ਮੁੱਖਵਾਕ - ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ Arrow Right ਧਨਾਸਰੀ ਮਹਲਾ ੪ ॥ ਕਲਿਜੁਗ ਕਾ ਧਰਮੁ ਕਹਹੁ ਤੁਮ ਭਾਈ ਕਿਵ ਛੂਟਹ ਹਮ ਛੁਟਕਾਕੀ ॥ ਹਰਿ ਹਰਿ ਜਪੁ ਬੇੜੀ ਹਰਿ ਤੁਲਹਾ ਹਰਿ ਜਪਿਓ ਤਰੈ ਤਰਾਕੀ ॥੧॥ ਮੰਗਲਵਾਰ, ੧੦ ਵੈਸਾਖ (ਸੰਮਤ ੫੫੭ ਨਾਨਕਸ਼ਾਹੀ) ੨੨ ਅਪ੍ਰੈਲ, ੨੦੨੫ (ਅੰਗ: ੬੬੮)

** ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਯੋਗਤਾ, ਨਿਯੁਕਤੀ, ਕਾਰਜ ਖੇਤਰ, ਜ਼ਿੰਮੇਵਾਰੀਆਂ ਅਤੇ ਸੇਵਾ ਮੁਕਤੀ ਸਬੰਧੀ ਨਿਯਮ ਨਿਰਧਾਰਤ ਕਰਨ ਲਈ ਸਿੱਖ ਪੰਥ ਦੀਆਂ ਸਮੂਹ ਜਥੇਬੰਦੀਆਂ, ਦਮਦਮੀ ਟਕਸਾਲ, ਨਿਹੰਗ ਸਿੰਘ ਦਲਾਂ, ਆਲਮੀ ਸਿੱਖ ਸੰਸਥਾਵਾਂ, ਸਿੰਘ ਸਭਾਵਾਂ, ਦੀਵਾਨਾਂ, ਸਭਾ ਸੁਸਾਇਟੀਆਂ ਅਤੇ ਦੇਸ਼ ਵਿਦੇਸ਼ ਵਿਚ ਵੱਸਦੇ ਵਿਦਵਾਨਾਂ ਤੇ ਬੁੱਧੀਜੀਵੀਆਂ ਨੂੰ ਆਪਣੇ ਸੁਝਾਅ ਭੇਜਣ ਦੀ ਅਪੀਲ ਕੀਤੀ ਹੈ। ** ਇਸ ਲਈ 30 ਮਈ 2025 ਤਕ ਸ਼੍ਰੋਮਣੀ ਕਮੇਟੀ ਪਾਸ ਆਪਣੇ ਸੁਝਾਅ ਭੇਜੇ ਜਾਣ ਤਾਂ ਜੋ ਇਨ੍ਹਾਂ ਨੂੰ ਵਿਚਾਰ ਕੇ ਸੇਵਾ ਨਿਯਮਾਂ ਵਾਸਤੇ ਇੱਕ ਸਾਂਝੀ ਕੌਮੀ ਰਾਇ ਬਣਾਈ ਜਾ ਸਕੇ। ** ਇਹ ਸੁਝਾਅ ਸ਼੍ਰੋਮਣੀ ਕਮੇਟੀ ਨੂੰ ਦਸਤੀ ਰੂਪ ਵਿਚ ਜਾਂ ਅਧਿਕਾਰਤ ਈਮੇਲ [email protected] ਅਤੇ ਵਟਸਐਪ ਨੰਬਰ 7710136200 ਉਤੇ ਭੇਜੇ ਜਾਣ।

ਅੰਮ੍ਰਿਤਸਰ, 8 ਅਕਤੂਬਰ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਦਰਬਾਰ ਸਾਹਿਬ ਦੇ ਆਲੇ-ਦੁਆਲੇ ਨੂੰ ਹਰਿਆ-ਭਰਿਆ ਬਣਾਉਣ ਲਈ ਆਰੰਭ ਗਏ ਯਤਨਾਂ ਤਹਿਤ ਸ੍ਰੀ ਗੁਰੂ ਰਾਮਦਾਸ ਲੰਗਰ ਦੇ ਬਾਹਰ, ਸਰਾਵਾਂ ਨਜ਼ਦੀਕ ਅਤੇ ਸ਼੍ਰੋਮਣੀ ਕਮੇਟੀ ਦੇ ਮੁੱਖ ਦਫ਼ਤਰ ਵਾਲੇ ਪਾਸੇ ਬੂਟੇ ਲਗਾਉਣ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਯੋਜਨਾ ਤਹਿਤ ਜਿਥੇ ਰਸਤਿਆਂ ਦੇ ਦੋਹੀਂ ਪਾਸੀਂ ਬੂਟੇ ਲਗਾਏ ਜਾਣਗੇ, ਉਥੇ ਹੀ ਵੱਖ-ਵੱਖ ਇਮਾਰਤਾਂ ਦੀਆਂ ਛੱਤਾਂ ਅਤੇ ਸਰਾਵਾਂ ਵਿਚ ਪੈਂਦੇ ਖਾਲੀ ਅਸਥਾਨਾਂ ਵਿਚ ਬੂਟੇ ਲਗਾਏ ਜਾਣਗੇ। ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਅਤੇ ਕਾਰਸੇਵਾ ਭੂਰੀਵਾਲਿਆਂ ਵੱਲੋਂ ਬਾਬਾ ਸੁਖਵਿੰਦਰ ਸਿੰਘ ਤੇ ਹੋਰਾਂ ਨੇ ਸਾਂਝੇ ਰੂਪ ਵਿਚ ਇਸ ਦੀ ਅੱਜ ਸ਼ੁਰੂਆਤ ਕੀਤੀ। ਦੱਸਣਯੋਗ ਹੈ ਕਿ ਸ਼੍ਰੋਮਣੀ ਕਮੇਟੀ ਵੱਲੋਂ ਵੱਖ-ਵੱਖ ਇਮਾਰਤਾਂ ਦੀਆਂ ਛੱਤਾਂ ਉਪਰ ਬੂਟੇ ਲਗਾਉਣ ਲਈ ਵੱਡ-ਅਕਾਰੀ ਵਿਸ਼ੇਸ਼ ਕਿਆਰੀਆਂ ਤਿਆਰ ਕਰਵਾਈਆਂ ਗਈਆਂ ਹਨ। ਇਸ ਵਿਚ ਕਾਰਸੇਵਾ ਭੂਰੀ ਵਾਲੇ ਸੰਪਰਦਾ ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਜਾ ਰਿਹਾ ਹੈ। ਇਹ ਵੀ ਜ਼ਿਕਰਯੋਗ ਹੈ ਕਿ ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਗੁਰੂ ਰਾਮਦਾਸ ਲੰਗਰ ਅਤੇ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਅਸਥਾਨ ਦੇ ਵਿਚਕਾਰ ਸਥਿਤ ਦੋ ਪਾਰਕਾਂ ਦੇ ਨਵੀਨੀਕਰਨ ਦਾ ਕੰਮ ਵੀ ਚੱਲ ਰਿਹਾ ਹੈ, ਜਿਥੇ ਇਕ ਵਿਸ਼ਵ ਪੱਧਰੀ ਪਾਰਕ ਸਥਾਪਤ ਕੀਤੀ ਜਾਵੇਗੀ। ਡਾ. ਰੂਪ ਸਿੰਘ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਹਰਿਆਵਲ ਲਹਿਰ ਆਰੰਭ ਕੀਤੀ ਗਈ ਹੈ, ਜਿਸ ਦੇ ਮੁੱਢਲੇ ਪੜਾਅ ਤਹਿਤ ਜਿਥੇ ਅੰਤਰਾਸ਼ਟਰੀ ਪਾਰਕ ਤਿਆਰ ਕੀਤਾ ਜਾ ਰਿਹਾ ਹੈ, ਉਥੇ ਹੀ ਸ੍ਰੀ ਦਰਬਾਰ ਸਾਹਿਬ ਦੇ ਚੌਗਿਰਦੇ ਵੱਧ ਤੋਂ ਵੱਧ ਬੂਟੇ ਲਗਾਉਣ ਦੀ ਯੋਜਨਾ ਬਣਾਈ ਗਈ ਹੈ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੇ ਮੁੱਖ ਦਫ਼ਤਰ ਤੇਜਾ ਸਿੰਘ ਸਮੁੰਦਰੀ ਹਾਲ, ਸਰਾਵਾਂ ਅਤੇ ਇਸ ਪਾਸੇ ਦੇ ਰਸਤਿਆਂ ਉਪਰ ਬੂਟੇ ਲਗਾਉਣ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ ਅਤੇ ਅਗਲੇ ਦਿਨਾਂ ਵਿਚ ਇਸ ਦਾ ਹੋਰ ਵਿਸਥਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਵਿਸ਼ੇਸ਼ ਤੌਰ ‘ਤੇ ਛੱਤਾਂ ਉਪਰ ਬੂਟੇ ਲਗਾਉਣ ਲਈ ਵੱਡ-ਅਕਾਰੀ ਕਿਆਰੀਆਂ ਤਿਆਰ ਕੀਤੀਆਂ ਗਈਆਂ ਹਨ, ਇਸ ਤੋਂ ਇਲਾਵਾ ਸਰਾਵਾਂ ਵਿਚ ਖ਼ਾਲੀ ਥਾਵਾਂ ‘ਤੇ ਵੀ ਅਜਿਹੀਆਂ ਹੀ ਕਿਆਰੀਆਂ ਦਾ ਨਿਰਮਾਣ ਕੀਤਾ ਗਿਆ ਹੈ। ਉਨ੍ਹਾਂ ਲਗਾਏ ਜਾਣ ਵਾਲੇ ਬੂਟਿਆਂ ਦਾ ਵਿਸਥਾਰ ਦਿੰਦਿਆਂ ਦੱਸਿਆ ਕਿ ਤੇਜਾ ਸਿੰਘ ਸਮੁੰਦਰੀ ਹਾਲ ਦੇ ਸਾਹਮਣੇ ਮੌਲਸਰੀ, ਸਿੰਗਲ ਚਾਂਦਨੀ, ਹਰੀ ਚੰਪਾ, ਲਾਲ ਕਨੇਰ, ਮਿੰਨੀ ਚਾਂਦਨੀ ਦੇ ਬੂਟੇ ਲਗਾਏ ਜਾਣਗੇ। ਇਸੇ ਤਰ੍ਹਾਂ ਸ੍ਰੀ ਗੁਰੂ ਰਾਮਦਾਸ ਜੀ ਨਿਵਾਸ ਵਿਚ ਬਣਾਈਆਂ ਵਿਸ਼ੇਸ਼ ਕਿਆਰੀਆਂ ਵਿਚ ਚਕਰੇਸੀਆ, ਡਬਲ ਚਾਂਦਨੀ, ਕੈਲੀਐਂਡਰਾ, ਟਿਕੋਰਮਾ ਯੈਲੋ, ਹਬਿਸਕਸ, ਮਰੂਆ ਅਤੇ ਹਾਰ ਸਿੰਗਾਰ ਦੇ ਬੂਟੇ ਅਤੇ ਲੰਗਰ ਹਾਲ ਦੇ ਬਾਹਰ ਦੇਸੀ ਅਸ਼ੋਕਾ, ਅਮਲਤਾਸ, ਗੁਲਮੋਹਰ, ਪੀਲੀ ਕਨੇਰ ਤੇ ਜਟਰੋਪਾ ਆਦਿ ਦੇ ਬੂਟੇ ਸੰਗਤਾਂ ਲਈ ਖਿੱਚ ਦਾ ਕੇਂਦਰ ਬਣਨਗੇ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਵੱਲੋਂ ਵਰਟੀਕਲ ਗਾਰਡਨ ਦੀ ਸ਼ੁਰੂਆਤ ਵੀ ਕੀਤੀ ਜਾ ਚੁੱਕੀ ਹੈ। ਡਾ. ਰੂਪ ਸਿੰਘ ਅਨੁਸਾਰ ਅਗਲੇ ਸਮਿਆਂ ਦੌਰਾਨ ਸ੍ਰੀ ਦਰਬਾਰ ਸਾਹਿਬ ਸਮੂਹ ਦੇ ਚੌਗਿਰਦੇ ਵਾਤਾਵਰਣ ਦੀ ਸ਼ੁਧਤਾ ਲਈ ਹਰਿਆਵਲ ਅਤੇ ਖੂਬਸੂਰਤੀ ਪੈਦਾ ਕਰਨ ਵਾਲੇ ਰੁੱਖ਼ ਬੂਟੇ ਵੱਡੀ ਗਿਣਤੀ ਵਿਚ ਨਜ਼ਰ ਆਉਣਗੇ। ਇਸ ਮੌਕੇ ਸਕੱਤਰ ਸ. ਮਨਜੀਤ ਸਿੰਘ ਬਾਠ, ਸ. ਦਿਲਜੀਤ ਸਿੰਘ ਬੇਦੀ, ਸ. ਬਲਵਿੰਦਰ ਸਿੰਘ ਜੌੜਾਸਿੰਘਾ, ਮੈਨੇਜਰ ਸ. ਜਸਵਿੰਦਰ ਸਿੰਘ ਦੀਨਪੁਰ, ਸ. ਰਾਮ ਸਿੰਘ ਭਿੰਡਰ, ਆਦਿ ਹਾਜ਼ਰ ਸਨ।