** ਚੇਤਿ ਗੋਵਿੰਦੁ ਅਰਾਧੀਐ ਹੋਵੈ ਅਨੰਦੁ ਘਣਾ ॥ ਸੰਤ ਜਨਾ ਮਿਲਿ ਪਾਈਐ ਰਸਨਾ ਨਾਮੁ ਭਣਾ॥ ** ** ਸਮੁੱਚੀ ਨਾਨਕ ਨਾਮ ਲੇਵਾ ਸੰਗਤ ਨੂੰ ਚੇਤ ਸੰਗਰਾਂਦ ਦੇ ਪਵਿੱਤਰ ਦਿਹਾੜੇ ’ਤੇ ਨਵੇਂ ਨਾਨਕਸ਼ਾਹੀ ਵਰ੍ਹੇ ਸੰਮਤ 557 ਦੀਆਂ ਲੱਖ-ਲੱਖ ਵਧਾਈਆਂ **

555555-ਜਥੇਦਾਰ ਅਵਤਾਰ ਸਿੰਘ
ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ,
ਸ੍ਰੀ ਅੰਮ੍ਰਿਤਸਰ।

ਪਰਮਾਤਮਾ ਨਾਲ ਇਕਮਿਕ ਹੋਏ, ਰੱਬੀ ਰੰਗ ਵਿਚ ਅਭੇਦ, ਦੁਖੀਆਂ ਦੇ ਦਰਦੀ, ਮਹਾਨ ਤਪੱਸਵੀ, ਦੂਰਅੰਦੇਸ਼, ਕੌਮੀ ਉਸਰਈਏ, ਦਿੱਬ ਦ੍ਰਿਸ਼ਟੀ ਦੇ ਮਾਲਕ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਸਿੱਖ ਇਤਿਹਾਸ ਵਿਚ ਸ਼ਹੀਦਾਂ ਦੇ ਸਿਰਤਾਜ ਵਜੋਂ ਸਿਖਰ ਸਨਮਾਨ ਹਾਸਲ ਹੈ। ਇਨ੍ਹਾਂ ਦੀ ਸ਼ਹੀਦੀ ਸਿੱਖ ਇਤਿਹਾਸ ਵਿਚ ਵਿਲੱਖਣ ਸਥਾਨ ਰੱਖਦੀ ਹੈ। ‘ਸ਼ਹਾਦਤ’ ਸ਼ਬਦ ਪੜ੍ਹਦਿਆਂ, ਸੁਣਦਿਆਂ ਹੀ ਪੰਚਮ ਗੁਰੂ ਸਾਹਿਬ ਦੇ ਦਰਸ਼ਨ ਹੋ ਜਾਂਦੇ ਹਨ। ਆਪ ਨੇ ਲੋਕ ਪੀੜਾ ਅਤੇ ਲੋਕਾਈ ਦੇ ਦਰਦ ਨੂੰ ਆਪਣੇ ਪਿੰਡੇ ‘ਤੇ ਝਲਦਿਆਂ ਆਪਣੀ ਲਾਸਾਨੀ ਸ਼ਹਾਦਤ ਦਿੱਤੀ, ਜਿਸ ਦਾ ਸਿੱਖ ਲਹਿਰ ਅਤੇ ਪੰਜਾਬ ਦੇ ਇਤਿਹਾਸ ਵਿਚ ਬਹੁਤ ਹੀ ਦੂਰਗਾਮੀ ਅਸਰ ਹੋਇਆ। ਸਿੱਖ ਲਹਿਰ ਨੇ ਇਕ ਨਵਾਂ ਮੋੜ ਲਿਆ ਤੇ ਲੋਕ ਕਲਿਆਣਕਾਰੀ ਸ਼ਕਤੀ ਜ਼ੋਰਦਾਰ ਤਰੀਕੇ ਨਾਲ ਉੱਭਰੀ।

ਸ੍ਰੀ ਗੁਰੂ ਅਰਜਨ ਦੇਵ ਜੀ ਦੀ ਇਸ ਪਾਵਨ ਸ਼ਹੀਦੀ ਦਾ ਮੂਲ ਤੇ ਮੁੱਖ ਕਾਰਨ ਸਿੱਖ-ਸਿਧਾਂਤ ਤੇ ਆਚਾਰ ਵਿਹਾਰ ਦਾ ਨਿਆਰਾਪਨ ਹੀ ਸੀ, ਜਿਸ ਦੇ ਦਿਨੋ ਦਿਨ ਵਧ ਰਹੇ ਤੇਜ ਪ੍ਰਤਾਪ ਨੂੰ ਬਰਦਾਸ਼ਤ ਕਰਨਾ ਇਸਲਾਮੀ ਸਰਕਾਰ ਤੇ ਉਸ ਦੇ ਤੁਅੱਸਬੀ ਬਾਦਸ਼ਾਹ, ਕਰਮਕਾਂਡੀ, ਧਰਮ ਤੇ ਉਸ ਦੇ ਕੱਟੜਪੰਥੀ ਠੇਕੇਦਾਰਾਂ ਲਈ ਮੁਸ਼ਕਲ ਹੋ ਚੁੱਕਾ ਸੀ। ਪੰਜਵੇਂ ਪਾਤਸ਼ਾਹ ਜੀ ਦੀ ਚੜ੍ਹਦੀ ਕਲਾ, ਬੇਬਾਕ ਬਿਆਨ ਤੇ ਨਿਧੜਕ ਐਲਾਨ ਜਿਥੇ ਉਨ੍ਹਾਂ ਦੇ ਧਰਮ-ਕਰਮ ਦੀ ਵਿਲੱਖਣਤਾ, ਆਚਾਰ-ਸਦਾਚਾਰ ਦੀ ਨਿਆਰਤਾ, ਕਥਨੀ-ਕਰਨੀ ਦੀ ਸੁਤੰਤਰਤਾ, ਸੁਭਾਅ ਦੀ ਨਿਰਭੈਤਾ ਅਤੇ ਸਿੱਖ ਲਹਿਰ ਦੇ ਅੱਗੇ ਵਧਣ ਦਾ ਸੂਚਕ ਸੀ, ਉਥੇ ਕਰਮਕਾਂਡੀ ਤੁਅੱਸਬੀ ਸ਼ਕਤੀਆਂ ਨੂੰ ਭਾਰੀ ਚੈਲੰਜ ਸੀ:

ਵਰਤ ਨ ਰਹਉ ਨ ਮਹ ਰਮਦਾਨਾ॥ ਤਿਸੁ ਸੇਵੀ ਜੋ ਰਖੈ ਨਿਦਾਨਾ॥੧॥
ਏਕੁ ਗੁਸਾਈ ਅਲਹੁ ਮੇਰਾ॥ ਹਿੰਦੂ ਤੁਰਕ ਦੁਹਾਂ ਨੇਬੇਰਾ॥੧॥ਰਹਾਉ॥
ਹਜ ਕਾਬੈ ਜਾਉ ਨ ਤੀਰਥ ਪੂਜਾ॥ ਏਕੋ ਸੇਵੀ ਅਵਰੁ ਨ ਦੂਜਾ॥੨॥
ਪੂਜਾ ਕਰਉ ਨ ਨਿਵਾਜ ਗੁਜਾਰਉ॥ ਏਕ ਨਿਰੰਕਾਰ ਲੇ ਰਿਦੈ ਨਮਸਕਾਰਉ॥੩॥
ਨਾ ਹਮ ਹਿੰਦੂ ਨ ਮੁਸਲਮਾਨ॥ ਅਲਹ ਰਾਮ ਕੇ ਪਿੰਡੁ ਪਰਾਨ॥੪॥
(ਪੰਨਾ ੧੧੩੬)

ਅਜਿਹਾ ਐਲਾਨ ਮੌਕੇ ਦੇ ਹਾਕਮਾਂ ਨੂੰ ਬਿਲਕੁਲ ਹੀ ਸੁਨਣਾ ਪ੍ਰਵਾਨ ਨਹੀਂ ਸੀ। ਉਨ੍ਹਾਂ ਨੇ ਵਿਉਂਤਾਂ ਗੁੰਦੀਆਂ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਖਤਮ ਕਰ ਦਿੱਤਾ ਜਾਵੇ ਤਾਂ ਜੋ ਮੁੜ ਅਜਿਹੀ ਲਹਿਰ ਨਾ ਚੱਲੇ ਤੇ ਇੰਝ ਸਿੱਖ ਧਰਮ ਦਾ ਖਾਤਮਾ ਹੋ ਜਾਵੇਗਾ। ਪਰ ਇਤਿਹਾਸ ਗਵਾਹ ਹੈ ਕਿ ਹੋਇਆ ਇਸ ਦੇ ਬਿਲਕੁਲ ਉਲਟ। ਕੇਵਲ ਮੁਗ਼ਲ ਬਾਦਸ਼ਾਹ ਤੇ ਮੁਗ਼ਲੀਆ ਰਾਜ ਦਾ ਖਾਤਮਾ ਹੀ ਨਹੀਂ ਹੋਇਆ ਸਗੋਂ ਪੰਚਮ ਪਾਤਸ਼ਾਹ ਜੀ ਦੀ ਸ਼ਹਾਦਤ ਤੋਂ ਬਾਅਦ ਸਿੱਖ ਧਰਮ ਦਿਨੋਂ ਦਿਨ ਵਧਦਾ ਫੁੱਲਦਾ ਗਿਆ।

ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਸਿੱਖ ਇਤਿਹਾਸ ਵਿਚ ਪਹਿਲੀ ਤੇ ਦੁਨੀਆਂ ਦੇ ਇਤਿਹਾਸ ਵਿਚ ਇਕ ਲਾਸਾਨੀ ਤੇ ਬੇਮਿਸਾਲ ਸ਼ਹਾਦਤ ਹੈ। ਆਪ ਜੀ ਦੀ ਸ਼ਹਾਦਤ ਸਬੰਧੀ ਚਰਚਾ ਕਰਦਿਆਂ ਇਹ ਸਮਝਣਾ ਵੀ ਜ਼ਰੂਰੀ ਹੈ ਸ਼ਹੀਦ ਕੌਣ ਹੁੰਦਾ ਹੈ? ਸ਼ਹੀਦ ਤੇ ਸ਼ਹਾਦਤ ਅਰਬੀ ਭਾਸ਼ਾ ਦੇ ਸ਼ਬਦ ਹਨ। ਸ਼ਹੀਦ ਦਾ ਭਾਵ ਆਪਣੇ ਈਮਾਨ ਦੀ ਗਵਾਹੀ ਦੇਣ ਵਾਲਾ ਜਾਂ ਧਰਮ ਯੁੱਧ ਵਿਚ ਸ਼ਹੀਦ ਹੋਣ ਵਾਲਾ ਹੈ। ਕਿਸੇ ਉਚੇ-ਸੁੱਚੇ ਉਦੇਸ਼ ਲਈ ਨਿਸ਼ਕਾਮ ਰਹਿ ਕੇ ਸਰੀਰ ਦੀ ਕੁਰਬਾਨੀ ਦੇਣ ਵਾਲਾ ਸ਼ਹੀਦ ਹੈ। ਸ਼ਹੀਦ ਆਪਣੇ ਵਿਸ਼ਵਾਸ ਦੀ ਗਵਾਹੀ ਸਿਦਕ ਨਾਲ ਭਰਮ-ਭਉ ਤੋਂ ਰਹਿਤ ਹੋ ਕੇ ਦਿੰਦਾ ਹੈ। ਭਾਈ ਗੁਰਦਾਸ ਜੀ ਅਨੁਸਾਰ ਉਹ ਹੀ ਸ਼ਹੀਦ ਅਖਵਾਉਣ ਦਾ ਹੱਕਦਾਰ ਹੈ ਜਿਸ ਵਿਚ ਸਬਰ, ਸਿਦਕ ਆਦਿ ਜਿਹੇ ਅਮੋਲਕ ਗੁਣ ਹੋਣ:

ਸਾਬਰੁ ਸਿਦਕਿ ਸਹੀਦੁ ਭਰਮ ਭਉ ਖੋਵਣਾ॥
(ਭਾਈ ਗੁਰਦਾਸ ਜੀ, ਵਾਰ ੩/੧੮)

ਇਸ ਪ੍ਰਸੰਗ ਵਿਚ ਵੇਖੀਏ ਤਾਂ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਤਾਂ ਸਾਰਾ ਜੀਵਨ ਹੀ ਪਰਉਪਕਾਰ ਤੇ ਉੱਚੇ ਆਦਰਸ਼ ਲਈ ਬਤੀਤ ਹੋਇਆ। ਆਪ ਦੇ ਗੁਣ ਬੇਅੰਤ ਹਨ। ਪਰਉਪਕਾਰ ਤੇ ਸਿਫ਼ਤਾਂ ਵੀ ਬੇਸ਼ੁਮਾਰ ਹਨ।
ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਧਰਮ ਦੇ ਇਤਿਹਾਸ ਵਿਚ ਇਕ ਮਹਾਨ ਤੇ ਜੁਗ ਪਲਟਾਊ ਘਟਨਾ ਹੈ। ਪ੍ਰਸਿੱਧ ਮੁਸਲਮਾਨ ਇਤਿਹਾਸਕਾਰ ਲਤੀਫ ਦੇ ਅਨੁਸਾਰ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਮਨੁੱਖਤਾ ਦੇ ਇਤਿਹਾਸ ਵਿਚ ਇਨਕਲਾਬੀ ਮੋੜ ਦੀ ਸੂਚਕ ਹੈ। ਇਸ ਸ਼ਹਾਦਤ ਨੇ ਸਿੱਖਾਂ ਨੂੰ ਜ਼ੁਲਮ ਨਾਲ ਟੱਕਰ ਲੈਣ, ਅਕਾਲ ਪੁਰਖ ਦਾ ਭਾਣਾ ਸਿੱਧ ਕਰਕੇ ਮੰਨਣ, ਸਬਰ-ਸੰਤੋਖ ਤੇ ਦ੍ਰਿੜਤਾ ਨਾਲ ਆਪਣੇ ਹੱਕਾ ਦੀ ਰੱਖਿਆ ਕਰ ਸਕਣ ਦਾ ਚੱਜ ਸਿਖਾ ਕੇ ਸਿੱਖੀ ਦੇ ਮਹੱਲ ਦੀਆਂ ਨੀਹਾਂ ਨੂੰ ਐਸਾ ਪੱਕਾ ਤੇ ਮਜ਼ਬੂਤ ਕਰ ਦਿੱਤਾ ਕਿ ਆਉਣ ਵਾਲੇ ਸਮੇਂ ਦੇ ਜ਼ੁਲਮ ਤੇ ਝੱਖੜ ਇਸਦਾ ਕੁਝ ਨਾ ਵਿਗਾੜ ਸਕੇ।
ਇਸ ਸ਼ਹਾਦਤ ਨੇ ਸਿੱਖ ਮਰਜੀਵੜਿਆਂ ਨੂੰ ਮਰਨ ਦੀ ਇਹੋ ਜਿਹੀ ਜਾਚ ਸਿਖਾਈ ਕਿ ਉਹ ‘ਬਹੁਰਿ ਨਾ ਮਰਨਾ ਹੋਇ’ ਦੇ ਲਕਸ਼ ਨੂੰ ਪ੍ਰਾਪਤ ਹੋ ਗਏ। ਇਸ ਸ਼ਹੀਦੀ ਨਾਲ ਸਿੱਖ ਇਤਿਹਾਸ ਵਿਚ ਸ਼ਹੀਦੀਆਂ ਦਾ ਨਵਾਂ ਅਧਿਆਇ ਆਰੰਭ ਹੋਇਆ।

ਪੰਚਮ ਪਾਤਸ਼ਾਹ ਜੀ ਦੀ ਮਹਾਨ ਸ਼ਹੀਦੀ ਦੇ ਵੱਖ-ਵੱਖ ਇਤਿਹਾਸਕਾਰਾਂ ਨੇ ਕਈ ਕਾਰਨ ਦੱਸੇ ਹਨ। ਜਿਵੇਂ ਚੰਦੂ ਦੀ ਦੁਸ਼ਮਣੀ, ਪ੍ਰਿਥੀ ਚੰਦ ਦਾ ਵਿਰੋਧ, ਬਾਗੀ ਖੁਸਰੋ ਦੀ ਮੱਦਦ ਕਰਨਾ, ਪੰਥ ਦੋਖੀਆਂ ਵੱਲੋਂ ਬਾਦਸ਼ਾਹ ਦੇ ਕੰਨ ਭਰਨਾ ਅਤੇ ਨਕਸ਼ਬੰਦੀਆਂ ਦੀ ਵਿਰੋਧਤਾ ਆਦਿ। ਇਨ੍ਹਾਂ ਤੋਂ ਇਲਾਵਾ ਗੁਰੂ ਜੀ ਦੀ ਸ਼ਹਾਦਤ ਦੇ ਲਈ ਬਾਦਸ਼ਾਹ ਜਹਾਂਗੀਰ ਦੀ ਧਾਰਮਿਕ ਕੱਟੜਤਾ ਪ੍ਰਮੁੱਖ ਕਾਰਨ ਸੀ।
ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਾ ਅਸਲ ਕਾਰਨ ਬਾਦਸ਼ਾਹ ਦੀ ਧਾਰਮਿਕ ਕੱਟੜਤਾ ਤੇ ਤੰਗ ਦਿਲੀ ਹੀ ਮੰਨਿਆ ਜਾ ਸਕਦਾ ਹੈ। ਬਾਕੀ ਸਾਰੇ ਕਾਰਨ ਉਸ ਕੱਟੜਤਾ ਵਿਚ ਸਹਾਇਕ ਸਿੱਧ ਹੋਏ। ਅਸਲ ਵਿਚ ਜਹਾਂਗੀਰ ਮੌਕੇ ਦੀ ਭਾਲ ਵਿਚ ਸੀ ਕਿ ਕਦੋਂ ਕੋਈ ਬਹਾਨਾ ਮਿਲੇ ਤੇ ਉਹ ਸਿੱਖ ਲਹਿਰ ਨੂੰ ਖ਼ਤਮ ਕਰ ਦੇਵੇ, ਕਿਉਂਕਿ ਉਹ ਪੰਚਮ ਪਾਤਸ਼ਾਹ ਜੀ ਦੀ ਵਡਿਆਈ ਤੋਂ ਡਾਹਢਾ ਖਫਾ ਸੀ। ਇਸ ਗੱਲ ਦਾ ਜ਼ਿਕਰ ਉਹ ਆਪਣੀ ਸਵੈ-ਜੀਵਨੀ ਤੁਜਕੇ ਜਹਾਂਗੀਰੀ ਵਿਚ ਵੀ ਕਰਦਾ ਹੈ। ਜਹਾਂਗੀਰ ਦੇ ਹੁਕਮ ਅਨੁਸਾਰ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਕਈ ਤਰ੍ਹਾਂ ਦੇ ਅਕਹਿ ਤੇ ਅਸਹਿ ਤਸੀਹੇ ਦਿੱਤੇ ਗਏ। ਉਨ੍ਹਾਂ ਨੇ ਅਕਾਲ ਪੁਰਖ ਦੇ ਹੁਕਮ ਵਿਚ ਰਹਿੰਦਿਆਂ ‘ਤੇਰਾ ਕੀਆ ਮੀਠਾ ਲਾਗੇ’ ਦੇ ਮਹਾਂਵਾਕ ਅਨੁਸਾਰ ਤੱਤੀ ਤੱਵੀ ਉਪਰ ਚੌਂਕੜਾ ਮਾਰ ਤੱਤਾ ਰੇਤਾ ਸੀਸ ਤੇ ਪਵਾ ਲਿਆ। ਦੇਗ਼ ਵਿਚ ਉਬਾਲੇ ਵੀ ਖਾਧੇ, ਪਰ ਜ਼ੋਰ ਤੇ ਜਬਰ ਅੱਗੇ ਸੀਸ ਨਹੀਂ ਝੁਕਾਇਆ। ਉਹ ਪਰਮਾਤਮਾ ਦੀ ਰਜ਼ਾ ਵਿਚ ਰਾਜੀ ਸਨ:

ਜਹ ਬੈਸਾਲਹਿ ਤਹ ਬੈਸਾ ਸੁਆਮੀ ਜਹ ਭੇਜਹਿ ਤਹ ਜਾਵਾ॥
ਸਭ ਨਗਰੀ ਮਹਿ ਏਕੋ ਰਾਜਾ ਸਭੇ ਪਵਿਤੁ ਹਹਿ ਥਾਵਾ॥    (ਪੰਨਾ ੯੯੩)

ਇਸ ਤਰ੍ਹਾਂ ਅਕਹਿ ਤੇ ਅਸਹਿ ਕਸ਼ਟ ਦੇ ਕੇ ਆਪ ਜੀ ਨੂੰ ਲਾਹੌਰ ਵਿਖੇ ੩੦ ਮਈ ੧੬੦੬ ਈ: ਨੂੰ ਸ਼ਹੀਦ ਕੀਤਾ ਗਿਆ। ਇਸ ਮਹਾਨ ਸ਼ਹਾਦਤ ਵਾਲੇ ਸਥਾਨ ਤੇ ਰਾਵੀ ਕੰਢੇ ਲਾਹੌਰ ਵਿਖੇ ਗੁਰਦੁਆਰਾ ‘ਡੇਰਾ ਸਾਹਿਬ’ ਸਥਿਤ ਹੈ।

ਗੁਰੂ ਜੀ ਦੀ ਸ਼ਹਾਦਤ ਨੇ ਸਿੱਖ ਕੌਮ ਵਿਚ ਜਬਰ ਤੇ ਜੁਲਮ ਵਿਰੁੱਧ ਬਗਾਵਤ ਦਾ ਅਥਾਹ ਜੋਸ਼ ਭਰ ਦਿੱਤਾ ਤੇ ਪਿਆਰ ਭਰੇ ਜਜ਼ਬੇ ਦੇ ਨਾਲ ਸ਼ਸਤਰ ਵੀ ਸਿੱਖਾਂ ਦਾ ਸ਼ਿੰਗਾਰ ਬਣ ਗਏ, ਹੁਣ ਇਹ ਅਨੁਭਵ ਕੀਤਾ ਜਾਣ ਲੱਗ ਪਿਆ ਕਿ ਧਰਮ ਰੱਖਿਆ ਤੇ ਸਵੈਮਾਣ ਲਈ ਤਾਕਤ ਤੇ ਜਥੇਬੰਦੀ ਦਾ ਹੋਣਾ ਜ਼ਰੂਰੀ ਹੈ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਵੱਲੋਂ ਮੀਰੀ-ਪੀਰੀ ਦੀਆਂ ਕਿਰਪਾਨਾਂ ਪਹਿਨਣਾ, ਸ਼ਸਤਰ ਇਕੱਠੇ ਕਰਨਾ, ਕਿਲ੍ਹੇ ਬਣਵਾਉਣਾ, ਅਕਾਲ ਤਖ਼ਤ ਸਾਹਿਬ ਦਾ ਹੋਂਦ ਵਿਚ ਆਉਣਾ, ਸ਼ਾਹੀ ਫ਼ੌਜ ਦਾ ਡਟ ਕੇ ਟਾਕਰਾ ਕਰਨਾ ਅਤੇ ਉਨ੍ਹਾਂ ਨੂੰ ਕਰਾਰੀ ਹਾਰ ਦੇਣਾ, ਸਿੱਖਾਂ ਨੂੰ ਸੰਤ ਸਿਪਾਹੀ ਬਣਾਉਣਾ, ਇਸ ਸ਼ਹਾਦਤ ਦੇ ਫਲਸਰੂਪ ਹੀ ਅਮਲ ਵਿਚ ਆਏ ਸਨ। ਭਗਤੀ ਤੇ ਸ਼ਕਤੀ, ਸਿਮਰਨ ਤੇ ਸੂਰਮਗਤੀ ਦਾ ਮੇਲ ਇਸ ਸ਼ਹਾਦਤ ਦਾ ਹੀ ਨਤੀਜਾ ਸੀ।

ਆਓ! ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ‘ਤੇ ਗੁਰੂ ਜੀ ਦੀ ਮਹਾਨ ਕੁਰਬਾਨੀ ਤੇ ਸ਼ਹੀਦੀ ਫਲਸਫੇ ਨੂੰ ਹਿਰਦਿਆਂ ‘ਚ ਵਸਾ ਲੋਕਾਈ ਦੀ ਸੇਵਾ ਵਿਚ ਜੁਟ ਜਾਈਏ ਅਤੇ ਜਬਰ-ਜ਼ੁਲਮ ਵਿਰੁੱਧ ਸੰਘਰਸ਼ਸ਼ੀਲ ਹੋਈਏ।