ਖ਼ਾਲਸਾ ਪੰਥ ਦੇ ਨਿਆਰੇਪਣ ਦਾ ਪ੍ਰਤੀਕ ‘ਹੋਲਾ ਮਹੱਲਾ’
-ਭਾਈ ਗੋਬਿੰਦ ਸਿੰਘ ਲੌਂਗੋਵਾਲ
ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ,
ਸ੍ਰੀ ਅੰਮ੍ਰਿਤਸਰ ਸਾਹਿਬ।

ਹੋਲਾ ਮਹੱਲਾ ਹੋਲੀ ਦੇ ਤਿਉਹਾਰ ਤੋਂ ਅਗਲੇ ਦਿਨ ਖ਼ਾਲਸੇ ਦੀ ਜਨਮ ਤੇ ਕਰਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਖ਼ਾਲਸਾਈ ਜਾਹੋ-ਜਲਾਲ ਨਾਲ ਮਨਾਇਆ ਜਾਂਦਾ ਹੈ। ਇਹ ਖ਼ਾਲਸਾ ਪੰਥ ਦੇ ਨਿਆਰੇਪਣ ਦਾ ਪ੍ਰਤੀਕ ਹੈ। ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਦੀ ਮਾਨਸਿਕ ਅਵਸਥਾ ਨੂੰ ਬਲਵਾਨ ਬਣਾਉਣ ਲਈ ਹੋਲੇ ਮਹੱਲੇ ਦੀ ਰੀਤ ਚਲਾਈ ਸੀ। ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੱਕ ਸਾਰੇ ਗੁਰੂ ਸਾਹਿਬਾਨ ਸਿੱਖਾਂ ਨੂੰ ਇੱਕ ਅਕਾਲ ਪੁਰਖ ਦੀ ਅਧੀਨਗੀ ਦੀ ਸਿੱਖਿਆ ਦਿੰਦੇ ਹਨ। ਹੋਲਾ ਮਹੱਲਾ ਜਿਥੇ ਖ਼ਾਲਸੇ ਦੇ ਵੱਖਰੇ ਤੇ ਨਿਆਰੇ ਸੱਭਿਆਚਾਰ ਦਾ ਪ੍ਰਮਾਣ ਹੈ ਉਥੇ ਹੀ ਇਹ ਖ਼ਾਲਸਾ ਪੰਥ ਦੀ ਸੁਤੰਤਰ ਹੋਂਦ ਹਸਤੀ ਦਾ ਵੀ ਪ੍ਰਤੀਕ ਹੈ। ਗੁਰੂ ਸਾਹਿਬਾਨ ਨੇ ਪਰੰਪਰਾਗਤ ਤਿਉਹਾਰਾਂ ਵਿਚ ਨਰੋਆ ਪਰਿਵਰਤਨ ਲਿਆਉਂਦਿਆਂ ਹੋਲੀ ਦੀ ਥਾਂ ‘ਤੇ ਹੋਲਾ ਮਹੱਲਾ ਦਾ ਆਰੰਭ ਕੀਤਾ, ਜਿਸ ਨੇ ਭਾਰਤੀ ਧਾਰਮਿਕ ਪਰੰਪਰਾ ਅੰਦਰ ਕ੍ਰਾਂਤੀਕਾਰੀ ਮੋੜ ਲਿਆਦਾ। ਹੋਲਾ ਮਹੱਲਾ ਸਿੱਖਾਂ ਦੇ ਅਧਿਆਤਮਕ ਤੌਰ ‘ਤੇ ਬਲਵਾਨ ਬਣ ਕੇ ਧਰਮ ਯੁੱਧ ਦੀ ਤਿਆਰੀ ਨੂੰ ਰੂਪਮਾਨ ਕਰਦਾ ਹੈ।
ਹੋਲੇ ਮਹੱਲੇ ਦਾ ਆਰੰਭ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਚੇਤ ਵਦੀ ਇਕ ਸੰਮਤ ੧੭੫੭ ਬਿਕ੍ਰਮੀ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਕਿਲ੍ਹਾ ਹੋਲਗੜ੍ਹ ਦੇ ਸਥਾਨ ‘ਤੇ ਕੀਤਾ ਸੀ। ਹੋਲਾ ਮਹੱਲਾ ਮਨਾਉਣ ਦਾ ਮੁੱਖ ਮੰਤਵ ਗੁਰਸਿੱਖਾਂ ਅੰਦਰ ‘ਫ਼ਤਹਿ’ ਦੇ ਅਨੁਭਵ ਨੂੰ ਹੋਰ ਦ੍ਰਿੜ੍ਹ ਕਰਨਾ ਸੀ। ਭਾਈ ਕਾਨ੍ਹ ਸਿੰਘ ਨਾਭਾ ਨੇ ਇਸ ਬਾਰੇ ਮਹਾਨ ਕੋਸ਼ ਅੰਦਰ ਲਿਖਿਆ ਹੈ ਕਿ ਦਸਮ ਪਿਤਾ ਜੀ ਵੱਲੋਂ ਸ਼ੁਰੂ ਕੀਤੇ ਗਏ ਹੋਲਾ ਮਹੱਲਾ ਦੌਰਾਨ ਪੈਦਲ, ਘੋੜਸਵਾਰ ਤੇ ਸ਼ਸਤਰਧਾਰੀ ਸਿੰਘ ਦੋ ਪਾਸਿਆਂ ਤੋਂ ਇਕ ਖਾਸ ਹਮਲੇ ਦੀ ਥਾਂ ਹਮਲਾ ਕਰਦੇ। ਕਲਗੀਧਰ ਆਪ ਇਸ ਬਣਾਉਟੀ ਲੜਾਈ ਨੂੰ ਵੇਖਦੇ ਤੇ ਦੋਨਾਂ ਜਥਿਆਂ ਨੂੰ ਲੋੜੀਂਦੀ ਸਿੱਖਿਆ ਪ੍ਰਦਾਨ ਕਰਦੇ। ਜਿਹੜਾ ਜਥਾ ਜੇਤੂ ਹੁੰਦਾ, ਉਸ ਨੂੰ ਸਿਰੋਪਾ ਬਖਸ਼ਿਸ਼ ਕਰਦੇ।
ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ‘ਤੇ ਹੋਲਾ ਮਹੱਲਾ ਦੇ ਰੂਪ ਵਿਚ ਮਨਾਏ ਜਾਂਦੇ ਇਸ ਜੰਗਜੂ ਤਿਉਹਾਰ ਸਮੇਂ ਸਿੰਘਾਂ ਦੀਆਂ ਆਪਸ ਵਿਚ ਲੜੀਆਂ ਜਾਂਦੀਆਂ ਅਭਿਆਸ ਰੂਪੀ ਮਸਨੂਈ ਲੜਾਈਆਂ ਨੇ ਭਾਰਤੀ ਲੋਕਾਂ ਦੇ ਮਨੋ-ਬਲ ਨੂੰ ਉੱਚਾ ਕੀਤਾ। ਲੋਕ ਕਾਇਰਤਾ ਭਰੇ ਮਾਹੌਲ ‘ਚੋਂ ਨਿਕਲ ਕੇ ਇਸ ਉਤਸਵ ਵਿਚ ਬੜੇ ਜੋਸ਼ ਤੇ ਸਜ-ਧਜ ਨਾਲ ਸ਼ਾਮਲ ਹੋਣ ਲੱਗੇ। ਇਸ ਤਰ੍ਹਾਂ ਸਪੱਸ਼ਟ ਹੈ ਕਿ ਹੋਲਾ ਮਹੱਲਾ ਦੀ ਰੀਤੀ ਦਾ ਵਿਸ਼ੇਸ਼ ਉਦੇਸ਼ ਸਿੱਖਾਂ ਵਿਚ ਸ਼ਸਤਰਾਂ ਲਈ ਪਿਆਰ ਅਤੇ ਭਗਤੀ ਦੀ ਰੱਖਿਆ ਲਈ ਸ਼ਕਤੀ ਦਾ ਸੰਚਾਰ ਕਰਨਾ ਸੀ। ਇਸ ਨਾਲ ਸ਼ਸਤਰ ਸਿੱਖੀ ਦਾ ਅਟੁੱਟ ਅੰਗ ਬਣ ਗਿਆ, ਧਰਮ ਦਾ ਚਿੰਨ੍ਹ ਅਤੇ ਰਾਜ ਦਾ ਰਾਖਾ:-
ਸ਼ਸਤਰਨ ਕੇ ਅਧੀਨ ਹੈ ਰਾਜ। ਜੋ ਨ ਧਰਹਿ ਤਿਸ ਬਿਗਰੈ ਕਾਜ।
ਯਾਤੇ ਸਰਬ ਖਾਲਸਾ ਸੁਣਿਆਹਿ। ਆਯੁਧ ਧਰਯੋ ਉਤਮ ਗੁਣ ਆਹਿ।
ਜਬ ਹਮਰੇ ਦਰਸ਼ਨ ਆਵਹੁ। ਬਨ ਸੁਚੇਤ ਸ਼ਸਤਰ ਸਜਾਵਹੁ।
ਕਮਰ ਕਸਾ ਕਰ ਦਿਹੁ ਦਿਖਾਈ। ਹਮਰੀ ਖੁਸ਼ੀ ਹੋਇ ਅਧਕਾਈ।
(ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ)
ਪ੍ਰਿੰਸੀਪਲ ਸਤਿਬੀਰ ਸਿੰਘ ਲਿਖਦੇ ਹਨ, ‘ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸੇਵਾ ਤੇ ਸ਼ਹੀਦੀ ਦਾ ਅਜਿਹਾ ਸੁਮੇਲ ਕਰ ਦਿੱਤਾ ਕਿ ਨੀਂਵੀਂਆਂ ਰੁਚੀਆਂ ਉਪਜਾਉਣ ਵਾਲੀ ਹੋਲੀ ਦਾ ਤਿਆਗ਼ ਹੋ ਗਿਆ। ਗੁਰੂ ਸਾਹਿਬ ਨੇ ਸਿੱਖਾਂ ਅੰਦਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਤੋਂ ਬਾਅਦ ਨਵਾਂ ਜੋਸ਼ ਅਤੇ ਤਾਕਤ ਬਖ਼ਸ਼ਣ ਲਈ ਇਕ ਦਿਨ ਨਿਯਤ ਕਰ ਦਿੱਤਾ ਤੇ ਉਸ ਦਿਨ ਕਿਲ੍ਹਾ ਹੋਲਗੜ੍ਹ ਵਿਚ ਮੇਲਾ ਲੱਗ ਜਾਂਦਾ। ਪਹਿਲਾ ਤਾਰੀਖ਼ੀ ਮੇਲਾ, ਗੁਰੂ ਸਾਹਿਬ ਨੇ ਚੇਤ ਵਦੀ ਪਹਿਲੀ, ਸੰਮਤ ੧੭੫੭ ਵਿਚ ਕੀਤਾ ਤੇ ਉਸ ਦੀ ਪਰਪਾਟੀ ਪੈ ਗਈ। ਹੋਲਾ-ਮਹੱਲਾ ਉਤਸ਼ਾਹ ਦਾ ਦਿਹਾੜਾ ਬਣ ਗਿਆ ਤੇ ਸ਼ਕਤੀ ਦਾ ਪ੍ਰਤੀਕ।’
ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਆਰੰਭ ਕੀਤਾ ਗਿਆ ਹੋਲਾ ਮਹੱਲਾ ਕੌਮੀ ਸ਼ਕਤੀ ਨੂੰ ਪ੍ਰਗਟ ਕਰਨ ਅਤੇ ਅਣਖ ਦੇ ਅਨੁਭਵ ਦਾ ਅਨੋਖਾ ਢੰਗ ਹੈ। ਇਹ ਖ਼ਾਲਸਾ ਪੰਥ ਲਈ ਸਵੈਮਾਣ, ਖ਼ਾਲਸੇ ਦੇ ਬੋਲ-ਬਾਲੇ ਅਤੇ ਚੜ੍ਹਦੀ ਕਲਾ ਦਾ ਪ੍ਰਤੀਕ ਹੈ। ਹੋਲਾ ਮਹੱਲਾ ਸਿੱਖਾਂ ਨੂੰ ਹਰ ਸਾਲ ਦ੍ਰਿੜ੍ਹ ਵਿਸ਼ਵਾਸੀ, ਪ੍ਰਭੂ-ਭਗਤੀ ਤੇ ਉੱਚੇ-ਸੁੱਚੇ ਮਨੁੱਖੀ ਆਦਰਸ਼ਾਂ, ਜ਼ੁਲਮ, ਜਬਰ, ਨਾਸਤਿਕਤਾ ਤੇ ਭ੍ਰਿਸ਼ਟਾਚਾਰ ਵਿਰੁੱਧ ਜੂਝਣ ਲਈ ਨਵਾਂ ਜੋਸ਼ ਤੇ ਉਤਸ਼ਾਹ ਪ੍ਰਦਾਨ ਕਰਦਾ ਹੈ। ਇਹ ਸਾਨੂੰ ਗੁਰੂ ਬਖਸ਼ੀ ਜੀਵਨ-ਜਾਚ ਵਿਚ ਪੱਕਿਆਂ ਰਹਿਣ ਦੀ ਪ੍ਰੇਰਨਾ ਦਿੰਦਾ ਹੈ। ਇਸ ਪ੍ਰੇਰਨਾ ਨੂੰ ਕਵੀ ਨਿਹਾਲ ਸਿੰਘ ਆਪਣੇ ਸ਼ਬਦਾਂ ਵਿਚ ਇਸ ਤਰ੍ਹਾਂ ਬਿਆਨ ਕਰਦੇ ਹਨ:
ਬਰਛਾ ਢਾਲ ਕਟਾਰਾ ਤੇਗਾ, ਕੜਛਾ ਦੇਗਾ ਗੋਲਾ ਹੈ।
ਛਕਾ ਪ੍ਰਸਾਦਿ ਸਜਾ ਦਸਤਾਰਾ, ਅਰੁ ਕਰ ਦੋਨਾ ਟੋਲਾ ਹੈ।
ਸੁਭਟ ਸੁਚਾਲਾ ਅਰ ਲੱਖ ਬਾਹਾ, ਕਲਗਾ ਸਿੰਘ ਸਚੋਲਾ ਹੈ।
ਅਪਰ ਮੁਛਹਿਰਾ, ਦਾੜਵਾ ਜੈਸੇ, ਤੈਸਾ ਬੋਲਾ ਹੋਲਾ ਹੈ।
ਖ਼ਾਲਸੇ ਨੂੰ ਦੁਨੀਆਂ ਤੋਂ ਨਿਆਰੇ ਅਤੇ ਅਕਾਲ ਪੁਰਖ ਦਾ ਖਾਸ ਰੂਪ ਹੋਣ ਦਾ ਅਹਿਸਾਸ ਕਰਵਾਉਂਦੇ ‘ਹੋਲਾ ਮਹੱਲਾ’ ਮੌਕੇ ਹਰ ਸਾਲ ਲੱਖਾਂ ਦੀ ਗਿਣਤੀ ਵਿਚ ਸੰਗਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਪਾਵਨ ਛੋਹ ਧਰਤੀ ਸ੍ਰੀ ਅਨੰਦਪੁਰ ਸਾਹਿਬ, ਸ੍ਰੀ ਪਾਉਂਟਾ ਸਾਹਿਬ ਤੇ ਸ੍ਰੀ ਹਜ਼ੂਰ ਸਾਹਿਬ ਨੰਦੇੜ ਵਿਖੇ ਸ਼ਰਧਾ ਨਾਲ ਪੁੱਜਦੀ ਹੈ। ਭਾਰੀ ਦੀਵਾਨ ਸਜਦੇ ਹਨ, ਨਿਹੰਗ ਸਿੰਘਾਂ ਦੇ ਜਥੇ ਤੇ ਖਾਲਸਾ ਪੰਥ ਦੀ ਫ਼ੌਜ ਦੇ ਹੋਰ ਦਸਤੇ ਰਲ-ਮਿਲ ਕੇ ਨਗਰ ਕੀਰਤਨ ਸਜਾਉਂਦੇ ਹਨ। ਘੋੜ ਸਵਾਰੀ ਤੇ ਗਤਕੇਬਾਜ਼ੀ ਦੇ ਜੰਗਜੂ ਕਰਤੱਵ ਦੇਖਣਯੋਗ ਹੁੰਦੇ ਹਨ। ਇਸ ਖਾਲਸਾਈ ਪੁਰਬ ਮੌਕੇ ਸਾਡਾ ਸਭ ਦਾ ਫਰਜ ਬਣਦਾ ਹੈ ਕਿ ਅਸੀਂ ਆਪਣੇ ਸ਼ਾਨਾਮੱਤੇ ਇਤਿਹਾਸ ਤੋਂ ਪ੍ਰੇਰਣਾ ਲੈਂਦਿਆਂ ਸ਼ਸਤਰਧਾਰੀ ਬਣੀਏ ਭਾਵ ਗੁਰੂ ਬਖਸ਼ੀ ਅੰਮ੍ਰਿਤ ਦੀ ਦਾਤ ਪ੍ਰਾਪਤ ਕਰੀਏ। ਕਿਉਂਕਿ ਗੁਰੂ ਸਾਹਿਬ ਨੇ ਸਾਨੂੰ ਵਿਲੱਖਣ ਰਹਿਣੀ ਬਖਸ਼ੀ ਹੈ, ਜਿਸ ਨੂੰ ਅਪਣਾਉਣਾ ਸਾਡਾ ਧਰਮ ਕਰਤੱਵ ਹੈ। ਹੋਲਾ ਮਹੱਲਾ ਦੇ ਮੌਕੇ ‘ਤੇ ਮੈਂ ਸਿੱਖ ਜਗਤ ਨੂੰ ਇਹ ਅਪੀਲ ਕਰਦਾ ਹਾਂ ਕਿ ਆਓ, ਮਹਾਨ ਸਿੱਖ ਪਰੰਪਰਾਵਾਂ ਦਾ ਪਾਲਣ ਕਰਦਿਆਂ ਕੌਮ ਦੀ ਚੜ੍ਹਦੀ ਕਲਾ ਲਈ ਇਕਜੁਟ ਹੋਈਏ। ਕਿਉੇਂਕਿ ਸਿੱਖ ਤਿਉਹਾਰ ਸਾਨੂੰ ਸਾਡੀਆਂ ਮਹਾਨ ਪਰੰਪਰਾਵਾਂ ‘ਤੇ ਪਹਿਰਾ ਦੇਣ ਲਈ ਸ਼ਕਤੀ ਸੋਮੇ ਦਾ ਕੰਮ ਕਰਦੇ ਹਨ। ਸੋ ਸਾਨੂੰ ਖਾਲਸਾ ਪੰਥ ਦੀ ਵਿਲੱਖਣਤਾ ਦੇ ਪ੍ਰਤੀਕ ਹੋਲਾ ਮਹੱਲਾ ਦੀ ਭਾਵਨਾ ਅਨੁਸਾਰ ਸੱਚਾ ਉੱਦਮੀ ਜੀਵਨ ਜਿਊਣ ਦੀ ਪ੍ਰੇਰਨਾ ਲੈਂਦਿਆਂ ਅੱਗੇ ਵਧਣਾ ਚਾਹੀਦਾ ਹੈ। ਇਹੀ ਹੋਲਾ ਮਹੱਲਾ ਦਾ ਸਾਡੇ ਲਈ ਸੁਨੇਹਾ ਹੈ।