ਅੰਮ੍ਰਿਤਸਰ 16 ਜੂਨ ( ) ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਮਰੀਕੀ ਸੂਬੇ ਕੈਲੀਫੋਰਨੀਆ ਦੇ ਮੋਡੈਸਟੋ ਸ਼ਹਿਰ ‘ਚ ਸ. ਵਰਿੰਦਰ ਸਿੰਘ ਵੱਲੋਂ ਪਹਿਲੇ ਸਿੱਖ ਪੁਲਿਸ ਅਧਿਕਾਰੀ ਵਜੋਂ ਸਹੁੰ ਚੁੱਕਣ ‘ਤੇ ਵਧਾਈ ਦਿੰਦਿਆਂ ਕਿਹਾ ਕਿ ਇਸ ਨਿਯੁਕਤੀ ਨਾਲ ਸਿੱਖਾਂ ਦਾ ਸਿਰ ਮਾਣ ਨਾਲ ਉੱਚਾ ਹੋਇਆ ਹੈ।
ਉਨ੍ਹਾਂ ਕਿਹਾ ਕਿ ਸਿੱਖਾਂ ਨੇ ਵਿਸ਼ਵ ਪੱਧਰ ‘ਤੇ ਆਪਣੀ ਅਣਥੱਕ ਮਿਹਨਤ ਸਦਕਾ ਪੰਜਾਬ ਅਤੇ ਪੰਜਾਬੀਅਤ ਦਾ ਪੂਰੀ ਦੁਨੀਆ ‘ਚ ਨਾਮ ਰੌਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਕੈਲੀਫੋਰਨੀਆ ਦੇ ਮੋਡੈਸਟੋ ਪੁਲਿਸ ਵਿਭਾਗ ਵਿਚ ਅਧਿਕਾਰੀਆਂ ਲਈ ਦਸਤਾਰ ਸਜਾਉਣੀ ਤੇ ਦਾੜੀ ਰੱਖਣੀ ਲਾਜ਼ਮੀ ਨਾ ਹੋਣ ਦੇ ਬਾਵਜੂਦ ਪੁਲਿਸ ਮੁਖੀ ਗੇਲੇਨ ਕੇਰੋਲ ਵੱਲੋਂ ਸ. ਵਰਿੰਦਰ ਸਿੰਘ ਨੂੰ ਦਸਤਾਰ ਤੇ ਦਾੜੀ ਸਮੇਤ ਡਿਊਟੀ ‘ਤੇ ਆਉਣ ਦੀ ਆਗਿਆ ਦੇਣੀ ਸ਼ਲਾਘਾਯੋਗ ਫੈਸਲਾ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਕੈਨੇਡਾ ਦੀ ਨਵੀਂ ਬਣੀ ਟਰੂਡੋ ਸਰਕਾਰ ਨੇ ਸ. ਹਰਜੀਤ ਸਿੰਘ ਸੱਜਣ ਨੂੰ ਰੱਖਿਆ ਮੰਤਰੀ ਬਣਾ ਕੇ ਸਿੱਖਾਂ ਨੂੰ ਬਣਦਾ ਸਤਿਕਾਰ ਦਿੱਤਾ ਸੀ।
ਉਨ੍ਹਾਂ ਕਿਹਾ ਕਿ ਕੈਲੀਫੋਰਨੀਆ ਵਾਂਗ ਹੋਰਨਾਂ ਦੇਸ਼ਾਂ ਨੂੰ ਵੀ ਚਾਹੀਦਾ ਹੈ ਕਿ ਉਹ ਸਿੱਖਾਂ ਦੀ ਪਹਿਚਾਣ ਨੂੰ ਲੈ ਕੇ ਆਪਣੇ ਭੁਲੇਖੇ ਦੂਰ ਕਰਦਿਆਂ ਉਨ੍ਹਾਂ ਨੂੰ ਬਣਦਾ ਰੁਤਬਾ ਦੇਣ।