ਬੰਦੀ ਛੋੜ ਦਿਵਸ ਦੀ ਇਤਿਹਾਸਕ ਮਹੱਤਤਾ ਅਤੇ ਸੁਨੇਹਾ

ਐਡਵੋਕੇਟ ਹਰਜਿੰਦਰ ਸਿੰਘ ਧਾਮੀ,
ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ,
ਸ੍ਰੀ ਅੰਮ੍ਰਿਤਸਰ।

ਸਿੱਖ ਕੌਮ ਦੇ ਨਿਰਾਲੇ ਇਤਿਹਾਸ ਨੂੰ ਬਿਆਨ ਕਰਦਾ ਬੰਦੀ ਛੋੜ ਦਿਵਸ ਕੌਮ ਵੱਲੋਂ ਸ਼ਰਧਾ ਸਤਿਕਾਰ ਨਾਲ ਮਨਾਇਆ ਜਾਂਦਾ ਹੈ। ਬੰਦੀ ਛੋੜ ਦਿਹਾੜੇ ਦਾ ਸਬੰਧ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨਾਲ ਜੁੜਦਾ ਹੈ। ਛੇਵੇਂ ਪਾਤਸ਼ਾਹ ਆਪਣੇ ਨਾਲ ੫੨ ਰਾਜਿਆਂ ਨੂੰ ਗਵਾਲੀਅਰ ਦੇ ਕਿਲ੍ਹੇ ਵਿਚੋਂ ਰਿਹਾਅ ਕਰਵਾਉਣ ਮਗਰੋਂ ਇਸ ਦਿਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਪਹੁੰਚੇ ਸਨ, ਜਿਸ ’ਤੇ ਸੰਗਤਾਂ ਨੇ ਘਿਓ ਦੇ ਦੀਵੇ ਬਾਲ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਸੀ। ਇਹ ਪ੍ਰੰਪਰਾ ਅੱਜ ਵੀ ਨਿਰੰਤਰ ਜਾਰੀ ਹੈ। ਬੰਦੀ ਛੋੜ ਦਿਵਸ ਮੌਕੇ ਦੇਸ਼-ਵਿਦੇਸ਼ ਦੀਆਂ ਲੱਖਾਂ ਸੰਗਤਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਸ਼ਰਧਾ ਦਾ ਪ੍ਰਗਟਾਵਾ ਕਰਦੀਆਂ ਹਨ। ਬੰਦੀ ਛੋੜ ਦੇ ਇਤਿਹਾਸ ਨੇ ਹੱਕ ਸੱਚ ਅਤੇ ਇਨਸਾਫ ਦੀ ਇੱਕ ਵੱਡੀ ਉਦਾਹਰਣ ਪੇਸ਼ ਕੀਤੀ ਜੋ ਦੁਨੀਆਂ ਅੰਦਰ ਹੋਰ ਕਿਧਰੇ ਨਹੀਂ ਮਿਲਦੀ।
ਸਮੇਂ ਦੀਆਂ ਹਕੂਮਤਾਂ ਅਕਸਰ ਮਨੁੱਖੀ ਹੱਕਾਂ ਨੂੰ ਦਬਾਉਣ ਦਾ ਯਤਨ ਕਰਦੀਆਂ ਰਹੀਆਂ ਹਨ। ਗੁਰੂ ਸਾਹਿਬਾਨ ਦੇ ਸਮੇਂ ਵੀ ਹਕੂਮਤਾਂ ਦਾ ਜ਼ਬਰ ਸਿਖਰ ’ਤੇ ਸੀ, ਜਿਸ ਦੇ ਵਿਰੁੱਧ ਗੁਰੂ ਸਾਹਿਬਾਨ ਨੇ ਅਵਾਜ਼ ਬੁਲੰਦ ਕੀਤੀ। ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਵੀ ਹੱਕ-ਸੱਚ ਦੀ ਅਵਾਜ਼ ਨੂੰ ਬੁਲੰਦ ਕਰਦਿਆਂ ਹੋਈ। ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਉਪਰੰਤ ਹਕੂਮਤ ਦੇ ਜ਼ੁਲਮ ਨਾਲ ਨਜਿੱਠਣ ਲਈ ਛੇਵੇਂ ਪਾਤਸ਼ਾਹ ਨੇ ਸਿੱਖ ਕੌਮ ਨੂੰ ਸ਼ਸਤਰਧਾਰੀ ਹੋਣ ਲਈ ਪ੍ਰੇਰਦਿਆਂ ਘੋੜ ਸਵਾਰੀ ਅਤੇ ਯੁੱਧ ਕਲਾ ਵਿਚ ਨਿਪੁੰਨ ਹੋਣ ਦਾ ਸੰਦੇਸ਼ ਦਿੱਤਾ। ਇਸ ਦੇ ਨਾਲ ਅਜ਼ਾਦ ਹੋਂਦ ਹਸਤੀ ਦੇ ਪ੍ਰਤੀਕ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਥਾਪਨਾ ਕੀਤੀ।
ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਆਜ਼ਾਦਾਨਾ ਤੇ ਬੁਲੰਦ ਸ਼ਖ਼ਸੀਅਤ ਸਮੇਂ ਦੀ ਹਕੂਮਤ ਨੂੰ ਰੜਕਣ ਲਗੀ। ਇਸ ਦੇ ਨਾਲ ਹੀ ਗੁਰੂ ਘਰ ਦੇ ਦੋਖੀਆਂ ਨੇ ਵੀ ਹਕੂਮਤ ਦੇ ਕੰਨ ਭਰੇ। ਬਾਦਸ਼ਾਹ ਜਹਾਂਗੀਰ ਨੇ ਕਪਟੀ ਚਾਲਾਂ ਚੱਲਦਿਆਂ ਗੁਰੂ ਸਾਹਿਬ ਨੂੰ ਗਵਾਲੀਅਰ ਦੇ ਕਿਲ੍ਹੇ ਵਿਚ ਕੈਦ ਕਰ ਲਿਆ। ਇਸ ਕਿਲ੍ਹੇ ਵਿਚ ਜਹਾਂਗੀਰ ਨੇ ਵੱਖ-ਵੱਖ ਰਿਆਸਤਾਂ ਦੇ ੫੨ ਰਾਜਿਆਂ ਨੂੰ ਵੀ ਕੈਦ ਰੱਖਿਆ ਹੋਇਆ ਸੀ। ਇਹ ਰਾਜੇ ਆਪਣੀ ਆਜ਼ਾਦੀ ਦਾ ਵਿਚਾਰ ਤਿਆਗ ਕੇ ਘੋਰ ਨਿਰਾਸ਼ਾ ਵਿਚ ਜਾ ਚੁੱਕੇ ਸਨ। ਗੁਰੂ ਸਾਹਿਬ ਦੀ ਸੰਗਤ ਦਾ ਇਨ੍ਹਾਂ ਬੰਦੀ ਰਾਜਿਆਂ ਦੇ ਮਨਾਂ ’ਤੇ ਬਹੁਤ ਚੰਗਾ ਅਸਰ ਹੋਇਆ ਅਤੇ ਉਨ੍ਹਾਂ ਅੰਦਰ ਆਸ ਦੀ ਕਿਰਨ ਜਾਗ ਉੱਠੀ। ਇਸ ਦੇ ਨਾਲ ਹੀ ਗੁਰੂ ਸਾਹਿਬ ਨੂੰ ਕਿਲ੍ਹੇ ਵਿਚ ਬੰਦੀ ਬਣਾਉਣ ਕਰਕੇ ਸਿੱਖ ਸੰਗਤਾਂ ਦੇ ਮਨਾਂ ਵਿਚ ਵੀ ਭਾਰੀ ਰੋਸ ਸੀ, ਜਿਸ ਨੂੰ ਵੇਖਦਿਆਂ ਹਕੂਮਤ ਨੂੰ ਗੁਰੂ ਸਾਹਿਬ ਨੂੰ ਰਿਹਾਅ ਕਰਨ ਦਾ ਐਲਾਨ ਕਰਨਾ ਪਿਆ। ਗੁਰੂ ਸਾਹਿਬ ਨੇ ਆਪਣੇ ਨਾਲ ਬੰਦੀ ਰਾਜਿਆਂ ਦੀ ਰਿਹਾਈ ਲਈ ਹਕੂਮਤ ਅੱਗੇ ਸ਼ਰਤ ਰੱਖੀ ਅਤੇ ਇੰਝ ਗੁਰੂ ਸਾਹਿਬ ਨੇ ਉਨ੍ਹਾਂ ਨੂੰ ਮੁਕਤ ਕਰਵਾ ਕੇ ਲੋਕਾਈ ਨੂੰ ਇਕ ਨਵੀਂ ਰੋਸ਼ਨੀ ਦਿੱਤੀ। ਗੁਰੂ ਸਾਹਿਬ ਦੇ ਇਸ ਕਦਮ ਨਾਲ ਮਨੁੱਖਤਾ ਅੰਦਰ ਅਜ਼ਾਦੀ ਦੀ ਲੋਅ ਇਕ ਵਾਰ ਫਿਰ ਰੋਸ਼ਨ ਹੋ ਗਈ।
ਬੰਦੀ ਛੋੜ ਦਿਹਾੜੇ ਨਾਲ ਸਿੱਖ ਇਤਿਹਾਸ ਦਾ ਇਕ ਹੋਰ ਪੰਨਾ ਜੁੜਦਾ ਹੈ। ਸਿੱਖ ਕੌਮ ’ਤੇ ਇਕ ਸਮਾਂ ਅਜਿਹਾ ਆਇਆ ਜਦ ਹਕੂਮਤ ਨੇ ਸਿੱਖਾਂ ਨੂੰ ਖਤਮ ਕਰਨ ਦੇ ਮਨਸੂਬੇ ਬਣਾਏ। ਸਿੱਖ ਜੰਗਲਾਂ ਵਿਚ ਰਹਿ ਕੇ ਗੁਜਾਰਾ ਕਰਨ ਲਗੇ। ਇਸੇ ਸਮੇਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਭਾਈ ਮਨੀ ਸਿੰਘ ਨੇ ਬੰਦੀ ਛੋੜ ਦਿਵਸ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤਾਂ ਦਾ ਇਕੱਠ ਕਰਨ ਦੀ ਹਕੂਮਤ ਪਾਸੋਂ ਇਜਾਜਤ ਮੰਗੀ। ਹਕੂਮਤ ਨੇ ਮੰਦਭਾਵਨਾ ਤਹਿਤ ਟੈਕਸ ਦੀ ਅਦਾਇਗੀ ਬਦਲੇ ਇਹ ਮਨਜ਼ੂਰੀ ਦਿੱਤੀ। ਹਕੂਮਤ ਦੀ ਮਨਸ਼ਾ ਇਕੱਠੇ ਹੋਏ ਸਿੱਖਾਂ ਨੂੰ ਖਤਮ ਕਰਨ ਦੀ ਸੀ। ਭਾਈ ਮਨੀ ਸਿੰਘ ਨੂੰ ਪਤਾ ਲਗਣ ’ਤੇ ਉਨ੍ਹਾਂ ਸੰਗਤਾਂ ਨੂੰ ਅੰਮ੍ਰਿਤਸਰ ਆਉਣੋ ਰੋਕ ਦਿੱਤਾ। ਸਰਕਾਰ ਦੇ ਸਿੱਖਾਂ ਨੂੰ ਨੁਕਸਾਨ ਪਹੁੰਚਾਉਣ ਦੇ ਮਨਸੂਬੇ ਧਰੇ-ਧਰਾਏ ਰਹਿ ਗਏ। ਇਸ ’ਤੇ ਲੋਹੀ ਲਾਖੀ ਹੋਈ ਸਰਕਾਰ ਨੇ ਭਾਈ ਮਨੀ ਸਿੰਘ ਨਿਸ਼ਾਨਾ ਬਣਾਇਆ। ਭਾਈ ਮਨੀ ਸਿੰਘ ਨੂੰ ਟੈਕਸ ਨਾ ਤਾਰਨ ਬਦਲੇ ਇਸਲਾਮ ਜਾਂ ਮੌਤ ਕਬੂਲਣ ਦਾ ਫੁਰਮਾਨ ਜਾਰੀ ਕਰ ਦਿੱਤਾ। ਇਸ ’ਤੇ ਭਾਈ ਮਨੀ ਸਿੰਘ ਨੇ ਸਿੱਖ ਕੌਮ ਦੇ ਗੌਰਵਮਈ ਇਤਿਹਾਸ ’ਤੇ ਪਹਿਰਾ ਦਿੰਦਿਆਂ ਸ਼ਹਾਦਤ ਨੂੰ ਪ੍ਰਵਾਨ ਕੀਤਾ। ਮੁਗਲ ਹਕੂਮਤ ਨੇ ਭਾਈ ਮਨੀ ਸਿੰਘ ਨੂੰ ਬੰਦ-ਬੰਦ ਕੱਟ ਕੇ ਸ਼ਹੀਦ ਕਰ ਦਿੱਤਾ।
ਇਸ ਤਰ੍ਹਾਂ ਬੰਦੀ ਛੋੜ ਦਿਹਾੜੇ ਦਾ ਇਤਿਹਾਸ ਮਨੁੱਖੀ ਹੱਕਾਂ ਲਈ ਸੰਘਰਸ਼ ਦੀ ਪ੍ਰੇਰਨਾ ਦਿੰਦਾ ਹੈ। ਸਿੱਖ ਕੌਮ ਦਾ ਇਹ ਖਾਸਾ ਰਿਹਾ ਹੈ ਕਿ ਇਸ ਨੇ ਹਮੇਸ਼ਾਂ ਹੀ ਸਮਾਜਿਕ ਕੁਰੀਤੀਆਂ ਦੇ ਨਾਲ-ਨਾਲ ਜ਼ਬਰ ਜ਼ੁਲਮ ਵਿਰੁੱਧ ਸੰਘਰਸ਼ ਕੀਤਾ। ਚੁਣੌਤੀਆਂ ਅਤੇ ਸੰਘਰਸ਼ ਦੇ ਦੌਰ ਵਿਚ ਸਿੱਖਾਂ ਨੇ ਕਦੇ ਵੀ ਹਿੰਮਤ ਨਹੀਂ ਹਾਰੀ।
੧੮ਵੀਂ ਸਦੀ ਦੇ ਮੁਸ਼ਕਲ ਦੌਰ ਵਿਚ ਵੀ ਸਿੱਖ ਪੰਥ ਬੰਦੀ ਛੋੜ ਦਿਵਸ ਮੌਕੇ ਸ੍ਰੀ ਅੰਮ੍ਰਿਤਸਰ ਵਿਚ ਇਕੱਠੇ ਹੋ ਕੇ ਕੌਮੀ ਲੇਖਾ-ਜੋਖਾ ਕਰਿਆ ਕਰਦਾ ਸੀ। ਇਸ ਮੌਕੇ ਬੀਤੇ ਸਮੇਂ ਦੇ ਕਾਰਜਾਂ ਨੂੰ ਵਿਚਾਰ ਕੇ ਭਵਿੱਖਮੁਖੀ ਤਰਜੀਹਾਂ ਨਿਰਧਾਰਤ ਕੀਤੀਆਂ ਜਾਂਦੀਆਂ ਸਨ। ਮੌਜੂਦਾ ਸਮੇਂ ਦੀ ਗੱਲ ਕਰੀਏ ਤਾਂ ਅੱਜ ਵੀ ਕੌਮ ਨੂੰ ਕਈ ਤਰ੍ਹਾਂ ਦੀਆਂ ਚੁਣੌਤੀਆਂ ਦਰਪੇਸ਼ ਹਨ, ਅੱਜ ਵੀ ਸਮਾਜ ਅੰਦਰ ਕੁਰੀਤੀਆਂ ਦੀ ਭਰਮਾਰ ਦੇ ਨਾਲ-ਨਾਲ ਪੰਥ ਵਿਰੋਧੀ ਸ਼ਕਤੀਆਂ ਸਰਗਰਮ ਹਨ, ਜਿਨ੍ਹਾਂ ਸਬੰਧੀ ਵਿਚਾਰ ਕਰਨ ਲਈ ਪੰਥਕ ਇੱਕਜੁਟਤਾ ਲਾਜਮੀ ਹੈ। ਇਕ ਪਾਸੇ ਛੇਵੇਂ ਪਾਤਸ਼ਾਹ ਸ੍ਰੀ ਹਰਿਗੋਬਿੰਦ ਸਾਹਿਬ ਨੇ ਮੁਗਲ ਹਕੂਮਤ ਵੱਲੋਂ ਕੈਦ ਕੀਤੇ ਦੇਸ਼ ਦੇ ਵੱਖ-ਵੱਖ ਰਾਜਿਆਂ ਦੀ ਬੰਦ ਖਲਾਸੀ ਕੀਤੀ ਸੀ, ਜਦਕਿ ਅੱਜ ਇਸ ਦੇਸ਼ ਅੰਦਰ ਉਨ੍ਹਾਂ ਦੇ ਅਨੁਆਈ ਸਿੱਖਾਂ ਨੂੰ ੩੦-੩੦ ਸਾਲਾਂ ਤੋਂ ਜੇਲ੍ਹਾਂ ਵਿਚ ਬੰਦ ਰੱਖਿਆ ਹੋਇਆ ਹੈ। ਬੰਦੀ ਸਿੰਘਾਂ ਦੇ ਮਾਮਲੇ ਵਿਚ ਸਰਕਾਰ ਵੱਲੋਂ ਕੀਤਾ ਜਾ ਰਿਹਾ ਵਿਤਕਰਾ ਸਿੱਖਾਂ ਨੂੰ ਬੇਗਾਨਗੀ ਦਾ ਅਹਿਸਾਸ ਕਰਵਾ ਰਿਹਾ ਹੈ। ਉਮਰ ਕੈਦ ਤੋਂ ਦੁਗਣਾ ਸਮਾਂ ਜੇਲ੍ਹਾਂ ਵਿਚ ਬਤੀਤ ਕਰਨ ਦੇ ਬਾਵਜੂਦ ਵੀ ਸਰਕਾਰਾਂ ਸਿੱਖ ਬੰਦੀਆਂ ਨੂੰ ਰਿਹਾਅ ਨਹੀਂ ਕਰ ਰਹੀਆਂ। ਇਸ ਦੇ ਨਾਲ ਹੀ ਸਿੱਖਾਂ ਵੱਲੋਂ ਕੁਰਬਾਨੀਆਂ ਨਾਲ ਸਥਾਪਤ ਕੀਤੀਆਂ ਸਿੱਖ ਸੰਸਥਾਵਾਂ ਨੂੰ ਤੋੜਣ ਤੇ ਸਿੱਖ ਸ਼ਕਤੀ ਨੂੰ ਕਮਜੋਰ ਕਰਨ ਦੇ ਕੋਝੇ ਯਤਨਾਂ ਤਹਿਤ ਚਾਲਾਂ ਚੱਲੀਆਂ ਜਾ ਰਹੀਆਂ ਹਨ। ਅੱਜ ਲੋੜ ਹੈ ਕਿ ਪੰਥ ਵਿਰੋਧੀ ਚਾਲਾਂ ਤੋਂ ਸੁਚੇਤ ਹੁੰਦੇ ਹੋਏ ਆਪਣੀਆਂ ਪੁਰਾਣੀਆਂ ਪ੍ਰੰਪਰਾਵਾਂ ਅਨੁਸਾਰ ਸਿੱਖ ਕੌਮ ਚੁਣੌਤੀਆਂ ਦੇ ਟਾਕਰੇ ਲਈ ਸਿਰਜੋੜ ਬੈਠੇ। ਬੰਦੀ ਛੋੜ ਦਿਵਸ ਦੀ ਸੰਗਤਾਂ ਨੂੰ ਵਧਾਈ ਦਿੰਦਾ ਹੋਇਆ ਅਪੀਲ ਕਰਦਾ ਹਾਂ ਕਿ ਸਿੱਖ ਕੌਮ ਇਸ ਇਤਿਹਾਸਕ ਦਿਹਾੜੇ ’ਤੇ ਆਪਣੇ ਇਤਿਹਾਸ ਤੋਂ ਵੀ ਸੇਧ ਲਵੇ। ਬੰਦੀ ਛੋੜ ਦਿਹਾੜੇ ਦਾ ਸੁਨੇਹਾ ਸਿਰਜੋੜ ਕੇ ਬੈਠਣ ਅਤੇ ਪੰਥਕ ਚੁਣੌਤੀਆਂ ਚੋਂ ਉਭਰਨ ਲਈ ਇਕਜੁੱਟ ਹੋਣ ਦਾ ਸੱਦਾ ਹੈ। ਇਸ ਮੌਕੇ ’ਤੇ ਆਪਣੇ ਘਰਾਂ ਨੂੰ ਰੁਸ਼ਨਾਉਣ ਦੇ ਨਾਲ-ਨਾਲ ਸ਼ਬਦ ਗੁਰੂ ਦੇ ਪ੍ਰਕਾਸ਼ ਰਾਹੀਂ ਆਪਣੇ ਹਿਰਦੇ ਨੂੰ ਵੀ ਰੁਸ਼ਨਾਉਣਾ ਹੈ ਅਤੇ ਸਿੱਖ ਕੌਮ ਦੀ ਚੜ੍ਹਦੀ ਕਲਾ ਲਈ ਹਮੇਸ਼ਾਂ ਹੀ ਤਤਪਰ ਰਹਿਣਾ ਹੈ।