** ਚੇਤਿ ਗੋਵਿੰਦੁ ਅਰਾਧੀਐ ਹੋਵੈ ਅਨੰਦੁ ਘਣਾ ॥ ਸੰਤ ਜਨਾ ਮਿਲਿ ਪਾਈਐ ਰਸਨਾ ਨਾਮੁ ਭਣਾ॥ ** ** ਸਮੁੱਚੀ ਨਾਨਕ ਨਾਮ ਲੇਵਾ ਸੰਗਤ ਨੂੰ ਚੇਤ ਸੰਗਰਾਂਦ ਦੇ ਪਵਿੱਤਰ ਦਿਹਾੜੇ ’ਤੇ ਨਵੇਂ ਨਾਨਕਸ਼ਾਹੀ ਵਰ੍ਹੇ ਸੰਮਤ 557 ਦੀਆਂ ਲੱਖ-ਲੱਖ ਵਧਾਈਆਂ **

ਭਾਰਤ ਸਰਕਾਰ ਫਰਾਖਦਿਲੀ ਦਾ ਪ੍ਰਗਟਾਵਾ ਕਰਦਿਆਂ 1984 ਦੇ ਸਿੱਖ ਕਤਲੇਆਮ ਸਬੰਧੀ ਮੁਆਫੀ ਲਈ ਪਹਿਲਕਦਮੀ ਕਰੇ

ਅੰਮ੍ਰਿਤਸਰ 27 ਮਈ (         ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਜੂਨ ੧੯੮੪ ਵਿਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਤੇ ਹੋਏ ਫੌਜੀ ਹਮਲੇ, ਦੇਸ਼ ਦੇ ਵੱਖ-ਵੱਖ ਸ਼ਹਿਰਾਂ ਵਿਚ ਹੋਏ ਸਿੱਖ ਕਤਲੇਆਮ, ਝੂਠੇ ਪੁਲਿਸ ਮੁਕਾਬਲਿਆਂ ਤੇ ਪੀਲੀਭੀਤ ਕਾਂਡ ਵਿਚ ਮਾਰੇ ਗਏ ਬੇਦੋਸ਼ੇ ਸਿੱਖਾਂ ਨੂੰ ਇਨਸਾਫ ਦਿਵਾਉਣ ਲਈ ਸੁਪਰੀਮ ਕੋਰਟ ਦੇ ਤਿੰਨ ਜੱਜਾਂ ‘ਤੇ ਅਧਾਰਿਤ ਇਕ ਟਰੁੱਥ ਕਮਿਸ਼ਨ ਕਾਇਮ ਕਰੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜਥੇ. ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁ:ਪ੍ਰ:ਕਮੇਟੀ ਨੇ ਦਫਤਰ ਤੋਂ ਜਾਰੀ ਇਕ ਪ੍ਰੈਸ ਬਿਆਨ ਵਿਚ ਕੀਤਾ। ਉਨ੍ਹਾਂ ਕਿਹਾ ਕਿ ਸਮੇਂ ਦੀ ਸਰਕਾਰ ਵੱਲੋਂ ਵਰਤਾਏ ਗਏ ੧੯੮੪ ਦੇ ਅਣਮਨੁੱਖੀ ਵਰਤਾਰੇ ਦੀ ਵੀ ਭਾਰਤੀ ਸੰਸਦ ਵਿਚ ਸਿੱਖ ਭਾਈਚਾਰੇ ਪਾਸੋਂ ਮੁਆਫੀ ਮੰਗਣੀ ਚਾਹੀਦੀ ਹੈ, ਜਿਸ ਲਈ ਭਾਰਤ ਸਰਕਾਰ ਨੂੰ ਫਰਾਖਦਿਲੀ ਦਾ ਪ੍ਰਗਟਾਵਾ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਹ ਇਕ ਵਡੱਪਣ ਭਰੀ ਇਤਿਹਾਸਕ ਕਾਰਵਾਈ ਹੋਵੇਗੀ ਅਤੇ ਇਸ ਨਾਲ ਆਪਸੀ ਭਾਈਚਾਰਾ ਮਜ਼ਬੂਤ ਹੋਵੇਗਾ। ਉਨ੍ਹਾਂ ਕਿਹਾ ਕਿ ਹਾਲ ਹੀ ਵਿਚ ਕੈਨੇਡਾ ਸਰਕਾਰ ਨੇ ਕਾਮਾਗਾਟਾਮਾਰੂ ਜਹਾਜ਼ ਦੀ ਮੰਦਭਾਗੀ ਘਟਨਾ ਬਾਰੇ ਮੁਆਫੀ ਮੰਗ ਕੇ ਇਤਿਹਾਸਕ ਅਧਿਆਏ ਸਿਰਜਿਆ ਹੈ। ਜਿਸਦਾ ਸ਼੍ਰੋਮਣੀ ਕਮੇਟੀ ਨੇ ਵਿਸ਼ੇਸ਼ ਧੰਨਵਾਦ ਕੀਤਾ ਹੈ।
ਉਨ੍ਹਾਂ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਮੁੱਚੀ ਮਨੁੱਖਤਾ ਲਈ ਖਿੱਚ ਦਾ ਕੇਂਦਰ ਹੈ ਅਤੇ ਵਿਸ਼ਵ ਭਰ ਵਿਚੋਂ ਇਥੇ ਪੁੱਜਦੀਆਂ ਸੰਗਤਾਂ ਦੀ ਨਿਰਵਿਘਨ ਆਮਦ ਨੂੰ ਯਕੀਨੀ ਬਣਾਉਣ ਲਈ ਇਸ ਨੂੰ ਆਉਣ ਵਾਲੇ ਮੁੱਖ ਮਾਰਗਾਂ ਨੂੰ ਇਕ ਨਮੂਨੇ ਵਜੋਂ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਤੌਰ ‘ਤੇ ਤਿਆਰ ਕੀਤਾ ਜਾ ਰਿਹਾ ਹੈ।ਇਨ੍ਹਾਂ ਮਾਰਗਾਂ ‘ਤੇ ਬਣੀਆਂ ਇਮਾਰਤਾਂ ਨੂੰ ਇੱਕੋ ਜਿਹੀ ਦਿੱਖ ਪ੍ਰਦਾਨ ਕਰਕੇ ਖੂਬਸੂਰਤੀ ਦਿੱਤੀ ਜਾ ਰਹੀ ਹੈ। ਉਨ੍ਹਾਂ ਇਸ ਸਬੰਧੀ ਹੋਰ ਖੁਲਾਸਾ ਕਰਦਿਆਂ ਕਿਹਾ ਕਿ ਫੁਹਾਰਾ ਚੌਂਕ ਤੋਂ ਇਕ ਵਿਸ਼ੇਸ਼ ਪੈਦਲ ਜੋਨ ਤਿਆਰ ਕੀਤਾ ਜਾ ਰਿਹਾ ਹੈ ਜਿਸ ਨਾਲ ਵੱਡੀ ਗਿਣਤੀ ਵਿਚ ਪੁੱਜਣ ਵਾਲੀਆਂ ਸੰਗਤਾਂ, ਦੂਰ ਦੁਰਾਡੇ ਤੋਂ ਆਉਣ ਵਾਲੇ ਸੈਲਾਨੀਆਂ ਟ੍ਰੈਫਿਕ ਸਮੱਸਿਆਂ ਤੋਂ ਨਿਜਾਤ ਮਿਲੇਗੀ। ਉਨ੍ਹਾਂ ਕਿਹਾ ਕਿ ਇਸ ਮਾਰਗ ਤੇ ਸਾਰੀਆਂ ਇਮਾਰਤਾਂ ਵਿਸ਼ੇਸ਼ ਖਿੱਚ ਦਾ ਕੇਂਦਰ ਬਣਨਗੀਆਂ। ਉਨ੍ਹਾਂ ਕਿਹਾ ਕਿ ਸਾਰੇ ਧਰਮਾਂ ਦੇ ਧਾਰਮਿਕ ਅਸਥਾਨਾਂ ਤੇ ਕੇਂਦਰ ਸਥਲ ‘ਤੇ ਪੁੱਜਣ ਤੋਂ ਪਹਿਲਾਂ ਪੈਦਲ ਜੋਨ ਬਣੇ ਹੋਏ ਹਨ। ਇਥੇ ਵੀ ਅੰਮ੍ਰਿਤਸਰ ਨਿਵਾਸੀਆਂ, ਵਪਾਰੀਆਂ ਨੂੰ ਇਸ ਕਾਰਜ ਲਈ ਅੱਗੇ ਹੋ ਕੇ ਸਹਿਯੋਗ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਹ ਜੋਨ ਬਣਨ ਦੇ ਨਾਲ ਵਪਾਰੀਆਂ ਨੂੰ ਵਿਸ਼ੇਸ਼ ਤੌਰ ‘ਤੇ ਲਾਭ ਹੋਵੇਗਾ ਇਸ ਨਾਲ ਵਪਾਰ ਵਧੇਗਾ, ਘਟੇਗਾ ਨਹੀਂ। ਉਨ੍ਹਾਂ ਕਿਹਾ ਕਿ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਐਡਵਾਂਸ ਸਟੱਡੀਜ਼ ਸਿੱਖਇਜ਼ਮ ਬਹਾਦਰਗੜ੍ਹ, ਪਟਿਆਲਾ ਦੇ ਬਹੁਪੱਖੀ ਵਿਕਾਸ ਲਈ ਆਧੁਨਿਕ ਤਕਨੀਕ ਦੇਣ ਤੇ ਵਿਦਿਆਰਥੀਆਂ ਦੇ ਚੰਗੇ ਭਵਿੱਖ ਲਈ ਉੱਘੇ ਸਿੱਖ ਚਿੰਤਕ ਤੇ ਬੁਧੀਜੀਵੀ ਡਾ. ਬਲਕਾਰ ਸਿੰਘ ਸਾਬਕਾ ਪ੍ਰੋਫੈਸਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ੨ ਸਾਲ ਲਈ ਪ੍ਰਬੰਧਕ ਨਿਯੁਕਤ ਕੀਤਾ ਗਿਆ ਹੈ। ਜਿਸ ਦਾ ਨਿਰੋਲ ਮਕਸਦ ਸਮੇਂ ਦੇ ਹਾਣੀ ਪ੍ਰਚਾਰਕ, ਕਥਾਵਾਚਕ ਤਿਆਰ ਕਰਨਾ ਹੈ। ਉਨ੍ਹਾਂ ਆਸ ਪ੍ਰਗਟ ਕੀਤੀ ਕਿ ਪ੍ਰੋ. ਬਲਕਾਰ ਸਿੰਘ ਦੀਆਂ ਸੇਵਾਵਾਂ ਨਿਰਸੰਦੇਹ ਕੌਮ ਦੀ ਪ੍ਰਚਾਰਕ ਸ਼੍ਰੇਣੀ ਨੂੰ ਨਵੀਨ ਕਾਲ ਅਨੁਸਾਰ ਗਿਆਨ ਨਾਲ ਭਰਪੂਰ ਕਰਨ ਵਿਚ ਵਡਮੁੱਲੀ ਭੂਮਿਕਾ ਨਿਭਾਉਣਗੀਆਂ।