ਗੁੰਮਰਾਹਕੁੰਨ ਪ੍ਰਚਾਰ ਤੋਂ ਸੁਚੇਤ ਰਹਿਣ ਸੰਗਤਾਂ -ਮੈਨੇਜਰ ਸ. ਭੰਗਾਲੀ

ਅੰਮ੍ਰਿਤਸਰ, 19 ਜੂਨ-
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਕੰਪਲੈਕਸ ਵਿਚ ਰਾਮ ਨਾਮ ਛਾਪੇ ਦੀਆਂ ਇੱਟਾਂ ਲਗੀਆਂ ਹੋਣ ਬਾਰੇ ਕੀਤੇ ਜਾ ਰਹੇ ਗੁੰਮਰਾਹਕੁੰਨ ਪ੍ਰਚਾਰ ਤੋਂ ਸੰਗਤਾਂ ਸੁਚੇਤ ਰਹਿਣ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਸ. ਸੁਲੱਖਣ ਸਿੰਘ ਭੰਗਾਲੀ ਨੇ ਦਸਿਆ ਕਿ ਕੁਝ ਸਮਾਂ ਪਹਿਲਾਂ ਕੰਪਲੈਕਸ ਵਿਚ ਕਾਰਸੇਵਾ ਦੌਰਾਨ ਇਕ ਠੇਕੇਦਾਰ ਤੋਂ ਕੁਝ ਇੱਟਾਂ ਮੰਗਵਾਈਆਂ ਗਈਆਂ ਸਨ, ਜਿਨ੍ਹਾਂ ’ਤੇ ਰਾਮ ਨਾਮ ਉਕਰਿਆ ਹੋਇਆ ਸੀ। ਇਹ ਮਾਮਲਾ ਪ੍ਰਬੰਧਕਾਂ ਦੇ ਧਿਆਨ ਵਿਚ ਆਉਣ ’ਤੇ ਇਹ ਇੱਟਾਂ ਠੇਕੇਦਾਰ ਨੂੰ ਵਾਪਸ ਮੋੜ ਦਿੱਤੀਆਂ ਗਈਆਂ ਸਨ ਅਤੇ ਇਕ ਵੀ ਇੱਟ ਇਥੇ ਨਹੀਂ ਲਗਾਈ ਗਈ ਸੀ। ਉਨ੍ਹਾਂ ਕਿਹਾ ਕਿ ਸਿੱਖ ਸਦਭਾਵਨਾ ਦਲ ਨਾਮ ਦੀ ਜਥੇਬੰਦੀ ਵੱਲੋਂ ਸੰਗਤਾਂ ਵਿਚ ਲਗਾਤਾਰ ਗੁੰਮਰਾਹਕੁੰਨ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਰਾਮ ਨਾਮ ਛਾਪੇ ਦੀਆਂ ਇੱਟਾਂ ਨਾਲੀ ਵਿਚ ਲਗਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਸਾਰੇ ਧਰਮਾਂ ਦਾ ਸਤਿਕਾਰ ਕਰਦੀ ਹੈ ਅਤੇ ਕਦੇ ਵੀ ਅਜਿਹਾ ਕਾਰਜ ਨਹੀਂ ਕਰਦੀ ਜਿਸ ਨਾਲ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੇ। ਉਨ੍ਹਾਂ ਕਿਹਾ ਕਿ ਸੰਗਤਾਂ ਵਿਚ ਕਿਸੇ ਕਿਸਮ ਦਾ ਭਰਮ ਪੈਦਾ ਨਾ ਹੋਵੇ, ਇਸ ਲਈ ਸ਼੍ਰੋਮਣੀ ਕਮੇਟੀ ਵੱਲੋਂ ਸਿੱਖ ਸਦਭਾਵਨਾ ਦਲ ਵੱਲੋਂ ਕਹੀ ਜਾ ਰਹੀ ਥਾਂ ਨੂੰ ਪੁਟਵਾਇਆ ਗਿਆ। ਉਨ੍ਹਾਂ ਦਸਿਆ ਕਿ ਇਸ ਮੌਕੇ ਉਨ੍ਹਾਂ ਨਾਲ ਡੀ.ਸੀ.ਪੀ. ਲਾਅ ਐਂਡ ਆਰਡਰ ਸ. ਪਰਮਿੰਦਰ ਸਿੰਘ ਭੰਡਾਲ, ਮੈਨੇਜਰ ਸ. ਨਰਿੰਦਰ ਸਿੰਘ, ਸ. ਨਿਸ਼ਾਨ ਸਿੰਘ, ਸਿੱਖ ਸਦਭਾਵਨਾ ਦਲ ਦੇ ਨੁਮਾਇੰਦੇ ਸ. ਇਕਬਾਲ ਸਿੰਘ ਆਦਿ ਹਾਜਰ ਸਨ। ਉਨ੍ਹਾਂ ਕਿਹਾ ਕਿ ਪੁਟਾਈ ਕਰਨ ਤੇ ਕੋਈ ਵੀ ਅਜਿਹੀ ਇੱਟ ਨਹੀਂ ਮਿਲੀ ਜਿਸ ਤੇ ਰਾਮ ਨਾਮ ਉਕਰਿਆ ਹੋਏ। ਸ. ਭੰਗਾਲੀ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਸਿੱਖਾਂ ਦੀ ਸਿਰਮੌਰ ਧਾਰਮਿਕ ਸੰਸਥਾ ਹੋਣ ਦੇ ਨਾਤੇ ਆਪਣੀ ਜਿੰਮੇਵਾਰੀ ਸੰਜੀਦਾ ਤੌਰ ਤੇ ਨਿਭਾ ਰਹੀ ਹੈ। ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਗੁੰਮਰਾਹਕੁੰਨ ਪ੍ਰਚਾਰ ਤੋਂ ਸੁਚੇਤ ਰਹਿਣ ਅਤੇ ਕਿਸੇ ਵੀ ਕਿਸਮ ਦੀ ਜਾਣਕਾਰੀ ਲਈ ਪ੍ਰਬੰਧਕਾਂ ਨਾ ਸੰਪਰਕ ਕਰਨ।