ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਪੂਰੇ ਜਾਹੋ ਜਲਾਲ ਨਾਲ ਨਾਨਕਪੁਰਾ ਆਸ਼ਰਮ, ਹਰਿਦੁਆਰ ਤੋਂ ਅਗਲੇ ਪੜਾਅ ਲਈ ਰਵਾਨਾ
ਅੰਮ੍ਰਿਤਸਰ : 24 ਦਸੰਬਰ ( ) ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਗਰ-ਕੀਰਤਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਆਪਣੇ ਪੰਜਵੇਂ ਦਿਨ ਲਈ ਨਾਨਕਪੁਰਾ ਆਸ਼ਰਮ, ਹਰਿਦੁਆਰ ਤੋਂ ਸ੍ਰੀ ਪਟਨਾ ਸਾਹਿਬ ਲਈ ਰਵਾਨਾ ਹੋਇਆ । ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਤੇ ਪੰਜ ਪਿਆਰਿਆਂ ਦੀ ਅਗਵਾਈ ‘ਚ ਵਿਸ਼ਾਲ ਨਗਰ ਕੀਰਤਨ ਦੀ ਅਰੰਭਤਾ ਦੀ ਅਰਦਾਸ ਭਾਈ ਜਗਦੇਵ ਸਿੰਘ ਹੈਡ ਪ੍ਰਚਾਰਕ ਨੇ ਕੀਤੀ । ਸਤਿਨਾਮੁ ਵਾਹਿਗਰੂ ਦਾ ਜਾਪੁ ਕਰਨ ਉਪਰੰਤ ਪੰਜ ਪਿਆਰੇ ਸਾਹਿਬਾਨ ਤੇ ਨਿਸ਼ਾਨਚੀ ਸਿੰਘਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੀਤ ਸਕੱਤਰ ਸ੍ਰ: ਚਾਨਣ ਸਿੰਘ ਨੇ ਸਿਰੋਪਾਓ ਦੇ ਕੇ ਦਸਮੇਸ਼ ਪਿਤਾ ਦੇ ਜਨਮ ਅਸਥਾਨ ਸ੍ਰੀ ਪਟਨਾ ਸਾਹਿਬ ਲਈ ਜੈਕਾਰਿਆਂ ਦੀ ਗੂੰਝ ਨਾਲ ਰਵਾਨਾ ਕੀਤਾ।
ਇਸ ਮੌਕੇ ‘ਤੇ ਸ੍ਰ: ਚਾਨਣ ਸਿੰਘ ਮੀਤ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਾਹਿਬ-ਏ-ਕਮਾਲ, ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਸੰਗਤਾਂ ਨੂੰ ਵਧਾਈਆਂ ਦਿੰਦਿਆਂ ਕਿਹਾ ਕਿ ਸਰਬੰਸ ਦਾਨੀ, ਮਰਦ ਅਗੰਮੜਾ, ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਪਟਨਾ ਸਾਹਿਬ ਦੀ ਧਰਤੀ ਤੇ ਪਿਤਾ ਗੁਰੁ ਤੇਗ ਬਹਾਦਰ ਸਾਹਿਬ ਤੇ ਮਾਤਾ ਗੁਜਰ ਕੌਰ ਜੀ ਦੀ ਕੁੱਖੋਂ ਜਨਮ ਲਿਆ। ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਉਪਰੰਤ 1675 ਈਸਵੀ ਵਿਦ ਨੌ ਸਾਲ ਦੀ ਉਮਰ ਵਿਚ ਆਪ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਦਸਵੀਂ ਜੋਤਿ ਦੇ ਰੂਪ ਵਿਚ ਗੁਰਤਾਗੱਦੀ ‘ਤੇ ਬਿਰਾਜਮਾਨ ਹੋਏ। ਸ੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ 1699 ਈਸਵੀ ਵਿਚ ਪੰਜਾਂ ਜਾਤਾਂ ਦੇ ਪੰਜ ਸਿਰਲੱਥ ਯੋਧੇ ਲੈ ਕੇ ਉਨ੍ਹਾਂ ਨੂੰ ਅੰਮ੍ਰਿਤ ਦੀ ਦਾਤ ਦੇ ਕੇ ਪੰਜ ਪਿਆਰੇ ਸਾਜਿਆ ਤੇ ਊਚ-ਨੀਚ ਅਤੇ ਜਾਤ-ਪਾਤ ਦੇ ਭੇਦ-ਭਾਵ ਨੂੰ ਮਿਟਾਇਆ। ਇਹ ਸੰਸਾਰ ਦਾ ਅਦੁੱਤੀ ਅਤੇ ਅਜ਼ੀਮ ਸੰਪੂਰਨ ਇਨਕਲਾਬ ਸੀ , ਹੁਣ ਇਹ ਖਾਲਸਾ ਦਇਆ, ਧਰਮ, ਹਿੰਮਤ ਅਤੇ ਮੋਹਕਮ ਦੇ ਸਦਗੁਣਾਂ ਭਰਪੂਰ ਦੁਨੀਆਂ ਦਾ ‘ਸਾਹਿਬ’ ਸੀ। ਗੁਰੂ ਸਾਹਿਬ ਨੇ ਸਰਬੰਸ ਵਾਰ ਕੇ ਸਮੁੱਚੀ ਲੋਕਾਈ ਦੀ ਰੱਖਿਆ ੂਕੀਤੀ। ਉਨ੍ਹਾਂ ਸੰਗਤਾਂ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਦਿਹਾੜੇ ‘ਤੇ ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਪ੍ਰਕਾਸ਼ ਦਿਹਾੜੇ ਦੇ ਸਮਾਗਮਾ ਵਿੱਚ ਸ਼ਮੂਲੀਅਤ ਕਰਨ ਅਤੇ ਪਵਿੱਤਰ ਗੁਰਧਾਮਾ ਦੇ ਦਰਸ਼ਨ-ਦੀਦਾਰੇ ਕਰਨ ਦੀ ਅਪੀਲ ਕੀਤੀ।
ਫੁੱਲਾਂ ਨਾਲ ਸਜ਼ੀ ਪਾਲਕੀ ਸਾਹਿਬ ਵਾਲੀ ਗੱਡੀ ਵਿੱਚ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੁਸ਼ੋਭਿਤ ਸਨ ਤੇ ਪਿੱਛੇ-ਪਿੱਛੇ ਗੁਰੂ ਸਾਹਿਬ ਜੀ ਦੇ ਸ਼ਸਤਰਾਂ-ਬਸਤਰਾਂ ਵਾਲੀ ਗੱਡੀ ਜਾ ਰਹੀ ਸੀ। ਜਿਸ ਵਿੱਚ ਮੀਰੀ-ਪੀਰੀ ਦੇ ਮਾਲਿਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਅਤੇ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਸਤਰ-ਬਸਤਰ ਅਤੇ ਹੱਥ ਲਿਖਤ ਪੋਥੀ ਸੁਸ਼ੋਭਿਤ ਸੀ। ਦੂਰ ਦੁਰਾਡੇ ਤੋਂ ਆਈਆਂ ਸੰਗਤਾਂ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਤਮਸਤਿਕ ਹੋ ਕੇ ਅਤੇ ਸ਼ਸਤਰਾਂ-ਬਸਤਰਾਂ ਦੇ ਦਰਸ਼ਨ-ਦੀਦਾਰੇ ਕਰਕੇ ਨਿਹਾਲ ਹੋ ਰਹੀਆਂ ਸਨ। ਨਗਰ ਕੀਰਤਨ ਦੇ ਅੱਗੇ-ਅੱਗੇ ਨਗਾਰਚੀ ਸਿੰਘ ਚੜ੍ਹਦੀ ਕਲਾ ਦਾ ਪ੍ਰਤੀਕ ਨਗਾਰਾ ਵਜਾ ਰਹੇ ਸਨ। ਨਗਰ ਕੀਰਤਨ ‘ਚ ਧਾਰਮਿਕ ਸਭਾ ਸੁਸਾਇਟੀਆਂ, ਗੱਤਕਾ ਪਾਰਟੀਆਂ, ਸਕੂਲਾਂ/ਕਾਲਜਾਂ ਦੇ ਵਿਦਿਆਰਥੀਆਂ ਤੋਂ ਇਲਾਵਾ ਵੱਡੀ ਗਿਣਤੀ ‘ਚ ਸੰਗਤ ਨੇ ਸਤਿਨਾਮੁ ਵਾਹਿਗੁਰੂ ਦਾ ਜਾਪੁ ਕਰਦਿਆਂ ਹੋਇਆਂ ਸ਼ਮੂਲੀਅਤ ਕੀਤੀ।
ਸ੍ਰ: ਚਾਨਣ ਸਿੰਘ ਮੀਤ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਨਗਰ-ਕੀਰਤਨ ਵਿੱਚ ਹਾਜ਼ਰ ਬਾਬਾ ਬਚਨ ਸਿੰਘ ਜੀ ਭੂਰੀ ਵਾਲੇ ਨਾਨਕਪੁਰਾ ਆਸ਼ਰਮ, ਮਹੰਤ ਗੋਪਾਲ ਸਿੰਘ ਜੀ ਪੰਚਾਇਤੀ ਅਖਾੜਾ ਨਿਰਮਲਾ, ਕਨਖਲ, ਹਰਿਦੁਆਰ, ਸ੍ਰ:ਜਗਜੀਤ ਸਿੰਘ ਤੇ ਸ੍ਰ: ਚਰਨ ਸਿੰਘ ਪ੍ਰਬੰਧਕ ਨਾਨਕਪੁਰਾ ਆਸ਼ਰਮ, ਬਾਬਾ ਸੁੱਖਾ ਸਿੰਘ ਜੀ ਕਾਰਸੇਵਾ ਵਾਲੇ, ਸ੍ਰ: ਲਖਬੀਰ ਸਿੰਘ ਵਧੀਕ ਮੈਨੇਜਰ, ਸ੍ਰ: ਇੰਦਰ ਮੋਹਣ ਸਿੰਘ ‘ਅਨਜਾਣ’ ਇੰਚਾਰਜ ਪਬਲੀਸਿਟੀ, ਸ੍ਰ: ਤੇਜਿੰਦਰ ਸਿੰਘ ਪੱਡਾ, ਸ੍ਰ: ਸਤਨਾਮ ਸਿੰਘ ਇੰਚਾਰਜ, ਸ੍ਰ: ਬ੍ਰਿਜਪਾਲ ਸਿੰਘ ਇੰਚਾਰਜ ਹਾਪੜ ਮਿਸ਼ਨ ਅਤੇ ਹੋਰ ਅਧਿਕਾਰੀਆਂ ਨੂੰ ਵੀ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।
ਇਹ ਨਗਰ ਕੀਰਤਨ ਵੱਖ-ਵੱਖ ਪੜਾਵਾਂ ਤੋਂ ਹੁੰਦਾ ਹੋਇਆ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ 31 ਦਸੰਬਰ ਨੂੰ ਪਹੁੰਚਕੇ ਦਸਮ ਪਿਤਾ ਦੇ ਪ੍ਰਕਾਸ਼ ਦਿਹਾੜੇ ਸਬੰਧੀ ਸਮਾਗਮਾ ਵਿੱਚ ਸ਼ਮੂਲੀਅਤ ਕਰੇਗਾ। ਨਾਨਕਪੁਰਾ ਆਸ਼ਰਮ ਹਰਿਦੁਆਰ ਉੱਤਰਾਖੰਡ ਤੋਂ ਰਵਾਨਾ ਹੋ ਕੇ ਨਗਰ-ਕੀਰਤਨ ਨਜ਼ੀਬਾਬਾਦ, ਕੋਤਵਾਲੀ, ਜੱਸਪੁਰ, ਨਗੀਨਾ, ਧਾਮਪੁਰ, ਅਫ਼ਜ਼ਲਗੜ੍ਹ ਤੇ ਕਾਸ਼ੀਪੁਰ ਤੋ ਹੁੰਦਾ ਹੋਇਆ ਰਾਤ ਦਾ ਵਿਸ਼ਰਾਮ ਗੁਰਦੁਆਰਾ ਨਾਨਕ ਮਤਾ ਸਾਹਿਬ, ਜ਼ਿਲ੍ਹਾ ਊਧਮਪੁਰ ਉੱਤਰਾਖੰਡ ਵਿਖੇ ਹੋਵੇਗਾ। ਅੱਜ ਗੁਰਦੁਆਰਾ ਨਾਨਕਮਤਾ ਸਾਹਿਬ ਤੋਂ ਰਵਾਨਾ ਹੋ ਕੇ ਪੀਲੀ ਭੀਤ ਤੋਂ ਹੁੰਦਾ ਹੋਇਆ ਰਾਤ ਦਾ ਵਿਸ਼ਰਾਮ ਗੁਰਦੁਆਰਾ ਦਮਦਮਾ ਸਾਹਿਬ ਗੋਮਤੀਪੁਰ, ਪੂਰਨਪੁਰ, ਜ਼ਿਲ੍ਹਾ ਪੀਲੀਭੀਤ ਉੱਤਰ ਪ੍ਰਦੇਸ਼ ਵਿਖੇ ਹੋਵੇਗਾ।
ਇਸ ਮੌਕੇ ਸ਼੍ਰੋਮਣੀ ਕਮੇਟੀ ਦਾ ਸਟਾਫ ਤੇ ਵੱਡੀ ਗਿਣਤੀ ‘ਚ ਸੰਗਤਾਂ ਹਾਜ਼ਰ ਸਨ।