ੍ਹਾਂ ਕਿਹਾ ਕਿ ਕੇਜਰੀਵਾਲ ਨੇ ਆਪਣੀ ਬਿਆਨਬਾਜ਼ੀ ਨਾਲ ਸਪੱਸ਼ਟ ਕਰ ਦਿੱਤਾ ਹੈ ਕਿ ਉਸ ਨੂੰ ਸਿੱਖਾਂ ਦੀਆਂ ਭਾਵਨਾਵਾਂ ਨਾਲ ਕੋਈ ਦਿਲੀ ਹਮਦਰਦੀ ਨਹੀਂ ਹੈ। ਉਨ੍ਹਾਂ ਹੋਰਨਾਂ ਸਿਆਸੀ ਪਾਰਟੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਸੀ ਬਿਆਨਬਾਜ਼ੀ ਦਰਮਿਆਨ ਕਿਸੇ ਵੀ ਧਰਮ ਨਾਲ ਸਬੰਧਤ ਪਵਿੱਤਰ ਗ੍ਰੰਥ ਦਾ ਨਿਰਾਦਰ ਨਾ ਕਰਨ ਜਿਸ ਨਾਲ ਪੰਜਾਬ ਦਾ ਸ਼ਾਂਤਮਈ ਮਾਹੌਲ ਖਰਾਬ ਹੋਵੇ।