ਐਚਪੀ ਕੰਪਨੀ ਵੱਲੋਂ ਗੈਸ ਵਰਤੋਂ ਲਈ ਸੁਰੱਖਿਆ ਉਪਰਕਣ ਅਤੇ ਭਾਰ ਤੋਲਨ ਵਾਲਾ ਕੰਡਾ ਭੇਟ
ਅੰਮ੍ਰਿਤਸਰ, 1 ਜੂਨ-
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਲੰਗਰ ਤਿਆਰ ਕਰਨ ਮੌਕੇ ਐਲਪੀਜੀ ਦੀ ਵਰਤੋਂ ਸਮੇਂ ਸੁਰੱਖਿਆ ਨਿਯਮਾਂ ਸਬੰਧੀ ਹਿੰਦੋਸਤਾਨ ਪੈਟਰੋਲੀਅਮ ਕੰਪਨੀ ਦੇ ਅਧਿਕਾਰੀਆਂ ਨੇ ਲੰਗਰ ਵਿਚ ਸੇਵਾ ਨਿਭਾਉਣ ਵਾਲੇ ਸੇਵਾਦਾਰਾਂ ਜਾਗਰੂਕ ਕੀਤਾ ਅਤੇ ਇਸ ਦੇ ਨਾਲ ਹੀ ਸੁਰੱਖਿਆ ਸਬੰਧੀ ਕੁਝ ਜ਼ਰੂਰੀ ਉਪਕਰਨ ਅਤੇ ਭਾਰ ਤੋਲਨ ਲਈ ਬਿਜਲਈ ਕੰਡਾ ਭੇਟ ਕੀਤਾ। ਹਿੰਦੋਸਤਾਨ ਪੈਟਰੋਲੀਅਮ ਕੰਪਨੀ ਦੇ ਜਨਰਲ ਮੈਨੇਜਰ ਸ੍ਰੀ ਧਰਮਿੰਦਰ ਕੁਮਾਰ ਬਿਹੌਰਾ, ਡਿਪਟੀ ਜਨਰਲ ਮੈਨੇਜਰ ਸ. ਤੇਜਿੰਦਰਪਾਲ ਸਿੰਘ ਚੀਮਾ ਤੇ ਏਰੀਆ ਸੇਲਜ਼ ਮੈਨੇਜਰ ਸ੍ਰੀ ਚੇਤਨ ਚੰਦੇਵ ਨੇ ਕਿਹਾ ਕਿ ਸ੍ਰੀ ਗੁਰੂ ਰਾਮਦਾਸ ਜੀ ਦੇ ਲੰਗਰ ਵਿਚ ਰੋਜ਼ਾਨਾ ਵੱਡੀ ਪੱਧਰ ’ਤੇ ਗੈਸ ਦੀ ਵਰਤੋਂ ਹੁੰਦੀ ਹੈ, ਜਿਸ ਨੂੰ ਲੈ ਕੇ ਸੁਰੱਖਿਆ ਨਿਯਮਾਂ ਦਾ ਪਾਲਣ ਬੇਹੱਦ ਲਾਜ਼ਮੀ ਹੈ। ਉਨ੍ਹਾਂ ਸੇਵਾਦਾਰਾਂ ਨੂੰ ਗੈਸ ਸਿਲੰਡਰਾਂ ਦਾ ਰੱਖ-ਰਖਾਅ, ਉਨ੍ਹਾਂ ਨੂੰ ਚਲਾਉਣ ਅਤੇ ਬੰਦ ਕਰਨ ਸਮੇਂ ਵਰਤੀ ਜਾਂਦੀ ਸਾਵਧਾਨੀ, ਸਿਲੰਡਰਾਂ ਦੇ ਸਟੋਰ ਲਈ ਜ਼ਰੂਰੀ ਨਿਯਮਾਂ ਬਾਰੇ ਜਾਣਕਾਰੀ ਦਿੱਤੀ ਅਤੇ ਹਰ ਸਮੇਂ ਸੁਚੇਤ ਰਹਿਣ ਲਈ ਪ੍ਰੇਰਿਆ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਪ੍ਰਤਾਪ ਸਿੰਘ ਨੇ ਹਿੰਦੋਸਤਾਨ ਪੈਟਰੋਲੀਅ ਕੰਪਨੀ ਦੇ ਉਚੇਚੇ ਤੌਰ ’ਤੇ ਪੁੱਜੇ ਅਧਿਕਾਰੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਐਚਪੀ ਦੇ ਅਧਿਕਾਰੀਆਂ ਨੂੰ ਸਕੱਤਰ ਸ. ਪ੍ਰਤਾਪ ਸਿੰਘ ਤੇ ਮੀਤ ਸਕੱਤਰ ਸ. ਕੁਲਵਿੰਦਰ ਸਿੰਘ ਰਮਦਾਸ ਨੇ ਗੁਰੂ ਬਖ਼ਸ਼ਿਸ਼ ਸਿਰੋਪਾਓ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਦੇ ਕੇ ਸਨਮਾਨਿਤ ਵੀ ਕੀਤਾ। ਇਸ ਮੌਕੇ ਸ੍ਰੀ ਗੁਰੂ ਰਾਮਦਾਸ ਲੰਗਰ ਦੇ ਮੈਨੇਜਰ ਸ. ਸਤਨਾਮ ਸਿੰਘ ਮਾਂਗਾਸਰਾਏ, ਇੰਚਾਰਜ ਸ. ਹਰਭਜਨ ਸਿੰਘ ਵਕਤਾ ਵੀ ਮੌਜੂਦ ਸਨ।