ਮੁੱਖਵਾਕ - ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ Arrow Right ਸੂਹੀ ਮਹਲਾ ੧ ਘਰੁ ੬ ੴ ਸਤਿਗੁਰ ਪ੍ਰਸਾਦਿ ॥ ਉਜਲੁ ਕੈਹਾ ਚਿਲਕਣਾ ਘੋਟਿਮ ਕਾਲੜੀ ਮਸੁ ॥ ਧੋਤਿਆ ਜੂਠਿ ਨ ਉਤਰੈ ਜੇ ਸਉ ਧੋਵਾ ਤਿਸੁ ॥੧॥ ਸ਼ੁੱਕਰਵਾਰ, ੬ ਹਾੜ (ਸੰਮਤ ੫੫੭ ਨਾਨਕਸ਼ਾਹੀ) ੨੦ ਜੂਨ, ੨੦੨੫ (ਅੰਗ: ੭੨੯)

ਅੰਮ੍ਰਿਤਸਰ, 19 ਜੁਲਾਈ-
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਰਸਤਿਆਂ ’ਤੇ ਦੁਕਾਨਦਾਰਾਂ ਵੱਲੋਂ ਕੀਤੇ ਕਬਜ਼ਿਆਂ ਅਤੇ ਸਾਫ਼ ਸਫਾਈ ਨੂੰ ਲੈ ਕੇ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ. ਭਗਵੰਤ ਸਿੰਘ ਧੰਗੇੜਾ ਵੱਲੋਂ ਅੰਮ੍ਰਿਤਸਰ ਨਗਰ ਨਿਗਮ ਦੇ ਮੇਅਰ ਅਤੇ ਕਮਿਸ਼ਨ ਨੂੰ ਲੋੜੀਂਦੇ ਕਦਮ ਉਠਾਉਣ ਲਈ ਪੱਤਰ ਲਿਖਿਆ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਪ੍ਰਤਾਪ ਸਿੰਘ ਨੇ ਦੱਸਿਆ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਕਰਕੇ ਅੰਮ੍ਰਿਤਸਰ ਪੂਰੇ ਵਿਸ਼ਵ ਦੇ ਲੋਕਾਂ ਲਈ ਖਿੱਚ ਦਾ ਕੇਂਦਰ ਹੈ ਅਤੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਵੱਡੀ ਗਿਣਤੀ ਵਿਚ ਇਥੇ ਸ਼ਰਧਾ ਸਹਿਤ ਨਤਮਸਤਕ ਹੋਣ ਦੇ ਨਾਲ-ਨਾਲ ਇਥੇ ਸਥਿਤ ਇਤਿਹਾਸਕ ਅਸਥਾਨਾਂ ਦੀ ਯਾਤਰਾ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਸਾਹਿਬ ਨੂੰ ਆਉਂਦੀਆਂ ਸੜਕਾਂ ਦੀ ਹਾਲਤ ਤਰਸਯੋਗ ਬਣੀ ਹੋਈ ਹੈ। ਸੁਲਤਾਨਵਿੰਡ ਗੇਟ ਤੋਂ ਬਜ਼ਾਰ ਕਹੀਆਂ ਵਾਲਾ, ਮਾਹਣਾ ਸਿੰਘ ਰੋਡ ਕਈ ਥਾਵਾਂ ਤੋਂ ਟੁੱਟਿਆ ਹੋਇਆ ਹੈ ਅਤੇ ਦੋਹੀਂ ਪਾਸੀ ਪਾਣੀ ਦੀ ਨਿਕਾਸੀ ਵਾਲਾ ਨਾਲਾ ਬਾਹਰ ਵਹਿ ਰਿਹਾ ਹੈ। ਉਨ੍ਹਾਂ ਕਿਹਾ ਕਿ ਰਸਤੇ ਵਿਚ ਗੰਦਗੀ ਕਾਰਨ ਜਿਥੇ ਬਦਬੂ ਆਉਂਦੀ ਹੈ, ਉਥੇ ਹੀ ਜਾਮ ਲੱਗਣ ਕਰਕੇ ਸੰਗਤਾਂ ਨੂੰ ਭਾਰੀ ਮੁਸ਼ਕਲ ਪੇਸ਼ ਆਉਂਦੀ ਹੈ। ਉਨ੍ਹਾਂ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਨੂੰ ਆਉਂਦੇ ਰਸਤਿਆਂ ’ਤੇ ਸੀਵਰੇਜ ਬੰਦ ਹੋਣ ਕਾਰਨ ਵੀ ਬਜ਼ਾਰਾਂ ਵਿਚ ਪਾਣੀ ਖੜ੍ਹ ਜਾਂਦਾ ਹੈ, ਜੋ ਸੰਗਤਾਂ ਲਈ ਭਾਰੀ ਮੁਸ਼ਕਲ ਦਾ ਕਾਰਨ ਬਣਦਾ ਹੈ।
ਸ. ਪ੍ਰਤਾਪ ਸਿੰਘ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਕਈ ਵਾਰ ਸਰਕਾਰ ਅਤੇ ਪ੍ਰਸ਼ਾਸਨ ਨੂੰ ਪੱਤਰ ਲਿਖੇ ਗਏ ਹਨ, ਪਰੰਤੂ ਸਰਕਾਰ ਵੱਲੋਂ ਇਸ ਪਾਸੇ ਧਿਆਨ ਨਹੀਂ ਦਿੱਤਾ ਜਾਂਦਾ। ਉਨ੍ਹਾਂ ਕਿਹਾ ਕਿ ਹੁਣ ਫਿਰ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਵੱਲੋਂ ਅੰਮ੍ਰਿਤਸਰ ਦੇ ਮੇਅਰ ਅਤੇ ਕਮਿਸ਼ਨਰ ਨੂੰ ਸ੍ਰੀ ਦਰਬਾਰ ਸਾਹਿਬ ਨੂੰ ਆਉਂਦੇ ਰਸਤਿਆਂ ਦੀ ਮੁਰੰਮਤ, ਸਾਫ ਸਫਾਈ ਦੇ ਨਾਲ-ਨਾਲ ਸੀਵਰੇਜ ਸਾਫ ਕਰਵਾਉਣ ਲਈ ਪੱਤਰ ਲਿਖਿਆ ਗਿਆ ਹੈ। ਸ਼੍ਰੋਮਣੀ ਕਮੇਟੀ ਸਕੱਤਰ ਨੇ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਦੁਨੀਆਂ ਭਰ ਤੋਂ ਸ਼ਰਧਾਲੂ ਆਉਂਦੇ ਹਨ ਅਤੇ ਸਰਕਾਰ ਨੂੰ ਚਾਹੀਦਾ ਹੈ ਕਿ ਸ੍ਰੀ ਦਰਬਾਰ ਸਾਹਿਬ ਨੂੰ ਆਉਂਦੇ ਰਸਤਿਆਂ ਵੱਲ ਵਿਸ਼ੇਸ਼ ਧਿਆਨ ਦੇਵੇ, ਤਾਂ ਜੋ ਸ਼ਰਧਾਲੂ ਚੰਗਾ ਸੁਨੇਹਾ ਲੈ ਕੇ ਜਾਣ।