DSC_3288DSC_3308

ਅੰਮ੍ਰਿਤਸਰ ੨੦ ਫਰਵਰੀ (        ) ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਲਗੀਧਰ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਅਸਥਾਨ ਅਤੇ ਸਿੱਖ ਕੌਮ ਦੀ ਮਾਣ ਮਰਯਾਦਾ ਦੇ ਪ੍ਰਤੀਕ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੀ ਅੱਜ ਦੀ ਹੋਈ ਚੌਣ ਵਿੱਚ ਸਰਬ-ਸੰਮਤੀ ਨਾਲ ਪ੍ਰਧਾਨ ਚੁਣ ਲਿਆ ਗਿਆ ਹੈ।ਇਸ ਦੇ ਨਾਲ ਹੀ ਸ੍ਰੀ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਦਾ ਲੰਮੇ ਸਮੇਂ ਤੋਂ ਚੱਲਿਆ ਆ ਰਿਹਾ ਰੇੜਕਾ ਅੱਜ ਖਤਮ ਹੋ ਗਿਆ।

ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਤੇ ਬੁਲਾਰੇ ਸ੍ਰ: ਦਿਲਜੀਤ ਸਿੰਘ ਬੇਦੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਦੀ ਇਸ ਇਕੱਤਰਤਾ ਵਿੱਚ ਜਥੇਦਾਰ ਅਵਤਾਰ ਸਿੰਘ ਦੇ ਇਲਾਵਾ ਸ. ਸਲਿੰਦਰ ਸਿੰਘ, ਬੀਬੀ ਕਮਲਜੀਤ ਕੌਰ, ਸ. ਸਰਜਿੰਦਰ ਸਿੰਘ, ਭਾਈ ਮਹਿੰਦਰ ਸਿੰਘ ਚਾਵਲਾ, ਸ. ਆਰ ਐਸ ਗਾਂਧੀ, ਸ. ਚਰਨਜੀਤ ਸਿੰਘ, ਸ. ਆਰ ਐਸ ਜੀਤ, ਸ. ਮਹਾਰਾਜ ਸਿੰਘ, ਸ. ਗੁਰਵਿੰਦਰਪਾਲ ਸਿੰਘ, ਸ. ਪ੍ਰਿਤਪਾਲ ਸਿੰਘ, ਸ. ਹਰਭਜਨ ਸਿੰਘ ਵਾਲੀਆ ਅਤੇ ਡਾ. ਗੁਰਮੀਤ ਸਿੰਘ ਮੈਂਬਰ ਹਾਜ਼ਰ ਹੋਏ।ਜਥੇਦਾਰ ਅਵਤਾਰ ਸਿੰਘ ਨੂੰ ਕਮੇਟੀ ਦੇ ਕੁੱਲ ੧੫ ਮੈਂਬਰਾਂ ‘ਚੋਂ ੧੩ ਮੈਂਬਰਾਂ ਦੀ ਸਰਬ-ਸੰਮਤੀ ਨਾਲ ਜੈਕਾਰਿਆਂ ਦੀ ਗੂੰਜ ਨਾਲ ਪ੍ਰਧਾਨ ਚੁਣ ਲਿਆ ਗਿਆ।ਜਦ ਕਿ ਦੋ ਮੈਂਬਰ ਸ. ਜਸਪਾਲ ਸਿੰਘ ਅਤੇ ਸ. ਹਰਵਿੰਦਰ ਸਿੰਘ ਸਰਨਾ ਦਿੱਲੀ ਨਹੀਂ ਪੁੱਜੇ।

ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਦੀ ਹੋਈ ਚੌਣ ਵਿੱਚ ਪ੍ਰਧਾਨ ਜਥੇਦਾਰ ਅਵਤਾਰ ਸਿੰਘ, ਸੀਨੀਅਰ ਮੀਤ ਪ੍ਰਧਾਨ ਸ. ਸਲਿੰਦਰ ਸਿੰਘ, ਮੀਤ ਪ੍ਰਧਾਨ ਬੀਬੀ ਕਮਲਜੀਤ ਕੌਰ, ਜਨਰਲ ਸਕੱਤਰ ਸ. ਸਰਜਿੰਦਰ ਸਿੰਘ ਅਤੇ ਸਕੱਤਰ ਸ. ਮਹਿੰਦਰ ਸਿੰਘ ਛਾਬੜਾ ਨੂੰ ਚੁਣਿਆ ਗਿਆ।

ਪ੍ਰਧਾਨ ਚੁਣੇ ਜਾਣ ਉਪਰੰਤ ਜਥੇਦਾਰ ਅਵਤਾਰ ਸਿੰਘ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਨਤਮਸਤਿਕ ਹੋਏ ਅਤੇ ਸਤਿਗੁਰੂ ਜੀ ਦਾ ਸ਼ੁਕਰਾਨਾ ਕੀਤਾ। ਉਨ੍ਹਾਂ ਨੂੰ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਇਕਬਾਲ ਸਿੰਘ ਨੇ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਤੇ ਲੋਈ ਦੇ ਕੇ ਸਨਮਾਨਿਤ ਕੀਤਾ। ਜਥੇਦਾਰ ਅਵਤਾਰ ਸਿੰਘ ਨੇ ਪ੍ਰਬੰਧਕ ਕਮੇਟੀ ਦੇ ਸਮੂਹ ਅਹੁਦੇਦਾਰਾਂ ਤੇ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸੰਗਤਾਂ ਦਾ ਨਿਮਾਣਾ ਜਿਹਾ ਸੇਵਾਦਾਰ ਹੋਣ ਦੇ ਨਾਤੇ ਮੈਂ ਆਪਣੇ ਲੱਗੀ ਹਰ ਜਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਵਾਂਗਾ।ਉਨ੍ਹਾਂ ਕਿਹਾ ਕਿ ਕੁਝ ਅਹੁਦੇਦਾਰਾਂ ਨੇ ਰਾਜਨੀਤਕ ਲਾਹਾ ਲੈਣ ਦੀ ਕੋਸ਼ਿਸ਼ ਕਰਦਿਆਂ ਮਰਯਾਦਾ ਨੂੰ ਠੇਸ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜੋ ਬਹੁਤ ਮੰਦਭਾਗੀ ਕਾਰਵਾਈ ਸੀ, ਪਰ ਭਵਿੱਖ ਵਿੱਚ ਤਖ਼ਤ ਸਾਹਿਬ ਦੇ ਸਮੁੱਚੇ ਪ੍ਰਬੰਧ ਨੂੰ ਸੁਚਾਰੂ ਢੰਗ ਨਾਲ ਚਲਾਇਆ ਜਾਵੇਗਾ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਪ੍ਰਸਤੀ ਹੇਠ ਇਕਜੁੱਟ ਹੋ ਕੇ ਸਮੁੱਚੀ ਪ੍ਰਬੰਧਕ ਕਮੇਟੀ ਵੱਲੋਂ ਸੇਵਾ ਸੰਭਾਲ ਕੀਤੀ ਜਾਵੇਗੀ।

ਇਸ ਮੌਕੇ ਸਿੱਖ ਪੰਥ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸ. ਰਘੂਜੀਤ ਸਿੰਘ ਵਿਰਕ, ਸ. ਕੇਵਲ ਸਿੰਘ ਬਾਦਲ ਜੂਨੀਅਰ ਮੀਤ ਪ੍ਰਧਾਨ, ਸ. ਸੁਖਦੇਵ ਸਿੰਘ ਭੌਰ ਜਨਰਲ ਸਕੱਤਰ, ਸ. ਰਜਿੰਦਰ ਸਿੰਘ ਮਹਿਤਾ, ਸ. ਕਰਨੈਲ ਸਿੰਘ ਪੰਜੋਲੀ, ਸ. ਨਿਰਮੈਲ ਸਿੰਘ ਜੌਲਾਂ ਕਲਾਂ, ਸ. ਗੁਰਬਚਨ ਸਿੰਘ ਕਰਮੂੰਵਾਲਾ, ਸ. ਦਿਆਲ ਸਿੰਘ ਕੋਲਿਆਂਵਾਲੀ, ਸ. ਮੋਹਨ ਸਿੰਘ ਬੰਗੀ, ਸ. ਸੂਬਾ ਸਿੰਘ ਡੱਬਵਾਲੀ ਅਤੇ ਸ. ਰਾਮਪਾਲ ਸਿੰਘ ਬਹਿਣੀਵਾਲ ਅੰਤ੍ਰਿੰਗ ਮੈਂਬਰ ਸਾਹਿਬਾਨ ਅਤੇ ਸ੍ਰ: ਦਲਮੇਘ ਸਿੰਘ, ਸ. ਰੂਪ ਸਿੰਘ, ਸ. ਮਨਜੀਤ ਸਿੰਘ, ਸ. ਅਵਤਾਰ ਸਿੰਘ ਤੇ ਸ. ਸਤਬੀਰ ਸਿੰਘ ਸਕੱਤਰ, ਸ. ਦਿਲਜੀਤ ਸਿੰਘ ਬੇਦੀ, ਸ. ਹਰਭਜਨ ਸਿੰਘ ਮਨਾਵਾਂ, ਸ. ਕੇਵਲ ਸਿੰਘ, ਸ. ਬਲਵਿੰਦਰ ਸਿੰਘ ਜੌੜਾਸਿੰਘਾ ਸ. ਰਣਜੀਤ ਸਿੰਘ ਵਧੀਕ ਸਕੱਤਰ, ਮੀਤ ਸਕੱਤਰ ਸਾਹਿਬਾਨ ਅਤੇ ਸ਼੍ਰੋਮਣੀ ਕਮੇਟੀ, ਧਰਮ ਪ੍ਰਚਾਰ ਕਮੇਟੀ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਮੁੱਚੇ ਸਟਾਫ ਨੇ ਜਥੇਦਾਰ ਅਵਤਾਰ ਸਿੰਘ ਦੇ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਸਰਬਸੰਮਤੀ ਨਾਲ ਪ੍ਰਧਾਨ ਚੁਣੇ ਜਾਣ ‘ਤੇ ਸਵਾਗਤ ਕਰਦਿਆਂ ਵਧਾਈ ਦਿੱਤੀ।