ਜਥੇ. ਅਵਤਾਰ ਸਿੰਘ

ਪ੍ਰਧਾਨ,

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ,

ਸ੍ਰੀ ਅੰਮ੍ਰਿਤਸਰ।

 

ਚਵਰ-ਤਖ਼ਤ ਦੇ ਮਾਲਕ, ਹਾਜ਼ਰਾ-ਹਜ਼ੂਰ, ਸਰਬ ਕਲਾ ਭਰਪੂਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇਵਲ ਸਿੱਖ ਧਰਮ ਦੇ ਹੀ ਨਹੀਂ, ਸਗੋਂ ਸਮੁੱਚੀ ਮਾਨਵਤਾ ਦਾ ਕਲਿਆਣ ਕਰਨ ਵਾਲੇ ਪਾਵਨ ਧਰਮ ਗ੍ਰੰਥ ਹਨ। ਇਸ ਮਹਾਨ ਪਾਵਨ ਗ੍ਰੰਥ ਦੀ ਵਡਿਆਈ ਇਸ ਵਿਚ ਵੀ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰਬ-ਸਾਂਝੇ ਅਤੇ ਕਲਿਆਣਕਾਰੀ ਉਪਦੇਸ਼ਾਂ ਤੋਂ ਸਰਬੱਤ ਦੇ ਭਲੇ ਦਾ ਪੈਗ਼ਾਮ ਸਮੁੱਚੀ ਮਨੁੱਖਤਾ ਨੂੰ ਨਸੀਬ ਹੁੰਦਾ ਹੈ। ਸਮੁੱਚੇ ਸੰਸਾਰ ਦੇ ਧਰਮ ਗ੍ਰੰਥਾਂ ਵਿੱਚੋਂ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੀ ਅਜਿਹਾ ਧਰਮ ਗ੍ਰੰਥ ਹੈ, ਜਿਸ ਨੂੰ ਗੁਰੂ ਸਾਹਿਬਾਨ ਨੇ ਆਪਣੇ ਕਰ-ਕਮਲਾਂ ਨਾਲ ਸੰਪਾਦਿਤ ਕੀਤਾ ਹੈ।

 

ਸਮੂਹ ਧਰਮਾਂ ਦੇ ਇਤਿਹਾਸ ਵਿਚ ਇਹੋ ਇਕ ਅਜਿਹਾ ਅਦੁੱਤੀ ਪਾਵਨ ਗ੍ਰੰਥ ਹੈ, ਜਿਸ ਦਾ ਰੋਜ਼ਾਨਾ ਪ੍ਰਕਾਸ਼ ਤੇ ਸੁਖ ਆਸਣ ਬੜੇ ਅਦਬ ਤੇ ਸਤਿਕਾਰ ਨਾਲ ਗੁਰਦੁਆਰਾ ਸਾਹਿਬ ਵਿਚ ਕੀਤਾ ਜਾਂਦਾ ਹੈ ਅਤੇ ਲੱਖਾਂ ਪ੍ਰਾਣੀ ਰੋਜ਼ ਨਮਸਕਾਰ ਕਰਕੇ ਆਪਣੇ ਜੀਵਨ ਦੇ ਕਲਿਆਣ ਲਈ ਅਰਦਾਸਾਂ, ਬੇਨਤੀਆਂ ਤੇ ਜੋਦੜੀਆਂ ਕਰਦੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪਰਮੇਸ਼ਰ ਜਾਂ ਨਿਰੰਕਾਰ ਦੇ ਬੋਲ ਹਨ, ਜੋ ਉਸ ਦੀ ਕ੍ਰਿਪਾ-ਦ੍ਰਿਸ਼ਟੀ ਸਦਕਾ ਬਾਣੀਕਾਰਾਂ ਦੇ ਮਾਧਿਅਮ ਰਾਹੀਂ ਸੰਸਾਰੀ ਜੀਵਾਂ ਨੂੰ ਪ੍ਰਾਪਤ ਹੋਏ ਹਨ:

 

ਹਉ ਆਪਹੁ ਬੋਲਿ ਨ ਜਾਣਦਾ

ਮੈ ਕਹਿਆ ਸਭੁ ਹੁਕਮਾਉ ਜੀਉ॥

(ਪੰਨਾ 763)

ਸਤਿਗੁਰ ਕੀ ਬਾਣੀ ਸਤਿ ਸਤਿ ਕਰਿ ਜਾਣਹੁ ਗੁਰਸਿਖਹੁ

ਹਰਿ ਕਰਤਾ ਆਪਿ ਮੁਹਹੁ ਕਢਾਏ॥

(ਪੰਨਾ 308)

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਗਿਆਨ ਦਾ ਜਗ-ਮਗ ਕਰਦਾ ਸੂਰਜ ਹੈ, ਜਿਸ ਨਾਲ ਮਨ ਦੇ ਹਨ੍ਹੇਰੇ ਦੂਰ ਹੁੰਦੇ ਹਨ:

ਗੁਰਬਾਣੀ ਇਸੁ ਜਗ ਮਹਿ ਚਾਨਣੁ

ਕਰਮਿ ਵਸੈ ਮਨਿ ਆਏ॥

(ਪੰਨਾ 67)

 ਸ੍ਰੀ ਗੁਰੂ ਗ੍ਰੰਥ ਸਾਹਿਬ ਸਰਬੱਤ ਦੇ ਗੁਰੂ ਹਨ। ਦਸ ਗੁਰੂ ਸਾਹਿਬ ਤੋਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਭਾਵ ‘ਸ਼ਬਦ-ਗੁਰੂ’ ਸਾਡਾ ਗੁਰੂ ਹੈ। ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ‘ਸਬਦ ਗੁਰੂ ਸੁਰਤਿ ਧੁਨਿ ਚੇਲਾ’ ਉਚਾਰਣ ਕਰਕੇ ਸ਼ਬਦ-ਗੁਰੂ ਸੰਸਥਾ ਦੀ ਨੀਂਹ ਰੱਖੀ। ਸ਼ਬਦ-ਗੁਰੂ ਦੀ ਪ੍ਰੋੜ੍ਹਤਾ ਸ੍ਰੀ ਗੁਰੂ ਰਾਮਦਾਸ ਜੀ ਪਾਵਨ ਬਾਣੀ ਅੰਦਰ ਇਸ ਤਰ੍ਹਾਂ ਕਰਦੇ ਹਨ:

 

ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ ॥

ਗੁਰੁ ਬਾਣੀ ਕਹੈ ਸੇਵਕੁ ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ ॥5॥

(ਪੰਨਾ 982)

            ਸ਼ਬਦ-ਗੁਰੂ ਦਾ ਸਤਿਕਾਰ ਗੁਰੂ-ਘਰ ਵਿਚ ਪਰਮੇਸ਼ਰ ਦੇ ਸਾਮਾਨ ਹੈ। ਗੁਰੂ ਤੇ ਪਰਮੇਸ਼ਰ ਸਾਮਾਨ ਹਨ, ਭਾਵ ਇਕ ਹੀ ਹਨ। ਦੋਨਾਂ ਵਿਚ ਕੋਈ ਭੇਦ, ਵੱਖਰਤਾ ਨਹੀਂ ਹੈ। ਗੁਰੂ ਤੇ ਪਰਮੇਸ਼ਰ ਦਾ ਗੁਰਮਤਿ ਵਿਚ ਦਰਜਾ ਬਰਾਬਰ ਅਤੇ ਸਨਮਾਨਯੋਗ ਹੈ:

 

ਗੁਰੁ ਪਰਮੇਸਰੁ ਏਕੋ ਜਾਣੁ ॥ (ਪੰਨਾ 864)

ਪਾਰਬ੍ਰਹਮ ਗੁਰ ਨਾਹੀ ਭੇਦ ॥ (ਪੰਨਾ 1142)

 

ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੀ ਆਰੰਭਤਾ ਨਿਰੰਕਾਰ ਦੁਆਰਾ ਸ੍ਰੀ ਗੁਰੂ ਨਾਨਕ ਸਾਹਿਬ ਅਤੇ ਦੂਸਰੇ ਗੁਰੂ ਸਾਹਿਬਾਨ ਨੂੰ ਆਵੇਸ਼ ਹੋਈ ਬਾਣੀ ਨਾਲ ਹੁੰਦਾ ਹੈ। ਇਸ ਤੋਂ ਬਿਨਾਂ ਗੁਰੂ ਸਾਹਿਬਾਨ ਵੱਲੋਂ ਭਗਤਾਂ, ਭੱਟਾਂ ਅਤੇ ਹੋਰ ਬਾਣੀਕਾਰਾਂ ਦੇ ਬਚਨਾਂ ਨੂੰ ਜੋ ਪ੍ਰਭੂ ਦੀ ਯਾਦ ਦਿਵਾਉਂਦੇ ਹਨ, ਸਾਂਭ-ਸੰਭਾਲ ਲਿਆ ਗਿਆ। ਸ੍ਰੀ ਗੁਰੂ ਨਾਨਕ ਸਾਹਿਬ ਨੇ ਇਹ ਪਾਵਨ ਬਚਨ ‘ਪੋਥੀ’ ਰੂਪ ਵਿਚ ਲਿਖ ਦਿੱਤੇ ਸਨ। ਜਦੋਂ ਸ੍ਰੀ ਗੁਰੂ ਅੰਗਦ ਦੇਵ ਜੀ ਗੁਰਗੱਦੀ ਉੱਤੇ ਬਿਰਾਜਮਾਨ ਹੋਏ ਤਾਂ ਇਸ ਪੋਥੀ ਦੀ ਸੌਂਪਣਾ ਵੀ ਉਨ੍ਹਾਂ ਨੂੰ ਕਰ ਦਿੱਤੀ। ਆਤਮ-ਤ੍ਰਿਪਤੀ ਤੇ ਨਿਰੰਕਾਰ ਦੇ ਦਰਸ਼ਨ ਕਰਾਉਣ ਵਾਲੇ ਇਨ੍ਹਾਂ ਅੰਮ੍ਰਿਤ ਬਚਨਾਂ ਦਾ ਪ੍ਰਵਾਹ ਸ੍ਰੀ ਗੁਰੂ ਅੰਗਦ ਸਾਹਿਬ, ਸ੍ਰੀ ਗੁਰੂ ਅਮਰਦਾਸ ਸਾਹਿਬ, ਸ੍ਰੀ ਗੁਰੂ ਰਾਮਦਾਸ ਸਾਹਿਬ ਅਤੇ ਸ੍ਰੀ ਗੁਰੂ ਅਰਜਨ ਸਾਹਿਬ ਤਕ ਨਿਰੰਤਰ ਚੱਲਦਾ ਰਿਹਾ। ਇਹ ਪਾਵਨ ਬਚਨ ਪੋਥੀ ਰੂਪ ਵਿਚ ਇਕ ਗੁਰੂ ਤੋਂ ਬਾਅਦ ਦੂਜੇ ਗੁਰੂ ਸਾਹਿਬਾਨ ਤੋਂ ਹੁੰਦੇ ਹੋਏ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਪ੍ਰਾਪਤ ਹੋਏ। ਸ਼ਾਂਤੀ ਦੇ ਪੁੰਜ, ਸ਼ਹੀਦਾਂ ਦੇ ਸਿਰਤਾਜ ਅਤੇ ਰਹਿਮਤਾਂ ਦੇ ਦਾਤੇ ਸਤਿਗੁਰੂ ਜੀ ਨੇ ਮਨੁੱਖਤਾ ਦਾ ਦੁੱਖ ਹਰਨ ਲਈ ਭਗਤਾਂ, ਭੱਟਾਂ ਅਤੇ ਗੁਰੂ-ਘਰ ਵੱਲੋਂ ਵਰੋਸਾਏ ਸਿੱਖਾਂ ਦੀ ਬਾਣੀ ਨੂੰ ਇਕੱਤਰ ਕਰਨ ਮਗਰੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿਚ ‘ਆਦਿ ਗ੍ਰੰਥ’ ਦਾ ਸੰਕਲਨ ਕੀਤਾ। ਭਾਈ ਗੁਰਦਾਸ ਜੀ, ਜੋ ਗੁਰਮਤਿ ਦੇ ਉੱਘੇ ਵਿਦਵਾਨ ਤੇ ਮੁਖੀ ਪ੍ਰਬੰਧਕਾਂ ਵਿੱਚੋਂ ਇਕ ਸਨ, ਨੇ ਰਾਮਸਰ ਸਰੋਵਰ ਦੇ ਰਮਣੀਕ ਕਿਨਾਰੇ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਦੀ ਅਗਵਾਈ ਹੇਠ ਪਾਵਨ ਬੀੜ ਨੂੰ ਲਿਖਣ ਦੀ ਸੇਵਾ ਨਿਭਾਈ। ਗੁਰੂ ਸਾਹਿਬ ਨੇ ਸਮੁੱਚੀ ਬਾਣੀ ਨੂੰ ਰਾਗਾਂ ਵਿਚ ਤਰਤੀਬ ਅਨੁਸਾਰ ਲਿਖਵਾਇਆ। ਗੁਰੂ ਸਾਹਿਬ ਦੀ ਬਾਣੀ ਮਹਲਾ 1,2,3,4,5 ਆਦਿ ਕ੍ਰਮ ਅਨੁਸਾਰ ਦਰਜ ਕਰਨ ਪਿੱਛੋਂ ਭਗਤਾਂ ਦੀ ਬਾਣੀ ਨੂੰ ਦਰਜ ਕੀਤਾ ਗਿਆ।

ਸੰਪਾਦਨਾ ਦਾ ਇਹ ਮਹਾਨ ਕਾਰਜ ਸੰਮਤ 1661 ਬਿਕ੍ਰਮੀ (1604 ਈ:) ਨੂੰ ਸੰਪੰਨ ਹੋਇਆ। ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਇਸੇ ਸਾਲ ਹੀ ਭਾਦਰੋਂ ਸੁਦੀ ਏਕਮ ਵਾਲੇ ਦਿਨ ਬਾਬਾ ਬੁੱਢਾ ਜੀ ਦੇ ਸੀਸ ਉੱਪਰ ਬਿਰਾਜਮਾਨ ਕਰ ਨਗਰ ਕੀਰਤਨ ਦੇ ਰੂਪ ਵਿਚ ਸੰਗਤਾਂ ਦੀ ਸ਼ਮੂਲੀਅਤ ਨਾਲ ਸਤਿਨਾਮੁ-ਵਾਹਿਗੁਰੂ ਦਾ ਜਾਪ ਕਰਦਿਆਂ, ਫੁੱਲਾਂ ਦੀ ਵਰਖਾ ਕਰਦੇ ਹੋਏ, ਪੂਰਨ ਸ਼ਰਧਾ, ਸਤਿਕਾਰ ਅਤੇ ਪਿਆਰ ਨਾਲ ਸੁੰਦਰ ਪੀੜ੍ਹੇ ’ਤੇ ਸੁਭਾਇਮਾਨ ਕੀਤਾ ਗਿਆ। ਫਿਰ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਹਾਜ਼ਰੀ ਵਿਚ ਸਮੂਹ ਸੰਗਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਨਮੁਖ ਬਿਰਾਜਮਾਨ ਹੋ ਗਈਆਂ। ਬਾਬਾ ਬੁੱਢਾ ਜੀ ਪਹਿਲੇ ਗ੍ਰੰਥੀ ਥਾਪੇ ਗਏ। ਬਾਬਾ ਬੁੱਢਾ ਜੀ ਨੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਥਮ ਪ੍ਰਕਾਸ਼ ਕਰਕੇ ਉਪਰੰਤ ਹੁਕਮਨਾਮਾ ਲਿਆ, ਉਸ ਸਮੇਂ ਜੋ ਹੁਕਮਨਾਮਾ ਸੰਗਤਾਂ ਨੂੰ ਪ੍ਰਾਪਤ ਹੋਇਆ ਉਹ ਇਹ ਸੀ:

 

ਸੰਤਾ ਕੇ ਕਾਰਜਿ ਆਪਿ ਖਲੋਇਆ

ਹਰਿ ਕੰਮੁ ਕਰਾਵਣਿ ਆਇਆ ਰਾਮ॥

(ਪੰਨਾ 783)

 

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਭਾਈ ਮਨੀ ਸਿੰਘ ਜੀ ਪਾਸੋਂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ ਦੇ ਅਸਥਾਨ ’ਤੇ ਦਰਜ ਕਰਵਾਇਆ। ਉਪਰੰਤ 1708 ਈ: ਨੂੰ ਨਾਂਦੇੜ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਅਰਪਿਤ ਕਰਕੇ ਸਮੁੱਚੇ ਪੰਥ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਹੇਠ ਚੱਲਣ ਦਾ ਆਦੇਸ਼ ਕੀਤਾ। ਭਾਈ ਨੰਦ ਲਾਲ ਜੀ ਗੋਯਾ, ਜੋ ਕਿ ਦਸਵੇਂ ਪਾਤਸ਼ਾਹ ਦੇ ਦਰਬਾਰੀ ਕਵੀ ਸਨ, ਰਹਿਤਨਾਮੇ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨਾਂ ਦੀ ਮਹਾਨਤਾ ਬਾਰੇ ਇੰਞ ਲਿਖਦੇ ਹਨ:

 

ਜੋ ਸਿੱਖ ਗੁਰ ਦਰਸਨ ਕੀ ਚਾਹਿ।

ਦਰਸ਼ਨ ਕਰੇ ਗ੍ਰੰਥ ਜੀ ਆਹਿ॥14॥

ਜੋ ਮਮ ਸਾਥ ਚਾਹੇ ਕਰ ਬਾਤ

ਗ੍ਰੰਥ ਜੀ ਪੜ੍ਹੇ ਸੁਣੇ ਬਿਚਾਰੇ ਸਾਥ॥22॥

(ਭਾਈ ਨੰਦ ਲਾਲ ਗ੍ਰੰਥਾਵਲੀ)

            ਗੁਰੂ ਪਾਤਸ਼ਾਹ ਵੱਲੋਂ ਹੋਏ ਹੁਕਮ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਹੀ ਹਰ ਸਿੱਖ ਲਈ ਸਤਿਗੁਰੂ ਹਨ। ਅਸੀਂ ਆਪਣੀਆਂ ਮਾਨਸਿਕ, ਆਤਮਿਕ ਤੇ ਅਧਿਆਤਮਿਕ ਆਦਿ ਸਭ ਲੋੜਾਂ ਦੀ ਪੂਰਤੀ ਪਾਵਨ ਸਤਿਗੁਰਾਂ ਪਾਸੋਂ ਪ੍ਰਾਪਤ ਕਰਨੀ ਹੈ।

 

ਸਮੁੱਚੀ ਗੁਰਬਾਣੀ ਵਿਚ ਮਨੁੱਖਤਾ ਨੂੰ ਇਕਜੁੱਟ ਰਹਿਣ ਦਾ ਸੰਦੇਸ਼ ਹੈ। ਮਾਨਵਤਾ ਨੂੰ ਚੜ੍ਹਦੀ ਕਲਾ, ਸ੍ਵੈ-ਵਿਸ਼ਵਾਸ, ਸਰਬ-ਸਾਂਝੀਵਾਲਤਾ ਅਤੇ ਸਰਬੱਤ ਦੇ ਭਲੇ ਦੀ ਭਾਵਨਾ ਹਿੱਤ ਜਿਉਣ ਦੀ ਜਾਂਚ ਦੱਸੀ ਗਈ ਹੈ। ਸਮੁੱਚੀ ਮਾਨਵਤਾ ਨੂੰ ਇਕ ਸਮਾਨ ਸਮਝਣ, ਆਪਸੀ ਵਿਤਕਰਿਆਂ, ਭਿੰਨ-ਭੇਦਾਂ ਤੋਂ ਉੱਪਰ ਉੱਠਣ ਦਾ ਵਾਰ-ਵਾਰ ਸੰਦੇਸ਼ ਹੈ:

 

ਸਭੈ ਘਟ ਰਾਮੁ ਬੋਲੈ ਰਾਮਾ ਬੋਲੈ

ਰਾਮ ਬਿਨਾ ਕੋ ਬੋਲੈ ਰੇ ॥1॥ ਰਹਾਉ॥

(ਪੰਨਾ 988)

ਪਵਿੱਤਰ ਬਾਣੀ ਦਾ ਉਪਦੇਸ਼ ਹੈ ਕਿ ਰੱਬੀ ਭਾਣੇ ’ਚ ਰਹਿੰਦਿਆਂ ਸਭਨਾਂ ਦਾ ਭਲਾ ਮਨਾਉਂਦਿਆਂ, ਬ੍ਰਹਿਮੰਡੀ ਨਿਆਮਤਾਂ ਦੇ ਕਰਤਾ ਨੂੰ ਯਾਦ ਕਰਦਿਆਂ, ਸਰਬੱਤ ਦੇ ਭਲੇ ਵਾਲੀ ਬਿਰਤੀ ਨੂੰ ਧੁਰ ਹਿਰਦੇ ’ਚ ਵਸਾ ਕੇ ਜੀਵਨ ਬਸਰ ਕਰੀਏ, ਫਿਰ ਸਾਰਾ ਵਿਸ਼ਵ ਸੋਹਣਾ, ਸੁਹਾਵਣਾ ਅਤੇ ਖ਼ੂਬਸੂਰਤ ਲੱਗੇਗਾ।

 

ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੇ ਸ਼ੁਭ ਅਵਸਰ ’ਤੇ ਮੈਂ ਸਮੂਹ ਸਿੱਖ ਸੰਗਤਾਂ ਨੂੰ ਵਧਾਈ ਦਿੰਦਾ ਹੋਇਆ ਜੋਦੜੀ ਕਰਦਾ ਹਾਂ ਕਿ ਹਰ ਉਹ ਮਾਈ-ਭਾਈ ਜਿਸ ਨੇ ਹੁਣ ਤੀਕ ਅੰਮ੍ਰਿਤ ਨਹੀਂ ਛਕਿਆ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗ ਕੇ ਖੰਡੇ-ਬਾਟੇ ਦੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰ ਕੇ ਗੁਰੂ ਦੀਆਂ ਅਸੀਸਾਂ ਦੇ ਪਾਤਰ ਬਣੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਮਨ ਵਿਚ ਵਸਾਇਆਂ ਹੀ ਨਿਰੰਕਾਰ ਨਾਲ ਇਕਮਿਕਤਾ ਹਾਸਲ ਹੋ ਸਕੇਗੀ। ਗੁਰੂ ਪਾਤਸ਼ਾਹ ਦਾ ਪਾਵਨ ਹੁਕਮ ਹੈ:

 

ਅੰਮ੍ਰਿਤ ਬਾਣੀ ਤਤੁ ਹੈ ਗੁਰਮੁਖਿ ਵਸੈ ਮਨਿ ਆਇ॥

ਹਿਰਦੈ ਕਮਲੁ ਪਰਗਾਸਿਆ ਜੋਤੀ ਜੋਤਿ ਮਿਲਾਇ॥

(ਪੰਨਾ 1424)