ਲੈਫਟੀਨੈਂਟ ਜਨਰਲ ਜਗਜੀਤ ਸਿੰਘ ਅਰੋੜਾ, ਜਨਰਲ ਹਰਬਖਸ਼ ਸਿੰਘ ਤੇ ਏਅਰ ਮਾਰਸ਼ਲ ਸ. ਅਰਜਨ ਸਿੰਘ ਦੀਆਂ ਤਸਵੀਰਾਂ ਕੇਂਦਰੀ ਸਿੱਖ ਅਜਾਇਬ ਘਰ ਵਿਖੇ ਸਥਾਪਤ

ਅੰਮ੍ਰਿਤਸਰ, 31 ਅਕਤੂਬਰ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਦੇ ਉੱਦਮਾਂ ਸਦਕਾ ਤਿੰਨ ਸਿੱਖ ਜਰਨੈਲਾਂ ਲੈਫਟੀਨੈਂਟ ਜਨਰਲ ਜਗਜੀਤ ਸਿੰਘ ਅਰੋੜਾ, ਜਨਰਲ ਹਰਬਖਸ਼ ਸਿੰਘ ਤੇ ਏਅਰ ਮਾਰਸ਼ਲ ਸ. ਅਰਜਨ ਸਿੰਘ ਦੀਆਂ ਤਸਵੀਰਾਂ ਅੱਜ ਕੇਂਦਰੀ ਸਿੱਖ ਅਜਾਇਬ ਘਰ ਵਿਖੇ ਸਥਾਪਤ ਕਰ ਦਿੱਤੀਆਂ ਗਈਆਂ। ਇਸ ਮੌਕੇ ਤਸਵੀਰਾਂ ਤੋਂ ਪਰਦਾ ਹਟਾਉਣ ਦੀ ਰਸਮ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ, ਪ੍ਰੋ: ਕਿਰਪਾਲ ਸਿੰਘ ਬਡੂੰਗਰ ਤੇ ਭਾਈ ਅਮਰਜੀਤ ਸਿੰਘ ਚਾਵਲਾ ਨੇ ਨਿਭਾਈ। ਇਸ ਤੋਂ ਪਹਿਲਾਂ ਭਾਈ ਬਲਵਿੰਦਰ ਸਿੰਘ ਲੋਪੋਕੇ ਦੇ ਹਜ਼ੂਰੀ ਰਾਗੀ ਜੱਥੇ ਵੱਲੋਂ ਪਾਵਨ ਗੁਰਬਾਣੀ ਦਾ ਅਨੰਦਮਈ ਕੀਰਤਨ ਕੀਤਾ ਗਿਆ ਅਤੇ ਅਰਦਾਸ ਭਾਈ ਕੁਲਵਿੰਦਰ ਸਿੰਘ ਅਰਦਾਸੀਏ ਨੇ ਕੀਤੀ।
ਇਸ ਸਮੇਂ ਬੋਲਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਇਤਿਹਾਸਕ ਤੱਥਾਂ ਦੇ ਆਧਾਰ ‘ਤੇ ਤਿੰਨਾਂ ਯੋਧਿਆਂ ਦੇ ਜੀਵਨ ਅਤੇ ਯੋਗਦਾਨ ਬਾਰੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਖਾਲਸਾ ਪੰਥ ਦੇ ਯੋਧਿਆਂ ਨੇ ਹਮੇਸ਼ਾ ਹੀ ਦੇਸ਼, ਕੌਮ ਦੀ ਰਾਖੀ ਲਈ ਆਪਣੀਆਂ ਛਾਤੀਆਂ ਡਾਹ ਕੇ ਇਤਿਹਾਸ ਰਚਿਆ। ਇਨ੍ਹਾਂ ਸੂਰਬੀਰਾਂ ਦੀ ਹੀ ਦੇਣ ਹੈ ਕਿ ਅੱਜ ਪੰਜਾਬ ਭਾਰਤ ਦੇਸ਼ ਦਾ ਹਿੱਸਾ ਹੈ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬਾਨ ਨੇ ਜ਼ੁਲਮ ਦੇ ਵਿਰੁੱਧ ਆਵਾਜ਼ ਉਠਾ ਕੇ ਸਿੱਖ ਕੌਮ ਨੂੰ ਆਜ਼ਾਦੀ ਤੇ ਨਿਡਰਤਾ ਦਾ ਸਿਧਾਂਤ ਦ੍ਰਿੜ੍ਹ ਕਰਵਾਇਆ। ਪ੍ਰੋ: ਬਡੂੰਗਰ ਨੇ ਕਿਹਾ ਕਿ ਸਿੱਖ ਨਾਇਕਾਂ ਦੀਆਂ ਤਸਵੀਰਾਂ ਕੇਂਦਰੀ ਸਿੱਖ ਅਜਾਇਬ ਘਰ ਵਿਖੇ ਇਸ ਕਰਕੇ ਲਗਾਈਆਂ ਜਾਂਦੀਆਂ ਹਨ ਕਿ ਵਰਤਮਾਨ ਅਤੇ ਭਵਿੱਖ ਦੀਆਂ ਪੀੜੀਆਂ ਸਿੱਖੀ ਬਾਣੇ ਤੇ ਸਿੱਖੀ ਸਰੂਪ ਵਿਚ ਰਹਿ ਕੇ ਹਰੇਕ ਖੇਤਰ ਵਿਚ ਅੱਗੇ ਵਧਣ ਲਈ ਪ੍ਰੇਰਣਾ ਲੈ ਸਕਣ। ਸਿੱਖ ਨੌਜੁਆਨੀ ਆਪਣੇ ਮਹਾਨ ਇਤਿਹਾਸ, ਵਿਰਾਸਤ ਤੇ ਸੱਭਿਆਚਾਰ ਦੇ ਵਿਲੱਖਣ ਖਜ਼ਾਨੇ ਤੋਂ ਜਾਣੂੰ ਹੋ ਸਕਣ। ਉਨ੍ਹਾਂ ਕਿਹਾ ਕਿ ਇਸ ਸਥਾਨ ਦੀਆਂ ਸਾਰੀਆਂ ਗੈਲਰੀਆਂ ਵਿਚੋਂ ਲੰਘ, ਆਖਰੀ ਗੈਲਰੀ ਤੀਕ ਪਹੁੰਚ ਕੇ ਸੰਗਤਾਂ ਨੂੰ ਆਪਣੇ ਮਨਾਂ ਅੰਦਰ ਕੌਮੀ ਇਤਿਹਾਸ ਤੇ ਪੰਥਕ ਭਾਵਨਾ ਦਾ ਅਨੋਖਾ ਅਨੁਭਵ ਮਹਿਸੂਸ ਹੁੰਦਾ ਹੈ ਅਤੇ ਉਹ ਆਪਣੇ ਮਨਾਂ ਅੰਦਰ ਸਿੱਖੀ ਪਿਆਰ ਨੂੰ ਭਰ ਕੇ ਲੈ ਜਾਂਦੀਆਂ ਹਨ। ਉਨ੍ਹਾਂ ਮਾਪਿਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਆਪਣੇ ਬੱਚਿਆਂ ਨੂੰ ਗੁਰੂ ਸਾਹਿਬਾਨ, ਸਿੱਖ ਯੋਧਿਆਂ ਤੇ ਨਾਇਕਾਂ ਦੀਆਂ ਸਾਖੀਆਂ ਸੁਣਾ ਕੇ ਉਨ੍ਹਾਂ ਅੰਦਰ ਸਿੱਖੀ ਜਜ਼ਬਾ ਪੈਦਾ ਕਰਨ ਲਈ ਯਤਨਸ਼ੀਲ ਹੋਣ।
ਇਸ ਮੌਕੇ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਨੇ ਕਿਹਾ ਕਿ ਸਿੱਖ ਇਤਿਹਾਸ ਨੂੰ ਸੰਭਾਲਣਾ ਸਾਡੇ ਸਾਰਿਆਂ ਦਾ ਮੁੱਢਲਾ ਤੇ ਮੁੱਖ ਕਰਤੱਵ ਹੈ। ਉਨ੍ਹਾਂ ਕਿਹਾ ਕਿ ਪ੍ਰੋ: ਕਿਰਪਾਲ ਸਿੰਘ ਬਡੂੰਗਰ ਦੀ ਦੂਰ ਅੰਦੇਸ਼ ਸੋਚ ਸਦਕਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੀ ਸੇਵਾ ਤੇ ਫਰਜ਼ ਬਾਖੂਬੀ ਨਿਭਾਅ ਰਹੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਬੱਚਿਆਂ ਨੂੰ ਕੌਮੀ ਨਾਇਕਾਂ ਵਰਗੇ ਬਣਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਸ ਮੌਕੇ ਸਿੰਘ ਸਾਹਿਬ ਵੱਲੋਂ ਪ੍ਰੋ: ਕਿਰਪਾਲ ਸਿੰਘ ਬਡੂੰਗਰ, ਭਾਈ ਅਮਰਜੀਤ ਸਿੰਘ ਚਾਵਲਾ ਤੇ ਅੰਤ੍ਰਿੰਗ ਕਮੇਟੀ ਮੈਂਬਰਾਂ ਦਾ ਧੰਨਵਾਦ ਕਰਦਿਆਂ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਸਮਾਗਮ ਵਿਚ ਪੁੱਜੇ ਸ. ਸੁਰਜੀਤ ਸਿੰਘ ਇੰਗਲੈਂਡ ਤੇ ਸੂਬੇਦਾਰ ਸ. ਦਲਬੀਰ ਸਿੰਘ ਨੂੰ ਵੀ ਸਿੰਘ ਸਾਹਿਬ ਵੱਲੋਂ ਸਿਰੋਪਾਓ ਦੀ ਬਖਸ਼ਿਸ਼ ਕੀਤੀ ਗਈ।
ਸਮਾਗਮ ਦੌਰਾਨ ਸ਼੍ਰੋਮਣੀ ਕਮੇਟੀ ਦੇ ਸਕੱਤਰ ਡਾ. ਰੂਪ ਸਿੰਘ ਨੇ ਕਿਹਾ ਕਿ ਕੇਂਦਰੀ ਸਿੱਖ ਅਜਾਇਬ ਘਰ ਸਿੱਖ ਕੌਮ ਦੇ ਅਮੀਰ ਇਤਿਹਾਸ ਨੂੰ ਵਰਤਮਾਨ ਪੀੜੀ ਸਾਹਮਣੇ ਪੇਸ਼ ਕਰਨ ਦਾ ਮਹੱਤਵਪੂਰਨ ਸਥਾਨ ਹੈ। ਉਨ੍ਹਾਂ ਕਿਹਾ ਕਿ ਸਿੱਖ ਪੰਥ, ਸਿੱਖਾਂ ਦੀ ਵੱਖਰੀ ਪਛਾਣ ਤੇ ਦੇਸ਼ ਲਈ ਮਹੱਤਵਪੂਰਨ ਯੋਗਦਾਨ ਪਾਉਣ ਵਾਲੀਆਂ ਵੱਖ-ਵੱਖ ਪ੍ਰਮੁੱਖ ਸ਼ਖਸੀਅਤਾਂ ਦੀਆਂ ਤਸਵੀਰਾਂ ਇਥੇ ਲਗਾਈਆਂ ਜਾਂਦੀਆਂ ਹਨ। ਉਨ੍ਹਾਂ ਪ੍ਰੋ: ਕਿਰਪਾਲ ਸਿੰਘ ਬਡੂੰਗਰ ਦਾ ਇਸ ਸਬੰਧੀ ਅਗਵਾਈ ਕਰਨ ਲਈ ਧੰਨਵਾਦ ਵੀ ਕੀਤਾ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਭਾਈ ਅਮਰਜੀਤ ਸਿੰਘ ਚਾਵਲਾ, ਅੰਤ੍ਰਿੰਗ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ, ਭਾਈ ਰਾਮ ਸਿੰਘ, ਸ. ਸੁਰਜੀਤ ਸਿੰਘ ਭਿੱਟੇਵਡ, ਸ. ਸੁਰਜੀਤ ਸਿੰਘ ਕਾਲਾਬੂਲਾ ਤੇ ਸ. ਬਲਵਿੰਦਰ ਸਿੰਘ ਵੇਈਂਪੂਈਂ, ਮੈਂਬਰ ਭਾਈ ਰਜਿੰਦਰ ਸਿੰਘ ਮਹਿਤਾ, ਭਾਈ ਮਨਜੀਤ ਸਿੰਘ, ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਸ. ਅਜਾਇਬ ਸਿੰਘ ਅਭਿਆਸੀ, ਸ. ਅਮਰਜੀਤ ਸਿੰਘ ਬੰਡਾਲਾ, ਸ. ਬਿਕਰਮ ਸਿੰਘ ਕੋਟਲਾ, ਸ. ਗੁਰਲਾਲ ਸਿੰਘ ਫਤਹਿਗੜ੍ਹ ਸਾਹਿਬ ਤੇ ਸ. ਅਮਰਜੀਤ ਸਿੰਘ ਭਲਾਈਪੁਰ, ਸਕੱਤਰ ਡਾ. ਰੂਪ ਸਿੰਘ ਤੇ ਸ. ਅਵਤਾਰ ਸਿੰਘ ਸੈਂਪਲਾ, ਵਧੀਕ ਸਕੱਤਰ ਸ. ਹਰਭਜਨ ਸਿੰਘ ਮਨਾਵਾਂ, ਸ. ਸੁਖਦੇਵ ਸਿੰਘ ਭੂਰਾ ਕੋਹਨਾ, ਸ. ਬਲਵਿੰਦਰ ਸਿੰਘ ਜੌੜਾਸਿੰਘਾ, ਮੈਨੇਜਰ ਸ. ਸੁਲੱਖਣ ਸਿੰਘ ਭੰਗਾਲੀ, ਮੀਤ ਸਕੱਤਰ ਸ. ਸਕੱਤਰ ਸਿੰਘ, ਸ. ਮਹਿੰਦਰ ਸਿੰਘ, ਸ. ਬਲਵਿੰਦਰ ਸਿੰਘ ਕਾਹਲਵਾਂ, ਸੁਪ੍ਰਿੰਟੈਂਡੈਂਟ ਸ. ਸਤਨਾਮ ਸਿੰਘ, ਨਿੱਜੀ ਸਹਾਇਕ ਸ. ਭਗਵੰਤ ਸਿੰਘ ਧੰਗੇੜਾ, ਵਧੀਕ ਮੈਨੇਜਰ ਸ. ਸੁਖਬੀਰ ਸਿੰਘ, ਸ. ਰਾਜਿੰਦਰ ਸਿੰਘ ਰੂਬੀ, ਸ. ਬਘੇਲ ਸਿੰਘ, ਸ. ਇਕਬਾਲ ਸਿੰਘ ਮੁਖੀ, ਸ. ਨਰਿੰਦਰ ਸਿੰਘ, ਸਹਾਇਕ ਸੁਪ੍ਰਿੰਟੈਂਡੈਂਟ ਸ. ਮਲਕੀਤ ਸਿੰਘ ਬਹਿੜਵਾਲ, ਸ. ਸੁਰਜੀਤ ਸਿੰਘ ਇੰਗਲੈਂਡ, ਸੂਬੇਦਾਰ ਸ. ਦਲਬੀਰ ਸਿੰਘ, ਡਾ. ਮਨਜੀਤ ਸਿੰਘ ਭੋਮਾ,  ਸ਼੍ਰੋਮਣੀ ਕਮੇਟੀ ਦਾ ਸਮੁੱਚਾ ਸਟਾਫ ਅਤੇ ਸੰਗਤਾਂ ਹਾਜ਼ਰ ਸਨ।