ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ

ਐਡਵੋਕੇਟ ਹਰਜਿੰਦਰ ਸਿੰਘ ਧਾਮੀ,
ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ,
ਸ੍ਰੀ ਅੰਮ੍ਰਿਤਸਰ।

ਅਤੀਤ ਵਿਚ ਵਾਪਰੀਆਂ ਮਹਾਨ ਘਟਨਾਵਾਂ ਇਤਿਹਾਸ ਸਿਰਜਦੀਆਂ ਹਨ। ਇਨ੍ਹਾਂ ਘਟਨਾਵਾਂ ਕਰਕੇ ਹੀ ਕੌਮਾਂ ਵਿਚ ਅਣਖ ਨਾਲ ਜਿਊਣ ਅਤੇ ਧਰਮ ਯੁੱਧ ਲਈ ਚਾਅ ਪੈਦਾ ਹੁੰਦਾ ਹੈ ਅਤੇ ਅਜਿਹੀਆਂ ਘਟਨਾਵਾਂ ਕੌਮ ਦਾ ਸੁਨਹਿਰੀ ਇਤਿਹਾਸ ਬਣ ਜਾਂਦੀਆਂ ਹਨ। ਸਿੱਖ ਕੌਮ ਦੇ ਸ਼ਾਨਾਮੱਤੇ ਇਤਿਹਾਸ ’ਚ ਅਦੁੱਤੀ ਕੁਰਬਾਨੀਆਂ ਦੀ ਲੰਮੀ ਦਾਸਤਾਨ ਹੈ। ਅਜਿਹੇ ਹੀ ਸੁਨਹਿਰੀ ਇਤਿਹਾਸ ਦਾ ਕਾਂਡ ਹੈ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫ਼ਤਿਹ ਸਿੰਘ ਜੀ ਦੀ ਸ਼ਹੀਦੀ ਜਿਸ ਤੋਂ ਸਿੱਖਾਂ ਨੂੰ ਗੁਰਮਤਿ ਜੀਵਨ-ਜੁਗਤਿ ਦੀ ਪ੍ਰੇਰਨਾ ਮਿਲਦੀ ਹੈ। ਸਾਕਾ ਸਰਹੰਦ ਦੀ ਦਾਸਤਾਨ ਸਿੱਖ ਹਿਰਦਿਆਂ ਵਿਚ ਲੂੰ-ਕੰਡੇ ਖੜੇ ਕਰਨ ਵਾਲੀ ਕਹਾਣੀ ਹੈ। ਸੀਤ ਭਰੀ ਕਹਿਰ ਦੀ ਰਾਤ ਸ੍ਰੀ ਅਨੰਦਪੁਰ ਛੱਡਣਾ, ਸਰਸਾ ਨੇ ਰਸਤਾ ਰੋਕਣਾ, ਪਰਿਵਾਰ ਦਾ ਖੇਰੂੰ-ਖੇਰੂੰ ਹੋਣਾ ਅਤੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਆਦਿ ਸਭ ਘਟਨਾਵਾਂ ਇਸ ਇਤਿਹਾਸਕ ਸਾਕੇ ਦੇ ਵੱਡੇ ਪਹਿਲੂ ਹਨ।
ਪਹਾੜੀ ਰਾਜਿਆਂ ਤੇ ਮੁਗਲ ਹਾਕਮਾਂ ਵਲੋਂ ਕਸਮਾਂ ਖਾਣ ’ਤੇ ਸਿੰਘਾਂ ਨਾਲ ਸਲਾਹ-ਮਸ਼ਵਰੇ ਕਰਕੇ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਅਨੰਦਪੁਰ ਦਾ ਕਿਲ੍ਹਾ ਖਾਲੀ ਕਰ ਰੋਪੜ ਵੱਲ ਚਾਲੇ ਪਾ ਦਿੱਤੇ। ਅਜੇ ਥੋੜੀ ਦੂਰ ਹੀ ਗਏ ਸੀ ਕਿ ਦੁਸ਼ਮਣ ਦੀਆਂ ਫੌਜਾਂ ਨੇ ਸਾਰੇ ਕਸਮਾਂ-ਵਾਅਦੇ ਭੁਲਾ ਹਮਲਾ ਬੋਲ ਦਿੱਤਾ। ਸਰਸਾ ਨਦੀ ਦੇ ਕੰਢੇ ਘਮਸਾਨ ਦਾ ਯੁੱਧ ਹੋਇਆ ਜਿਥੇ ਬਹੁਤ ਸਾਰੇ ਸਿੰਘ ਸ਼ਹੀਦ ਹੋ ਗਏ, ਕੀਮਤੀ ਗ੍ਰੰਥ ਤੇ ਸਾਮਾਨ ਨਦੀ ਦੀ ਭੇਟ ਚੜ੍ਹ ਗਿਆ। ਇਸ ਘਟਨਾ ਦੌਰਾਨ ਵੱਡੇ ਸਾਹਿਬਜ਼ਾਦੇ ਤੇ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਕਿਸੇ ਪਾਸੇ, ਗੁਰੂ ਜੀ ਦੇ ਮਹਿਲ ਕਿਸੇ ਪਾਸੇ ਤੇ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਨੂੰ ਕਿਸੇ ਪਾਸੇ ਜਾਣਾ ਪਿਆ। ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦੇ ਗੁਰੂ-ਘਰ ਦੇ ਰਸੋਈਏ ਗੰਗੂ ਨਾਲ ਉਸਦੇ ਪਿੰਡ ਖੇੜੀ (ਸਹੇੜੀ) ਚਲੇ ਗਏ। ਮਾਤਾ ਜੀ ਕੋੋਲ ਸੋਨੇ ਦੀਆਂ ਮੁਹਰਾਂ ਵੇਖ ਤੇ ਸਰਕਾਰੀ ਇਨਾਮ ਦੇ ਲਾਲਚ ਨੇ ਗੰਗੂ ਦਾ ਮਨ ਡੁਲਾ ਦਿੱਤਾ। ਵਰਿ੍ਹਆਂ ਦਾ ਖਾਧਾ ਨਮਕ ਗੰਗੂ ਨੇ ਪਲਾਂ ਵਿਚ ਹੀ ਹਰਾਮ ਕਰ ਦਿੱਤਾ। ਨਮਕ-ਹਰਾਮ ਗੰਗੂ ਨੇ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਦੀ ਖਬਰ ਮੋਰਿੰਡੇ ਥਾਣੇ ਦੇ ਦਿੱਤੀ। ਦਿਨ ਚੜ੍ਹਦਿਆਂ ਹੀ ਮੋਰਿੰਡੇ ਦਾ ਕੋਤਵਾਲ ਚੜ੍ਹ ਆਇਆ ਜੋ ਮਾਤਾ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਫੜ ਕੇ ਲੈ ਗਿਆ ਅਤੇ ਜਾ ਵਜ਼ੀਰ ਖਾਂ ਦੇ ਹਵਾਲੇ ਕੀਤਾ। ਇਥੇ ਸਰਹਿੰਦ ਦੇ ਸੂਬੇਦਾਰ ਵਜ਼ੀਰ ਖਾਨ ਦੇ ਹੁਕਮ ਨਾਲ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਨੂੰ ਠੰਡੇ ਬੁਰਜ ਵਿਚ ਕੈਦ ਕਰ ਦਿੱਤਾ ਗਿਆ।
ਦਿਨ ਚੜ੍ਹਿਆ ਤਾਂ ਸਾਹਿਬਜ਼ਾਦਿਆਂ ਨੂੰ, ਵਜ਼ੀਰ ਖਾਂ ਦੇ ਦਰਬਾਰ ਵਿਚ ਪੇਸ਼ ਕੀਤਾ, ਜਿਥੇ ਵਜ਼ੀਰ ਖਾਂ, ਕਾਜ਼ੀ ਤੇ ਹੋਰ ਦਰਬਾਰੀ ਅਹਿਲਕਾਰ ਹਾਜ਼ਰ ਸਨ। ਹਾਕਮਾਂ ਨੇ ਬੱਚਿਆਂ ਨੂੰ ਧਨ-ਦੌਲਤਾਂ, ਜਗੀਰਾਂ ਤੇ ਰਾਜ-ਭਾਗ ਦੇ ਲਾਲਚ ਦੇ ਕੇ ਪ੍ਰੇਰਦਿਆਂ ਪੁੱਛਿਆ ਇਸਲਾਮ ਧਾਰਨ ਕਰੋਗੇ, ਕਿ ਮੌਤ? ਗੁਰੂ ਕੇ ਲਾਲਾਂ ਦੀਆਂ ਕੋਮਲ ਬੁੱਲ੍ਹੀਆਂ ਦੇ ਬੋਲ ਸਨ ਮੌਤ! ਜੋ ਸਾਡੇ ਪੁਰਖਿਆਂ ਦੀ ਰੀਤ ਹੈ:

ਹਮਰੇ ਬੰਸ ਰੀਤਿ ਇਮ ਆਈ।
ਸੀਸ ਦੇਤਿ ਪਰ ਧਰਮ ਨ ਜਾਈ॥
(ਗੁਰਪ੍ਰਤਾਪ ਸੂਰਜ ਗ੍ਰੰਥ)

ਫਿਰ ਅਗਲੇ ਦਿਨ ਦਰਬਾਰ ਵਿਚ ਪੇਸ਼ ਕਰਨ ਦਾ ਹੁਕਮ ਹੋਇਆ। ਭੁੱਖਣ-ਭਾਣੇ ਸਾਹਿਬਜ਼ਾਦਿਆਂ ਨੂੰ ਮੁੜ ਠੰਡੇ ਬੁਰਜ ਵਿੱਚ ਭੇਜ ਦਿੱਤਾ ਗਿਆ। ਇਸ ਬਿਖੜੇ ਸਮੇਂ ਭਾਈ ਮੋਤੀ ਰਾਮ ਨੇ ਸਿਦਕਦਿਲੀ ਨਾਲ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਨੂੰ ਦੁੱਧ ਛਕਾਇਆ, ਪਿਛੋਂ ਜ਼ਾਲਮਾਂ ਨੇ ਭਾਈ ਮੋਤੀ ਰਾਮ ਨੂੰ ਪਰਿਵਾਰ ਸਮੇਤ ਕੋਹਲੂ ਵਿਚ ਪੀੜ ਕੇ ਸ਼ਹੀਦ ਕਰ ਦਿਤਾ।
ਅਗਲੇ ਦਿਨ ਦੋਬਾਰਾ ਪੇਸ਼ੀ ਹੋਈ ਸਾਹਿਬਜ਼ਾਦਿਆਂ ਨੂੰ ਕਚਹਿਰੀ ‘ਚ ਵਜ਼ੀਰ ਖਾਂ ਦੇ ਸਾਹਮਣੇ ਪੇਸ਼ ਕੀਤਾ ਗਿਆ ਅਤੇ ਇਸਲਾਮ ਧਰਮ ਧਾਰਨ ਕਰਨ ਲਈ ਕਿਹਾ ਗਿਆ। ਧਨ, ਦੌਲਤ, ਜਗੀਰਾਂ, ਸ਼ਾਹੀ ਡੋਲਿਆਂ ਦੇ ਲਾਲਚ ਦਿੱਤੇ ਸਾਹਿਬਜ਼ਾਦੇ ਨਾ ਡੋਲੇ ਤਾਂ ਸਰੀਰਕ ਕਸ਼ਟ ਤੇ ਮੌਤ ਦੇ ਡਰਾਵੇ ਦਿੱਤੇ ਗਏ। ਪਰ ਸਾਹਿਬਜ਼ਾਦਿਆਂ ਨੇ ਅਡੋਲ ਰਹਿੰਦਿਆਂ ਸੂਬੇ ਨੂੰ ਰੋਅਬ ਭਰੇ ਜਵਾਬ ਦਿੱਤੇ। ਸਾਹਿਬਜ਼ਾਦਿਆਂ ਦੇ ਦਲੇਰੀ ਭਰੇ ਬੋਲ ਸੁਣ ਕੇ ਸਭ ਦਰਬਾਰੀਆਂ ਦੇ ਸਿਰ ਨੀਵੇਂ ਹੋ ਗਏ, ਦਰਬਾਰ ਵਿਚ ਖਮੋਸ਼ੀ ਛਾ ਗਈ।
ਫਿਰ ਕਾਜ਼ੀ ਨੂੰ ਸਜ਼ਾ ਨਿਸਚਿਤ ਕਰਨ ਲਈ ਕਿਹਾ ਗਿਆ। ਕਾਜੀ ਨੇ ਸਾਹਿਬਜ਼ਾਦਿਆਂ ਨੂੰ ਨੀਹਾਂ ਵਿਚ ਚਿਣ ਕੇ ਸ਼ਹੀਦ ਕਰਨ ਦਾ ਫਤਵਾ ਜਾਰੀ ਕੀਤਾ। ਅਗਲੇ ਦਿਨ ਮਾਤਾ ਗੁਜਰੀ ਜੀ ਨੇ ਬੜ੍ਹੇ ਪਿਆਰ ਨਾਲ ਪੋਤਿਆਂ ਨੂੰ ਤਿਆਰ ਕੀਤਾ, ਜਿਵੇਂ ਵਿਆਹ ਲਈ ਲਾੜ੍ਹੇ ਨੂੰ ਤਿਆਰ ਕੀਤਾ ਜਾਂਦਾ ਹੈ। ਦੋਵਾਂ ਦੇ ਸਿਰਾਂ ਤੇ ਕਲਗ਼ੀਆਂ ਸਜਾਈਆਂ ਤੇ ਮੌਤ ਲਾੜੀ ਨੂੰ ਪਰਨਾਉਣ ਲਈ ਤੋਰਦਿਆਂ ਵਡੇਰਿਆਂ ਦੀ ਕੁਰਬਾਨੀ ਨੂੰ ਯਾਦ ਕਰਨ ਦੀ ਸਿੱਖਿਆ ਦਿੱਤੀ। ਸਾਹਿਬਜ਼ਾਦਿਆਂ ਨੂੰ ਨੀਹਾਂ ਵਿਚ ਚਿਨ ਕੇ ਸ਼ਹੀਦ ਕਰ ਦਿੱਤਾ ਗਿਆ। ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਖਬਰ ਸੁਣ ਕੇ ਮਾਤਾ ਗੁਜਰੀ ਜੀ ਵੀ ਪਰਮੇਸ਼ਰ ਦਾ ਸ਼ੁਕਰਾਨਾ ਕਰਦੇ ਹੋਏ ਠੰਡੇ ਬੁਰਜ ਵਿਚ ਗੁਰਪੁਰੀ ਸਿਧਾਰ ਗਏ। ਗੁਰੂ ਘਰ ਦੇ ਅਨਿੰਨ ਪ੍ਰੇਮੀ ਦੀਵਾਨ ਟੋਡਰ ਮੱਲ ਨੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦਾ ਸਸਕਾਰ ਸੋਨੇ ਦੀਆਂ ਮੋਹਰਾਂ ਦੇ ਕੇ ਖਰੀਦੀ ਜ਼ਮੀਨ ਉੱਤੇ ਕੀਤਾ, ਜੋ ਸੰਸਾਰ ਦੀ ਸਭ ਤੋਂ ਮਹਿੰਗੀ ਜ਼ਮੀਨ ਵਜੋਂ ਜਾਣੀ ਜਾਂਦੀ ਹੈ। ਇਸੇ ਸਥਾਨ ਪੁਰ ਹੁਣ ਗੁਰਦੁਆਰਾ ਜੋਤੀ ਸਰੂਪ ਸੁਭਾਇਮਾਨ ਹੈ।
ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੇ ਵਿਲੱਖਣ ਇਤਿਹਾਸ ਸਿਰਜਿਆ। ਸਰਹਿੰਦ ਵਿਖੇ ਛੋਟੀਆਂ ਜਿੰਦਾਂ ’ਤੇ ਵਾਪਰੇ ‘ਵੱਡੇ ਸਾਕੇ’ ਨੇ ਹਰੇਕ ਵੇਖਣ-ਸੁਣਨ ਵਾਲੇ ਦੇ ਮਨ ਅੰਦਰ ਸਮੇਂ ਦੀ ਹਕੂਮਤ ਵਿਰੁੱਧ ਗੁੱਸੇ ਤੇ ਰੋਹ ਦੀ ਜਵਾਲਾ ਨੂੰ ਹੋਰ ਭੜਕਾ ਦਿੱਤਾ। ਗੁਰੂ ਜੀ ਦੇ ਲਾਲਾਂ ਨੇ ਜਿਸ ਦਲੇਰੀ ਨਾਲ ਕਚਹਿਰੀ ਵਿਚ ਉਤਰ ਦਿੰਦਿਆਂ ਸਿਦਕ ਦਿਲੀ ਨਾਲ, ਮੌਤ ਦੇ ਭੈਅ ਤੋਂ ਰਹਿਤ ਹੋ ਕੇ ਅਸਹਿ ਤੇ ਅਕਹਿ ਕਸ਼ਟ ਸਹਾਰਦੇ ਹੋਏ ਸ਼ਹੀਦੀ ਪ੍ਰਾਪਤ ਕੀਤੀ, ਉਹ ਸਾਡੇ ਸਭ ਲਈ ਅਤੇ ਵਿਸ਼ੇਸ਼ ਕਰ ਨੌਜੁਆਨਾਂ ਅਤੇ ਬੱਚਿਆਂ ਲਈ ਸਿੱਖ ਧਰਮ ਦੀਆਂ ਉਚੀਆਂ-ਸੁੱਚੀਆਂ ਕਦਰਾਂ ਕੀਮਤਾਂ ’ਤੇ ਪਹਿਰਾ ਦੇਣ ਲਈ ਸਦਾ ਤਤਪਰ ਰਹਿਣ ਦੀ ਪ੍ਰੇਰਨਾ ਹੈ। ਆਉ! ਛੋਟੇ ਸਾਹਿਬਜ਼ਾਦਿਆਂ ਦੀ ਅਦੁੱਤੀ ਸ਼ਹਾਦਤ ਦੀ ਯਾਦ ਨੂੰ ਸਿਰ ਚਕਾਉਂਦੇ ਹੋਏ, ਦਸਮੇਸ਼ ਜੀ ਦੁਆਰਾ ਬਖਸ਼ਿਸ਼ ਕੀਤੇ ਸਿੱਖੀ ਸਰੂਪ ਨੂੰ ਪਿਆਰ ਕਰਦਿਆਂ ਖੰਡੇ-ਬਾਟੇ ਦੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰ ਗੁਰਸਿੱਖੀ ਮਾਰਗ ਉੱਤੇ ਚੱਲਦੇ ਆਪਣਾ ਜੀਵਨ ਸਫਲਾ ਕਰੀਏ।