ਮੁੱਖਵਾਕ - ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ Arrow Right ਧਨਾਸਰੀ ਮਹਲਾ ੪ ॥ ਕਲਿਜੁਗ ਕਾ ਧਰਮੁ ਕਹਹੁ ਤੁਮ ਭਾਈ ਕਿਵ ਛੂਟਹ ਹਮ ਛੁਟਕਾਕੀ ॥ ਹਰਿ ਹਰਿ ਜਪੁ ਬੇੜੀ ਹਰਿ ਤੁਲਹਾ ਹਰਿ ਜਪਿਓ ਤਰੈ ਤਰਾਕੀ ॥੧॥ ਮੰਗਲਵਾਰ, ੧੦ ਵੈਸਾਖ (ਸੰਮਤ ੫੫੭ ਨਾਨਕਸ਼ਾਹੀ) ੨੨ ਅਪ੍ਰੈਲ, ੨੦੨੫ (ਅੰਗ: ੬੬੮)

ਅੰਮ੍ਰਿਤਸਰ 21 ਸਤੰਬਰ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਏ ਜਾ ਰਹੇ ਸਕੂਲੀ ਬੱਚਿਆਂ ਦੇ ਵੱਖ-ਵੱਖ ਮੁਕਾਬਲਿਆਂ ਵਿਚੋਂ ਅੱਜ ਕਵਿਤਾ ਗਾਇਨ ਦੇ ਮੁਕਾਬਲੇ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਕਰਵਾਏ ਗਏ। ਬੱਚਿਆਂ ਵੱਲੋਂ ਸ੍ਰੀ ਗੁਰੂ ਰਾਮਦਾਸ ਜੀ ਦੀ ਉਸਤਤ ਵਿਚ ਜਾਣਕਾਰੀ ਭਰਪੂਰ ਕਵਿਤਾਵਾਂ ਗਾਇਨ ਕੀਤੀਆਂ ਗਈਆਂ। ਇਨ੍ਹਾਂ ਭਾਸ਼ਣ ਮੁਕਾਬਲਿਆਂ ੩੧ ਸਕੂਲਾਂ ਵਿਚੋਂ ਆਏ ੬੨ ਵਿਦਿਆਰਥੀਆਂ ਨੇ ਭਾਗ ਲਿਆ। ਕਵਿਤਾ ਮੁਕਾਬਲੇ ਦੌਰਾਨ ਸਿੱਖ ਵਿਦਵਾਨ ਸ. ਸੁਰਿੰਦਰ ਸਿੰਘ ਨਿਮਾਣਾ ਤੇ ਡਾ. ਹਰੀ ਸਿੰਘ ਜਾਚਕ, ਰੀਸਰਚ ਸਕਾਲਰ ਡਾ. ਅਮਰਜੀਤ ਕੌਰ ਅਤੇ ਬੀਬੀ ਮਨਮੋਹਨ ਕੌਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਜੱਜ ਵਜੋਂ ਸੇਵਾ ਨਿਭਾਈ।
ਇਸ ਸਮੇਂ ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਸ. ਬਲਵਿੰਦਰ ਸਿੰਘ ਜੌੜਾਸਿੰਘਾ ਨੇ ਕਿਹਾ ਕਿ ਛੋਟੀ ਉਮਰ ਦੇ ਬੱਚੇ-ਬੱਚੀਆਂ ਨੇ ਇਸਤਰੀ ਦੇ ਸਮਾਜਕ ਯੋਗਦਾਨ, ਵਰਤਮਾਨ ਸਥਿਤੀ ਅਤੇ ਭਰੂਣ ਹੱਤਿਆ ਬਾਰੇ ਆਪਣੀਆਂ ਕਵਿਤਾਵਾਂ ਰਾਹੀਂ ਸਮਾਜ ਦੀ ਅਸਲ ਤਸਵੀਰ ਨੂੰ ਪੇਸ਼ ਕੀਤਾ। ਸਕੂਲੀ ਵਿਦਿਆਰਥੀਆਂ ਦੇ ਅਜਿਹੇ ਮੁਕਾਬਲੇ ਬੱਚਿਆਂ ਅੰਦਰ ਸਮਾਜ ਦੇ ਹਾਲਾਤਾਂ ਨੂੰ ਸਮਝਣ ਲਈ ਸੋਝੀ ਪੈਦਾ ਕਰਦੇ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਦੀ ਹਮੇਸ਼ਾ ਇਹ ਪਹਿਲਕਦਮੀ ਰਹੀ ਹੈ ਕਿ ਕੌਮ ਦੇ ਭਵਿੱਖ ਇਨ੍ਹਾਂ ਬੱਚਿਆਂ ਅੰਦਰ ਗੁਰਮਤਿ ਅਨੁਸਾਰ ਚੰਗੇ ਵਿਚਾਰ ਪੈਦਾ ਕੀਤੇ ਜਾਣ। ਸ. ਜੌੜਾਸਿੰਘਾ ਨੇ ਦੱਸਿਆ ਕਿ ਹਰ ਵਾਰ ਦੀ ਤਰ੍ਹਾਂ ਸਾਰੇ ਮੁਕਾਬਲਿਆਂ ਵਿਚੋਂ ਪਹਿਲੇ, ਦੂਜੇ ਅਤੇ ਤੀਜੇ ਸਥਾਨ ‘ਤੇ ਆਉਣ ਵਾਲੇ ਬੱਚਿਆਂ ਨੂੰ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਵਾਲੇ ਦਿਨ ਵਿਸ਼ੇਸ਼ ਇਨਾਮ ਦਿੱਤੇ ਜਾਣਗੇ ਅਤੇ ਮੁਕਾਬਲਿਆਂ ਵਿਚ ਪਹੁੰਚਣ ਵਾਲੇ ਹਰੇਕ ਬੱਚੇ ਨੂੰ ਮਾਣ-ਸਨਮਾਨ ਵੀ ਦਿੱਤਾ ਜਾਂਦਾ ਹੈ। ਉਨ੍ਹਾਂ ਅਗਲੇ ਪ੍ਰੋਗਰਾਮਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਵਿਖੇ ੨੨ ਸਤੰਬਰ ਨੂੰ ਕਵੀਸ਼ਰੀ ਮੁਕਾਬਲੇ ਅਤੇ ਭਾਈ ਗੁਰਦਾਸ ਹਾਲ ਨੇੜੇ ਕੋਤਵਾਲੀ (ਟਾਊਨ ਹਾਲ) ਸ੍ਰੀ ਅੰਮ੍ਰਿਤਸਰ ਵਿਖੇ ੨੩ ਸਤੰਬਰ ਨੂੰ ਸਕੂਲਾਂ/ਕਾਲਜਾਂ ਦੇ ਵਿਦਿਆਰਥੀਆਂ ਦੇ ਪੇਂਟਿੰਗ ਮੁਕਾਬਲੇ, ੨੫ ਸਤੰਬਰ ਨੂੰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸ਼ਬਦ ਕੀਰਤਨ ਅਤੇ ੨੮ ਸਤੰਬਰ ਨੂੰ ਕੁਇਜ਼ ਮੁਕਾਬਲੇ ਸਥਾਨਕ ਭਾਈ ਗੁਰਦਾਸ ਹਾਲ ਨੇੜੇ ਕੋਤਵਾਲੀ (ਟਾਊਨ ਹਾਲ) ਸ੍ਰੀ ਅੰਮ੍ਰਿਤਸਰ ਵਿਖੇ ਕਰਵਾਏ ਜਾਣਗੇ। ।
ਇਸ ਮੌਕੇ ਸ. ਬਲਵਿੰਦਰ ਸਿੰਘ ਵਧੀਕ ਸਕੱਤਰ, ਸ. ਸੁਲੱਖਣ ਸਿੰਘ ਭੰਗਾਲੀ ਮੈਨੇਜਰ, ਸ. ਬਘੇਲ ਸਿੰਘ ਐਡੀਸ਼ਨਲ ਮੈਨੇਜਰ, ਸ. ਕਾਬਲ ਸਿੰਘ ਲੁਹਾਰਕਾ ਸੁਪਰਵਾਈਜ਼ਰ, ਡਾ. ਰਣਜੀਤ ਕੌਰ, ਡਾ. ਕਿਰਨਦੀਪ ਕੌਰ, ਬੀਬੀ ਗੁਰਮੀਤ ਕੌਰ ਰੀਸਰਚ ਸਕਾਲਰ, ਬੀਬੀ ਪਲਵਿੰਦਰ ਕੌਰ, ਸ. ਸਵਰਨ ਸਿੰਘ ਤੇ ਸ. ਤਰਸੇਮ ਸਿੰਘ ਪ੍ਰਚਾਰਕ, ਸ. ਗੁਰਭੇਜ ਸਿੰਘ, ਸ. ਜਸਪਾਲ ਸਿੰਘ, ਸ. ਹਰਦੀਪ ਸਿੰਘ ਆਦਿ ਹਾਜ਼ਰ ਸਨ।