ਅੰਮ੍ਰਿਤਸਰ, 30 ਅਕਤੂਬਰ (      )- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਹਲਕਾ ਲੰਬੀ (ਮਲੋਟ) ਤੋਂ ਸ਼੍ਰੋਮਣੀ ਕਮੇਟੀ ਦੇ ਮੈਂਬਰ ਜਥੇਦਾਰ ਦਿਆਲ ਸਿੰਘ ਕੋਲਿਆਂਵਾਲੀ ਦੇ ਪੁੱਤਰ ਸ. ਪਰਮਿੰਦਰ ਸਿੰਘ ਉਪਰ ਹੋਏ ਜਾਨਲੇਵਾ ਹਮਲੇ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ। ਜਾਰੀ ਇੱਕ ਬਿਆਨ ਵਿਚ ਉਨ੍ਹਾਂ ਇਸ ਘਟਨਾ ਨੂੰ ਗੁੰਡਾਰਾਜ ਤੇ ਅਰਾਜਕਤਾ ਵਾਲੀ ਕਾਰਵਾਈ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਇਸ ਘਟਨਾ ਤੋਂ ਸਾਬਤ ਹੁੰਦਾ ਹੈ ਕਿ ਕਾਂਗਰਸ ਦੇ ਸੱਤਾ ਵਿਚ ਆਉਣ ਨਾਲ ਪੰਜਾਬ ਅੰਦਰ ਅਮਨ ਕਾਨੂੰਨ ਦੀ ਸਥਿਤੀ ਵਿਗੜੀ ਹੈ ਅਤੇ ਸਮਾਜ ਵਿਰੋਧੀ ਅਨਸਰਾਂ ਦੇ ਹੌਂਸਲੇ ਬੁਲੰਦ ਹੋਏ ਹਨ। ਉਨ੍ਹਾਂ ਕਿਹਾ ਕਿ ਇਹ ਹਮਲਾ ਗੰਦੀ ਰਾਜਨੀਤਕ ਰੰਜਿਸ਼ ਤੋਂ ਪ੍ਰੇਰਿਤ ਹੈ ਜੋ ਲੋਕਤੰਤਰੀ ਕਦਰਾਂ ਕੀਮਤਾਂ ਦਾ ਘਾਣ ਵੀ ਹੈ।
ਪ੍ਰੋ: ਬਡੂੰਗਰ ਨੇ ਪੰਜਾਬ ਸਰਕਾਰ ਨੂੰ ਹਮਲੇ ਦੇ ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਕਰਨ ਅਤੇ ਪੰਜਾਬ ਵਿਚ ਅਮਨ ਕਾਨੂੰਨ ਨੂੰ ਬਹਾਲ ਕਰਨ ਪ੍ਰਤੀ ਸੰਜੀਦਾ ਹੋਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਮੈਂਬਰ ਲੋਕਾਂ ਦੁਆਰਾ ਚੁਣੇ ਗਏ ਨੁਮਾਇੰਦੇ ਹਨ ਜਿਨ੍ਹਾਂ ਦੀ ਸੁਰੱਖਿਆ ਕਰਨਾ ਸਰਕਾਰ ਦਾ ਨੈਤਿਕ ਫਰਜ਼ ਹੈ।