22-04-2015-2ਅੰਮ੍ਰਿਤਸਰ ੨੨ ਅਪ੍ਰੈਲ (  ) ਹਿੰਦੁਸਤਾਨ ਦੇ ਵੱਖ-ਵੱਖ ੧੧੦੦ ਕੇਂਦਰੀ ਵਿਦਿਆਲਿਆਂ ਦੇ ੨੪ ਗਰੁੱਪਾਂ ‘ਚੋਂ ਕੁੱਲ ੬੦੦ ਵਿਦਿਆਰਥੀ, ਡਿਪਟੀ ਕਮਿਸ਼ਨਰ ਜੰਮੂ ਕਸ਼ਮੀਰ, ੨੦੦ ਦੇ ਕਰੀਬ ਅਧਿਆਪਕ ਅਤੇ ਪ੍ਰਬੰਧਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਿਕ ਹੋਏ।ਇਨ੍ਹਾਂ ਵਿਦਿਆਰਥੀਆਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਿਕ ਹੋਣ ਉਪਰੰਤ ਗੁਰੂ ਕਾ ਲੰਗਰ ਛਕਿਆ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਇਤਿਹਾਸ ਜਾਣਿਆ ਅਤੇ ਕੇਂਦਰੀ ਸਿੱਖ ਅਜਾਇਬਘਰ ਜਾ ਕੇ ਸਿੱਖ ਇਤਿਹਾਸ ਨਾਲ ਸਬੰਧਤ ਚਿੱਤਰ ਪ੍ਰਦਰਸ਼ਨੀ ਦੇਖੀ, ਸਿੱਖ ਗੁਰੂ ਸਾਹਿਬਾਨ ਅਤੇ ਸ਼ਹੀਦ ਸਿੰਘਾਂ ਦੀਆਂ ਪੁਰਾਤਨ ਨਿਸ਼ਾਨੀਆਂ, ਕਕਾਰ, ਸਿੱਕੇ, ਹੱਥ ਲਿਖਤਾਂ ਅਤੇ ਸੰਗੀਤਸਾਜ ਆਦਿ ਦੇ ਦਰਸ਼ਨ ਕੀਤੇ।
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸੂਚਨਾ ਕੇਂਦਰ ਵਿਖੇ ਕੇਂਦਰੀ ਵਿਦਿਆਲਿਆਂ ਦੇ ਵਿਦਿਆਰਥੀਆਂ ਦੀ ਮੁੱਖ ਪ੍ਰਬੰਧਕ ਪ੍ਰਿੰਸੀਪਲ ਕੁਸਮ ਮਲਹੋਤਰਾ ਨੇ ਗੱਲਬਾਤ ਦੌਰਾਨ ਦੱਸਿਆ ਕਿ ਇਹ ਸਾਰੇ ਵਿਦਿਆਰਥੀ ਸਮੁੱਚੇ ਭਾਰਤ ਦੇ ਕੇਂਦਰੀ ਵਿਦਿਆਲਿਆਂ ਤੋਂ ਜਲੰਧਰ ਵਿਖੇ ਸਾਇੰਸ ਪ੍ਰਦਰਸ਼ਨੀ ਲਈ ਆਏ ਸਨ।ਉਨ੍ਹਾਂ ਕਿਹਾ ਕਿ ਵਾਪਸੀ ਸਮੇਂ ਵਿਸ਼ਵ ਪ੍ਰਸਿੱਧ ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਿਕ ਹੋਣ ਦੀ ਤੀਬਰ ਇੱਛਾ ਸੀ।ਉਨ੍ਹਾਂ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਆ ਕੇ ਮਨ ਪਵਿੱਤਰ ਹੋ ਗਏ ਹਨ ਅਤੇ ਆਤਮਿਕ ਸ਼ਾਂਤੀ ਦਾ ਅਨੋਖਾ ਅਨੁਭਵ ਪ੍ਰਾਪਤ ਹੋਇਆ ਹੈ।ਉਨ੍ਹਾਂ ਕਿਹਾ ਕਿ ਰੂਹਾਨੀਅਤ ਦਾ ਇਹ ਕੇਂਦਰ ਜੋ ਚਾਰੇ ਵਰਨਾਂ ਲਈ ਸ਼ਾਂਝਾ ਹੈ ਇਥੋਂ ਆਸ਼ੀਰਵਾਦ ਪ੍ਰਾਪਤ ਕਰਕੇ ਮਨ ਤ੍ਰਿਪਤ ਹੋ ਗਿਆ ਹੈ।ਪ੍ਰਿੰਸੀਪਲ ਕੁਸਮ ਮਲਹੋਤਰਾ ਤੇ ਉਨ੍ਹਾਂ ਨਾਲ ਉਚੇਚੇ ਤੌਰ ‘ਤੇ ਆਏ ਡਿਪਟੀ ਕਮਿਸ਼ਨਰ ਏ ਯੂ ਐਲ ਜੇ ਰਾਏ ਜੰਮੂ ਰੀਜ਼ਨ, ਅਸਿਸਟੈਂਟ ਕਮਿਸ਼ਨਰ ਮੀਨਾ ਰਾਏ ਅਤੇ ਸ੍ਰੀ ਏ ਐਸ ਗਿੱਲ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਪੂਰੇ ਸਟਾਫ਼ ਦਾ ਧੰਨਵਾਦ ਕੀਤਾ।
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸੂਚਨਾ ਕੇਂਦਰ ਵਿਖੇ ਜੰਮੂ ਕਸ਼ਮੀਰ ਦੇ ਡਿਪਟੀ ਕਮਿਸ਼ਨਰ ਸ੍ਰੀ ਏ ਯੂ ਐਲ ਜੇ ਰਾਏ ਤੇ ਪ੍ਰਿੰਸੀਪਲ ਕੁਸਮ ਮਲਹੋਤਰਾ ਨੂੰ ਸ਼੍ਰੋਮਣੀ ਕਮੇਟੀ ਦੇ ਮੀਤ ਸਕੱਤਰ ਸ. ਸਕੱਤਰ ਸਿੰਘ, ਸ. ਸੁਖਰਾਜ ਸਿੰਘ ਤੇ ਸ. ਜਤਿੰਦਰ ਸਿੰਘ ਐਡੀ: ਮੈਨੇਜਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਸ. ਸਰਬਜੀਤ ਸਿੰਘ ਅਸਿਸਟੈਂਟ ਸੂਚਨਾ ਅਧਿਕਾਰੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਮਾਡਲ, ਸਿਰੋਪਾਓ ਅਤੇ ਧਾਰਮਿਕ ਪੁਸਤਕਾਂ ਦਾ ਸੈਟ ਦੇ ਕੇ ਸਨਮਾਨਿਤ ਕੀਤਾ।ਇਸ ਮੌਕੇ ਸ੍ਰੀ ਕੇ ਕੇ ਝਾਅ, ਮਿਸਟਰ ਜੇ ਪੀ ਸਿੰਘ, ਮਿਸਟਰ ਅਸ਼ੋਕ ਕੁਮਾਰ ਅਤੇ ਸ੍ਰੀ ਚਰਨਜੀਤ ਭਗਤ ਵੀ ਹਾਜ਼ਰ ਸਨ।