ਅੰਮ੍ਰਿਤਸਰ ੧੬ ਫਰਵਰੀ- ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਸਟਰੇਲੀਆ ‘ਚ ਚੱਲ ਰਹੇ ਵਿਸ਼ਵ ਕ੍ਰਿਕਟ ਕੱਪ ਦੌਰਾਨ ਅੰਮ੍ਰਿਤਧਾਰੀ ਸਿੱਖਾਂ ਨੂੰ ਕ੍ਰਿਪਾਨ ਪਾ ਕੇ ਕ੍ਰਿਕਟ ਮੈਚ ਵੇਖਣ ਤੋਂ ਰੋਕਣ ਦੀ ਸਖ਼ਤ ਸਬਦਾਂ ‘ਚ ਨਿਖੇਧੀ ਕੀਤੀ ਹੈ।
ਇਥੋਂ ਜਾਰੀ ਪ੍ਰੈੱਸ ਨੋਟ ‘ਚ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸਿੱਖਾਂ ਨੂੰ ਅੰਮ੍ਰਿਤ ਦੀ ਦਾਤ ਬਖਸ਼ ਕੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ।ਉਨ੍ਹਾਂ ਆਪਣੇ ਅੰਮ੍ਰਿਤਧਾਰੀ ਸਿੱਖਾਂ ਨੂੰ ਰਹਿਤ ਵਜੋਂ ਪੰਜ ਕਕਾਰ ਕਛਹਿਰਾ, ਕੰਘਾ, ਕੜ੍ਹਾ, ਕ੍ਰਿਪਾਨ ਤੇ ਕੇਸਾਂ ਦੇ ਧਾਰਨੀ ਹੋਣ ਲਈ ਕਿਹਾ।ਉਨ੍ਹਾਂ ਕਿਹਾ ਕਿ ਸਾਬਤ ਸੂਰਤ ਸਿੱਖ ਲਈ ਕ੍ਰਿਪਾਨ ਸਰੀਰ ਦੇ ਇਕ ਅੰਗ ਵਾਂਗ ਹੁੰਦੀ ਹੈ ਜਿਸ ਨੂੰ ਵੱਖ ਨਹੀਂ ਕੀਤਾ ਜਾ ਸਕਦਾ।
ਉਨ੍ਹਾਂ ਕਿਹਾ ਕਿ ਸਿੱਖ ਅਮਨਪਸੰਦ ਕੌਮ ਹੈ ਤੇ ਇਸ ਦੇ ਧਾਰਮਿਕ ਚਿੰਨ੍ਹਾਂ ਨੂੰ ਅਸ਼ਾਂਤੀ ਤੇ ਅਸੁਰੱਖਿਆ ਨਾਲ ਜੋੜ ਕੇ ਨਹੀਂ ਵੇਖਣਾ ਚਾਹੀਦਾ।ਉਨ੍ਹਾਂ ਕਿਹਾ ਕਿ ਐਡੀਲੇਡ ਓਵਲ ਦੀ ਪ੍ਰਬੰਧਕੀ ਟੀਮ ਵਿਸ਼ਵ ਕ੍ਰਿਕਟ ਕੱਪ ਦੌਰਾਨ ਅੰਮ੍ਰਿਤਧਾਰੀ ਸਿੱਖਾਂ ‘ਤੇ ਲਗਾਈ ਰੋਕ ਨੂੰ ਤੁਰੰਤ ਹਟਾਏ।ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਸਿੱਖਾਂ ਦੇ ਧਾਰਮਿਕ ਚਿੰਨ੍ਹਾਂ ਨੂੰ ਲੈ ਕੇ ‘ਫੀਬਾ’ ਵੱਲੋਂ ਸਿੱਖ ਖਿਡਾਰੀਆਂ ਸ. ਅੰਮ੍ਰਿਤਪਾਲ ਸਿੰਘ, ਸ. ਅਮਜੋਤ ਸਿੰਘ ਤੇ ਸ. ਅਨਮੋਲ ਸਿੰਘ ਨੂੰ ਬਾਸਟਕਿਟਬਾਲ ਖੇਡਣ ਤੋਂ ਰੋਕਿਆ ਗਿਆ ਸੀ ਜਿਸ ਦੀ ਸਿੱਖ ਭਾਈਚਾਰੇ ਵੱਲੋਂ ਵਿਰੋਧਤਾ ਹੋਣ ‘ਤੇ ‘ਫੀਬਾ’ ਵੱਲੋਂ ਆਪਣੇ ਨਿਯਮਾਂ ‘ਚ ਸੋਧ ਕੀਤੀ ਗਈ ਸੀ।ਉਨ੍ਹਾਂ ਕਿਹਾ ਕਿ ਐਡੀਲੇਡ ਓਵਲ ਦੀ ਪ੍ਰਬੰਧਕੀ ਟੀਮ ਵੀ ‘ਫੀਬਾ’ ਵਾਂਗ ਸਿੱਖਾਂ ਦੀਆਂ ਭਾਵਨਾਵਾਂ ਨੂੰ ਧਿਆਨ ‘ਚ ਰੱਖਦਿਆ ਆਪਣੇ ਨਿਯਮਾਂ ‘ਚ ਸੋਧ ਕਰੇ।