ਸਿੱਖਾਂ ਦਾ ਕੌਮੀ ਤਿਉਹਾਰ ‘ਹੋਲਾ ਮਹੱਲਾ’

ਐਡਵੋਕੇਟ ਹਰਜਿੰਦਰ ਸਿੰਘ ਧਾਮੀ,
ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ,
ਸ੍ਰੀ ਅੰਮ੍ਰਿਤਸਰ।

ਹੋਲਾ ਮਹੱਲਾ ਸਿੱਖਾਂ ਦਾ ਕੌਮੀ ਤਿਉਹਾਰ ਹੈ। ਇਹ ਹੋਲੀ ਤੋਂ ਵੱਖਰਾ ਹੈ ਅਤੇ ਇਸ ਦੀ ਸ਼ੁਰੂਆਤ ਪਿੱਛੇ ਉੱਚੀਆਂ ਸੁੱਚੀਆਂ ਤੇ ਸਾਰਥਕ ਕਦਰਾਂ-ਕੀਮਤਾਂ ਹਨ। ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸਿੱਖਾਂ ਦੀ ਸ਼ਖ਼ਸੀਅਤ ਉਸਾਰੀ ਲਈ ਅਗਾਂਹਵਧੂ ਸੋਚ ਹੋਲਾ ਮਹੱਲਾ ਦੀ ਪ੍ਰੰਪਰਾ ਪਿੱਛੇ ਸ਼ਕਤੀ ਅਤੇ ਪ੍ਰੇਰਣਾ ਵਜੋਂ ਕੰਮ ਕਰਦੀ ਹੈ। ਗੁਰੂ ਸਾਹਿਬਾਨ ਦਾ ਮੰਤਵ ਨਿਰਾਰਥਕ ਅਤੇ ਉਦੇਸ਼ਹੀਣ ਮਾਨਵਸ਼ਕਤੀ ਨੂੰ ਚੜ੍ਹਦੀ ਕਲਾ ਨਾਲ ਜੋੜ ਕੇ ਸਿਹਤਮੰਦ ਸਮਾਜ ਦੀ ਸਿਰਜਨਾ ਕਰਨਾ ਸੀ ਅਤੇ ਇਸੇ ਦਿਸ਼ਾ ਵਿਚ ਹੀ ਉਨ੍ਹਾਂ ਨੇ ਖਾਲਸਈ ਦਿਹਾੜਿਆਂ ਨੂੰ ਆਰੰਭ ਕੀਤਾ। ਸਿੱਖ ਕੌਮ ਦਾ ਇਤਿਹਾਸ ਸ਼ਾਨਾਂਮੱਤਾ ਹੈ। ਇਸ ਦਾ ਇਕ-ਇਕ ਪੰਨਾ ਵਿਲੱਖਣ, ਨਿਰਾਲਾ ਅਤੇ ਗੌਰਵਸ਼ਾਲੀ ਹੈ। ਇਤਿਹਾਸ ਅੰਦਰ ਜਿਨ੍ਹਾਂ ਖ਼ਾਲਸਈ ਰੰਗ ਵਿਚ ਪੇਸ਼ ਦਿਹਾੜਿਆਂ ਦਾ ਜ਼ਿਕਰ ਆਉਂਦਾ ਹੈ, ਉਨ੍ਹਾਂ ਵਿਚ ਹੋਲਾ ਮਹੱਲਾ ਤੋਂ ਇਲਾਵਾ ਬੰਦੀ ਛੋੜ ਦਿਵਸ ਤੇ ਖਾਲਸਾ ਸਾਜਨਾ ਦਿਵਸ ਆਦਿ ਪ੍ਰਮੁੱਖ ਹਨ। ਇਨ੍ਹਾਂ ਖ਼ਾਲਸਈ ਦਿਹਾੜਿਆਂ ਨੇ ਇਕੱਲਾ ਸਿੱਖਾਂ ਨੂੰ ਹੀ ਨਵਾਂ ਜੋਸ਼ ਅਤੇ ਸ਼ਕਤੀ ਨਹੀਂ ਦਿੱਤੀ, ਸਗੋਂ ਸਮੁੱਚੀ ਮਾਨਵਤਾ ਨੇ ਹੀ ਚੇਤ, ਅਚੇਤ ਰੂਪ ਵਿਚ ਇਨ੍ਹਾਂ ਦਾ ਪ੍ਰਭਾਵ ਕਬੂਲਿਆ।
ਖ਼ਾਲਸਈ ਤਿਉਹਾਰ ਹੋਲਾ ਮਹੱਲਾ ਬਸੰਤ ਰੁਤ ਦੇ ਭਾਰਤੀ ਤਿਉਹਾਰ ਹੋਲੀ ਤੋਂ ਅਗਲੇ ਦਿਨ ਮਨਾਇਆ ਜਾਂਦਾ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਚੇਤ ਵਦੀ ਇਕ ਸੰਮਤ ੧੭੫੭ ਬਿਕ੍ਰਮੀ (ਸੰਨ ੧੭੦੦) ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਕਿਲ੍ਹਾ ਹੋਲਗੜ੍ਹ ਦੇ ਸਥਾਨ ’ਤੇ ਹੋਲੇ ਮਹੱਲੇ ਦਾ ਆਰੰਭ ਕੀਤਾ ਸੀ। ਗੁਰੂ ਸਾਹਿਬ ਦਾ ਮੰਤਵ ਤੇ ਉਦੇਸ਼ ਬੜਾ ਉਸਾਰੂ ਸੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਗੁਰਸਿੱਖਾਂ ਦੇ ਅੰਦਰ ਫ਼ਤਹਿ ਅਤੇ ਚੜ੍ਹਦੀ ਕਲਾ ਦੇ ਸੁਨੇਹੇ ਨੂੰ ਹੋਰ ਦ੍ਰਿੜ੍ਹ ਕਰਨਾ ਚਾਹੁੰਦੇ ਸਨ। ਦਸਮੇਸ਼ ਪਿਤਾ ਜੀ ਨੇ ਨਿੱਘਰ ਚੁੱਕੇ ਸਮਾਜ ਦੇ ਦੱਬੇ-ਕੁਚਲੇ ਅਤੇ ਲਿਤਾੜੇ ਜਾ ਰਹੇ ਲੋਕਾਂ ਨੂੰ ਸਵੈਮਾਣ ਤੇ ਆਪਣੀ ਹੋਂਦ ਦਾ ਅਹਿਸਾਸ ਕਰਵਾਉਣ ਲਈ ਉਨ੍ਹਾਂ ਵਿਚ ਨਿਡਰਤਾ ਤੇ ਨਿਰਭੈਤਾ ਭਰਨ ਲਈ ਲਈ ੧੬੯੯ ਦੀ ਵਿਸਾਖੀ ਵਾਲੇ ਦਿਨ ਖਾਲਸਾ ਪੰਥ ਦੀ ਸਥਾਪਨਾ ਕੀਤੀ। ਖ਼ਾਲਸਾ ਸਾਜਣਾ ਦੇ ਇਕ ਸਾਲ ਬਾਅਦ ਹੋਲੀ ਦੀ ਥਾਂ ਹੋਲੇ ਮਹੱਲੇ ਦਾ ਜਲੌ ਸਜਾ ਕੇ ਕੌਮੀ ਸ਼ਕਤੀ ਨੂੰ ਸੰਗਠਤ ਕਰਨ ਲਈ ਚੜ੍ਹਦੀ ਕਲਾ ਵਾਲਾ ਮਾਰਗ ਦਿੱਤਾ। ਕੌਮ ਅੰਦਰ ਅਜ਼ਾਦੀ ਦਾ ਬੀਜ ਬੀਜਣ ਲਈ ਕਲਗੀਧਰ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਿਥੇ ਨਵਾਂ ਜੀਵਨ ਬਖਸ਼ਿਆ, ਉਥੇ ਭਾਰਤੀ ਸਮਾਜ ਲਈ ਉਨ੍ਹਾਂ ਦੇ ਰੀਤੀ-ਰਿਵਾਜ਼ਾਂ ਅਤੇ ਰਸਮਾਂ ਨੂੰ ਮਨਾਉਣ ਦੇ ਢੰਗ ਵਿਚ ਵੀ ਇਨਕਲਾਬੀ ਤਬਦੀਲੀਆਂ ਲਿਆਂਦੀਆਂ। ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਚਲਾਇਆ ਹੋਲਾ ਮਹੱਲਾ ਸਿੱਖ ਸ਼ਕਤੀ ਨੂੰ ਪ੍ਰਗਟ ਕਰਨ ਅਤੇ ਅਣਖ ਦੇ ਅਨੁਭਵ ਦੇ ਪ੍ਰਤੀਕ ਵਜੋਂ ਸਾਹਮਣੇ ਹੈ। ਹੋਲਾ ਮਹੱਲਾ ਸਿੱਖਾਂ ਨੂੰ ਹਰ ਸਾਲ ਦ੍ਰਿੜ੍ਹ ਵਿਸ਼ਵਾਸੀ ਤੇ ਉੱਚੇ-ਸੁੱਚੇ ਮਨੁੱਖੀ ਆਦਰਸ਼ਾਂ ਨਾਲ ਜੋੜਨ ਦੀ ਖਾਲਸਈ ਰਵਾਇਤ ਹੈ, ਜਿਸ ਨੇ ਸਿੱਖਾਂ ਨੂੰ ਜ਼ੁਲਮ, ਜਬਰ ਵਿਰੁੱਧ ਜੂਝਣ ਲਈ ਨਵਾਂ ਜੋਸ਼ ਤੇ ਉਤਸ਼ਾਹ ਪ੍ਰਦਾਨ ਕੀਤਾ ਹੈ।
ਹੋਲਾ ਮਹੱਲਾ ਦੀ ਰਵਾਇਤ ਤੋਂ ਸਪੱਸ਼ਟ ਹੁੰਦਾ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਵਿਚ ਦਲੇਰੀ ਅਤੇ ਅਣਖ ਭਰਨ ਲਈ ਇਸ ਨੂੰ ਚੁਣਿਆ। ਹੋਲੀ ਮਨਾਉਣ ਲਈ ਜਿਥੇ ਲੋਕ ਇਕ ਦੂਜੇ ’ਤੇ ਰੰਗ ਸੁੱਟ ਕੇ ਅਤੇ ਨਸ਼ੇ ਪੀ ਕੇ ਮਨੁੱਖੀ-ਸ਼ਕਤੀ ਨੂੰ ਨਸ਼ਟ ਕਰ ਰਹੇ ਸਨ, ਉਥੇ ਖ਼ਾਲਸੇ ਵੱਲੋਂ ਹੋਲਾ ਤਲਵਾਰਾਂ, ਬਰਛਿਆਂ ਅਤੇ ਨੇਜਿਆਂ ਨਾਲ ਖੇਡਿਆ ਗਿਆ। ਹੋਲੀ ਦਾ ਇਹ ਬਦਲ ਹੋਲੇ-ਮਹੱਲੇ ਦੇ ਰੂਪ ਵਿਚ ਕ੍ਰਾਂਤੀਕਾਰੀ ਸੰਕਲਪ ਵਜੋਂ ਸੀ, ਜਿਸ ਦਾ ਢੰਗ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਆਪ ਨਿਸ਼ਚਿਤ ਕੀਤਾ। ਇਸ ਦੀ ਅਲੌਕਿਕ ਮਹਿਮਾ ਦਾ ਵਰਣਨ ਕਵੀ ਸੁਮੇਰ ਸਿੰਘ ਇਸ ਤਰ੍ਹਾਂ ਕਰਦੇ ਹਨ:
ਔਰਨ ਕੀ ਹੋਲੀ ਮਮ ਹੋਲਾ। ਕਹਯੋ ਕ੍ਰਿਪਾਨਿਧ ਬਚਨ ਅਮੋਲਾ।
ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ, ‘ਯੁੱਧ ਵਿਦਿਆ ਦੇ ਅਭਿਆਸ ਨੂੰ ਨਿੱਤ ਨਵਾਂ ਰੱਖਣ ਵਾਸਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਲਾਈ ਰੀਤੀ ਅਨੁਸਾਰ ਚੇਤ ਵਦੀ ੧ ਨੂੰ ਸਿੱਖਾਂ ਵਿਚ ਹੋਲਾ ਮਹੱਲਾ ਹੁੰਦਾ ਹੈ ਜਿਸ ਦਾ ਹੋਲੀ ਦੀ ਰਸਮ ਨਾਲ ਕੋਈ ਸਬੰਧ ਨਹੀਂ।’
ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਖਾਲਸੇ ਨੂੰ ਯੁੱਧ-ਵਿੱਦਿਆ ਵਿਚ ਨਿਪੁੰਨ ਕਰਨਾ ਚਾਹੁੰਦੇ ਸਨ, ਇਸ ਲਈ ਉਨ੍ਹਾਂ ਨੇ ਹੋਲਾ ਮਹੱਲਾ ਦੀ ਖ਼ਾਲਸਈ ਰਵਾਇਤ ਆਰੰਭ ਕੀਤੀ। ਇਤਿਹਾਸ ਗਵਾਹ ਹੈ ਕਿ ਗੁਰੂ ਪਾਤਸ਼ਾਹ ਜੀ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ‘ਤੇ ਹੋਲਾ-ਮਹੱਲਾ ਦੇ ਰੂਪ ਵਿਚ ਮਨਾਏ ਜਾਂਦੇ ਜੰਗਜੂ ਤਿਉਹਾਰ ਸਮੇਂ ਸਿੰਘਾਂ ਦੀਆਂ ਆਪਸ ਵਿਚ ਲੜੀਆਂ ਜਾਂਦੀਆਂ ਅਭਿਆਸ ਰੂਪੀ ਮਸਨੂਈ ਲੜਾਈਆਂ ਨੇ ਭਾਰਤੀ ਲੋਕਾਂ ਦੇ ਮਨੋ-ਬਲ ਨੂੰ ਉੱਚਾ ਕੀਤਾ। ਲੋਕ ਕਾਇਰਤਾ ਭਰੇ ਮਾਹੌਲ ‘ਚੋਂ ਨਿਕਲ ਕੇ ਇਸ ਉਤਸਵ ਵਿਚ ਬੜੇ ਜੋਸ਼ ਤੇ ਸਜ-ਧਜ ਨਾਲ ਸ਼ਾਮਲ ਹੋਣ ਲੱਗੇ। ਇਸੇ ਦਾ ਹੀ ਨਤੀਜਾ ਹੈ ਕਿ ਖ਼ਾਲਸਾ ਪੰਥ ਵੱਲੋਂ ਲੜੇ ਗਏ ਅਨੇਕਾਂ ਯੁੱਧਾਂ ਵਿਚ ਖ਼ਾਲਸੇ ਨੂੰ ਫ਼ਤਹਿ ਨਸੀਬ ਹੋਈ।
ਸਿੱਖ ਕੌਮ ਦੀ ਨਿਆਰੀ ਹੋਂਦ ਨੂੰ ਦਰਸਾਉਂਦੇ ਇਸ ਕੌਮੀ ਤਿਉਹਾਰ ਦਾ ਜਲੌ ਅੱਜ ਵੀ ਉਸੇ ਤਰ੍ਹਾਂ ਕਾਇਮ ਹੈ। ਹੋਲਾ ਮਹੱਲਾ ਮੌਕੇ ਹਰ ਸਾਲ ਲੱਖਾਂ ਸੰਗਤਾਂ ਸ੍ਰੀ ਅਨੰਦਪੁਰ ਸਾਹਿਬ, ਸ੍ਰੀ ਪਾਉਂਟਾ ਸਾਹਿਬ ਤੇ ਸ੍ਰੀ ਹਜ਼ੂਰ ਸਾਹਿਬ ਵਿਖੇ ਪੁੱਜਦੀਆਂ ਹਨ। ਸ੍ਰੀ ਅਨੰਦਪੁਰ ਸਾਹਿਬ ਵਿਖੇ ਤਾਂ ਕਈ ਕਈ ਦਿਨ ਸੰਗਤਾਂ ਦੀ ਆਮਦ ਬਣੀ ਰਹਿੰਦੀ ਹੈ, ਹੋਲਾ ਮਹੱਲਾ ਵਾਲੇ ਦਿਨ ਸ੍ਰੀ ਅਨੰਦਪੁਰ ਸਾਹਿਬ ਦੀ ਰੌਣਕ ਅਤੇ ਕੌਮੀ ਜਲੌ ਦੇਖਣਯੋਗ ਹੁੰਦਾ ਹੈ। ਨਿਹੰਗ ਸਿੰਘ ਦਲ ਮਹੱਲਾ ਸਜਾਉਣ ਮੌਕੇ ਰਵਾਇਤੀ ਸ਼ਸਤਰਾਂ ਨਾਲ ਭਰਪੂਰ ਹੋ ਕੇ ਵੱਡੀ ਗਿਣਤੀ ਵਿਚ ਹਾਜ਼ਰੀਆਂ ਭਰਦੇ ਹਨ। ਇਸ ਮੌਕੇ ਜਿਥੇ ਧਾਰਮਿਕ ਦੀਵਾਨ ਸਜਦੇ ਹਨ, ਸਿਜ ਵਿਚ ਖਾਲਸਾ ਦਾ ਸ਼ਾਨਾਂਮੱਤਾ ਇਤਿਹਾਸ ਸੰਗਤ ਨਾਲ ਸਾਂਝਾ ਕੀਤਾ ਜਾਂਦਾ ਹੈ।
ਅੱਜ ਦੇ ਸਮੇਂ ਜਦ ਸਾਡੀ ਨੌਜਵਾਨ ਪੀੜ੍ਹੀ ਆਪਣੇ ਵਿਰਸੇ ਨੂੰ ਭੁਲਦੀ ਜਾ ਰਹੀ ਹੈ ਉਸ ਸਮੇਂ ਨੌਜਵਾਨੀ ਨੂੰ ਆਪਣੇ ਵਿਰਸੇ ਨਾਲ ਜੋੜਨ ਲਈ ਇਹ ਤਿਉਹਾਰ ਪ੍ਰੇਰਨਾ ਸਰੋਤ ਹੋ ਸਕਦੇ ਹਨ। ਅਜੋਕੀ ਪੀੜ੍ਹੀ ਨੂੰ ਆਪਣੇ ਸ਼ਾਨਾ ਮੱਤੇ ਇਤਿਹਾਸ, ਗੌਰਵਮਈ ਵਿਰਸੇ ਅਤੇ ਬੀਰ-ਰਸੀ ਰਵਾਇਤਾਂ ਤੋਂ ਜਾਣੂ ਕਰਵਾ ਕੇ ਪਤਿਤਪੁਣੇ ਅਤੇ ਨਸ਼ਿਆਂ ਤੋਂ ਰੋਕਿਆ ਜਾ ਸਕਦਾ ਹੈ। ਹਰ ਮਾਂ-ਬਾਪ ਦਾ ਫ਼ਰਜ਼ ਹੈ ਕਿ ਆਪਣੇ ਬੱਚਿਆਂ ਨੂੰ ਸਿੱਖ ਕੌਮ ਦੀਆਂ ਰਵਾਇਤਾਂ ਤੋਂ ਜਾਣੂ ਕਰਵਾਉਣ ਲਈ ਸਮਾਂ ਕੱਢਣ। ਜੇਕਰ ਅਸੀਂ ਚਾਹੁੰਦੇ ਹਾਂ ਕਿ ਸਾਡੀ ਨੌਜੁਆਨੀ ਤਰੱਕੀ ਕਰੇ ਤਾਂ ਉਸ ਦੀ ਸ਼ਖ਼ਸੀਅਤ ਦੇ ਸਰਬਪੱਖੀ ਵਿਕਾਸ ਲਈ ਧਾਰਮਿਕ ਕਦਰਾਂ-ਕੀਮਤਾਂ ਨਾਲ ਜੋੜਨਾ ਬੇਹੱਦ ਲਾਜ਼ਮੀ ਹੈ। ਧਰਮ ਵਿਚ ਪ੍ਰਪੱਕ ਨੌਜੁਆਨੀ ਹੀ ਕੌਮ ਦਾ ਸੁਚੱਜਾ ਭਵਿੱਖ ਬਣ ਸਕਦੀ ਹੈ। ਸੋ ਆਓ, ਖਾਲਸਾ ਪੰਥ ਦੇ ਨਿਆਰੇ ਤਿਉਹਾਰ ਹੋਲਾ ਮਹੱਲਾ ਮੌਕੇ ਆਪਣੇ ਜੀਵਨ ਅੰਦਰ ਖ਼ਾਲਸਾਈ ਜਜ਼ਬੇ ਦੀ ਭਾਵਨਾ ਭਰਦਿਆਂ ਉੱਦਮੀ ਜੀਵਨ ਜੀਉਣ ਲਈ ਅੱਗੇ ਵਧੀਏ ਅਤੇ ਗੁਰੂ ਸਾਹਿਬ ਦੀ ਸੋਚ ਨੂੰ ਸਮਰਪਿਤ ਹੋ ਕੇ ਭਵਿੱਖ ਦੀਆਂ ਤਰਜ਼ੀਹਾਂ ਨਿਰਧਾਰਤ ਕਰੀਏ।