ਅੰਮ੍ਰਿਤਸਰ 7 ਦਸੰਬਰ- ਸ. ਹਰਚਰਨ ਸਿੰਘ ਮੁੱਖ ਸਕੱਤਰ ਨੇ ਸ਼੍ਰੋਮਣੀ ਕਮੇਟੀ ਦੇ ਵਿਦਿਅਕ ਅਦਾਰਿਆਂ ਦੇ ਪ੍ਰਿੰਸੀਪਲਾਂ ਨਾਲ ਪ੍ਰਬੰਧਾਂ ਸਬੰਧੀ ਦਫ਼ਤਰ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕੀ ਬਲਾਕ ਵਿੱਚ ਮੀਟਿੰਗ ਕੀਤੀ।
ਇਥੋਂ ਜਾਰੀ ਪ੍ਰੈੱਸ ਨੋਟ ‘ਚ ਜਾਣਕਾਰੀ ਦੇਂਦਿਆ ਸ. ਹਰਚਰਨ ਸਿੰਘ ਨੇ ਦੱਸਿਆ ਕਿ ਸਮੂਹ ਸਕੂਲ਼ਾਂ ਦੇ ਪ੍ਰਿੰਸੀਪਲਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਸ਼੍ਰੋਮਣੀ ਕਮੇਟੀ ਵੱਲੋਂ ਚਲਾਏ ਜਾ ਰਹੇ ਸਕੂਲਾਂ ਵਿੱਚ ਵਿਦਿਆ ਪ੍ਰਾਪਤ ਕਰ ਰਹੇ ਬੱਚਿਆਂ ਨੂੰ ਮੈਰਿਟ ਵਿੱਚ ਲਿਆਉਣ ਲਈ ਠੋਸ ਉਪਰਾਲੇ ਕੀਤੇ ਜਾਣ ਭਾਵੇਂ ਉਹ ਸੀ.ਬੀ.ਐੱਸ.ਈ ਜਾਂ ਪੰਜਾਬ ਸਕੂਲ ਸਿੱਖਿਆ ਬੋਰਡ ਹੋਵੇ।ਉਨ੍ਹਾਂ ਸਿੱਖੀ ਤੋਂ ਦੂਰ ਹੋ ਰਹੇ ਬੱਚਿਆਂ ਵੱਲ ਵੀ ਪ੍ਰਿੰਸੀਪਲਾਂ ਦਾ ਧਿਆਨ ਦਵਾਉਂਦਿਆ ਕਿਹਾ ਕਿ ਉਹ ਪੜ੍ਹਾਈ ਨਾਲ ਸਬੰਧਤ ਵਿਸ਼ਿਆਂ ਤੋਂ ਇਲਾਵਾ ਬੱਚਿਆਂ ਨੂੰ ਆਪਣੇ ਵਿਲੱਖਣ ਇਤਿਹਾਸ ਨਾਲ ਵੀ ਜੋੜਣ ।
ਇਸ ਮੌਕੇ ਸ. ਮਨਜੀਤ ਸਿੰਘ ਸਕੱਤਰ ਨੇ ਸਮੂਹ ਪ੍ਰਿੰਸੀਪਲਾਂ ਨੂੰ ਕਿਹਾ ਕਿ ਉਹ ਵਿੱਦਿਆ ਦੇ ਮਿਆਰ ਵਿੱਚ ਵੱਡੇ ਪੱਧਰ ਤੇ ਸੁਧਾਰ ਲਿਆਉਣ ਅਤੇ ਪ੍ਰਬੰਧ ਵਿੱਚ ਹੋਰ ਅਨੁਸ਼ਾਸਨਿਕ ਹੋਣ।ਉਨ੍ਹਾਂ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਇਹ ਵੀ ਕਿਹਾ ਕਿ ਜੇਕਰ ਉਨ੍ਹਾਂ ਨੂੰ ਕਿਸੇ ਵੀ ਕਿਸਮ ਦੀ ਸਮੱਸਿਆ ਪੇਸ਼ ਆਉਂਦੀ ਹੈ ਤਾਂ ਦਫ਼ਤਰ ਸ਼੍ਰੋਮਣੀ ਕਮੇਟੀ ਨੂੰ ਉਸ ਦੀ ਸੂਚਨਾ ਦੇਣ।ਉਨ੍ਹਾਂ ਇਹ ਵੀ ਦੱਸਿਆ ਕਿ ਸਕੂਲਾਂ ਨੂੰ ਡਿਪਟੀ ਡਾਇਰੈਕਟਰ ਵੇਖਣਗੇ ਤੇ ਇਨ੍ਹਾਂ ਦੇ ਪ੍ਰਬੰਧਕੀ ਢਾਂਚੇ ਨੂੰ ਹੋਰ ਦਰੁਸਤ ਕਰਨ ਲਈ ਸਾਡੇ ਵੱਲੋਂ ਯੋਗਦਾਨ ਪਾਇਆ ਜਾਵੇਗਾ।ਇਸ ਸਮੇਂ ਸ. ਬਲਵਿੰਦਰ ਸਿੰਘ ਜੌੜਾਸਿੰਘਾਂ ਨੇ ਵੀ ਵੱਖ-ਵੱਖ ਸਕੂਲਾਂ ਦੇ ਪ੍ਰਿੰਸੀਪਲਾਂ ਨਾਲ ਗੱਲਬਾਤ ਕੀਤੀ।ਸਮੂਹ ਪ੍ਰਿੰਸੀਪਲਾਂ ਵੱਲੋਂ ਇਕੱਤਰਤਾ ਵਿੱਚ ਦਿੱਤੀਆਂ ਗਈਆਂ ਹਦਾਇਤਾਂ ਨੂੰ ਅਮਲੀ ਰੂਪ ਵਿੱਚ ਲਿਆਉਣ ਦਾ ਭਰੋਸਾ ਦਿੱਤਾ ਗਿਆ।
ਇਸ ਮੌਕੇ ਸ. ਬਲਵਿੰਦਰ ਸਿੰਘ ਮੀਤ ਸਕੱਤਰ, ਬੀਬੀ ਹਰਜੀਤ ਕੌਰ ਡਿਪਟੀ ਡਾਇਰੈਕਟਰ, ਸ. ਸੁਖਬੀਰ ਸਿੰਘ ਤੇ ਸ. ਮਨਿੰਦਰ ਮੋਹਨ ਸਿੰਘ ਇੰਚਾਰਜ ਟਰੱਸਟ ਆਦਿ ਮੌਜੂਦ ਸਨ।