ਨੌਜਵਾਨ ਪੀੜ੍ਹੀ ਦਸਮ ਪਿਤਾ ਵੱਲੋਂ ਦਰਸਾਏ ਮਾਰਗ ਤੇ ਚੱਲਦਿਆਂ ਸਿੱਖੀ ਸਰੂਪ ਵਿੱਚ ਕਾਇਮ ਰਹੇ- ਰਘੂਜੀਤ ਸਿੰਘ ਵਿਰਕ
ਅੰਮ੍ਰਿਤਸਰ : 2 ਨਵੰਬਰ ( ) ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ੩੫੦ ਸਾਲਾ ਪ੍ਰਕਾਸ਼ ਪੁਰਬ ਸਬੰਧੀ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਧਰਮ ਪ੍ਰਚਾਰ ਕਮੇਟੀ) ਵੱਲੋਂ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਗੁਰਦੁਆਰਾ ਨਾਢਾ ਸਾਹਿਬ ਪਾਤਸ਼ਾਹੀ ਦਸਵੀਂ, ਪੰਚਕੂਲਾ ਤੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਸਾਬ੍ਹੋ ਕੀ ਤਲਵੰਡੀ (ਬਠਿੰਡਾ) ਤੱਕ ਵਿਸ਼ਾਲ ਨਗਰ-ਕੀਰਤਨ ਦੀ ਆਰੰਭਤਾ ਜੈਕਾਰਿਆਂ ਦੀ ਗੂੰਜ ਨਾਲ ਹੋਈ। ਨਗਰ ਕੀਰਤਨ ਦੀ ਰਵਾਨਗੀ ਤੋਂ ਪਹਿਲਾਂ ਗੁਰਦੁਆਰਾ ਸ੍ਰੀ ਨਾਢਾ ਸਾਹਿਬ ਦੇ ਮੁੱਖ ਗ੍ਰੰਥੀ ਭਾਈ ਜਗਜੀਤ ਸਿੰਘ ਨੇ ਅਰਦਾਸ ਉਪਰੰਤ ਹੁਕਮਨਾਮਾ ਲਿਆ। ਇਸ ਉਪਰੰਤ ਸੀਨੀਅਰ ਮੀਤ ਪ੍ਰਧਾਨ ਸ੍ਰ: ਰਘੂਜੀਤ ਸਿੰਘ ਵਿਰਕ ਨੇ ਸੰਤਾਂ-ਮਹਾਂਪੁਰਸ਼ਾਂ, ਮੈਂਬਰ ਸਾਹਿਬਾਨ ਸ਼੍ਰੋਮਣੀ ਕਮੇਟੀ ਅਤੇ ਸਮਾਗਮ ਵਿੱਚ ਹਾਜ਼ਰ ਪ੍ਰਮੁੱਖ ਸਖ਼ਸ਼ੀਅਤਾਂ ਦਾ ਸਨਮਾਨ ਕੀਤਾ।
ਸੰਗਤਾਂ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸ੍ਰ: ਰਘੂਜੀਤ ਸਿੰਘ ਵਿਰਕ ਨੇ ਕਿਹਾ ਕਿ ਸਤਿਗੁਰੂ ਜੀ ਦੀ ਅਪਾਰ ਕਿਰਪਾ ਦੁਆਰਾ ਅਸੀਂ ਸਾਹਿਬੇ ਕਮਾਲ, ਚਿੱਟਿਆਂ ਬਾਜਾਂ ਵਾਲੇ, ਨੀਲੇ ਦੇ ਸ਼ਾਹ ਅਸਵਾਰ, ਕਲਗੀਧਰ ਦਸਮੇਸ਼ ਪਿਤਾ ਦਾ ੩੫੦ਸਾਲਾ ਪ੍ਰਕਾਸ਼ ਦਿਹਾੜਾ ਮਨਾਉਣ ਜਾ ਰਹੇ ਹਾਂ। ਇਸੇ ਸਬੰਧ ਵਿੱਚ ਅੱਜ ਗੁਰਦੁਆਰਾ ਸ੍ਰੀ ਨਾਢਾ ਸਾਹਿਬ ਪਾਤਸ਼ਾਹੀ ਦਸਵੀੰ ਪੰਚਕੂਲਾ ਤੋਂ ਪੰਥ ਦੀ ਨੁਮਾਇੰਦਾ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਕ ਵਿਸ਼ਾਲ ਨਗਰ ਕੀਰਤਨ ਦਾ ਆਯੋਜਨ ਕੀਤਾ ਜਾ ਰਿਹਾ ਹੈ, ਜੋ ੧੨ ਨਵੰਬਰ ੨੦੧੬ ਨੂੰ ਵੱਖ-ਵੱਖ ਸ਼ਹਿਰਾਂ ਤੋਂ ਹੁੰਦਾ ਹੋਇਆ ਤਖ਼ਤ ਸ੍ਰੀ ਦਮਦਮਾ ਸਾਹਿਬ,ਬਠਿੰਡਾ ਵਿਖੇ ਸਮਾਪਤ ਹੋਵੇਗਾ। ਉਨ੍ਹਾਂ ਕਿਹਾ ਕਿ ਦੁਨੀਆਂ ਦੇ ਇਤਿਹਾਸ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਹੀ ਸਨ ਜਿਨ੍ਹਾਂ ਕੌਮ ਲਈ ਆਪਣਾ ਸਰਬੰਸ ਵਾਰ ਦਿੱਤਾ। ਉਨ੍ਹਾਂ ਕਿਹਾ ਕਿ ਦਸਮ ਪਿਤਾ ਨੇ ਸ੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਅੰਮ੍ਰਿਤ ਦਾ ਬਾਟਾ ਤਿਆਰ ਕਰ ਕੇ ਖਾਲਸਾ ਪੰਥ ਨੂੰ ਅੰਮ੍ਰਿਤ ਛਕਾ ਕੇ ਜੋ ਪਹਿਚਾਣ ਦਿੱਤੀ ਉਸ ਨੂੰ ਕਾਇਮ ਰੱਖਦੇ ਹੋਏ ਨੌਜਵਾਨ ਪੀੜ੍ਹੀ ਨੂੰ ਸਿੱਖ ਰਹਿਣੀ-ਬਹਿਣੀ ਵਿੱਚ ਰਹਿੰਦੇ ਹੋਏ ਆਪਣੇ ਧਰਮ ਵਿੱਚ ਪਰਪੱਕ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅੱਜ ਦੀ ਨੌਜਵਾਨ ਪੀੜ੍ਹੀ ਦਸਮ ਪਿਤਾ ਦੇ ਦਰਸਾਏ ਮਾਰਗ ਤੇ ਚੱਲ ਕੇ ਸਤਿਗੁਰੂ ਪਾਤਸ਼ਾਹ ਦੀਆਂ ਖੁਸ਼ੌਆਂ ਹਾਸਿਲ ਕਰੇ। ਉਨ੍ਹਾਂ ਸਮੁੱਚੀਆਂ ਸਿੱਖ ਸੰਗਤਾਂ ਨੂੰ ਇਸ ਨਗਰ ਕੀਰਤਨ ਦੀ ਸ਼ੋਭਾ ਵਧਾਉਣ ਲਈ ਸ਼ਾਮਿਲ ਹੋਣ ਲਈ ਬੇਨਤੀ ਕੀਤੀ।
ਜ਼ਿਕਰਯੋਗ ਹੈ ਕਿ ਗੁਰਦੁਆਰਾ ਸ੍ਰੀ ਨਾਢਾ ਸਾਹਿਬ ਦਸਮ ਪਿਤਾ ਸਾਹਿਬ ਸ੍ਰੀ ਗੁਰੁ ਗੋਬਿੰਦ ਸਿੰਘ ਜੀ ਮਹਾਰਾਜ ਦੀ ਚਰਨ ਛੋਹ ਇਤਿਹਾਸਕ ਅਸਥਾਨ ਹੈ। ਇਸ ਅਸਥਾਨ ਤੇ ਗੁਰੂ ਸਾਹਿਬ ਭੰਗਾਣੀ ਦੇ ਯੁੱਧ ਨੂੰ ਖਤਮ ਕਰਨ ਉਪਰੰਤ ਵਾਪਸੀ ਸ੍ਰੀ ਅਨੰਦਪੁਰ ਸਾਹਿਬ ਨੂੰ ਭੰਗਾਣੀ ਤੋਂ ਪਾਉਂਟਾ ਸਾਹਿਬ, ਨਾਹਣ ਟੋਕਾ ਸਾਹਿਬ, ਰਾਣੀ ਦਾ ਰਾਇਪੁਰ, ਮਾਣਕ ਟਬ੍ਹਰਾਂ ਤੋਂ ਹੁੰਦੇ ਹੋਏ ੧੭੪੬ ਬਿਕਰਮੀ ਵਿਚ ਨਾਢਾ ਸਾਹਿਬ ਚਰਨ ਪਾ ਕੇ ਇਸ ਧਰਤੀ ਨੂੰ ਆਪਣੇ ਪਾਵਨ ਚਰਨਾਂ ਦੀ ਛੋਹ ਨਾਲ ਪਵਿੱਤਰ ਕੀਤਾ ਅਤੇ ਕੁਝ ਸਮਾਂ ਇਥੇ ਫੌਜਾਂ ਨੂੰ ਆਰਾਮ ਕਰਨ ਦਾ ਹੁਕਮ ਕੀਤਾ। ਇਸ ਅਸਥਾਨ ਤੇ ਸਭ ਤੋਂ ਪਹਿਲਾਂ ਭਾਈ ਨਾਢੂ ਸ਼ਾਹ ਨਾਮ ਦੇ ਇਕ ਗਰੀਬ ਕਿਸਾਨ ਨੇ ਆ ਕੇ ਗੁਰੂ ਸਾਹਿਬ ਦੇ ਚਰਨ ਪਰਸੇ ਤੇ ਫੌਜਾਂ ਨੂੰ ਦੁੱਧ ਪਾਣੀ ਛਕਾਇਆ। ਉਸ ਦੀ ਸੇਵਾ ਤੋਂ ਪ੍ਰਸੰਨ ਹੋ ਕੇ ਗੁਰੂ ਸਾਹਿਬ ਨੇ ਉਸ ਨੂੰ ਵਰ ਦਿੱਤਾ ਕਿ ਤੇਰੇ ਨਾਮ ਤੇ ਇਹ ਅਸਥਾਨ ਨਾਢਾ ਸਾਹਿਬ ਦੇ ਨਾਮ ਤੇ ਪ੍ਰਸਿੱਧ ਹੋਵੇਗਾ।ਸਤਿਗੁਰੂ ਪਾਤਸ਼ਾਹ ਵੱਲੋਂ ਕੀਤੀਆਂ ਬਖਸ਼ਿਸ਼ਾਂ ਸਦਕਾ ਇਹ ਗੁਰਦੁਆਰਾ ਸਾਹਿਬ ਘੱਗਰ ਦਰਿਆ ਦੇ ਨੇੜੇ ਸਥਿਤ ਹੈ, ਜਿੱਥੇ ਸੰਗਤਾਂ ਦੂਰ ਦੁਰਾਡੇ ਤੋਂ ਆ ਕੇ ਦਰਸ਼ਨ ਦੀਦਾਰੇ ਕਰਕੇ ਦਸਮ ਪਿਤਾ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਹਨ।
ਸੰਗਤਾਂ ਦੇ ਠਾਠਾਂ ਮਾਰਦੇ ਵਿਸ਼ਾਲ ਇਕੱਠ ਨਾਲ ਅੱਗੇ-ਅੱਗੇ ਨਗਾਰੇ ਵਾਲੇ ਸਿੰਘ, ਨਿਸ਼ਾਨਚੀ ਸਿੰਘ ਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਜੁਗੋ-ਜੁਗ ਅਟੱਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਫੁੱਲਾਂ ਨਾਲ ਸਜ਼ੀ ਪਾਲਕੀ ਸਾਹਿਬ ਅਤੇ ਗੁਰੂ ਸਾਹਿਬਾਨ ਦੇ ਸ਼ਸਤਰਾਂ ਬਸਤਰਾਂ ਵਾਲੀ ਬੱਸ ਜਾ ਰਹੀ ਸੀ ਤੇ ਪਿੱਛੇ-ਪਿੱਛੇ ਗਤਕਾ ਪਾਰਟੀਆਂ, ਬੈਂਡ ਪਾਰਟੀਆਂ, ਧਾਰਮਿਕ ਸਭਾ ਸੁਸਾਇਟੀਆਂ, ਸੇਵਾ ਸੁਸਾਇਟੀਆਂ ਅਤੇ ਗੁਰੂ ਕੀਆਂ ਸੰਗਤਾਂ ਸਤਿਨਾਮੁ ਵਾਹਿਗੁਰੂ ਦਾ ਜਾਪੁ ਕਰਦੀਆਂ ਜਾ ਰਹੀਆਂ ਸਨ। ਨਗਰ ਕੀਰਤਨ ਦਾ ਸੁੰਦਰ ਨਜ਼ਾਰਾ ਚਾਰੇ ਪਾਸੇ ਮਹਿਕਾਂ ਖਿਲਾਰ ਰਿਹਾ ਸੀ ਤੇ ਦੂਰ-ਦੁਰਾਡੇ ਤੋਂ ਆਈਆਂ ਸੰਗਤਾਂ ਲੰਬੀਆਂ ਕਤਾਰਾਂ ਵਿੱਚ ਗੁਰੂ ਸਾਹਿਬ ਦੇ ਦਰਸ਼ਨ ਦੀਦਾਰਿਆਂ ਲਈ ਉਡੀਕ ਵਿੱਚ ਖੜੀਆਂ ਸਨ।
ਗੁਰਦੁਆਰਾ ਨਾਢਾ ਸਾਹਿਬ ਤੋਂ ਚੱਲ ਕੇ ਨਗਰ ਕੀਰਤਨ ਮਦਨਪੁਰ, ਰਾਮਗੜ੍ਹ, ਬਰਵਾਲਾ, ਨਰਾਇਣਗੜ੍ਹ, ਸਹਜਾਦਪੁਰ, ਫਤਿਹਗੜ੍ਹ, ਜਟਵਾੜ ਅੱਡਾ ਅਤੇ ਵੱਖ-ਵੱਖ ਪੜਾਵਾਂ ਤੋਂ ਹੁੰਦਾ ਹੋਇਆ ਗੁਰਦੁਆਰਾ ਸ੍ਰੀ ਪੰਜੋਖਰਾ ਸਾਹਿਬ ਵਿਖੇ ਰਾਤ ਦੇ ਵਿਸ਼ਰਾਮ ਲਈ ਠਹਿਰਿਆ।
ਇਸ ਮੌਕੇ ਸੰਤ ਬਾਬਾ ਗੁਰਮੀਤ ਸਿੰਘ, ਸੰਤ ਬਾਬਾ ਸੁੱਖਾ ਸਿੰਘ, ਸੰਤ ਬਾਬਾ ਸੋਹਨ ਸਿੰਘ, ਸੰਤ ਬਾਬਾ ਬਾਬੂ ਸਿੰਘ, ਭਾਈ ਚਰਨਜੀਤ ਸਿੰਘ, ਭਾਈ ਓਂਕਾਰ ਸਿੰਘ, ਭਾਈ ਲਖਵਿੰਦਰ ਸਿੰਘ ਗ੍ਰੰਥੀ, ਸ੍ਰ: ਨਿਰਮੈਲ ਸਿੰਘ ਜੌਲਾਂ, ਸ੍ਰ: ਮੋਹਨ ਸਿੰਘ ਬੰਗੀ ਅੰਤ੍ਰਿੰਗ ਕਮੇਟੀ ਮੈਂਬਰ, ਸ੍ਰ: ਹਰਭਜਨ ਸਿੰਘ ਮਸਾਨਾ, ਸ੍ਰ: ਭੂਪਿੰਦਰ ਸਿੰਘ ਅਸੰਧ, ਸ੍ਰ: ਸ਼ਰਨਜੀਤ ਸਿੰਘ ਸੋਥਾ, ਸ੍ਰ: ਬਲਦੇਵ ਸਿੰਘ ਕੈਮਪੁਰ, ਸ੍ਰ: ਬਲਦੇਵ ਸਿੰਘ ਖਾਲਸਾ, ਸ੍ਰ: ਅਮੀਰ ਸਿੰਘ ਰਸੀਦਾਂ, ਸ੍ਰ: ਜਗਸ਼ੀਰ ਸਿੰਘ ਮਾਂਗੇਆਨਾ, ਬੀਬੀ ਮਨਜੀਤ ਕੌਰ ਗਧੋਲਾ, ਬੀਬੀ ਹਰਜਿੰਦਰ ਕੌਰ, ਬੀਬੀ ਅਮਰਜੀਤ ਕੌਰ ਬਾੜਾ ਮੈਂਬਰ ਸ਼੍ਰੋਮਣੀ ਕਮੇਟੀ, ਸ੍ਰ: ਅਵਤਾਰ ਸਿੰਘ ਸਕੱਤਰ, ਸ੍ਰ: ਬਲਕੌਰ ਸਿੰਘ ਹਲਕਾ ਵਿਧਾਇਕ, ਸ੍ਰ: ਅਮਰਜੀਤ ਸਿੰਘ ਮੰਗੀ ਚੇਅਰਮੈਨ, ਸ੍ਰ: ਸੁਰਜੀਤ ਸਿੰਘ ਨਿਡਰ, ਸ੍ਰ: ਗੁਰਦੀਪ ਸਿੰਘ , ਸ੍ਰ: ਸੁਰਜੀਤ ਸਿੰਘ ਮਮੇਰਾ, ਬੀਬੀ ਕਰਤਾਰ ਕੌਰ, ਬੀਬੀ ਵਰਿੰਦਰ ਕੌਰ ਅਜਰਾਨਾ ਸਾਬਕਾ ਮੈਂਬਰ ਸ਼ੋਮਣੀ ਕਮੇਟੀ, ਸ੍ਰ: ਕੁਲਵਿੰਦਰ ਸਿੰਘ ਮੀਤ ਸਕੱਤਰ, ਸ੍ਰ: ਇੰਦਰ ਮੋਹਣ ਸਿੰਘ ‘ਅਨਜਾਣ’ ਇੰਚਾਰਜ ਪਬਲੀਸਿਟੀ, ਸ੍ਰ: ਅੰਗਰੇਜ਼ ਸਿੰਘ ਸੁਪਰਵਾਈਜ਼ਰ, ਸ੍ਰ: ਦਿਲਬਾਗ ਸਿੰਘ, ਸ੍ਰ: ਰਣਜੀਤ ਸਿੰਘ ਤੇ ਸ੍ਰ: ਗੁਰਵਿੰਦਰ ਸਿੰਘ ਗੁਰਦੁਆਰਾ ਇੰਸਪੈਕਟਰ, ਸ੍ਰ: ਜਰਨੈਲ ਸਿੰਘ, ਸ੍ਰ: ਰਣਜੀਤ ਸਿੰਘ ਤੇ ਸ੍ਰ: ਜਗੀਰ ਸਿੰਘ ਮੈਨੇਜਰ, ਸ੍ਰ: ਪਲਵਿੰਦਰ ਸਿੰਘ, ਸ੍ਰ: ਕੁਲਦੀਪ ਸਿੰਘ, ਸ੍ਰ: ਜਸਵੀਰ ਸਿੰਘ ਮੀਤ ਮੈਨੇਜਰ ਗੁਰਦੁਆਰਾ ਨਾਢਾ ਸਾਹਿਬ, ਸ੍ਰ: ਭੂਪਿੰਦਰ ਸਿੰਘ ਅਕਾਊਂਟੈਂੇਟ, ਸ੍ਰ: ਹਰਵਿੰਦਰ ਸਿੰਘ ਐਡੀ: ਅਕਾਊਂਟੈਂਟ, ਸ੍ਰ: ਅੰਮ੍ਰਿਤਪਾਲ ਸਿੰਘ, ਸ੍ਰ: ਗੋਪਾਲ ਸਿੰਘ, ਸ੍ਰ: ਗੁਰਪ੍ਰੀਤ ਸਿੰਘ, ਸ੍ਰ: ਗੁਰਿੰਦਰ ਸਿੰਘ, ਸ੍ਰ: ਰਮਨਦੀਪ ਸਿੰਘ ਸਮੁੱਚਾ ਸਟਾਫ਼ ਅਤੇ ਭਾਰੀ ਗਿਣਤੀ ਵਿੱਚ ਸੰਗਤਾਂ ਨਗਰ ਕੀਰਤਨ ਦੀ ਹਾਜ਼ਰੀ ਭਰ ਰਹੀਆਂ ਸਨ।