ਦਸਮ ਪਾਤਸ਼ਾਹ ਜੀ ਦੇ ਵੱਡੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ

-ਬੀਬੀ ਜਗੀਰ ਕੌਰ
ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ,
ਸ੍ਰੀ ਅੰਮ੍ਰਿਤਸਰ।

ਸ਼ਹੀਦ ਆਪਣੇ ਅਕੀਦੇ, ਦੇਸ਼, ਕੌਮ ਅਤੇ ਧਰਮ ਲਈ ਜਿੰਦ-ਜਾਨ ਵਾਰ ਕੇ ਇਹ ਸਿੱਧ ਕਰਦਾ ਹੈ ਕਿ ਉਸ ਦਾ ਹੱਕ ਤੇ ਇਨਸਾਫ ਦੇ ਰਾਹ ‘ਤੇ ਤੁਰਨ ਦਾ ਦਾਹਵਾ ਕੇਵਲ ਦਿਮਾਗੀ ਹੀ ਨਹੀਂ, ਬਲਕਿ ਦਿਲ ਤੋਂ ਹੈ ਅਤੇ ਉਸਨੂੰ ਜਾਨ ਨਾਲੋਂ ਈਮਾਨ ਵੱਧ ਪਿਆਰਾ ਹੈ। ਚਮਕੌਰ ਦੀ ਗੜ੍ਹੀ ਵਿਖੇ ਕਲਗੀਧਰ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਵੀ ਕੁਝ ਅਜਿਹੀ ਹੀ ਅਲੌਕਿਕ ਗਾਥਾ ਹੈ। ਇਕ ਪਾਸੇ ੧੦ ਲੱਖ ਦੇ ਕਰੀਬ ਸ਼ਾਹੀ ਸੈਨਾ ਅਤੇ ਦੂਜੇ ਪਾਸੇ ਕੇਵਲ ੪੦ ਸਿੰਘ ਉਹ ਵੀ ਲੰਬਾ ਪੈਂਡਾ ਕਰਕੇ ਥੱਕੇ-ਟੱਟੇ ਅਤੇ ਕਈ ਦਿਨਾ ਦੇ ਭੁੱਖੇ ਤ੍ਰਿਹਾਏ। ਫਿਰ ਜਿਸ ਸੂਰਮਗਤੀ ਨਾਲ ਇਨ੍ਹਾਂ ਮਰਜੀਵੜੇ ਸਿੰਘਾਂ ਨੇ ਸ਼ਾਹੀ ਸੈਨਾ ਨਾਲ ਯੁੱਧ ਕੀਤਾ ਅਤੇ ਹੱਸ-ਹੱਸ ਕੇ ਸ਼ਹੀਦੀਆਂ ਪ੍ਰਾਪਤ ਕੀਤੀਆਂ, ਉਸਦਾ ਸੰਸਾਰ ਦੇ ਇਤਿਹਾਸ ਵਿਚ ਕੋਈ ਸਾਨੀ ਨਹੀਂ। ਕਲਗੀਧਰ ਪਿਤਾ ਜੀ ਔਰੰਗਜ਼ੇਬ ਨੂੰ ਫ਼ਾਰਸੀ ਵਿਚ ਲਿਖੇ ਫ਼ਤਹ ਦੇ ਪੱਤਰ ‘ਜ਼ਫ਼ਰਨਾਮੇ’ ਵਿਚ ਵਿਸਥਾਰ ਨਾਲ ਚਮਕੌਰ ਦੀ ਜੰਗ ਦਾ ਜ਼ਿਕਰ ਕਰਦੇ ਹਨ-
ਗੁਰਸਨਹ ਚਿਹ ਕਾਰੇ ਕੁਨੱਦ ਚਿਹਲ ਨਰ॥
ਕਿ ਦਹ ਲੱਕ ਬਿਆਯਦਬਰੋ ਬੇਖ਼ਬਰ॥
ਹਵੇਲੀ ਭਾਵੇਂ ਕੱਚੀ ਸੀ ਅਤੇ ਸਿੰਘਾਂ ਦੀ ਘੱਟ ਗਿਣਤੀ ਬਾਰੇ ਵੀ ਦੁਸ਼ਮਣ ਦਲਾਂ ਨੂੰ ਖ਼ਬਰ ਸੀ ਲੇਕਿਨ ਫਿਰ ਵੀ ਕੋਈ ਗੜ੍ਹੀ ਦੇ ਨਜ਼ਦੀਕ ਆਉਣ ਦੀ ਹਿੰਮਤ ਨਹੀਂ ਸੀ ਕਰ ਰਿਹਾ। ਨਾਹਰ ਖਾਂ ਨੇ ਮੌਕਾ ਵੇਖਕੇ ਪੌੜੀ ਲਗਾ ਹਵੇਲੀ ਤੇ ਚੜ੍ਹਨ ਦੀ ਵਿਉਂਤ ਬਣਾਈ। ਪਰੰਤੂ ਉਸਦਾ ਸਿਰ ਦੀਵਾਰ ਤੋਂ ਉੱਚਾ ਹੋਇਆ, ਗੁਰੂ ਜੀ ਨੇ ਤੀਰ ਨਾਲ ਉੱਥੇ ਹੀ ਢੇਰੀ ਕਰ ਦਿੱਤਾ। ਉਪਰੰਤ ਗਨੀ ਖਾਨ ਨਾਮੀ ਜਰਨੈਲ ਵੀ ਇਸੇ ਜਤਨ ਵਿਚ ਮਾਰਿਆ ਗਿਆ। ਸਾਥੀਆਂ ਨੂੰ ਅੱਖਾਂ ਸਾਹਵੇਂ ਮਰਦਾ ਵੇਖ ਕੇ ਖਵਾਜਾ ਮਰਦੂਦ ਅਲੀ ਦਾ ਹੌਸਲਾ ਪਸਤ ਹੋ ਗਿਆ ਅਤੇ ਉਹ ਗੜ੍ਹੀ ਦੀਆਂ ਕੰਧਾਂ ਨਾਲ ਲਗਦਾ ਹੋਇਆ ਭੱਜਣ ਵਿਚ ਕਾਮਯਾਬ ਹੋ ਗਿਆ। ਸਤਿਗੁਰੂ ਜੀ ਜ਼ਫ਼ਰਨਾਮੇ ਵਿਚ ਇਸ ਘਟਨਾ ਦਾ ਜ਼ਿਕਰ ਵੀ ਕਰਦੇ ਹਨ ਕਿ ਕਾਇਰ ਦੀਵਾਰ ਉਹਲੇ ਲੁਕਿਆ ਰਿਹਾ, ਜੇਕਰ ਸੂਰਮਿਆਂ ਵਾਂਗ ਸਾਹਮਣੇ ਆਉਂਦਾ ਤਾਂ ਮੈਂ ਇਕ ਤੀਰ ਉਸਨੂੰ ਵੀ ਬਖਸ਼ ਦਿੰਦਾ-
ਕਿ ਆਂ ਖਵਾਜਾ ਮਰਦੂਦ ਸਾਯ: ਏ ਦੀਵਾਰ॥
ਨਿਆਮਦ ਬ-ਮੈਦਾਂ ਬ-ਮਰਦਾਨਾ ਵਾਰ॥
ਦਰੇਗ! ਅਗਰ ਰੂਇ ਓ ਦੀਦਮੇ॥
ਬ-ਯਕ ਤੀਰ ਲਾਚਾਰ ਬਖਸ਼ੀਦਮੇ॥
ਗੁਰੂ ਜੀ ਨੇ ਜੰਗ ਦੀ ਵਿਉਂਤਬੰਦੀ ਕੀਤੀ ਅਤੇ ਸਿੰਘਾਂ ਦੇ ਜਥੇ ਦੁਸ਼ਮਣ ਨਾਲ ਦੋ ਹੱਥ ਕਰਨ ਲਈ ਗੜ੍ਹੀ ਤੋਂ ਬਾਹਰ ਭੇਜਣੇ ਸ਼ੁਰੂ ਕੀਤੇ। ਸਿੰਘਾਂ ਨੇ ਗੁਰੂ ਜੀ ਅਤੇ ਸਾਹਿਬਜ਼ਾਦਿਆਂ ਦੇ ਜੀਵਨ ਨੂੰ ਅਨਮੋਕ ਜਾਣਦੇ ਹੋਏ, ਗੁਰੂ ਜੀ ਨੂੰ ਸਾਹਿਬਜ਼ਾਦਿਆਂ ਸਮੇਤ ਗੜ੍ਹੀ ਚੋਂ ਨਿਕਲ ਜਾਣ ਦੀ ਬੇਨਤੀ ਕੀਤੀ ਤਾਂ ਗੁਰੂ ਜੀ ਨੇ ਕਿਹਾ ਕਿ ਕਿਹੜੇ ਸਾਹਿਬਜ਼ਾਦਿਆਂ ਦੀ ਗੱਲ ਕਰਦੇ ਹੋ, ਤੁਸੀਂ ਸਾਰੇ ਹੀ ਮੇਰੇ ਸਾਹਿਬਜ਼ਾਦੇ ਹੋ।ਓਧਰ ਬਾਬਾ ਅਜੀਤ ਸਿੰਘ ਜੀ ਨੇ ਜੰਗ ਵਿਚ ਜਾਣ ਦੀ ਆਗਿਆ ਮੰਗ ਲਈ, ਜਿਸ ਨੂੰ ਸਤਿਗੁਰਾਂ ਨੇ ਹੱਸ ਕੇ ਕਬੂਲ ਕੀਤਾ।ਹਜ਼ੂਰ ਕਵੀ ਸੈਨਾਪਤਿ ਦੀ ਲਿਖਤ ਅਨੁਸਾਰ-
ਬਿਨਉ ਕਰੀ ਕਰ ਜੋਰਿ ਕੈ ਖੁਸ਼ੀ ਕਰਉ ਕਰਤਾਰ।
ਕਰਉ ਬੀਰ ਸੰਗ੍ਰਾਮ ਮੈ ਦੇਖਉ ਆਪਿ ਨਿਹਾਰ। (ਗੁਰ ਸੋਭਾ)
ਅਜੀਤ ਸਿੰਘ ਜੀ ਸਿੰਘਾਂ ਸਮੇਤ ਨਾਲ ਜੈਕਾਰੇ ਗਜਾਉਂਦੇ ਹੋਏ ਜੰਗ ਲਈ ਗੜ੍ਹੀ ਵਿਚੋਂ ਬਾਹਰ ਨਿਕਲੇ ਅਤੇ ਵੈਰੀ ਦਲ ਨੂੰ ਉਹ ਹੱਥ ਵਿਖਾਏ ਕਿ ਇਕ ਵੇਰ ਤਾਂ ਸਭ ਨੂੰ ਹੋਸ਼ ਭੁੱਲ ਗਏ। ਬਾਬਾ ਅਜੀਤ ਸਿੰਘ ਜੀ ਨੇ ਗਰਜਵੀਂ ਆਵਾਜ ਵਿਚ ਵੰਗਾਰ ਕੇ ਆਖਿਆ ਕਿ ਜਿਸਦੇ ਦਿਲ ਵਿਚ ਲੜਨ ਦੀ ਉਮੰਗ ਹੈ, ਉਹ ਸੂਰਮਾ ਅੱਗੇ ਆਵੇ-
ਕਰੀ ਆਵਾਜ਼, ਅਬ ਆਓ ਅਰਮਾਨ ਜਿਹ, ਸਕਲ ਦਲ ਦੇਖ ਦਉਰੇ ਅਪਾਰੋ।
ਘੇਰ ਚਹੂੰ ਦਿਸ ਲਿਯੋ ਆਨਿ ਤੁਰਕਾਨ ਨੇ, ਕਰਯੋ ਸੰਗ੍ਰਾਮ ਅਜੀਤ ਸਿੰਘ ਭਾਰੋ। (ਗੁਰ ਸੋਭਾ)
ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਨੇ ਸ਼ਸਤਰਾਂ ਦੇ ਅਜਿਹੇ ਵਾਰ ਕੀਤੇ ਕਿ ਸਭ ਅੱਲਾਹ-ਅੱਲਾਹ ਕਰਨ ਲੱਗੇ। ਲੇਕਿਨ ਟਿੱਡੀ ਦਲ ਵਾਂਗ ਆਏ ਤੁਰਕਾਂ ਨਾਲ ਗਿਣਤੀ ਦੇ ਸਿੰਘ ਕਦੋਂ ਤੀਕ ਟੱਕਰ ਲੈ ਸਕਦੇ ਸਨ, ਸੋ ਇਕ-ਇਕ ਕਰਕੇ ਸ਼ਹੀਦੀਆਂ ਪਾਉਂਦੇ ਗਏ। ਗੁਰੂ ਜੀ ਗੜ੍ਹੀ ਵਿਚੋਂ ਸਭ ਹਾਲ ਤੱਕ ਰਹੇ ਸਨ। ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਵੀ ਦੁਸ਼ਮਣਾ ਨਾਲ ਜੂਝਦੇ ਹੋਏ ਸ਼ਹੀਦੀ ਜਾਮ ਪੀ ਗਏ ਤਾਂ ਆਪ ਜੀ ਨੇ ਗੱਜ ਕੇ ਜੈਕਾਰਾ ਗਜਾਇਆ ਅਤੇ ਪਰਮੇਸ਼ਰ ਦਾ ਸ਼ੁਕਰਾਨਾ ਕੀਤਾ। ਵੱਡੇ ਭਰਾ ਨੂੰ ਸ਼ਹੀਦ ਹੁੰਦੇ ਵੇਖ ਕੇ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ ਨੂੰ ਵੀ ਭਾਰੀ ਚਾਅ ਚੜ੍ਹਿਆ ਅਤੇ ਜੰਗ ਵਿਚ ਜਾਣ ਦੀ ਆਗਿਆ ਮੰਗੀ। ਜੋਗੀ ਅੱਲਾ ਯਾਰ ਖਾਂ ਦੇ ਸ਼ਬਦਾਂ ਵਿਚ-
ਇਸ ਵਕਤ ਕਹਾ ਨੰਨ੍ਹੇ ਸੇ ਮਾਸੂਮ ਪਿਸਰ ਨੇ।
ਰੁਖ਼ਸਤ ਹਮੇਂ ਦਿਲਵਾਉ ਪਿਤਾ, ਜਾਏਂਗੇ ਮਰਨੇ।
ਭਾਈ ਸੇ ਬਿਛੜ ਕਰ ਹਮੇਂ ਜੀਨਾ ਨਹੀਂ ਆਤਾ।
ਸੋਨਾ ਨਹੀਂ, ਖਾਨਾ ਨਹੀਂ, ਪੀਨਾ ਨਹੀਂ ਭਾਤਾ।
ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਨੂੰ ਅਨੇਕਾਂ ਵੈਰੀਆਂ ਨੂੰ ਪਾਰ ਬੁਲਾਉਣ ਉਪਰੰਤ ਸ਼ਹੀਦੀ ਪ੍ਰਾਪਤ ਕਰਦੇ ਵੇਖ ਕੇ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ ਵੀ ਵਿਆਕੁਲ ਹੋ ਉਠੇ ਅਤੇ ਪਿਤਾ-ਗੁਰੂ ਜੀ ਪਾਸੋਂ ਜੰਗ ਵਿਚ ਜਾਣ ਦੀ ਆਗਿਆ ਮੰਗੀ। ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਨੇ ਕਿਹਾ ਕਿ ਬੇਸ਼ੱਕ ਮੈਨੂੰ ਵੱਡੇ ਵੀਰ ਜਿਤਨਾ ਜੰਗ-ਯੁੱਧ ਕਰਨ ਦਾ ਗਿਆਨ ਨਹੀਂ ਹੈ, ਪਰੰਤੂ ਮਰਨਾ ਤਾਂ ਮੈਨੂੰ ਵੀ ਆਉਂਦਾ ਹੀ ਹੈ। ਅਲ੍ਹਾ ਯਾਰ ਖਾਂ ਜੋਗੀ ਨੇ ਇਸ ਸਮੇਂ ਦਾ ਜ਼ਿਕਰ ਇਸ ਤਰ੍ਹਾਂ ਕੀਤਾ ਹੈ:
ਲੜਨਾ ਨਹੀਂ ਆਤਾ ਮੁਝੇ ਮਰਨਾ ਤੋ ਹੈ ਆਤਾ!
ਖ਼ੁਦ ਬੜ੍ਹ ਕੇ ਗਲਾ ਤੇਗ਼ ਪਿ ਧਰਨਾ ਤੋ ਹੈ ਆਤਾ।
(ਗੰਜਿ ਸ਼ਹੀਦਾਂ)
ਸਤਿਗੁਰਾਂ ਨੇ ਛੋਟੇ ਸਾਹਿਬਜ਼ਾਦੇ ਨੂੰ ਵੀ ਆਪਣੇ ਹੱਥੀਂ ਤਿਆਰ ਕਰਕੇ ਜੰਗ ਵਿਚ ਜੂਝਣ ਲਈ ਤੋਰਿਆ ਅਤੇ ਫਿਰ ਬਾਬਾ ਅਜੀਤ ਸਿੰਘ ਵਾਂਗ ਹੀ ਰਣ ਖੇਤਰ ਵਿਚ ਦੁਸ਼ਮਣਾ ਦੇ ਆਹੂ ਲਾਹੁੰਦੇ ਅਤੇ ਪੁਰਜ਼ਾ-ਪੁਰਜ਼ਾ ਕੱਟ ਮਰਦੇ ਤੱਕਿਆ। ਸੰਸਾਰ ਦੇ ਇਤਿਹਾਸ ਵਿਚ ਅਜਿਹਾ ਪਹਿਲਾਂ ਕਦੇ ਨਹੀਂ ਸੀ ਹੋਇਆ ਕਿ ਕੋਈ ਪਿਤਾ ਆਪਣੇ ਹੱਥੀਂ ਜਵਾਨ-ਜਹਾਨ ਪੁੱਤਰਾਂ ਨੂੰ ਲੜਨ-ਮਰਨ ਲਈ ਜੰਗ ਦੇ ਮੈਦਾਨ ਵਿਚ ਘੱਲ ਰਿਹਾ ਹੋਵੇ ਅਤੇ ਫਿਰ ਉਨ੍ਹਾਂ ਨੂੰ ਸ਼ਹੀਦ ਹੁੰਦਾ ਤੱਕ ਕੇ ਖੁਸ਼ੀ ਦੇ ਜੈਕਾਰੇ ਗਜਾ ਰਿਹਾ ਹੋਵੇ। ਅਜਿਹਾ ਮਹਾਨ ਜ਼ਿਗਰਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਹੀ ਸੀ, ਜਿਨ੍ਹਾਂ ਨੇ ਧਰਮ ਦੀ ਰਾਖੀ ਲਈ ਆਪਣਾ ਸਰਬੰਸ ਹੀ ਲੇਖੇ ਲਾ ਦਿੱਤਾ। ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਵੀ ਜੰਗ ਦੇ ਮੈਦਾਨ ਵਿਚ ਲੜਦਿਆਂ ਸ਼ਹਾਦਤ ਪ੍ਰਾਪਤ ਕਰ ਗਿਆ। ਚਮਕੌਰ ਸਾਹਿਬ ਵਿਖੇ ਗੁਰੂ ਸਾਹਿਬ ਦੇ ਦੋਨੋਂ ਵੱਡੇ ਸਾਹਿਬਜ਼ਾਦੇ, ਪੰਜ ਪਿਆਰਿਆਂ ਵਿਚੋਂ ਤਿੰਨ ਪਿਆਰਿਆਂ ਸਮੇਤ ਸਿੰਘ ਜਿਸ ਸੂਰਬੀਰਤਾ ਤੇ ਬਹਾਦਰੀ ਨਾਲ ਲੜੇ ਅਤੇ ਸ਼ਹਾਦਤ ਪ੍ਰਾਪਤ ਕੀਤੀ, ਇਤਿਹਾਸ ਵਿਚ ਇਸ ਦਾ ਵਿਲੱਖਣ ਸਥਾਨ ਹੈ।
ਦਸਮੇਸ਼ ਪਿਤਾ ਜੀ ਜਿਨ੍ਹਾਂ ਨੂੰ ਭਲੀ ਪ੍ਰਕਾਰ ਗਿਆਤ ਸੀ ਕਿ ਭਖੇ ਹੋਏ ਰਣ-ਖੇਤਰ ਵਿਚ ਪੁੱਤਰਾਂ ਨੂੰ ਸ਼ਹੀਦੀ ਜਾਮ ਪੀਣਾ ਹੀ ਪੈਣਾ ਹੈ, ਪਰੰਤੂ ਫਿਰ ਵੀ ਬੜੇ ਉਤਸ਼ਾਹ ਨਾਲ ਆਪ ਤਿਆਰ ਕਰਕੇ ਤੋਰ ਰਹੇ ਹਨ-
ਲੈਜਾਓ, ਸਿਧਾਰੋ! ਤੁਮ੍ਹੇਂ ਕਰਤਾਰ ਕੋ ਸੌਂਪਾ।
ਮਰ ਜਾਓ ਯਾ ਮਾਰੋ, ਤੁਮ੍ਹੇਂ ਕਰਤਾਰ ਕੋ ਸੌਂਪਾ। (ਗੰਜਿ ਸ਼ਹੀਦਾਂ)
ਅੰਮ੍ਰਿਤ ਕੇ ਦਾਤੇ, ਸਰਬੰਸ ਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜੋ ਕੁਰਬਾਨੀ ਚਮਕੌਰ ਸਾਹਿਬ ਵਿਖੇ ਕੀਤੀ, ਉਹ ਅਦੁੱਤੀ ਤੇ ਲਾਸਾਨੀ ਹੈ। ਇਸੇ ਲਈ ਚਮਕੌਰ ਦੀ ਚਮਕ-ਦਮਕ ਸਾਰੇ ਜੱਗ ਤੋਂ ਨਿਰਾਲੀ ਹੈ। ਅੱਲਾ ਯਾਰ ਖਾਂ ‘ਜੋਗੀ’ ਚਮਕੌਰ ਦੀ ਪਾਵਨ ਧਰਤੀ ਤੋਂ ਕੁਰਬਾਨ ਜਾਂਦਾ ਹੋਇਆ ਬੁਲੰਦ ਆਵਾਜ ਵਿਚ ਆਖ ਰਿਹਾ ਹੈ-
ਬੱਸ ਏਕ ਹਿੰਦ ਮੇਂ ਤੀਰਥ ਹੈ, ਯਾਤਰਾ ਕੇ ਲੀਏ।
ਕਟਾਏ ਬਾਪ ਨੇ ਬੱਚੇ ਜਹਾਂ ਖ਼ੁਦਾ ਕੇ ਲੀਏ।(ਗੰਜਿ ਸ਼ਹੀਦਾਂ)
ਦਸਮ ਪਾਤਸ਼ਾਹ ਜੀ ਦੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਸਾਡੇ ਲਈ ਪ੍ਰੇਰਨਾ ਦਾ ਸੋਮਾ ਹੈ। ਇਸ ਤੋਂ ਸੇਧ ਪ੍ਰਾਪਤ ਕਰਕੇ ਸਿੱਖੀ ਦੀ ਚੜ੍ਹਦੀ ਕਲਾ ਲਈ ਤੱਤਪਰ ਰਹਿਣਾ ਹਰ ਸਿੱਖ ਦਾ ਫਰਜ਼ ਹੈ। ਸੋ ਆਓ, ਸਾਹਿਬਜ਼ਾਦਿਆਂ ਦੀ ਲਾਸਾਨੀ ਕੁਰਬਾਨੀ ਤੋਂ ਪ੍ਰੇਰਣਾ ਲੈ ਕੇ ਹੱਕ, ਸੱਚ ਤੇ ਧਰਮ ਲਈ ਤਨ, ਮਨ, ਧਨ ਵਾਰ ਦੇਣ ਦਾ ਸੰਕਲਪ ਲਈਏ ਅਤੇ ਚਮਕੌਰ ਸਾਹਿਬ ਦੀ ਪਾਵਨ ਚਰਨ ਧੂੜੀ ਆਪਣੇ ਮੱਥੇ ਤੇ ਲਗਾ ਕੇ ਆਪਣੀ ਜੀਵਨ ਯਾਤਰਾ ਨੂੰ ਸਫਲ ਬਣਾਣੀਏ।