ਅੰਮ੍ਰਿਤਸਰ 23 ਅਪ੍ਰੈਲ ( ) ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦਫ਼ਤਰ ਸ਼੍ਰੋਮਣੀ ਕਮੇਟੀ ਵਿਖੇ ਗੁਰਬਾਣੀ ਉਚਾਰਣ ਕਰਨ ਵਾਲੇ ਪਾਠੀ ਸਿੰਘਾਂ ਦੀ ਸਤਿਕਾਰ ਕਮੇਟੀ ਵੱਲੋਂ ਕੁੱਟਮਾਰ ਕਰਨ ਤੇ ਇਸ ਦੀ ਵੀਡੀਓ ਬਣਾ ਕੇ ਸੋਸ਼ਲ ਸਾਈਟ ਤੇ ਪਾਉਣ ਵਾਲੀ ਘਿਨੌਣੀ ਕਾਰਵਾਈ ਦੀ ਸਖ਼ਤ ਨਿਖੇਧੀ ਕੀਤੀ ਹੈ।ਇਸ ਮਾਮਲੇ ਸਬੰਧੀ ਪੱਤਰਕਾਰਾਂ ਵੱਲੋਂ ਪੁੱਛੇ ਸਵਾਲ ਦੇ ਜਵਾਬ ‘ਚ ਉਨ੍ਹਾਂ ਕਿਹਾ ਕਿ ਸਿੱਖਾਂ ਨੂੰ ਸਿੱਖੀ ਤੋਂ ਤੋੜਨ ਦੇ ਯਤਨ ਕਰਨ ਵਾਲੀ ਸਤਿਕਾਰ ਕਮੇਟੀ ਖਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਸਿੱਖਾਂ ਦੀ ਸੰਸਥਾ ਹੈ ਤੇ ਕਿਸੇ ਵੀ ਅਖੌਤੀ ਜਥੇਬੰਦੀ ਨੂੰ ਇਹ ਹਰਗਿਜ਼ ਇਜਾਜਤ ਨਹੀਂ ਦੇਵੇਗੀ ਜਿਨ੍ਹਾਂ ਦੀ ਕਰੂਰਤਾ ਭਰੀ ਕਾਰਵਾਈ ਨਾਲ ਸਿੱਖ ਸਿੱਖੀ ਤੋਂ ਦੂਰ ਹੋਣ ਜਾਂ ਮਰਯਾਦਾ ‘ਚ ਕੋਈ ਖਲਲ ਪਵੇ।ਉਨ੍ਹਾਂ ਕਿਹਾ ਕਿ ਸਤਿਕਾਰ ਕਮੇਟੀ ਨੂੰ ਕੋਈ ਹੱਕ ਨਹੀਂ ਹੈ ਕਿ ਉਹ ਧਾਰਮਿਕ ਮਰਯਾਦਾ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰੇ।
ਉਨ੍ਹਾਂ ਕਿਹਾ ਕਿ ਇਸ ਸਬੰਧੀ ਐਸ ਐਸ ਪੀ ਕਪੂਰਥਲਾ ਨੂੰ ਕਿਹਾ ਗਿਆ ਹੈ ਕਿ ਦੋਸ਼ੀਆਂ ਖਿਲਾਫ ਜਲਦੀ ਸਖਤ ਕਾਰਵਾਈ ਹੋਵੇ।ਉਨ੍ਹਾਂ ਅੰਮ੍ਰਿਤਸਰ ਦੇ ਕਬੀਰ ਪਾਰਕ ਇਲਾਕੇ ਵਿੱਚ ਸੰਸਥਾ ਦੀ ਚੁਣੀ ਹੋਈ ਮੈਂਬਰ ਨਾਲ ਬਦ ਕਲਾਮੀ ਕਰਨ ਵਾਲੇ ਕਮੇਟੀ ਦੇ ਕਾਰਕੁੰਨਾਂ ਖਿਲਾਫ ਵੀ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਪਾਸੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਗਈ ਹੈ।