ਮੁੱਖਵਾਕ - ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ Arrow Right ਧਨਾਸਰੀ ਮਹਲਾ ੫ ॥ ਜਹ ਜਹ ਪੇਖਉ ਤਹ ਹਜੂਰਿ ਦੂਰਿ ਕਤਹੁ ਨ ਜਾਈ ॥ ਰਵਿ ਰਹਿਆ ਸਰਬਤ੍ਰ ਮੈ ਮਨ ਸਦਾ ਧਿਆਈ ॥੧॥ ਸ਼ੁੱਕਰਵਾਰ, ੬ ਵੈਸਾਖ (ਸੰਮਤ ੫੫੭ ਨਾਨਕਸ਼ਾਹੀ) ੧੮ ਅਪ੍ਰੈਲ, ੨੦੨੫ (ਅੰਗ: ੬੭੭)

** ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਯੋਗਤਾ, ਨਿਯੁਕਤੀ, ਕਾਰਜ ਖੇਤਰ, ਜ਼ਿੰਮੇਵਾਰੀਆਂ ਅਤੇ ਸੇਵਾ ਮੁਕਤੀ ਸਬੰਧੀ ਨਿਯਮ ਨਿਰਧਾਰਤ ਕਰਨ ਲਈ ਸਿੱਖ ਪੰਥ ਦੀਆਂ ਸਮੂਹ ਜਥੇਬੰਦੀਆਂ, ਦਮਦਮੀ ਟਕਸਾਲ, ਨਿਹੰਗ ਸਿੰਘ ਦਲਾਂ, ਆਲਮੀ ਸਿੱਖ ਸੰਸਥਾਵਾਂ, ਸਿੰਘ ਸਭਾਵਾਂ, ਦੀਵਾਨਾਂ, ਸਭਾ ਸੁਸਾਇਟੀਆਂ ਅਤੇ ਦੇਸ਼ ਵਿਦੇਸ਼ ਵਿਚ ਵੱਸਦੇ ਵਿਦਵਾਨਾਂ ਤੇ ਬੁੱਧੀਜੀਵੀਆਂ ਨੂੰ ਆਪਣੇ ਸੁਝਾਅ ਭੇਜਣ ਦੀ ਅਪੀਲ ਕੀਤੀ ਹੈ। ** ਇਸ ਲਈ 20 ਅਪ੍ਰੈਲ 2025 ਤਕ ਸ਼੍ਰੋਮਣੀ ਕਮੇਟੀ ਪਾਸ ਆਪਣੇ ਸੁਝਾਅ ਭੇਜੇ ਜਾਣ ਤਾਂ ਜੋ ਇਨ੍ਹਾਂ ਨੂੰ ਵਿਚਾਰ ਕੇ ਸੇਵਾ ਨਿਯਮਾਂ ਵਾਸਤੇ ਇੱਕ ਸਾਂਝੀ ਕੌਮੀ ਰਾਇ ਬਣਾਈ ਜਾ ਸਕੇ। ** ਇਹ ਸੁਝਾਅ ਸ਼੍ਰੋਮਣੀ ਕਮੇਟੀ ਨੂੰ ਦਸਤੀ ਰੂਪ ਵਿਚ ਜਾਂ ਅਧਿਕਾਰਤ ਈਮੇਲ [email protected] ਅਤੇ ਵਟਸਐਪ ਨੰਬਰ 7710136200 ਉਤੇ ਭੇਜੇ ਜਾਣ।

ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਵੱਲੋਂ ਲਿਖੀ ਗਈ ਹੈ ਪੁਸਤਕ

ਅੰਮ੍ਰਿਤਸਰ, 29 ਅਕਤੂਬਰ- ਮਨੁੱਖਤਾ ਦੇ ਅਧਿਆਤਮਕ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਬਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਦੀ ਅੰਗਰੇਜ਼ੀ ਪੁਸਤਕ ‘ਠਹe ਅਬੋਦe ੋਡ ਘੋਦ’ ਪ੍ਰਮੁੱਖ ਸ਼ਖ਼ਸੀਅਤਾਂ ਵੱਲੋਂ ਜਾਰੀ ਕੀਤੀ ਗਈ। ਪ੍ਰਸਿੱਧ ਪ੍ਰਕਾਸ਼ਕ ‘ਸਿੰਘ ਬ੍ਰਦਰਜ਼’ ਵੱਲੋਂ ਪ੍ਰਕਾਸ਼ਤ ਕੀਤੀ ਇਸ ਸਚਿੱਤਰ ਪੁਸਤਕ ਵਿਚ ਫੋਟੋਗ੍ਰਾਫੀ ਲਈ ਸਹਿਯੋਗ ਸ੍ਰੀ ਰੁਪਿੰਦਰ ਖੁੱਲਰ ਨੇ ਦਿੱਤਾ ਹੈ, ਜਦਕਿ ਇਸ ਦਾ ਅੰਗਰੇਜ਼ੀ ਅਨੁਵਾਦ ਡਾ. ਕੇਹਰ ਸਿੰਘ ਵੱਲੋਂ ਕੀਤਾ ਗਿਆ ਹੈ। ਖ਼ੂਬਸੂਰਤ ਦਿੱਖ ਵਿਚ ਛਪੀ ਇਸ ਪੁਸਤਕ ਨੂੰ ਜਾਰੀ ਕਰਨ ਸਮੇਂ ਸਿੱਖ ਧਰਮਾ ਇੰਟਰਨੈਸ਼ਨਲ ਦੇ ਆਗੂ ਅਤੇ ਸਿੰਘ ਸਾਹਿਬ ਭਾਈ ਹਰਭਜਨ ਸਿੰਘ ਯੋਗੀ ਦੇ ਸਪੁੱਤਰ ਭਾਈ ਕੁਲਬੀਰ ਸਿੰਘ, ਅਮਰੀਕਾ ਨਿਵਾਸੀ ਭਾਈ ਸਦਾਸਤਸਿਮਰਨ ਸਿੰਘ ਖ਼ਾਲਸਾ, ਗੁਰੂ ਘਰ ਦੇ ਸ਼ਰਧਾਲੂ ਸ. ਇਕਬਾਲ ਸਿੰਘ ਮੁੰਬਈ, ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਮਨਜੀਤ ਸਿੰਘ ਬਾਠ, ਸ. ਦਿਲਜੀਤ ਸਿੰਘ ਬੇਦੀ, ਸ. ਬਲਵਿੰਦਰ ਸਿੰਘ ਜੌੜਾਸਿੰਘਾ, ਸਿੰਘ ਬ੍ਰਦਰਜ਼ ਤੋਂ ਸ. ਕੁਲਜੀਤ ਸਿੰਘ, ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ. ਜਸਵਿੰਦਰ ਸਿੰਘ ਦੀਨਪੁਰ ਮੌਜੂਦ ਸਨ। ਪੁਸਤਕ ਸਬੰਧੀ ਜਾਣਕਾਰੀ ਦਿੰਦਿਆਂ ਡਾ. ਰੂਪ ਸਿੰਘ ਨੇ ਦੱਸਿਆ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਮੁੱਚੀ ਮਾਨਵਤਾ ਲਈ ਸ਼ਰਧਾ ਦੇ ਕੇਂਦਰ ਹਨ ਅਤੇ ਦੇਸ਼-ਵਿਦੇਸ਼ ਤੋਂ ਹਰ ਧਰਮ ਦੇ ਸ਼ਰਧਾਲੂ ਰੋਜ਼ਾਨਾ ਵੱਡੀ ਗਿਣਤੀ ਵਿਚ ਇਥੇ ਨਤਮਸਤਕ ਹੁੰਦੇ ਹਨ। ਉਨ੍ਹਾਂ ਦੱਸਿਆ ਕਿ ਇਥੇ ਪੁੱਜਦੇ ਸ਼ਰਧਾਲੂਆਂ ਦੀ ਇੱਛਾ ਹੁੰਦੀ ਹੈ ਕਿ ਉਨ੍ਹਾਂ ਨੂੰ ਇਸ ਪਾਵਨ ਅਸਥਾਨ ਦੇ ਇਤਿਹਾਸ, ਮਰਿਯਾਦਾ ਅਤੇ ਇਥੇ ਸਥਿਤ ਅਸਥਾਨਾਂ ਬਾਰੇ ਜਾਣਕਾਰੀ ਪ੍ਰਾਪਤ ਹੋ ਸਕੇ। ਪੰਜਾਬ ਤੋਂ ਬਾਹਰਲਿਆਂ ਸੂਬਿਆਂ ਅਤੇ ਵਿਦੇਸ਼ਾਂ ਦੀ ਸੰਗਤ ਦੀ ਇਸੇ ਮਨਸ਼ਾ ਅਨੁਸਾਰ ਇਹ ਅੰਗਰੇਜ਼ੀ ਪੁਸਤਕ ਤਿਆਰ ਕੀਤੀ ਗਈ ਹੈ। ਡਾ. ਰੂਪ ਸਿੰਘ ਨੇ ਦੱਸਿਆ ਕਿ ਪੁਸਤਕ ਵਿਚ ਜਿਥੇ ਸ੍ਰੀ ਦਰਬਾਰ ਸਾਹਿਬ ਦੇ ਇਤਿਹਾਸ ਅਤੇ ਅੰਮ੍ਰਿਤਸਰ ਸ਼ਹਿਰ ਬਾਰੇ ਸੰਖੇਪ ਵਿਚ ਜਾਣਕਾਰੀ ਦਿੱਤੀ ਗਈ ਹੈ, ਉਥੇ ਹੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਕੀਤੀ ਗਈ ਸੁੰਦਰ ਮੀਨਾਕਾਰੀ, ਚਾਰ ਦਰਵਾਜ਼ਿਆਂ ਦੀ ਮਹਾਨਤਾ, ਸਜਾਏ ਜਾਂਦੇ ਸੁੰਦਰ ਜਲੌ, ਦੀਪਮਾਲਾ, ਰੋਜ਼ਾਨਾ ਪ੍ਰਕਾਸ਼ ਕਰਨ ਤੋਂ ਲੈ ਕੇ ਸੁਖਆਸਨ ਤੱਕ ਦੀ ਮਰਯਾਦਾ, ਰੋਜ਼ਾਨਾ ਮਰਯਾਦਾ ਦੀ ਸਮਾਂ ਸਾਰਨੀ, ਘੰਟਾ ਘਰ ਪ੍ਰਮੁੱਖ ਦੁਆਰ ਦੇ ਬਾਹਰ ਬਣੇ ਪਲਾਜ਼ਾ, ਸ੍ਰੀ ਅਕਾਲ ਤਖ਼ਤ ਸਾਹਿਬ, ਬੁੰਗਾ ਰਾਮਗੜ੍ਹੀਆ, ਗੁਰਦੁਆਰਾ ਦੁੱਖ ਭੰਜਨੀ ਬੇਰ ਸਾਹਿਬ, ਅਠਸਠ ਤੀਰਥ, ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ, ਸ੍ਰੀ ਗੁਰੂ ਰਾਮਦਾਸ ਲੰਗਰ, ਸ਼ਹੀਦ ਬੁੰਗਾ ਬਾਬਾ ਦੀਪ ਸਿੰਘ ਜੀ, ਸਿੱਖ ਰੈਂਫਰੈਂਸ ਲਾਇਬ੍ਰੇਰੀ, ਕੜਾਹ ਪ੍ਰਸ਼ਾਦਿ, ਗੁਰਦੁਆਰਾ ਲਾਚੀ ਬੇਰ ਸਾਹਿਬ, ਦਰਸ਼ਨੀ ਡਿਓੜੀ ਦੀ ਮਹਾਨਤਾ, ਤੋਸ਼ਾਖਾਨਾ, ਹਰਿ ਕੀ ਪੌੜੀ, ਮੀਰੀ ਪੀਰੀ ਦੇ ਨਿਸ਼ਾਨ ਸਾਹਿਬ, ਗੁਰਦੁਆਰਾ ਥੜ੍ਹਾ ਸਾਹਿਬ, ਗੁਰਦੁਆਰਾ ਸ਼ਹੀਦ ਗੰਜ ਬਾਬਾ ਗੁਰਬਖ਼ਸ਼ ਸਿੰਘ ਨਿਹੰਗ, ਸ਼ਹੀਦੀ ਯਾਦਗਾਰ, ਬੇਰ ਬਾਬਾ ਬੁੱਢਾ ਜੀ, ਪਰਕਰਮਾਂ ਵਿਚ ਸਥਿਤ ਛਬੀਲਾਂ, ਕੇਂਦਰੀ ਸਿੱਖ ਅਜਾਇਬ ਘਰ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਮੁੱਖ ਦਫ਼ਤਰ ਵਿਖੇ ਸਥਿਤ ਤੇਜਾ ਸਿੰਘ ਸਮੁੰਦਰੀ ਹਾਲ, ਸ੍ਰੀ ਦਰਬਾਰ ਸਾਹਿਬ ਦੇ ਸੂਚਨਾ ਕੇਂਦਰ, ਜੋੜਾ ਘਰ ਤੇ ਗੱਠੜੀ ਘਰ, ਮੁੱਢਲੀ ਸਹਾਇਤਾ ਕੇਂਦਰ ਅਤੇ ਸ੍ਰੀ ਦਰਬਾਰ ਸਾਹਿਬ ਸਮੂਹ ਵਿਖੇ ਸਥਿਤ ਸੰਗਤ ਨਿਵਾਸਾਂ ਦੀ ਜਾਣਕਾਰੀ ਵੀ ਦਰਜ਼ ਕੀਤੀ ਗਈ ਹੈ।ਉਨ੍ਹਾਂ ਆਸ ਪ੍ਰਗਟਾਈ ਕਿ ਇਹ ਪੁਸਤਕ ਸੰਗਤ ਲਈ ਲਾਹੇਵੰਦ ਸਾਬਤ ਹੋਵੇਗੀ। ਡਾ. ਰੂਪ ਸਿੰਘ ਨੇ ਦੱਸਿਆ ਕਿ ਜਲਦ ਹੀ ਇਸ ਦਾ ਪੰਜਾਬੀ, ਹਿੰਦੀ ਸਮੇਤ ਹੋਰਨਾਂ ਭਸ਼ਾਵਾਂ ਵਿਚ ਵੀ ਪ੍ਰਕਾਸ਼ਨ ਕੀਤਾ ਜਾਵੇਗਾ। ਇਸ ਮੌਕੇ ਵਧੀਕ ਸਕੱਤਰ ਸ. ਪ੍ਰਤਾਪ ਸਿੰਘ, ਸ. ਸਕੱਤਰ ਸਿੰਘ, ਸ. ਮਲਕੀਤ ਸਿੰਘ ਬਹਿੜਵਾਲ ਆਦਿ ਵੀ ਹਾਜ਼ਰ ਸਨ।