[embedyt] https://www.youtube.com/watch?v=W9-YyHVWoug[/embedyt]

ਧਰਮ ਪ੍ਰਚਾਰ ਲਹਿਰ ਨੂੰ ਘਰ-ਘਰ ਤਕ ਪਹੁੰਚਾਉਣ ਲਈ ਗੁਰਸਿੱਖ ਨੌਜੁਆਨਾਂ ਦੀਆਂ ਤਾਲਮੇਲ ਕਮੇਟੀਆਂ ਬਣਾਈਆਂ ਜਾਣਗੀਆਂ -ਭਾਈ ਲੌਂਗੋਵਾਲ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਧਰਮ ਪ੍ਰਚਾਰ ਸਬੰਧੀ ਹੋਈ ਇਕੱਤਰਤਾ ਸ੍ਰੀ ਅਨੰਦਪੁਰ ਸਾਹਿਬ, 30 ਜਨਵਰੀ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਧਰਮ ਪ੍ਰਚਾਰ ਲਹਿਰ ਨੂੰ ਪਿੰਡ ਪੱਧਰ ਤਕ ਕਾਰਗਰ ਢੰਗ ਨਾਲ ਪਹੁੰਚਾਉਣ ਲਈ ਗੁਰਸਿੱਖ ਨੌਜੁਆਨਾਂ ਦੀਆਂ ਤਾਲਮੇਲ ਕਮੇਟੀਆਂ ਬਣਾਈਆਂ ਜਾਣਗੀਆਂ ਜੋ ਪ੍ਰਚਾਰਕ ਜਥਿਆਂ ਨੂੰ ਪ੍ਰੋਗਰਾਮ ਉਲੀਕਣ ਵਿਚ ਸਹਾਇਤਾ ਕਰਨਗੀਆਂ। ਉਹ ਇਥੇ ਦੁਆਬਾ ਜੋਨ ਦੇ 6 ਜ਼ਿਲ੍ਹਿਆਂ ਅਤੇ ਨਾਲ ਲੱਗਦੇ ਹਿਮਾਚਲ ਪ੍ਰਦੇਸ਼ ਤੇ ਚੰਡੀਗੜ੍ਹ ਦੇ ਸ਼੍ਰੋਮਣੀ ਕਮੇਟੀ ਮੈਂਬਰਾਂ, ਪ੍ਰਚਾਰਕਾਂ, ਧਾਰਮਿਕ ਅਧਿਆਪਕਾਂ, ਸਕੂਲਾਂ/ਕਾਲਜਾਂ ਦੇ ਪ੍ਰਿੰਸੀਪਲਾਂ ਅਤੇ ਸਥਾਨਕ ਗੁਰਦੁਆਰਾ ਕਮੇਟੀਆਂ ਦੇ ਨੁਮਾਇੰਦਿਆਂ ਦੀ ਇੱਕ ਇਕੱਤਰਤਾ ਨੂੰ ਸੰਬੋਧਨ ਕਰ ਰਹੇ ਸਨ। ਦੱਸਣਯੋਗ ਹੈ ਕਿ ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਗਾਊਂ ਪ੍ਰੋਗਰਾਮਾਂ ਤਹਿਤ ਸ਼੍ਰੋਮਣੀ ਕਮੇਟੀ ਮੈਂਬਰਾਂ ਅਤੇ ਪ੍ਰਚਾਰਕ ਸ਼੍ਰੇਣੀ ਨੂੰ ਸਰਗਰਮ ਕੀਤਾ ਜਾ ਰਿਹਾ ਹੈ ਅਤੇ ਇਸੇ ਤਹਿਤ ਹੀ 11 ਫਰਵਰੀ ਨੂੰ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਇੱਕ ਵਿਸ਼ਾਲ ਗੁਰਮਤਿ ਸਮਾਗਮ ਕਰਵਾਇਆ ਜਾ ਰਿਹਾ ਹੈ। ਭਾਈ ਲੌਂਗੋਵਾਲ ਨੇ ਕਿਹਾ ਕਿ ਧਰਮ ਪ੍ਰਚਾਰ ਨੂੰ ਇਕੱਲਾ ਸਟੇਜੀ ਪ੍ਰਚਾਰ ਤਕ ਹੀ ਸੀਮਿਤ ਨਹੀਂ ਰੱਖਿਆ ਜਾਵੇਗਾ ਸਗੋਂ ਜ਼ਮੀਨੀ ਪੱਧਰ ‘ਤੇ ਸੱਥਾਂ, ਖੇਡ ਕਲੱਬਾਂ, ਸਕੂਲਾਂ/ਕਾਲਜਾਂ ਦੇ ਵਿਦਿਆਰਥੀਆਂ ਤਕ ਪਹੁੰਚ ਕੀਤੀ ਜਾਵੇਗੀ। ਉਨ੍ਹਾਂ ਪ੍ਰਚਾਰਕਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਸੰਗਤਾਂ ਤਕ ਪਹੁੰਚ ਕਰਕੇ ਗੁਰਮਤਿ ਫਲਸਫੇ ਦੇ ਪ੍ਰਸਾਰ ਲਈ ਕਾਰਜ ਕਰਨ। ਉਨ੍ਹਾਂ ਇਹ ਵੀ ਕਿਹਾ ਕਿ ਸ਼੍ਰੋਮਣੀ ਕਮੇਟੀ ਪ੍ਰਚਾਰਕਾਂ, ਢਾਡੀ, ਕਵੀਸ਼ਰਾਂ ਪਾਸੋਂ ਧਰਮ ਪ੍ਰਚਾਰ ਦੇ ਕਾਰਜਾਂ ਦੀ ਨਾਲੋ-ਨਾਲ ਰਿਪੋਰਟ ਪ੍ਰਾਪਤ ਕਰਕੇ ਪ੍ਰਚਾਰ ਲਹਿਰ ਨੂੰ ਸਿਖਰ ‘ਤੇ ਪਹੁੰਚਾਉਣ ਲਈ ਸੰਜੀਦਾ ਯਤਨ ਕਰਦੀ ਰਹੇਗੀ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਹਲਕਾ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ ਨੇ ਪ੍ਰਚਾਰਕ ਸ਼੍ਰੇਣੀ ਅਤੇ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਆਪੋ-ਆਪਣੀ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਉਣ ਦੀ ਪ੍ਰੇਰਨਾ ਕੀਤੀ। ਉਨ੍ਹਾਂ ਕਿਹਾ ਕਿ ਸਿੱਖ ਦਾ ਕਿਰਦਾਰ ਹੀ ਸਿੱਖ ਦੀ ਪਹਿਚਾਣ ਹੈ ਅਤੇ ਸਾਨੂੰ ਆਪਣਾ ਕਿਰਦਾਰ ਉਚਾ ਸੁੱਚਾ ਬਣਾਉਣਾ ਚਾਹੀਦਾ ਹੈ ਤਾਂ ਜੋ ਪ੍ਰਚਾਰ ਸਮੇਂ ਸੰਗਤਾਂ ਚੰਗਾ ਪ੍ਰਭਾਵ ਕਬੂਲ ਸਕਣ। ਉਨ੍ਹਾਂ ਇਹ ਵੀ ਕਿਹਾ ਕਿ ਕੁਝ ਲੋਕ ਅੱਜ ਸਿੱਖੀ ਭੇਖ ਵਿਚ ਰਹਿੰਦਿਆਂ ਸਿੱਖ ਸੰਗਤਾਂ ਨੂੰ ਭਰਮਾਅ ਰਹੇ ਹਨ ਅਤੇ ਅਜਿਹੇ ਸਮੇਂ ਸਿੱਖੀ ਸਿਧਾਂਤਾਂ ਦੀ ਪਹਿਰੇਦਾਰੀ ਦੀ ਹੋਰ ਵੀ ਜ਼ਿਆਦਾ ਜ਼ਰੂਰਤ ਹੈ। ਇਕੱਤਰਤਾ ਦੌਰਾਨ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ, ਸ. ਚਰਨ ਸਿੰਘ ਆਲਮਗੀਰ, ਸ. ਦਵਿੰਦਰ ਸਿੰਘ ਖੱਟੜਾ, ਬੀਬੀ ਹਰਜਿੰਦਰ ਕੌਰ ਚੰਡੀਗੜ੍ਹ, ਸ. ਦਲਜੀਤ ਸਿੰਘ ਭਿੰਡਰ, ਸ. ਰਵਿੰਦਰ ਸਿੰਘ ਖਾਲਸਾ ਤੇ ਸ. ਪ੍ਰਿਤਪਾਲ ਸਿੰਘ ਲੁਧਿਆਣਾ ਨੇ ਵੀ ਆਪਣੇ ਵਿਚਾਰ ਪੇਸ਼ ਕਰਦਿਆਂ ਧਰਮ ਪ੍ਰਚਾਰ ਲਹਿਰ ਨੂੰ ਸਰਗਰਮ ਕਰਨ ਸਬੰਧੀ ਸੁਝਾਅ ਪੇਸ਼ ਕੀਤੇ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਜੂਨੀਅਰ ਮੀਤ ਪ੍ਰਧਾਨ ਸ. ਹਰਪਾਲ ਸਿੰਘ ਜੱਲਾ, ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ, ਸ. ਦਲਜੀਤ ਸਿੰਘ ਭਿੰਡਰ ਹਿਮਾਚਲ, ਸ. ਗੁਰਚਰਨ ਸਿੰਘ ਗਰੇਵਾਲ, ਪ੍ਰਿੰਸੀਪਲ ਸੁਰਿੰਦਰ ਸਿੰਘ, ਬੀਬੀ ਰਣਜੀਤ ਕੌਰ ਮਾਹਲਪੁਰ, ਬੀਬੀ ਹਰਜਿੰਦਰ ਕੌਰ ਚੰਡੀਗੜ੍ਹ, ਸ. ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਹੁਸ਼ਿਆਰਪੁਰ, ਸ. ਰਵਿੰਦਰ ਸਿੰਘ ਖਾਲਸਾ, ਭਾਈ ਅਜਾਇਬ ਸਿੰਘ ਅਭਿਆਸੀ ਅੰਮ੍ਰਿਤਸਰ, ਸ. ਸੁਖਵਰਸ਼ ਸਿੰਘ ਪੰਨੂ, ਭਾਈ ਪ੍ਰਿਤਪਾਲ ਸਿੰਘ ਲੁਧਿਆਣਾ, ਸ. ਚਰਨ ਸਿੰਘ ਆਲਮਗੀਰ, ਸ. ਅਵਤਾਰ ਸਿੰਘ ਰਿਆ, ਸ. ਚਰਨਜੀਤ ਸਿੰਘ ਕਾਲੇਵਾਲ, ਸ. ਅਜਮੇਰ ਸਿੰਘ ਖੇੜਾ, ਜਥੇਦਾਰ ਤਾਰਾ ਸਿੰਘ ਸੱਲਾ, ਸ. ਰਘਬੀਰ ਸਿੰਘ ਸਹਾਰਨਮਾਜਰਾ, ਸ. ਦਵਿੰਦਰ ਸਿੰਘ ਖੱਟੜਾ, ਸ. ਗੁਰਬਖਸ਼ ਸਿੰਘ ਖਾਲਸਾ, ਗਿਆਨੀ ਫੂਲਾ ਸਿੰਘ ਹੈਡ ਗ੍ਰੰਥੀ, ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਸ. ਦਿਲਜੀਤ ਸਿੰਘ ਬੇਦੀ, ਸ. ਬਲਵਿੰਦਰ ਸਿੰਘ ਜੌੜਾ ਸਿੰਘਾ, ਪ੍ਰੋ: ਕਰਤਾਰ ਸਿੰਘ, ਪ੍ਰਿੰਸੀਪਲ ਕਸ਼ਮੀਰ ਸਿੰਘ, ਪ੍ਰਿੰਸੀਪਲ ਜਸਬੀਰ ਸਿੰਘ ਕਰਤਾਰਪੁਰ, ਮੈਨੇਜਰ ਸ. ਰਣਜੀਤ ਸਿੰਘ, ਮਾਤਾ ਜਸਪ੍ਰੀਤ ਕੌਰ ਮਾਹਿਲਪੁਰ ਆਦਿ ਹਾਜ਼ਰ ਸਨ।