ਅੰਮ੍ਰਿਤਸਰ 11 ਅਗਸਤ ( ) ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਭਾਈ ਮਹਿੰਦਰ ਸਿੰਘ ਮੁਖੀ ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ ਬਰਮਿੰਘਮ (ਇੰਗਲੈਂਡ) ਵਾਲਿਆਂ ਵੱਲੋਂ ਸੋਨੇ ਦੀ ਧੁਆਈ ਦੀ ਸੇਵਾ ਆਰੰਭ ਹੋ ਗਈ ਹੈ।ਸੇਵਾ ਦੀ ਸ਼ੁਰੂਆਤ ਤੋਂ ਪਹਿਲਾ ਭਾਈ ਸਲਵਿੰਦਰ ਸਿੰਘ ਅਰਦਾਸੀਏ ਨੇ ਅਰਦਾਸ ਕੀਤੀ।
ਸ਼੍ਰੋਮਣੀ ਕਮੇਟੀ ਦੇ ਬੁਲਾਰੇ ਤੇ ਵਧੀਕ ਸਕੱਤਰ ਸ. ਦਿਲਜੀਤ ਸਿੰਘ ਬੇਦੀ ਨੇ ਏਥੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਵਿੱਚ ਅੰਤ੍ਰਿੰਗ ਕਮੇਟੀ ਵੱਲੋਂ ਹੋਏ ਫੈਸਲੇ ਅਨੁਸਾਰ ਗੁਰੂ ਨਾਨਕ ਨਿਸ਼ਕਾਮ ਸੇਵਕ ਜਥੇ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੋਨੇ ਦੀ ਧੁਆਈ ਦੀ ਸੇਵਾ ਸੌਂਪੀ ਗਈ ਹੈ।ਇਹ ਸੇਵਾ ਅੱਜ ਧਾਰਮਿਕ ਰਸਮਾਂ ਨਾਲ ਸ਼ੁਰੂ ਹੋ ਗਈ ਹੈ।ਉਨ੍ਹਾਂ ਕਿਹਾ ਕਿ ਗੁਰੂ ਨਾਨਕ ਨਿਸ਼ਕਾਮ ਸੇਵਕ ਜਥੇ ਵੱਲੋਂ ਰੇਠਿਆ ਦੇ ਪਾਣੀ ਨਾਲ ਸੋਨੇ ਦੀ ਧੁਆਈ ਹੋਵੇਗੀ ਤੇ ਇਹ ਸੇਵਾ ਇਕ ਹਫਤੇ ਦੇ ਅੰਦਰ-ਅੰਦਰ ਮੁਕੰਮਲ ਕਰ ਲਈ ਜਾਵੇਗੀ।ਉਨ੍ਹਾਂ ਕਿਹਾ ਕਿ ਸੇਵਾ ਕਰਨ ਵਾਲੇ ਸਾਰੇ ਸੇਵਕ ਅੰਮ੍ਰਿਤਧਾਰੀ ਗੁਰਸਿੱਖ ਹਨ।ਉਨ੍ਹਾਂ ਦੱਸਿਆ ਕਿ ਭਾਈ ਸਾਹਿਬ ਭਾਈ ਮਹਿੰਦਰ ਸਿੰਘ ਨੂੰ ਪਹਿਲਾਂ ਵੀ ਪੱਤਰਿਆਂ ਤੇ ਸੋਨਾ ਚੜਾਉਣ ਦੀ ਸੇਵਾ ਸੌਂਪੀ ਗਈ ਸੀ ਜੋ ਉਨ੍ਹਾਂ ਨੇ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਹਰਿਮੰਦਰ ਸਾਹਿਬ ਦੀ ਇਮਾਰਤ ‘ਤੇ ਲੱਗੇ ਪੱਤਰਿਆ ਤੇ ਨਵਾਂ ਸੋਨਾ ੮੦੦ ਕਿਲੋ ਚੜਵਾ ਕੇ ਕੀਤੀ।ਉਨ੍ਹਾਂ ਕਿਹਾ ਕਿ ਇਹ ਸੇਵਾ ਖਾਲਸੇ ਦੀ ਤਿੰਨ ਸੌ ਸਾਲਾ ਸਾਜਨਾ ਸ਼ਤਾਬਦੀ ਸਮੇਂ ੧੯੯੯ ਵਿੱਚ ਮੁਕੰਮਲ ਹੋਈ।ਉਨ੍ਹਾਂ ਕਿਹਾ ਕਿ ਭਾਈ ਮਹਿੰਦਰ ਸਿੰਘ ਕਈ ਵਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੋਨੇ ਦੀ ਚਮਕ ਨੂੰ ਬਰਕਰਾਰ ਰੱਖਣ ਲਈ ਧੁਆਈ ਦੀ ਸੇਵਾ ਕਰਵਾ ਚੁੱਕੇ ਹਨ।ਉਨ੍ਹਾਂ ਕਿਹਾ ਕਿ ਸਤਿਗੁਰੂ ਜੀ ਸੇਵਾ ਕਰਨ ਵਾਲੇ ਇਨ੍ਹਾਂ ਸੇਵਕਾਂ ‘ਤੇ ਕ੍ਰਿਪਾ ਕਰਨ ਤੇ ਅੱਗੋਂ ਵੀ ਇਹ ਇਸੇ ਤਰ੍ਹਾਂ ਸ਼ਰਧਾ ਭਾਵਨਾ ਨਾਲ ਸੇਵਾ ਕਰਦੇ ਰਹਿਣ।
ਇਸ ਮੌਕੇ ਸ. ਹਰਚਰਨ ਸਿੰਘ ਮੁੱਖ ਸਕੱਤਰ, ਸ. ਸੁਲੱਖਣ ਸਿੰਘ ਮੈਨੇਜਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ. ਸੁਖਬੀਰ ਸਿੰਘ ਐਡੀਸ਼ਨਲ ਮੈਨੇਜਰ ਪ੍ਰਕਰਮਾ, ਸ. ਮਲਕੀਤ ਸਿੰਘ ਬਹਿੜਵਾਲ ਸ/ਸੁਪ੍ਰਿੰਟੈਂਡੈਂਟ, ਸ. ਹਰਦੀਪ ਸਿੰਘ ਇੰਚਾਰਜ ਪ੍ਰਕਰਮਾ, ਸ. ਕਸ਼ਮੀਰ ਸਿੰਘ ਸੁਪਰਵਾਈਜ਼ਰ, ਸ. ਪਰਮਜੀਤ ਸਿੰਘ ਐਕਸੀਅਨ, ਸ. ਸੁਖਜਿੰਦਰ ਸਿੰਘ ਐੱਸ ਡੀ ਓ ਤੇ ਸ. ਸ਼ਮਸ਼ੇਰ ਸਿੰਘ ਜੇ.ਈ., ਇੰਗਲੈਂਡ ਤੋਂ ਭਾਈ ਗੁਰਵਿੰਦਰ ਸਿੰਘ, ਭਾਈ ਤਰਲੋਕ ਸਿੰਘ, ਭਾਈ ਰਾਮ ਰਤਨ ਸਿੰਘ, ਭਾਈ ਗਗਨਦੀਪ ਸਿੰਘ, ਭਾਈ ਕੁਲਬੀਰ ਸਿੰਘ, ਭਾਈ ਗੁਰਚਰਨ ਸਿੰਘ, ਸ. ਅਮਰਜੋਤ ਸਿੰਘ, ਸ. ਭਗਤਜੀਤ ਸਿੰਘ, ਸ. ਈਸ਼ਰ ਜੋਤ ਸਿੰਘ ਤੇ ਸ. ਪਰਮਿੰਦਰ ਸਿੰਘ ਆਦਿ ਹਾਜ਼ਰ ਸਨ।