ਅੰਮ੍ਰਿਤਸਰ, 08 ਦਸੰਬਰ- ਸਿੱਖ ਕੌਮ ਦੇ ਸਰਵਉੱਚ ਅਸਥਾਨ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਅੱਜ ਪੰਥ ਦੇ ਮਹਾਨ ਵਿਦਵਾਨ ਗਿਆਨੀ ਗੁਰਬਖਸ਼ ਸਿੰਘ ਗੁਲਸ਼ਨ ਦੀ ਪੁਸਤਕ ‘ਜ਼ਫ਼ਰਨਾਮਹ-ਅਰਥ ਤੇ ਵਿਆਖਿਆ’ ਜਾਰੀ ਕੀਤੀ ਗਈ। ਇਸ ਸਬੰਧ ਵਿਚ ਇੱਕ ਸਾਦਾ ਸਮਾਗਮ ਦੌਰਾਨ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵੱਲੋਂ ਅਰਦਾਸ ਕਰਨ ਉਪਰੰਤ ਕੌਮ ਦੀਆਂ ਪ੍ਰਮੁੱਖ ਸ਼ਖਸੀਅਤਾਂ ਨੇ ਪੁਸਤਕ ਜਾਰੀ ਕਰਨ ਦੀ ਰਸਮ ਅਦਾ ਕੀਤੀ। ਇਸ ਮੌਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਤੋਂ ਇਲਾਵਾ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ, ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਵਧੀਕ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ, ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਜਥੇਦਾਰ ਬਾਬਾ ਬਲਬੀਰ ਸਿੰਘ, ਸ਼ੋ੍ਰਮਣੀ ਕਮੇਟੀ ਮੈਂਬਰ ਬੀਬੀ ਕਿਰਨਜੋਤ ਕੌਰ ਤੇ ਮੁੱਖ ਸਕੱਤਰ ਡਾ. ਰੂਪ ਸਿੰਘ ਵਿਸ਼ੇਸ਼ ਤੌਰ ‘ਤੇ ਪਹੁੰਚੇ। ਪੁਸਤਕ ਜਾਰੀ ਕਰਨ ਉਪਰੰਤ ਗੱਲਬਾਤ ਕਰਦਿਆਂ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਪਹਿਲਾਂ ਵੀ ਕਈ ਕਿਤਾਬਾਂ ਦੇ ਲੇਖਕ ਪ੍ਰਸਿੱਧ ਸਿੱਖ ਵਿਦਵਾਨ ਤੇ ਕਥਾਵਾਚਕ ਗਿਆਨੀ ਗੁਰਬਖਸ਼ ਸਿੰਘ ਗੁਲਸ਼ਨ ਵੱਲੋਂ ਜ਼ਫਰਨਾਮਾ ਸਬੰਧੀ ਲਿਖੀ ਗਈ ਇਹ ਪੁਸਤਕ ਕੌਮ ਦੀ ਪ੍ਰਚਾਰਕ ਸ਼੍ਰੇਣੀ ਅਤੇ ਖੋਜਾਰਥੀਆਂ ਦੇ ਨਾਲ-ਨਾਲ ਸੰਗਤਾਂ ਲਈ ਵੀ ਅਹਿਮ ਸਰੋਤ ਸਾਬਤ ਹੋਵੇਗੀ। ਉਨ੍ਹਾਂ ਕਿਹਾ ਕਿ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਜ਼ਫਰਨਾਮਾ ਫਾਰਸੀ ਵਿਚ ਹੋਣ ਕਰਕੇ ਆਮ ਪਾਠਕਾਂ ਲਈ ਸਮਝਣਾ ਮੁਸ਼ਕਲ ਹੈ ਅਤੇ ਗਿਆਨੀ ਗੁਲਸ਼ਨ ਵੱਲੋਂ ਕੀਤੇ ਗਏ ਇਸ ਮਹੱਤਵਪੂਰਨ ਕਾਰਜ ਨਾਲ ਇਸ ਤੋਂ ਆਮ ਸੰਗਤਾਂ ਜਾਣੂੰ ਹੋ ਸਕਣਗੀਆਂ। ਸਿੰਘ ਸਾਹਿਬ ਨੇ ਗਿਆਨੀ ਗੁਲਸ਼ਨ ਨੂੰ ਇਸ ਕਾਰਜ ਲਈ ਮੁਬਾਰਕਬਾਦ ਵੀ ਦਿੱਤੀ। ਇਸ ਮੌਕੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਜਥੇਦਾਰ ਬਾਬਾ ਬਲਬੀਰ ਸਿੰਘ 96ਵੇਂ ਕਰੋੜੀ ਨੇ ਵੀ ਗਿਆਨੀ ਗੁਰਬਖਸ਼ ਸਿੰਘ ਗੁਲਸ਼ਨ ਨੂੰ ਵਧਾਈ ਦਿੰਦਿਆਂ ਆਸ ਪ੍ਰਗਟਾਈ ਕਿ ਇਹ ਪੁਸਤਕ ਪਾਠਕਾਂ ਦੀ ਜ਼ਰੂਰ ਪਸੰਦ ਬਣੇਗੀ। ਉਨ੍ਹਾਂ ਗਿਆਨੀ ਗੁਲਸ਼ਨ ਦੀ ਮਿਹਨਤ ਅਤੇ ਵਿਦਵਤਾ ਦੀ ਪ੍ਰਸ਼ੰਸਾ ਕਰਦਿਆਂ ਭਵਿੱਖ ਵਿਚ ਉਨ੍ਹਾਂ ਤੋਂ ਹੋਰ ਖੋਜ ਭਰਪੂਰ ਪੁਸਤਕਾਂ ਦੀ ਆਸ ਕੀਤੀ। ਪੁਸਤਕ ਦੇ ਲੇਖਕ ਗਿਆਨੀ ਗੁਰਬਖਸ਼ ਸਿੰਘ ਗੁਲਸ਼ਨ ਨੇ ਗੱਲਬਾਤ ਦੌਰਾਨ ਦੱਸਿਆ ਕਿ ਇਸ ਪੁਸਤਕ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਜ਼ਫਰਨਾਮਾ ਨੂੰ ਲਿਪੀਅੰਤਰਣ ਦੇ ਨਾਲ-ਨਾਲ ਇਸ ਦੀ ਵਿਆਖਿਆ ਵੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪੁਸਤਕ ਅੰਦਰ ਫਾਰਸੀ, ਅੰਗਰੇਜ਼ੀ ਅਤੇ ਪੰਜਾਬੀ ਵਿਚ ਜ਼ਫਰਨਾਮਾ ਨੂੰ ਪ੍ਰਸਤੁਤ ਕਰਨ ਦੇ ਨਾਲ-ਨਾਲ ਔਖੇ ਸ਼ਬਦਾਂ ਦੇ ਅਰਥ ਵੀ ਦਿੱਤੇ ਗਏ ਹਨ। ਇਸਦੇ ਨਾਲ ਹੀ ਵਿਆਖਿਆ ਕਰਦਿਆਂ ਸਰਲ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ ਹੈ ਤਾਂ ਜੋ ਆਮ ਪਾਠਕਾਂ ਦੀ ਸਮਝ ਵਿਚ ਆ ਸਕੇ। ਗਿਆਨੀ ਗੁਲਸ਼ਨ ਨੇ ਜਥੇਦਾਰ ਗਿਆਨੀ ਗੁਰਬਚਨ ਸਿੰਘ, ਬਾਬਾ ਬਲਬੀਰ ਸਿੰਘ 96 ਕਰੋੜੀ, ਗਿਆਨੀ ਰਘਬੀਰ ਸਿੰਘ, ਗਿਆਨੀ ਜਗਤਾਰ ਸਿੰਘ ਸਮੇਤ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਅਤੇ ਪਹੁੰਚੀਆਂ ਹੋਰ ਪ੍ਰਮੁੱਖ ਸ਼ਖਸੀਅਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਕਿਰਨਜੋਤ ਕੌਰ, ਸ੍ਰੀ ਅਕਾਲ ਤਖਤ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਮਲਕੀਤ ਸਿੰਘ, ਮੁੱਖ ਸਕੱਤਰ ਡਾ. ਰੂਪ ਸਿੰਘ, ਵਧੀਕ ਸਕੱਤਰ ਸ. ਦਿਲਜੀਤ ਸਿੰਘ ਬੇਦੀ ਤੇ ਸ. ਬਿਜੈ ਸਿੰਘ, ਸ. ਜਗਜੀਤ ਸਿੰਘ ਜੱਗੀ ਨਿੱਜੀ ਸਹਾਇਕ, ਬਾਬਾ ਤਰਸੇਮ ਸਿੰਘ ਮਹਿਤਾ ਚੌਂਕ, ਬਾਬਾ ਪਿਆਰਾ ਸਿੰਘ, ਬਾਬਾ ਈਸ਼ਰ ਸਿੰਘ, ਪ੍ਰਿੰਸੀਪਲ ਬਲਦੇਵ ਸਿੰਘ, ਸ. ਇੰਦਰ ਸਿੰਘ, ਸ. ਭੁਪਿੰਦਰ ਸਿੰਘ ਹਾਲੈਂਡ, ਸ. ਸੁਰਿੰਦਰ ਸਿੰਘ, ਡਾ. ਜਸਬੀਰ ਸਿੰਘ ਪੁਰੀ ਸਮੇਤ ਹੋਰ ਹਾਜ਼ਰ ਸਨ। ਫੋਟੋ ਕੈਪਸ਼ਨ- ਗਿਆਨੀ ਗੁਰਬਖਸ਼ ਸਿੰਘ ਗੁਲਸ਼ਨ ਦੀ ਪੁਸਤਕ ‘ਜ਼ਫ਼ਰਨਾਮਹ-ਅਰਥ ਤੇ ਵਿਆਖਿਆ’ ਜਾਰੀ ਕਰਦੇ ਹੋਏ ਗਿਆਨੀ ਗੁਰਬਚਨ ਸਿੰਘ, ਗਿਆਨੀ ਰਘਬੀਰ ਸਿੰਘ, ਗਿਆਨੀ ਇਕਬਾਲ ਸਿੰਘ, ਬਾਬਾ ਬਲਬੀਰ ਸਿੰਘ, ਬੀਬੀ ਕਿਰਨਜੋਤ ਕੌਰ, ਡਾ. ਰੂਪ ਸਿੰਘ ਅਤੇ ਹੋਰ।