ਅੰਮ੍ਰਿਤਸਰ 20 ਜੁਲਾਈ ( ) ਦਿਨੋ-ਦਿਨ ਧਰਤ ਹੇਠਲਾ ਪਾਣੀ ਦਾ ਪੱਧਰ ਘੱਟਦਾ ਜਾ ਰਿਹਾ ਹੈ।ਧਰਤ ਹੇਠਲਾ ਪਾਣੀ ਮਨੁੱਖੀ ਵਿਉਤਾਂ ਉਲਟ ਪੀਣ ਦੀ ਵਰਤੋਂ ਵਿੱਚ ਵੀ ਨਹੀਂ ਆ ਰਿਹਾ ਹੈ।ਮਨੁੱਖੀ ਸਮਾਜ ਦਾ ਸਮਤੋਲ ਰੱਖਣ ਲਈ ਗੁਰਬਾਣੀ ਵਿੱਚ ਹਵਾ ਨੂੰ ਗੁਰੂ, ਪਾਣੀ ਨੂੰ ਪਿਤਾ ਅਤੇ ਧਰਤੀ ਨੂੰ ਮਾਤਾ ਜਿੰਨੀ ਮਹੱਤਤਾ ਦਿੱਤੀ ਗਈ ਹੈ।ਜਿਸ ਤਰ੍ਹਾਂ ਸੰਸਾਰ ਵਿੱਚ ਕੁਦਰਤ ਵੱਲੋਂ ਵਡਮੁੱਲੀਆਂ ਨਿਆਮਤਾਂ ਤੋਂ ਬਿਨਾਂ ਜੀਵਨ ਸੰਭਵ ਨਹੀਂ ਹੈ, ਉਸੇ ਤਰ੍ਹਾਂ ਪਾਣੀ ਬਿਨਾ ਵੀ ਜੀਵਨ ਸੰਭਵ ਨਹੀਂ ਹੈ।ਪਾਣੀ ਸਭ ਜੀਆਂ ਦਾ ਪਿਤਾ ਸਮਾਨ ਪਾਲਣ ਕਰ ਰਿਹਾ ਹੈ, ਪਰ ਕੀ ਅਸੀਂ ਪਾਣੀ ਦਾ ਸਨਮਾਨ ਪਿਤਾ ਸਮਾਨ ਕਰਦੇ ਹਾਂ।
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਕਮੇਟੀ ਦੇ ਬੁਲਾਰੇ ਤੇ ਵਧੀਕ ਸਕੱਤਰ ਸ੍ਰ: ਦਿਲਜੀਤ ਸਿੰਘ ਬੇਦੀ ਨੇ ਕੁਦਰਤ ਦੀ ਵਡਮੁੱਲੀ ਦਾਤ ‘ਪਾਣੀ’ ਦੀ ਬੱਚਤ ਕਰਨ ਹਿੱਤ ਸੰਗਤਾਂ ਨੂੰ ਅਪੀਲ ਕਰਦਿਆਂ ਕੀਤਾ।ਉਨ੍ਹਾਂ ਦਿਨੋ ਦਿਨ ਪਾਣੀ ਦੀ ਕਮੀ ਦੇ ਵਧ ਰਹੇ ਸੰਕਟ ਤੇ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਸਾਡੇ ਘਰਾਂ ਵਿੱਚ ਖੁਲ੍ਹੇ ਅਤੇ ਬੇਲੋੜੇ ਚੱਲਦੇ ਨਲ/ਟੂਟੀਆਂ, ਟੁੱਲੂ-ਪੰਪ/ਮੋਟਰਾਂ ਅਤੇ ਪਿੰਡਾਂ ਵਿੱਚ ਪਾਣੀ ਦੀ ਬਰਬਾਦੀ ਨਾਲ ਭਰੇ ਹੋਏ ਛੱਪੜ, ਇਸ ਗੱਲ ਦੀ ਗਵਾਹੀ ਭਰਦੇ ਹਨ ਕਿ ਸਾਨੂੰ ਅਜੇ ਤੱਕ ਪਾਣੀ ਦਾ ਸਨਮਾਨ ਕਰਨਾ ਹੀ ਨਹੀਂ ਆਇਆ।ਉਨ੍ਹਾਂ ਸਵਾਲ ਕਰਦਿਆਂ ਕਿਹਾ ਕਿ ਕੀ ਅਸੀਂ ਇਸ ਤਰ੍ਹਾਂ ਪ੍ਰਮਾਤਮਾ ਦੀ ਇਸ ਅਣਮੋਲ ਦਾਤ ਨੂੰ ਗੁਆ ਕੇ ਕੁਦਰਤ ਅਤੇ ਮਨੁੱਖਤਾ ਨਾਲ ਧੋਖਾ ਤਾਂ ਨਹੀਂ ਕਰ ਰਹੇ?
ਸ. ਬੇਦੀ ਨੇ ਸੰਗਤਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਅਸੀਂ ਸਾਰੇ ਆਪਣੇ-ਆਪਣੇ ਘਰਾਂ ਵਿੱਚ ਪਾਣੀ ਦੇ ਕੁਨੈਕਸ਼ਨ ਨਾਲ ਟੂਟੀਆਂ ਲਗਾਈਏ ਕੁਦਰਤ ਦੀ ਵਡਮੁੱਲੀ ਦਾਤ ਪਾਣੀ ਦੀ ਬੱਚਤ ਕਰੀਏ।ਉਨ੍ਹਾਂ ਕਿਹਾ ਕਿ ਅਜਿਹਾ ਕਰਕੇ ਪਾਣੀ ਦੀ ਬਚਤ ਕਰਦੇ ਹੋਏ ਮਨੁੱਖਤਾ ਦੀ ਸੇਵਾ ਦੇ ਭਾਗੀਦਾਰ ਬਣਾਂਗੇ ਅਤੇ ਸਾਡੇ ਉੱਤੇ ਸੱਚੇ ਪਾਤਸ਼ਾਹ ਦੀ ਅਪਾਰ ਬਖਸ਼ਿਸ਼ ਅਤੇ ਰਹਿਮਤ ਹੋਵੇਗੀ।ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਸਾਨੂੰ ਆਪਣੀਆਂ ਅਗਲੀਆਂ ਪੀੜ੍ਹੀਆਂ ਨੂੰ ਪਾਣੀ ਦੀ ਵਡਮੁੱਲੀ ਸੌਗਾਤ ਦੇਂਦੇ ਹੋਏ ਉਨ੍ਹਾਂ ਦਾ ਸੁੱਖਮਈ ਜੀਵਨ ਸੁਰੱਖਿਅਤ ਕਰਨ ਦਾ ਉਪਰਾਲਾ ਕਰਨਾ ਚਾਹੀਦਾ ਹੈ।