ਸੰਘਰਸ਼ ਕਰ ਰਹੇ ਕਿਸਨਾਂ ਦਾ ਹਰ ਪੱਧਰ ’ਤੇ ਸਹਿਯੋਗ ਕਰੇਗੀ ਸ਼੍ਰੋਮਣੀ ਕਮੇਟੀ

ਅੰਮ੍ਰਿਤਸਰ, 29 ਨਵੰਬਰ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੰਘਰਸ਼ ਕਰ ਰਹੇ ਕਿਸਾਨਾਂ ਲਈ ਲੰਗਰ ਤੇ ਮੁਢਲੀਆਂ ਸਿਹਤ ਸੇਵਾਵਾਂ ਦਾ ਘੇਰਾ ਹੋਰ ਵਧਾ ਦਿੱਤਾ ਹੈ। ਹੁਣ ਸ਼੍ਰੋਮਣੀ ਕਮੇਟੀ ਵੱਲੋਂ ਦਿੱਲੀ ਤੱਕ ਇਹ ਸੇਵਾ ਪਹੁੰਚਾਈ ਜਾਵੇਗੀ। ਇਸ ਤੋਂ ਪਹਿਲਾਂ ਸ਼ੰਭੂ, ਖਨੌਰੀ, ਫਤਹਿਆਂਬਾਦ, ਪਾਨੀਪਤ ਤੇ ਡੱਬਵਾਲੀ ਵਿਖੇ ਕਿਸਾਨਾਂ ਲਈ ਸੇਵਾਵਾਂ ਦਿੱਤੀਆਂ ਜਾ ਰਹੀਆਂ ਸਨ। ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਅੱਜ ਹਰਿਆਣਾ ’ਚ ਇਤਿਹਾਸਿਕ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਕੁਰੂਕਸ਼ੇਤਰ ਤੋਂ ਦਿੱਲੀ ਲਈ ਲੰਗਰ ਸੇਵਾ ਰਵਾਨਾ ਕੀਤੀ ਅਤੇ ਇਸ ਦੌਰਾਨ ਉਨ੍ਹਾਂ ਵੱਲੋਂ ਕਮੇਟੀਆਂ ਵੀ ਬਣਾਈਆਂ ਗਈਆਂ, ਜੋ ਇਨ੍ਹਾਂ ਸੇਵਾਵਾਂ ਦੀ ਦੇਖ-ਰੇਖ ਕਰਨਗੀਆਂ। ਬੀਬੀ ਜਗੀਰ ਕੌਰ ਨੇ ਦੱਸਿਆ ਕਿ ਬਹਾਦਰਗੜ੍ਹ ਬਾਰਡਰ, ਸੋਨੀਪਤ, ਕੁੰਡਲੀ ਬਾਰਡਰ ਅਤੇ ਦਿੱਲੀ ਵਿਖੇ ਲੰਗਰ ਸੇਵਾ ਭੇਜੀ ਜਾਵੇਗੀ। ਉਨ੍ਹਾਂ ਦੱਸਿਆ ਕਿ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀਂਦ ਅਤੇ ਗੁਰਦੁਆਰਾ ਸ੍ਰੀ ਧਮਤਾਨ ਸਾਹਿਬ ਤੋਂ ਲੰਗਰ ਸੇਵਾ ਲਈ ਸ਼੍ਰੋਮਣੀ ਕਮੇਟੀ ਮੈਂਬਰ ਸ. ਬਲਦੇਵ ਸਿੰਘ ਖਾਲਸਾ, ਸ. ਜਗਸੀਰ ਸਿੰਘ ਮਾਂਗੇਆਣਾ, ਬੀਬੀ ਅਮਰਜੀਤ ਕੌਰ ਬਾੜਾ ’ਤੇ ਆਧਾਰਤ ਕਮੇਟੀ ਕੰਮ ਕਰੇਗੀ ਜਿਸ ਦੇ ਕੋਆਰਡੀਨੇਟਰ ਸ. ਪਰਮਜੀਤ ਸਿੰਘ ਸਰੋਆ ਵਧੀਕ ਸਕੱਤਰ ਹੋਣਗੇ। ਇਸੇ ਤਰ੍ਹਾਂ ਗੁਰਦੁਆਰਾ ਸ੍ਰੀ ਪੰਜੋਖਰਾ ਸਾਹਿਬ ਅੰਬਾਲਾ, ਗੁਰਦੁਆਰਾ ਸ੍ਰੀ ਨਾਢਾ ਸਾਹਿਬ ਪੰਚਕੂਲਾ, ਗੁਰਦੁਆਰਾ ਸ੍ਰੀ ਮੰਜੀ ਸਾਹਿਬ ਅੰਬਾਲਾ ਅਤੇ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਕੁਰੂਕਸ਼ੇਤਰ ਤੋਂ ਲੰਗਰ ਲਈ ਪ੍ਰਬੰਧਾਂ ਦੀ ਦੇਖ ਰੇਖ ਅੰਤ੍ਰਿੰਗ ਮੈਂਬਰ ਜਥੇਦਾਰ ਹਰਭਜਨ ਸਿਮਘ ਮਸਾਨਾ, ਸ. ਭੁਪਿੰਦਰ ਸਿੰਘ ਅਸੰਧ, ਸ. ਰਘੂਜੀਤ ਸਿੰਘ ਵਿਰਕ, ਸ. ਬਲਦੇਵ ਸਿੰਘ ਕਾਇਮਪੁਰ, ਬੀਬੀ ਮਨਜੀਤ ਕੌਰ ਗੰਧੋਲਾ ਕਰਨਗੇ। ਇਨ੍ਹਾਂ ਨਾਲ ਉਪ ਦਫਤਰ ਹਰਿਆਣਾ ਦੇ ਇੰਚਾਰਜ ਸ. ਪਰਮਜੀਤ ਸਿੰਘ ਤੇ ਸ. ਮੰਗਪ੍ਰੀਤ ਸਿੰਘ ਸਹਿਯੋਗ ਕਰਨਗੇ।
ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਸਿੱਖ ਸੰਸਥਾ ਕਿਸਾਨਾਂ ਦਾ ਹਰ ਪੱਧਰ ’ਤੇ ਸਹਿਯੋਗ ਕਰਦੀ ਰਹੇਗੀ। ਇਸ ਮੌਕੇ ਸੀਨੀਅਰ ਅਕਾਲੀ ਆਗੂ ਸ. ਸੁਰਜੀਤ ਸਿੰਘ ਰੱਖੜਾ, ਅੰਤ੍ਰਿੰਗ ਮੈਂਬਰ ਸ. ਸਤਵਿੰਦਰ ਸਿੰਘ ਟੌਹੜਾ, ਬੀਬੀ ਕੁਲਦੀਪ ਕੌਰ ਟੌਹੜਾ, ਸ. ਕਰਨੈਲ ਸਿੰਘ ਪੰਜੋਲੀ, ਸ. ਅਵਤਾਰ ਸਿੰਘ ਰਿਆ,ਸ.  ਜਸਮੇਰ ਸਿੰਘ ਲਾਛੜੂ, ਸ. ਰਵਿੰਦਰ ਸਿੰਘ ਖਾਲਸਾ, ਸ. ਸੁਰਜੀਤ ਸਿੰਘ ਗੜ੍ਹੀ, ਸ. ਕੁਲਵੰਤ ਸਿੰਘ ਮੰਨਣ, ਸ. ਜਰਨੈਲ ਸਿੰਘ ਡੋਗਰਾਂਵਾਲਾ, ਸ. ਗੁਰਪ੍ਰੀਤ ਸਿੰਘ ਰਾਜੂ ਖੰਨਾ ਆਦਿ ਮੌਜੂਦ ਸਨ।