ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ : ਇਕ ਸਦੀ ਦਾ ਸਫ਼ਰ

-ਭਾਈ ਗੋਬਿੰਦ ਸਿੰਘ ਲੌਂਗੋਵਾਲ
ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ,
ਸ੍ਰੀ ਅੰਮ੍ਰਿਤਸਰ।

ਸਿੱਖਾਂ ਦੀ ਨੁਮਾਇੰਦਾ ਧਾਰਮਿਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਨੂੰ ਹੋਂਦ ਵਿਚ ਆਇਆਂ ਇਕ ਸਦੀ ਪੂਰੀ ਹੋ ਚੁੱਕੀ ਹੈ। ਇਸ ਦੀ ਸਥਾਪਨਾ ੧੫ ਨਵੰਬਰ ੧੯੨੦ ਨੂੰ ਸਿੱਖ ਕੌਮ ਦੇ ਸਰਵਉੱਚ ਅਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹੋਈ ਸੀ। ਵੱਡੀਆਂ ਕੁਰਬਾਨੀਆਂ ਇਸ ਦੀ ਸਥਾਪਨਾ ਪਿੱਛੇ ਸ਼ਕਤੀ ਸੋਮਾ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜੋਤਿ ਅਤੇ ਜੁਗਤਿ ਦੀ ਰੌਸ਼ਨੀ ਵਿਚ ਗੁਰਮਤਿ ਸਿਧਾਂਤਾਂ ਦੀ ਬਹਾਲੀ ਅਤੇ ਗੁਰਦੁਆਰਾ ਸਾਹਿਬਾਨ ਦੀ ਮਾਣ-ਮਰਯਾਦਾ ਬਰਕਰਾਰ ਰੱਖਣ ਵਾਸਤੇ ਖ਼ਾਲਸਾ ਪੰਥ ਨੇ ਆਪਣੀ ਇਸ ਨਿਰਾਲੀ ਪੰਥਕ ਜਥੇਬੰਦੀ ਦੀ ਸਥਾਪਨਾ ਕੀਤੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਸੌ ਸਾਲਾਂ ਦੇ ਸਫ਼ਰ ਦੌਰਾਨ ਜਿਥੇ ਕਈ ਉਤਰਾਅ-ਚੜਾਅ ਵੇਖੇ ਹਨ, ਉਥੇ ਹੀ ਇਸ ਦੀਆਂ ਕੌਮੀ ਪ੍ਰਾਪਤੀਆਂ ਦੀ ਸੂਚੀ ਵੀ ਬਹੁਤ ਵੱਡੀ ਹੈ। ਗੁਰੂ ਸਾਹਿਬਾਨ ਦੀ ਸਿੱਖਿਆ ਅਤੇ ਪ੍ਰੇਰਣਾ ਅਨੁਸਾਰ ਇਸ ਨੇ ਗੁਰੂ ਘਰਾਂ ਦਾ ਪ੍ਰਬੰਧ ਸੰਗਤੀ ਸੋਚ ਅਤੇ ਪੰਥਕ ਰਵਾਇਤਾਂ ਅਨੁਸਾਰ ਨਿਭਾਉਣ ਦੇ ਨਾਲ-ਨਾਲ ਧਰਮ ਪ੍ਰਚਾਰ, ਸਿੱਖਿਆ, ਸਿਹਤ ਸੇਵਾਵਾਂ, ਸਮਾਜਿਕ ਅਤੇ ਲੋਕ ਭਲਾਈ ਦੇ ਕਾਰਜ ਵੀ ਬਾਖੂਬੀ ਨਿਭਾਏ ਹਨ ਅਤੇ ਨਿਰੰਤਰ ਨਿਭਾਉਂਦੀ ਰਹੇਗੀ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਥਾਪਨਾ ਦਾ ਇਤਿਹਾਸ ਵਿਸ਼ਵ ਦੇ ਧਾਰਮਿਕ ਸੰਸਾਰ ਅੰਦਰ ਅਸਲੋਂ ਨਿਵੇਕਲਾ ਅਤੇ ਧਾਰਮਿਕ ਅਸਥਾਨਾਂ ਪ੍ਰਤੀ ਅਥਾਹ ਸ਼ਰਧਾ ਤੇ ਕੁਰਬਾਨੀਆਂ ਵਾਲਾ ਹੈ। ਅੰਗਰੇਜ਼ ਹਕੂਮਤ ਸਮੇਂ ਸਿੱਖ ਗੁਰਧਾਮਾਂ ‘ਤੇ ਜਦੋਂ ਮਹੰਤਾਂ ਨੇ ਗੁਰੂ ਸਾਹਿਬਾਨ ਦੀ ਸੋਚ ਵਿਰੁੱਧ ਮਨਮਤੀ ਕਾਰਵਾਈਆਂ ਆਰੰਭ ਦਿੱਤੀਆਂ, ਤਾਂ ਮਰਜੀਵੜੇ ਅਕਾਲੀ ਯੋਧਿਆਂ ਨੇ ਗੁਰਦੁਆਰਾ ਸਾਹਿਬਾਨ ਨੂੰ ਅਜ਼ਾਦ ਕਰਵਾਉਣ ਲਈ ਇਕ ਲਹਿਰ ਸਿਰਜੀ। ਇਸ ਲਹਿਰ ਨੇ ਗੁਰਦੁਆਰਾ ਪ੍ਰਬੰਧ ਸੁਧਾਰ ਲਈ ਪ੍ਰਣ ਕੀਤਾ। ਅਸਲ ਵਿਚ ਸਿੱਖਾਂ ਦੇ ਗੁਰਦੁਆਰਾ ਸਾਹਿਬਾਨ ਨਾਲ ਗਹਿਰੇ ਸਬੰਧਾਂ ਬਾਰੇ ਅੰਗਰੇਜ਼ ਜਾਣ ਗਏ ਸਨ। ਉਨ੍ਹਾਂ ਨੇ ਸਿੱਖੀ ਦੇ ਪ੍ਰੇਰਣਾ ਸਰੋਤ ਗੁਰਦੁਆਰਿਆਂ ‘ਤੇ ਕਬਜ਼ਾ ਕਰਨ ਦੇ ਮੰਤਵ ਨਾਲ ਮਹੰਤਾਂ ਰਾਹੀਂ ਗੁਰਦੁਆਰਿਆਂ ਦਾ ਪ੍ਰਬੰਧ ਅਸਿੱਧੇ ਢੰਗ ਨਾਲ ਆਪਣੇ ਹੱਥਾਂ ਵਿਚ ਲੈ ਲਿਆ। ਇਨ੍ਹਾਂ ਦੁਰਾਚਾਰੀ ਮਹੰਤਾਂ ਨੇ ਗੁਰਦੁਆਰਾ ਸਾਹਿਬਾਨ ਦੇ ਚੜ੍ਹਾਵੇ ਦੀ ਮਾਇਆ ਨੂੰ ਆਪਣੇ ਐਸ਼ੋ-ਆਰਾਮ ਲਈ ਵਰਤਣਾ ਸ਼ੁਰੂ ਕਰ ਦਿੱਤਾ ਅਤੇ ਗੁਰਦੁਆਰਿਆਂ ਅੰਦਰੋਂ ਗੁਰੂ ਸਾਹਿਬਾਨ ਦੇ ਫਲਸਫੇ ਦੀ ਸਿੱਖ ਚੇਤਨਾ ਨੂੰ ਰੋਕਣ ਲਈ ਸਿੱਖੀ ਦੇ ਵਿਰੁੱਧ ਮਨਮੱਤੀ ਤੇ ਕਰਮਕਾਂਡੀ ਕਾਰਵਾਈਆਂ ਆਰੰਭ ਦਿੱਤੀਆਂ। ਮਹੰਤਾਂ ਦੇ ਇਸ ਕਿਰਦਾਰ ਅਤੇ ਚਾਲ ਨੂੰ ਸਿੱਖ ਕੌਮ ਕਦੇ ਵੀ ਬਰਦਾਸ਼ਤ ਨਹੀਂ ਸੀ ਕਰ ਸਕਦੀ। ਇਸ ਦੇ ਚੱਲਦਿਆਂ ਮਹੰਤਾਂ ਪਾਸੋਂ ਗੁਰੂ ਘਰਾਂ ਦਾ ਪ੍ਰਬੰਧ ਵਾਪਸ ਲੈਣ ਲਈ ਸਿੱਖਾਂ ਨੇ ਵੱਡੀ ਜਦੋ-ਜਹਿਦ ਕੀਤੀ, ਪਰੰਤੂ ਮਹੰਤਾਂ ਨੂੰ ਸਰਕਾਰ ਦਾ ਥਾਪੜਾ ਪ੍ਰਾਪਤ ਸੀ।
ਗੁਰਦੁਆਰਾ ਸਾਹਿਬਾਨ ਨੂੰ ਪੰਥਕ ਪ੍ਰਬੰਧਾਂ ਹੇਠ ਲੈਣ ਲਈ ਗੁਰਦੁਆਰਾ ਸੁਧਾਰ ਲਹਿਰ ਨੇ ਸਰਗਰਮ ਅੰਲੋਦਨ ਆਰੰਭ ਕੀਤਾ। ਸਿੱਖ ਪੰਥ ਨੇ ੧੨ ਅਕਤੂਬਰ ੧੯੨੦ ਨੂੰ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਪ੍ਰਬੰਧ ਮਹੰਤਾਂ ਕੋਲੋਂ ਛੁਡਵਾ ਲਿਆ, ਮਹੰਤਾਂ ਨੇ ਕਬਜ਼ਾ ਛੱਡ ਕੇ ਭੱਜਣ ਵਿਚ ਹੀ ਆਪਣੀ ਭਲਾਈ ਸਮਝੀ। ਪਰੰਤੂ ਅੰਗਰੇਜ਼ ਸਰਕਾਰ ਨੇ ਗੁਰਦੁਆਰਿਆਂ ‘ਤੇ ਸਰਕਾਰੀ ਦਖ਼ਲ ਬਣਾਈ ਰੱਖਣ ਲਈ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਰਾਹੀਂ ਇਕ ਕਮੇਟੀ ਸਥਾਪਤ ਕਰ ਦਿੱਤੀ। ਸਿੱਖ ਪੰਥ ਨੇ ਆਪਣੀ ਇਕ ਕੇਂਦਰੀ ਸੰਸਥਾ ਦੀ ਲੋੜ ਦੇ ਮੰਤਵ ਨਾਲ ੧੫ ਨਵੰਬਰ ੧੯੨੦ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਇਕੱਤਰਤਾ ਦਾ ਫੈਸਲਾ ਕੀਤਾ। ਸਿੱਖਾਂ ਦੀ ਲਾਮਬੰਦੀ ਨੂੰ ਲੈ ਕੇ ਇਸ ਤੋਂ ਪਹਿਲਾਂ ਹੀ ਅੰਗਰੇਜ਼ ਸਰਕਾਰ ਨੇ ਸਿੱਖਾਂ ਵਿਚ ਫੁੱਟ ਪਾਉਣ ਅਤੇ ਆਪਣੇ ਵਫ਼ਾਦਾਰਾਂ ਨੂੰ ਗੁਰਦੁਆਰਾ ਪ੍ਰਬੰਧਾਂ ਵਿਚ ਸ਼ਾਮਲ ਕਰਨ ਦੇ ਮੰਤਵ ਨਾਲ ਮਹਾਰਾਜਾ ਪਟਿਆਲਾ ਦੀ ਸਲਾਹ ਨਾਲ ੩੬ ਮੈਂਬਰਾਂ ਦੀ ਇਕ ਹੋਰ ਅਸਥਾਈ ਕਮੇਟੀ ਦੀ ਸਥਾਪਨਾ ਦਾ ਐਲਾਨ ਕਰ ਦਿੱਤਾ। ਪਰੰਤੂ ੧੫ ਨਵੰਬਰ ੧੯੨੦ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਿੱਖ ਪੰਥ ਦੇ ਵੱਡੇ ਇਕੱਠ ਨੇ ੧੭੫ ਮੈਂਬਰੀ ਪ੍ਰਤੀਨਿਧ ਕਮੇਟੀ ਦਾ ਗਠਨ ਕਰ ਲਿਆ। ਗੁਰਦੁਆਰਾ ਸਾਹਿਬਾਨ ਦੀ ਪੰਥਕ ਭਾਵਨਾ ਨਾਲ ਸੇਵਾ ਸੰਭਾਲ ਲਈ ਗਠਤ ਕੀਤੀ ਗਈ ਇਸ ਕਮੇਟੀ ਦਾ ਨਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਰੱਖਿਆ ਗਿਆ। ਇਸ ਦੇ ਹੋਂਦ ਵਿਚ ਆਉਣ ਨਾਲ ਸਿੱਖ ਸ਼ਕਤੀ ਸੰਗਠਤ ਹੋਈ ਅਤੇ ਫਿਰ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਨਾਲ ਸਿੱਖਾਂ ਦੀ ਰਾਜਨੀਤਕ ਸ਼ਕਤੀ ਦਾ ਮੁੱਢ ਬੱਝਾ। ਇਸ ਮਗਰੋਂ ਵੱਖ-ਵੱਖ ਗੁਰਦੁਆਰਿਆਂ ਦਾ ਪ੍ਰਬੰਧ ਪੰਥਕ ਹੱਥਾਂ ਵਿਚ ਲਿਆਉਣ ਲਈ ਸਿੱਖ ਕੌਮ ਵੱਲੋਂ ਲਗਾਏ ਗਏ ਮੋਰਚੇ ਕੌਮ ਦਾ ਲਾਸਾਨੀ ਇਤਿਹਾਸ ਹਨ, ਜਿਸ ਨੇ ਗੁਰੂ-ਘਰਾਂ ਦਾ ਪ੍ਰਬੰਧ ਸਿੱਖ ਕੌਮ ਦੀ ਪ੍ਰਤੀਨਿਧ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਾਸ ਲੈਣ ਵਿਚ ਸਫਲਤਾ ਹਾਸਲ ਕੀਤੀ। ਇਨ੍ਹਾਂ ਮੋਰਚਿਆਂ ਦੌਰਾਨ ਸਿੱਖ ਕੌਮ ਨੂੰ ਵੱਡੀਆਂ ਕੁਰਬਾਨੀਆਂ ਦੇਣੀਆਂ ਪਈਆਂ।
ਸੰਨ ੧੯੨੫ ਵਿਚ ਸਰਕਾਰ ਵੱਲੋਂ ‘ਸਿੱਖ ਗੁਰਦੁਆਰਾ ਐਕਟ ੧੯੨੫’ ਰਾਹੀਂ ਸਿੱਖ ਪੰਥ ਦੀ ਇਸ ਪ੍ਰਤੀਨਿਧ ਸੰਸਥਾ ਨੂੰ ਕਾਨੂੰਨੀ ਮਾਨਤਾ ਪ੍ਰਾਪਤ ਹੋਈ। ਇਸ ਅਨੁਸਾਰ ਚੋਣ ਪ੍ਰਕਿਰਿਆ ਤਹਿਤ ੧੭੦ ਮੈਂਬਰ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਵਿੱਚੋਂ ਵੋਟਾਂ ਰਾਹੀਂ ਚੁਣੇ ਜਾਂਦੇ ਹਨ। ਇਸ ਤੋਂ ਇਲਾਵਾ ਦੇਸ਼ ਭਰ ਵਿੱਚੋਂ ੧੫ ਮੈਂਬਰ ਨਾਮਜ਼ਦ ਕੀਤੇ ਜਾਂਦੇ ਹਨ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਅਤੇ ਪੰਜ ਤਖ਼ਤਾਂ ਦੇ ਜਥੇਦਾਰ ਸਾਹਿਬਾਨ ਬਿਨਾਂ ਚੋਣ ਤੋਂ ਕਮੇਟੀ ਦੇ ਮੈਂਬਰ ਹੁੰਦੇ ਹਨ। ਮੈਂਬਰਾਂ ਦੀ ਕੁਲ ਗਿਣਤੀ ੧੯੧ ਹੁੰਦੀ ਹੈ। ਕਮੇਟੀ ਦੇ ਅਹੁਦੇਦਾਰਾਂ ਦੀ ਚੋਣ ਹਰ ਸਾਲ ਨਵੰਬਰ ਮਹੀਨੇ ਵਿਚ ਕੀਤੀ ਜਾਂਦੀ ਹੈ, ਜਿਸ ਵਿਚ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ, ਜੂਨੀਅਰ ਮੀਤ ਪ੍ਰਧਾਨ, ਜਨਰਲ ਸਕੱਤਰ ਅਤੇ ੧੫ ਮੈਂਬਰੀ ਅੰਤ੍ਰਿੰਗ ਕਮੇਟੀ ਚੁਣੀ ਜਾਂਦੀ ਹੈ। ਇਸ ਤਰ੍ਹਾਂ ਸ਼੍ਰੋਮਣੀ ਕਮੇਟੀ ਦਾ ਪ੍ਰਬੰਧ ਸੰਗਤ ਦੁਆਰਾ ਚੁਣੇ ਹੋਏ ਨੁਮਾਇੰਦੇ ਕਰਦੇ ਹਨ।
ਇਕ ਸਦੀ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿੱਖ ਹਿੱਤਾਂ ਦੀ ਹਮੇਸ਼ਾ ਤਰਜ਼ਮਾਨੀ ਕੀਤੀ ਹੈ। ਦੇਸ਼ ਵਿਦੇਸ਼ ਅੰਦਰ ਵੱਸਦੇ ਸਿੱਖਾਂ ਦੇ ਮਸਲਿਆਂ ਲਈ ਅਵਾਜ਼ ਬੁਲੰਦ ਕਰਨਾ ਇਸ ਦੀ ਪਹਿਲ ਰਹੀ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪ੍ਰਵਾਨਿਤ ਸਿੱਖ ਰਹਿਤ ਮਰਯਾਦਾ ਨੂੰ ਇਕਸਾਰ ਲਾਗੂ ਕਰਨ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵੱਡਾ ਕਾਰਜ ਹੈ, ਜਿਸ ਨੇ ਪੰਥਕ ਏਕਤਾ ਨੂੰ ਬਲ ਦਿੱਤਾ। ਸਿੱਖ ਪੰਥ ਦੀ ਇਹ ਉੱਚ ਦੁਮਾਲੜੀ ਧਾਰਮਿਕ ਸੰਸਥਾ ਪੰਥਕ ਸ਼ਕਤੀ ਦਾ ਅਧਾਰ ਹੈ। ਗੁਰੂ ਘਰਾਂ ਦੇ ਪੰਥਕ ਪ੍ਰਬੰਧ ਤੋਂ ਲੈ ਕੇ ਸਮਾਜ ਦੇ ਹਰ ਖੇਤਰ ਵਿਚ ਇਸ ਦੀ ਭੂਮਿਕਾ ਮੋਹਰੀ ਰਹੀ ਹੈ। ਇਤਿਹਾਸਕ ਗੁਰਦੁਆਰਾ ਸਾਹਿਬਾਨ ਦੀ ਸੇਵਾ-ਸੰਭਾਲ ਤੋਂ ਇਲਾਵਾ ਮੌਜੂਦਾ ਸਮੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ੧੧੧ ਵਿਦਿਅਕ ਅਦਾਰੇ ਚਲਾ ਰਹੀ ਹੈ। ੨ ਯੂਨੀਵਰਸਿਟੀਆਂ, ਮੈਡੀਕਲ ਤੇ ਇੰਜੀਨੀਅਰਿੰਗ ਕਾਲਜ ਵੀ ਵਿਦਿਆਰਥੀਆਂ ਦੇ ਭਵਿੱਖ ਨੂੰ ਰੌਸ਼ਨ ਕਰ ਰਹੇ ਹਨ। ੧੨ ਸਿੱਖ ਮਿਸ਼ਨ, ੧੪ ਸਿੱਖ ਮਿਸ਼ਨਰੀ ਕਾਲਜ ਤੇ ਗੁਰਮਤਿ ਵਿਦਿਆਲੇ ਸਿੱਖ ਕੌਮ ਅੰਦਰ ਗੁਰਮਤਿ ਪ੍ਰਤੀ ਰੌਸ਼ਨੀ ਫੈਲਾਉਣ ਲਈ ਨਿਰੰਤਰ ਕਾਰਜਸ਼ੀਲ ਹਨ। ਗੁਰੂ ਸਾਹਿਬ ਵੱਲੋਂ ਦਿੱਤੇ ਸਰਬੱਤ ਦੇ ਭਲੇ ਦੇ ਸਿਧਾਂਤ ‘ਤੇ ਪਹਿਰਾ ਦਿੰਦਿਆਂ ਸਿੱਖ ਸੰਸਥਾ ਨੇ ਹਮੇਸ਼ਾ ਹੀ ਮਾਨਵ ਭਲਾਈ ਦੇ ਕਾਰਜਾਂ ਨੂੰ ਤਰਜ਼ੀਹ ਦਿੱਤੀ ਹੈ। ਇਸੇ ਤਹਿਤ ਹੀ ਕੁਦਰਤੀ ਆਫ਼ਤਾਂ ਸਮੇਂ ਸ਼੍ਰੋਮਣੀ ਕਮੇਟੀ ਵੱਲੋਂ ਸਮੇਂ-ਸਮੇਂ ਨਿਭਾਈਆਂ ਗਈਆਂ ਸੇਵਾਵਾਂ ਨੇ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਦੇ ਨਾਲ-ਨਾਲ ਗੈਰ ਸਿੱਖਾਂ ਦਾ ਧਿਆਨ ਵੀ ਆਪਣੇ ਵੱਲ ਖਿੱਚਿਆ ਹੈ। ਪ੍ਰਾਪਤੀਆਂ ਦੀ ਸੂਚੀ ਤਾਂ ਬੇਹੱਦ ਲੰਮੀ ਹੈ, ਪਰੰਤੂ ਸੰਖੇਪ ਵਿਚ ਗੱਲ ਕੀਤੀ ਜਾਵੇ ਤਾਂ ਇਸ ਮਾਣਮੱਤੀ ਸਿੱਖ ਸੰਸਥਾ ਨੇ ਸਮਾਜ ਦੇ ਹਰ ਖੇਤਰ ਅੰਦਰ ਆਪਣੀ ਲੋਕ ਪੱਖੀ ਹੋਂਦ ਦਰਸਾਈ ਹੈ। ਬੇਸ਼ੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਈ ਪੰਥ ਵਿਰੋਧੀ ਸ਼ਕਤੀਆਂ ਦਾ ਸਾਹਮਣਾ ਵੀ ਕਰਨਾ ਪੈਂਦਾ ਰਿਹਾ, ਪਰੰਤੂ ਇਸ ਨੇ ਆਪਣੀ ਸਥਾਪਨਾ ਦੇ ਮੰਤਵ ਅਨੁਸਾਰ ਹਰ ਚੁਣੌਤੀ ਤੋਂ ਪਾਰ ਹੁੰਦਿਆਂ ਟੀਚਿਆਂ ਦੀ ਸੇਧ ਵਿਚ ਸਫ਼ਰ ਜਾਰੀ ਰੱਖਿਆ।
ਇਸ ਦੇ ਸੌ ਸਾਲਾ ਸਥਾਪਨਾ ਦਿਵਸ ਮੌਕੇ ਹਰੇਕ ਗੁਰਸਿੱਖ ਦਾ ਫ਼ਰਜ਼ ਬਣਦਾ ਹੈ ਕਿ ਇਸ ਮਾਣਮੱਤੀ ਸੰਸਥਾ ਦੀਆਂ ਪ੍ਰਾਪਤੀਆਂ ਨੂੰ ਜਿਥੇ ਆਪ ਸਮਝੇ, ਉਥੇ ਹੀ ਹੋਰਨਾਂ ਤੱਕ ਪਹੁੰਚਾ ਕੇ ਆਪਣਾ ਪੰਥਕ ਫ਼ਰਜ਼ ਨਿਭਾਵੇ। ਅਸੀਂ ਮਾਣ ਨਾਲ ਕਹਿ ਸਕਦੇ ਹਾਂ ਕਿ ਸਿੱਖਾਂ ਪਾਸ ਅਜਿਹੀ ਇਕ ਲੋਕਤੰਤਰੀ ਸੰਸਥਾ ਹੈ, ਜੋ ਵਿਸ਼ਵ ਦੇ ਧਾਰਮਿਕ ਇਤਿਹਾਸ ਅੰਦਰ ਹੋਰ ਕਿਧਰੇ ਨਜ਼ਰੀਂ ਨਹੀਂ ਪੈਂਦੀ। ਸਰਬੱਤ ਦੇ ਭਲੇ ਦੇ ਸੰਕਲਪ ਅਤੇ ਪੰਥਕ ਸਰੋਕਾਰਾਂ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸੌ ਸਾਲ ਪਹਿਲਾਂ ਆਰੰਭ ਹੋਇਆ ਸਫ਼ਰ ਨਿਰੰਤਰ ਜਾਰੀ ਰਹੇਗਾ।