** ਚੇਤਿ ਗੋਵਿੰਦੁ ਅਰਾਧੀਐ ਹੋਵੈ ਅਨੰਦੁ ਘਣਾ ॥ ਸੰਤ ਜਨਾ ਮਿਲਿ ਪਾਈਐ ਰਸਨਾ ਨਾਮੁ ਭਣਾ॥ ** ** ਸਮੁੱਚੀ ਨਾਨਕ ਨਾਮ ਲੇਵਾ ਸੰਗਤ ਨੂੰ ਚੇਤ ਸੰਗਰਾਂਦ ਦੇ ਪਵਿੱਤਰ ਦਿਹਾੜੇ ’ਤੇ ਨਵੇਂ ਨਾਨਕਸ਼ਾਹੀ ਵਰ੍ਹੇ ਸੰਮਤ 557 ਦੀਆਂ ਲੱਖ-ਲੱਖ ਵਧਾਈਆਂ **

ਧਰਮ ਪ੍ਰਚਾਰ ਕਮੇਟੀ ਵੱਲੋਂ ਪੰਜਾਬ ਤੋਂ ਬਾਹਰਲੇ ਸੂਬਿਆਂ ਵਿਚ ਕਰਵਾਏ ਜਾਣ ਵਾਲੇ ਮਹਾਨ ਗੁਰਮਤਿ ਸਮਾਗਮਾਂ ਦੀ ਆਰੰਭਤਾ ੪ ਫ਼ਰਵਰੀ ਤੋਂ

ਅੰਮ੍ਰਿਤਸਰ, ੨੩ ਜਨਵਰੀ-
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਸ੍ਰੀ ਗੁਰੂ ਨਾਨਕ ਦੇਵ ਜੀ ਦੇ ੫੫੦ ਸਾਲਾ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ ਦੇਸ਼ ਦੇ ਵੱਖ-ਵੱਖ ਸੂਬਿਆਂ ਵਿਚ ਕਰਵਾਏ ਜਾ ਰਹੇ ਹਨ। ਗੁਰਮਤਿ ਸਮਾਗਮਾਂ ਦੀ ਲੜੀ ਤਹਿਤ ਮਹਾਨ ਗੁਰਮਤਿ ਸਮਾਗਮ ੪ ਫ਼ਰਵਰੀ ੨੦੧੯ ਤੋਂ ਆਰੰਭ ਹੋ ਕੇ ੧੪ ਅਪ੍ਰੈਲ ੨੦੧੯ ਤੀਕ ਉਤਰਾਖੰਡ ਅਤੇ ਯੂ.ਪੀ. ਦੇ ਵੱਖ-ਵੱਖ ਪਿੰਡਾਂ ਕਸਬਿਆਂ ਵਿਚ ਸਿੱਖ ਜਥੇਬੰਦੀਆਂ, ਗੁਰਦੁਆਰਾ ਕਮੇਟੀਆਂ, ਮਹਾਪੁਰਸ਼ਾਂ ਅਤੇ ਸੰਗਤ ਦੇ ਸਹਿਯੋਗ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ ਕਰਵਾਏ ਜਾ ਰਹੇ ਹਨ। ਇਸ ਬਾਰੇ ਜਾਣਕਾਰੀ ਦਿੰਦਿਆਂ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਭਾਈ ਅਜਾਇਬ ਸਿੰਘ ਅਭਿਆਸੀ ਨੇ ਦੱਸਿਆ ਕਿ ਸਮਾਗਮਾਂ ਦੀ ਸ਼ੁਰੂਆਤ ੪ ਫਰਵਰੀ ਨੂੰ ਗੁਰਦੁਆਰਾ ਸ੍ਰੀ ਹਰਿਗੋਬਿੰਦ ਸਾਹਿਬ ਮੀਰੀ ਪੀਰੀ ਖਾਲਸਾ ਅਕੈਡਮੀ, ਊਧਮ ਸਿੰਘ ਨਗਰ ਉਤਰਾਖੰਡ ਤੋਂ ਹੋਵੇਗੀ। ਇਸੇ ਤਹਿਤ ੨੪ ਫਰਵਰੀ ਨੂੰ ਉਤਰਾਖੰਡ ਵਿਖੇ ਗੁਰਦੁਆਰਾ ਨਾਨਕਿਆਣਾ ਸਾਹਿਬ ਕਾਸ਼ੀਪੁਰ, ੫ ਤੇ ੬ ਮਾਰਚ ਨੂੰ ਗੁਰਦੁਆਰਾ ਨਾਨਕਸਰ ਸਾਹਿਬ ਉਚੌਲੀਆਂ ਸ਼ਾਹਜਹਾਨਪੁਰ ਤੋਂ ਸੀਤਾਪੁਰ ਹਾਈਵੇ ਰੋਡ ਯੂ.ਪੀ., ੧੩ ਮਾਰਚ ਨੂੰ ਗੁਰਦੁਆਰਾ ਹਰਿਗੋਬਿੰਦਪੁਰ ਸਾਹਿਬ ਮੋਹਨਾਪੁਰ ਅਸਾਮ ਰੋਡ ਪੀਲੀਭੀਤ, ੧੫ ਮਾਰਚ ਨੂੰ ਗੁਰਦੁਆਰਾ ਦਲਪੰਥ ਬਾਬਾ ਬਿਧੀ ਚੰਦ ਸੁਰਸਿੰਘ ਵਾਲੇ ਅਮਰੀਆਂ ਰੋਡ ਉਤਰਾਖੰਡ, ੧੬ ਮਾਰਚ ਨੂੰ ਗੁ: ਦੂਖ ਨਿਵਾਰਨ ਸਾਹਿਬ ਪਿੰਡ ਬੌਠਾ ਪੂਰਨਪੁਰ, ੨੦ ਤੇ ੨੧ ਮਾਰ ਨੂੰ ਗੁਰਦੁਆਰਾ ਸਾਹਿਬ ਨਾਨਕ ਪਿਆਊ ਮਹਿੰਗਾਪੁਰ (ਯੂ.ਪੀ.) ੩੧ ਮਾਰਚ ਨੂੰ ਗੁਰਦੁਆਰਾ ਦਮਦਮਾ ਸਾਹਿਬ ਅਕੈਡਮੀ ਬੜੂ ਸਾਹਿਬ ਗੋਮਤੀਪੁਲ ਪੀਲੀਭੀਤ ਯੂ.ਪੀ., ੪ ਅਪ੍ਰੈਲ ਨੂੰ ਗੁਰਦੁਆਰਾ ਕੋੜੀਵਾਲਾ ਘਾਟ ਪਿੰਡ ਤ੍ਰਿਕੁਨੀਆ (ਲਖੀਮਪੁਰ ਖੀਰੀ) ਯੂ.ਪੀ., ੧੪ ਅਪ੍ਰੈਲ ਨੂੰ ਗੁਰਦੁਆਰਾ ਸਿੰਘ ਸਭਾ ਬਾਜਪੁਰ ਉਤਰਾਖੰਡ ਤੇ ਗੁਰਦੁਆਰਾ ਨਾਨਕਮਤਾ ਸਾਹਿਬ ਉਤਰਾਖੰਡ ਵਿਖੇ ਵੀ ਗੁਰਮਤਿ ਸਮਾਗਮ ਕਰਵਾਏ ਜਾਣਗੇ। ਸ. ਬਲਵਿੰਦਰ ਸਿੰਘ ਜੌੜਾਸਿੰਘਾ ਸਕੱਤਰ ਧਰਮ ਪ੍ਰਚਾਰ ਕਮੇਟੀ ਅਨੁਸਾਰ ਇਹ ਮਹਾਨ ਗੁਰਮਤਿ ਸਮਾਗਮ ਦਾ ਮੰਤਵ ਪੰਜਾਬ ਅਤੇ ਪੰਜਾਬ ਤੋਂ ਬਾਹਰਲੇ ਪਿੰਡ ਕਸਬਿਆਂ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਨੂੰ ਘਰ ਘਰ ਪਹੁੰਚਾਉਣਾ ਹੈ।