ਅੰਮ੍ਰਿਤਸਰ 25 ਅਪ੍ਰੈਲ ( ) ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੰਸਦ ਵਿੱਚ ਗ੍ਰਹਿ ਮੰਤਰੀ ਸ੍ਰੀ ਰਾਜਨਾਥ ਸਿੰਘ ਵੱਲੋਂ ਸਿੱਖ ਗੁਰਦੁਆਰਾ ਸੋਧ ਬਿੱਲ ਪੇਸ਼ ਕਰਨ ਤੇ ਬਹੁਸੰਮਤੀ ਨਾਲ ਪਾਸ ਕਰਵਾਉਣ ਦੇ ਫੈਸਲੇ ਨੂੰ ਇਤਿਹਾਸਕ ਕਰਾਰ ਦਿੱਤਾ ਹੈ।
ਇਥੋਂ ਜਾਰੀ ਪ੍ਰੈੱਸ ਬਿਆਨ ‘ਚ ਉਨ੍ਹਾਂ ਕਿਹਾ ਕਿ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਕੇਂਦਰੀ ਮੰਤਰੀ ਮੰਡਲ ਦੀ ਬੈਠਕ ਤੇ ਰਾਜ ਸਭਾ ਵਿੱਚ ਸਿੱਖ ਗੁਰਦੁਆਰਾ ਸੋਧ ਬਿੱਲ ਨੂੰ ਮਾਨਤਾ ਮਿਲਣ ਮਗਰੋਂ ਹੁਣ ਸੰਸਦ ਵਿੱਚ ਇਹ ਬਿੱਲ ਪਾਸ ਹੋਣਾ ਸਿੱਖ ਕੌਮ ਲਈ ਸਵਾਗਤਯੋਗ ਹੈ।ਉਨ੍ਹਾਂ ਕੇਂਦਰੀ ਫੂਡ ਤੇ ਪ੍ਰੋਸੈਸਿੰਗ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਵੱਲੋਂ ਸੰਸਦ ਵਿੱਚ ਇਸ ਬਿੱਲ ਦਾ ਸਮਰਥਨ ਕਰਨ ਦੀ ਵੀ ਸ਼ਲਾਘਾ ਕੀਤੀ ਹੈ।ਉਨ੍ਹਾਂ ਸੰਸਦ ਵਿੱਚ ਸਿੱਖ ਗੁਰਦੁਆਰਾ ਸੋਧ ਬਿੱਲ ਪਾਸ ਹੋਣ ਸਮੇਂ ਕਾਂਗਰਸ ਤੇ ‘ਆਮ ਆਦਮੀ ਪਾਰਟੀ’ ਵੱਲੋਂ ਵਿਰੋਧ ਕਰਨ ਤੇ ਕਿਹਾ ਕਿ ਆਖਿਰ ਇਹ ਸਾਬਤ ਹੋ ਗਿਆ ਹੈ ਕਿ ਕਿਹੜੀਆਂ ਸ਼ਕਤੀਆਂ ਸਿੱਖ ਕੌਮ ਨੂੰ ਖੇਰੂ-ਖੇਰੂ ਕਰਨ ਲਈ ਕੰਮ ਕਰ ਰਹੀਆਂ ਹਨ।
ਉਨ੍ਹਾਂ ਕਿਹਾ ਕਿ ‘ਕਾਂਗਰਸ’ ਵੱਲੋਂ ਪਹਿਲਾਂ ਹੀ ਸਿੱਖਾਂ ਨਾਲ ਧੱਕੇਸ਼ਾਹੀ ਵਰਗਾ ਸਲੂਕ ਕੀਤਾ ਜਾ ਰਿਹਾ ਹੈ ਤੇ ਹੁਣ ‘ਆਮ ਆਦਮੀ ਪਾਰਟੀ’ ਵੀ ਉਸੇ ਦਿਸ਼ਾ ਵੱਲ ਚੱਲਦੀਆਂ ਸਿੱਖਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਨ ਲਈ ਮੈਦਾਨ ਵਿੱਚ ਆ ਗਈ ਹੈ।ਉਨ੍ਹਾਂ ਕਿਹਾ ਕਿ ਸਿੱਖਾਂ ਦੇ ਹੱਕ ਵਿੱਚ ਪ੍ਰਚਾਰ ਕਰਨ ਵਾਲੀਆਂ ਇਨ੍ਹਾਂ ਪਾਰਟੀਆਂ ਦਾ ਅਸਲ ਚਿਹਰਾ ਨਸ਼ਰ ਚੁੱਕਾ ਹੈ ਜਿਸ ਲਈ ਸਿੱਖ ਕਦੇ ਵੀ ਇਨ੍ਹਾਂ ਪਾਰਟੀਆਂ ਨੂੰ ਮਾਫ ਨਹੀਂ ਕਰਨਗੇ।ਉਨ੍ਹਾਂ ਭਾਰਤ ਦੇ ਗ੍ਰਹਿ ਮੰਤਰੀ ਸ੍ਰੀ ਰਾਜਨਾਥ ਸਿੰਘ ਦਾ ਤਹਿ ਦਿਲੋਂ ਧੰਨਵਾਦ ਵੀ ਕੀਤਾ ਜਿਨ੍ਹਾਂ ਦੀ ਬਦੌਲਤ ਸਿੱਖ ਗੁਰਦੁਆਰਾ ਸੋਧ ਬਿੱਲ ਸੰਸਦ ਵਿੱਚ ਪਾਸ ਹੋ ਗਿਆ ਹੈ।