ਖੋਜ ਭਰਪੂਰ ਲੇਖਾਂ ਤੇ ਅਧਾਰਿਤ ਸੋਵੀਨਰ ਤੇ ਪੁਸਤਕ ਵੀ ਪ੍ਰਕਾਸ਼ਿਤ ਕੀਤੀ ਜਾਵੇਗੀ : ਜਥੇਦਾਰ ਅਵਤਾਰ ਸਿੰਘ
ਅੰਮ੍ਰਿਤਸਰ 10 ਜੂਨ ( ) ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ 5 ਜਨਵਰੀ 2017 ਨੂੰ ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਮਨਾਈ ਜਾ ਰਹੀ ਤੀਸਰੀ ਅਰਧ ਸ਼ਤਾਬਦੀ (350 ਸਾਲਾ) ਸਮੇਂ ਦਸਮੇਸ਼ ਪਿਤਾ ਦੇ ਜੀਵਨ ਦੇ ਵੱਖ-ਵੱਖ ਪਹਿਲੂਆਂ ਨੂੰ ਦਰਸਾਉਂਦਾ ਸੋਵੀਨਰ ਅਤੇ ਪ੍ਰਸਿੱਧ ਲੇਖਕਾਂ ਵੱਲੋਂ ਖੋਜ ਭਰਪੂਰ ਲੇਖਾਂ ਦੀ ਪੁਸਤਕ ਪ੍ਰਕਾਸ਼ਿਤ ਕੀਤੀ ਜਾਵੇਗੀ।
ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਾਣਕਾਰੀ ਦੇਂਦਿਆਂ ਦੱਸਿਆ ਕਿ ਇਸ ਪਵਿੱਤਰ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਪਾਉਂਟਾ ਸਾਹਿਬ ਵਿਖੇ 52 ਕਵੀਆਂ ਦੀ ਯਾਦ ਵਿੱਚ ਇਕ ਵਿਸ਼ੇਸ਼ ਕਵੀ ਦਰਬਾਰ ਵੀ ਹੋਵੇਗਾ।ਉਨ੍ਹਾਂ ਪੰਥ ਪ੍ਰਸਿੱਧ ਕਵੀਆਂ ਅਤੇ ਲੇਖਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਇਸ ਸ਼ੁਭ ਅਵਸਰ ਤੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦੇ ਵੱਖ-ਵੱਖ ਪੱਖਾਂ ਤੇ ਚਾਨਣਾ ਪਾਉਂਦੀਆਂ ਹੋਈਆਂ ਆਪਣੀਆਂ ਵੱਡਮੁੱਲੀਆਂ ਰਚਨਾਵਾਂ (ਕਵਿਤਾ/ਲੇਖ) ਸ੍ਰ: ਦਿਲਜੀਤ ਸਿੰਘ ਬੇਦੀ ਵਧੀਕ ਸਕੱਤਰ ਪਬਲੀਸਿਟੀ ਵਿਭਾਗ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ ਦੇ ਨਾਮ ਭੇਜਣ।
ਉਨ੍ਹਾਂ ਕਿਹਾ ਕਿ ਪ੍ਰਵਾਨ ਹੋਣ ਵਾਲੀਆਂ ਰਚਨਾਵਾਂ ਨੂੰ ਪੁਸਤਕ ਰੂਪ ਵਿੱਚ ਵੀ ਛਾਪਿਆ ਜਾਵੇਗਾ ਅਤੇ ਉਨ੍ਹਾਂ ਨੂੰ ਯੋਗ ਸੇਵਾ ਫਲ ਵੀ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸੋਵੀਨਰ ਅਤੇ ਪੁਸਤਕ ਦੀ ਸੰਪਾਦਨਾ ਕਰਨ ਲਈ ਸ੍ਰ: ਦਿਲਜੀਤ ਸਿੰਘ ਬੇਦੀ ਵਧੀਕ ਸਕੱਤਰ ਸ਼੍ਰੋਮਣੀ ਕਮੇਟੀ ਅਤੇ ਸ੍ਰ: ਧਰਮਿੰਦਰ ਸਿੰਘ ਉੱਭਾ, ਡਾਇਰੈਕਟਰ ਐਜੂਕੇਸ਼ਨ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ।