ਪੰਥਕ ਰਵਾਇਤਾਂ ਅਨੁਸਾਰ ਭਲਕੇ 8 ਅਗਸਤ ਨੂੰ ਹੋਵੇਗਾ ਸ਼ਤਾਬਦੀ ਦਾ ਮੁੱਖ ਸਮਾਗਮ

ਅੰਮ੍ਰਿਤਸਰ, 7 ਅਗਸਤ-  100 ਸਾਲ ਪਹਿਲਾਂ ਸੰਨ 1922 ਵਿਚ ਪੰਜਵੇਂ ਅਤੇ ਨੌਵੇਂ ਪਾਤਸ਼ਾਹ ਦੀ ਚਰਨ ਛੋਹ ਪ੍ਰਾਪਤ ਇਤਿਹਾਸਕ ਗੁਰਦੁਆਰਾ ਸਾਹਿਬ ਘੁੱਕੇਵਾਲੀ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਲੱਗੇ ਗੁਰੂ ਕਾ ਬਾਗ ਦੇ ਮੋਰਚੇ ਦੀ ਪਹਿਲੀ ਸ਼ਤਾਬਦੀ ਸਬੰਧੀ ਬੀਤੇ ਕੱਲ੍ਹ ਤੋਂ ਆਰੰਭ ਹੋਏ ਸਮਾਗਮ ਅੱਜ ਦੂਜੇ ਵੀ ਜਾਰੀ ਰਹੇ। ਸ਼ਤਾਬਦੀ ਦੇ ਮੁੱਖ ਸਮਾਗਮ ਭਲਕੇ 8 ਅਗਸਤ ਨੂੰ ਪੰਥਕ ਜਾਹੋ ਜਲਾਲ ਨਾਲ ਕੀਤਾ ਜਾਣਾ ਹੈ, ਜਿਸ ਨੂੰ ਲੈ ਕੇ ਸੰਗਤ ਅੰਦਰ ਭਾਰੀ ਉਤਸ਼ਾਹ ਹੈ। ਅੱਜ ਦੂਸਰੇ ਦਿਨ ਦੇ ਸਮਾਗਮਾਂ ਤਹਿਤ ਦੀਵਾਨ ਹਾਲ ਵਿਖੇ ਧਾਰਮਿਕ ਦੀਵਾਨ ਸਜਾਏ ਗਏ ਅਤੇ ਸ਼ਾਮ ਸਮੇਂ ਵਿਸ਼ਾਲ ਕੀਰਤਨ ਦਰਬਾਰ ਹੋਇਆ। ਕੀਰਤਨ ਦਰਬਾਰ ਵਿਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਜਰਨੈਲ ਸਿੰਘ ਕੁਹਾੜਕਾ, ਭਾਈ ਕਾਰਜ ਸਿੰਘ, ਭਾਈ ਸ਼ੌਕੀਨ ਸਿੰਘ ਦੇ ਜਥਿਆਂ ਨੇ ਸੰਗਤ ਨੂੰ ਇਲਾਹੀ ਗੁਰਬਾਣੀ ਦੇ ਕੀਰਤਨ ਨਾਲ ਜੋੜਿਆ ਅਤੇ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਹੈੱਡ ਗ੍ਰੰਥੀ ਗਿਆਨੀ ਹਰਪਾਲ ਸਿੰਘ ਨੇ ਗੁਰੂ ਕਾ ਮੋਰਚਾ ਅਤੇ ਸਿੱਖ ਇਤਿਹਾਸ ਸੰਘਰਸ਼ੀ ਯੋਧਿਆਂ ਦੀ ਸਿੱਖ ਕੌਮ ਨੂੰ ਲਾਸਾਨੀ ਦੇਣ ਸਬੰਧੀ ਵਿਚਾਰ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਸਿੱਖ ਕੌੰਮ ਦਾ ਇਤਿਹਾਸ ਧਰਮ ਦੀਆਂ ਕਦਰਾਂ ਕੀਮਤਾਂ ਨੂੰ ਸਮਝਣ ਲਈ ਅਤਿ ਅਹਿਮ ਹੈ। ਗਿਆਨੀ ਹਰਪਾਲ ਸਿੰਘ ਨੇ ਗੁਰੂ ਕਾ ਬਾਗ ਮੋਰਚੇ ਵਿਚ ਸ਼ਿਦਤ ਨਾਲ ਹਿੱਸਾ ਲੈਣ ਵਾਲੇ ਸਿੱਖਾਂ ਨੂੰ ਕੌਮ ਦੇ ਜੁਝਾਰੂ ਯੋਧੇ ਦੱਸਿਆ ਅਤੇ ਉਨ੍ਹਾਂ ਦੇ ਜੀਵਨ ਤੋਂ ਪ੍ਰੇਰਣਾ ਲੈਣ ਦੀ ਅਪੀਲ ਕੀਤੀ। ਉਨ੍ਹਾਂ ਸਿੱਖ ਨੌਜੁਆਨੀ ਨੂੰ ਸਿੱਖ ਧਰਮ ਦੀਆਂ ਕਦਰਾਂ-ਕੀਮਤਾਂ ਨੂੰ ਆਪਣੇ ਜੀਵਨ ਵਿਚ ਕਮਾਉਣ ਲਈ ਵੀ ਪ੍ਰੇਰਿਆ। ਇਸ ਤੋਂ ਪਹਿਲਾਂ ਸਵੇਰ ਤੋਂ ਸਜੇ ਦੀਵਾਨਾਂ ਵਿਚ ਸਿੱਖ ਕੌਮ ਦੇ ਢਾਡੀ ਤੇ ਕਵੀਸ਼ਰ ਜਥਿਆਂ ਨੇ ਵਾਰਾਂ ਰਾਹੀਂ ਸੰਗਤ ਨੂੰ ਗੁਰੂ ਕੇ ਬਾਗ ਦੇ ਮੋਰਚੇ ਦੇ ਇਤਿਹਾਸ ਨਾਲ ਜੋੜਿਆ ਅਤੇ ਪ੍ਰਚਾਰਕਾਂ ਤੇ ਕਥਾਵਾਚਕਾਂ ਨੇ ਵੀ ਕਥਾ ਵਿਚਾਰਾਂ ਸਾਂਝੀਆਂ ਕੀਤੀਆਂ। ਇਸੇ ਦੌਰਾਨ ਹੋਏ ਅੰਮ੍ਰਿਤ ਸੰਚਾਰ ਵਿਚ 295 ਪ੍ਰਾਣੀਆਂ ਨੇ ਖੰਡੇ ਬਾਟੇ ਦਾ ਅੰਮ੍ਰਿਤਪਾਨ ਕੀਤਾ, ਜਿਨ੍ਹਾਂ ਨੂੰ ਧਰਮ ਪ੍ਰਚਾਰ ਕਮੇਟੀ ਵੱਲੋਂ ਕਕਾਰ ਭੇਟਾ ਰਹਿਤ ਦਿੱਤੇ ਗਏ। ਸ਼ਤਾਬਦੀ ਸਮਾਗਮਾਂ ਦੇ ਮੱਦੇਨਜ਼ਰ ਗੁਰਦੁਆਰਾ ਸਾਹਿਬ ਨੂੰ ਰੰਗ ਬਰੰਗੀਆਂ ਖੂਬਸੂਰਤ ਲਾਈਟਾਂ ਨਾਲ ਸਜਾਇਆ ਗਿਆ। 
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਅੰਤ੍ਰਿੰਗ ਕਮੇਟੀ ਮੈਂਬਰ ਸ. ਜੋਧ ਸਿੰਘ ਸਮਰਾ, ਮੈਂਬਰ ਬੀਬੀ ਸਵਰਨ ਕੌਰ ਤੇੜਾ, ਸ. ਕੁਲਦੀਪ ਸਿੰਘ ਤੇੜਾ, ਸਿੱਖ ਇਤਿਹਾਸ ਰਿਸਰਚ ਬੋਰਡ ਦੇ ਮੈਂਬਰ ਸ. ਹਰਵਿੰਦਰ ਸਿੰਘ ਖਾਲਸਾ, ਕੈਬਨਿਕ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ, ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਸ. ਪਰਮਜੀਤ ਸਿੰਘ ਸਰੋਆ, ਸ. ਪ੍ਰਤਾਪ ਸਿੰਘ, ਸ. ਬਿਜੈ ਸਿੰਘ, ਮੀਤ ਸਕੱਤਰ ਮੀਡੀਆ ਸ. ਕੁਲਵਿੰਦਰ ਸਿੰਘ ਰਮਦਾਸ, ਸ. ਬਲਵਿੰਦਰ ਸਿੰਘ ਕਾਹਲਵਾਂ, ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ. ਸੁਲੱਖਣ ਸਿੰਘ ਭੰਗਾਲੀ, ਮੀਤ ਸਕੱਤਰ ਸ. ਹਰਜੀਤ ਸਿੰਘ ਲਾਲੂਘੁੰਮਣ, ਸ. ਗੁਰਮੀਤ ਸਿੰਘ ਬੁੱਟਰ, ਸ. ਹਰਜਿੰਦਰ ਸਿੰਘ ਕੈਰੋਂਵਾਲ, ਸ. ਨਿਰਵੈਲ ਸਿੰਘ, ਸ. ਗੁਰਚਰਨ ਸਿੰਘ ਕੁਹਾਲਾ, ਸ. ਪਰਮਜੀਤ ਸਿੰਘ ਦੁਨੀਆਮਾਜਰਾ, ਸ. ਸਤਨਾਮ ਸਿੰਘ ਮਾਂਗਾਸਰਾਏ, ਸ. ਕੁਲਦੀਪ ਸਿੰਘ ਰੋਡੇ, ਸੁਪਰਡੰਟ ਸ. ਮਲਕੀਤ ਸਿੰਘ ਬਹਿੜਵਾਲ, ਸ. ਪਲਵਿੰਦਰ ਸਿੰਘ, ਇੰਚਾਰਜ ਗੁਰਨਾਮ ਸਿੰਘ, ਸ. ਸੁਖਬੀਰ ਸਿੰਘ, ਸ. ਵਰਿੰਦਰ ਸਿੰਘ ਠਰੂ, ਸ. ਕਰਤਾਰ ਸਿੰਘ, ਸ. ਗੁਲਜ਼ਾਰ ਸਿੰਘ, ਸ. ਮਨਜੀਤ ਸਿੰਘ, ਸ. ਕਾਰਜ ਸਿੰਘ, ਸ. ਮੇਜਰ ਸਿੰਘ ਅਰਜਨਮਾਂਗਾ, ਸ. ਮਿਲਖਾ ਸਿੰਘ, ਮੈਨੇਜਰ ਸ. ਸੁਖਰਾਜ ਸਿੰਘ, ਮੈਨੇਜਰ ਸ. ਜਗਜੀਤ ਸਿੰਘ, ਸ. ਜਗਦੀਸ਼ ਸਿੰਘ, ਸ. ਹਰਜਿੰਦਰ ਸਿੰਘ, ਪ੍ਰਚਾਰਕ ਭਾਈ ਵਰਿਆਮ ਸਿੰਘ ਸਮੇਤ ਸੰਗਤਾਂ ਹਾਜ਼ਰ ਸਨ।

ਸ਼ਤਾਬਦੀ ਨੂੰ ਸਮਰਪਿਤ ਨਗਰ ਕੀਰਤਨ ਬਾਬਾ ਬੁੱਢਾ ਸਾਹਿਬ ਰਮਦਾਸ ਤੋਂ ਗੁਰਦੁਆਰਾ ਗੁਰੂ ਕਾ ਬਾਗ ਪੁੱਜਾ

ਗੁਰੂ ਕਾ ਬਾਗ ਮੋਰਚਾ ਦੇ 100 ਸਾਲਾ ਦਿਹਾੜੇ ਨੂੰ ਲੈ ਕੇ ਸੰਗਤ ਅੰਦਰ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਇਸ ਸਬੰਧ ਵਿਚ ਚੱਲ ਰਹੇ ਸਮਾਗਮਾਂ ਦੌਰਾਨ ਜਿਥੇ ਸੰਗਤਾਂ ਹਾਜ਼ਰੀ ਭਰ ਰਹੀਆਂ ਹਨ, ਉਥੇ ਹੀ ਅੱਜ ਸ਼ਤਾਬਦੀ ਨੂੰ ਸਮਰਪਿਤ ਇਕ ਵਿਸ਼ੇਸ਼ ਨਗਰ ਕੀਰਤਨ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਰਮਦਾਸ ਤੋਂ ਆਰੰਭ ਹੋ ਕੇ ਗੁਰਦੁਆਰਾ ਗੁਰੂ ਕਾ ਬਾਗ ਵਿਖੇ ਪਹੁੰਚਾ। ਇਥੇ ਪੁੱਜਣ ’ਤੇ ਨਗਰ ਕੀਰਤਨ ਦਾ ਭਰਵਾਂ ਸਵਾਗਤ ਕੀਤਾ ਗਿਆ। ਸਵਾਗਤ ਕਰਨ ਵਾਲਿਆਂ ਵਿਚ ਸ਼੍ਰੋਮਣੀ ਕਮੇਟੀ ਦੇ ਅੰਤਿ੍ਰੰਗ ਮੈਂਬਰ ਸ. ਜੋਧ ਸਿੰਘ ਸਮਰਾ, ਮੀਤ ਸਕੱਤਰ ਸ. ਕੁਲਵਿੰਦਰ ਸਿੰਘ ਰਮਦਾਸ, ਸ. ਬਲਵਿੰਦਰ ਸਿੰਘ ਕਾਹਲਵਾਂ, ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਦੇ ਮੈਨੇਜਰ ਸ. ਸੁਲੱਖਣ ਸਿੰਘ ਭੰਗਾਲੀ, ਗੁਰਦੁਆਰਾ ਗੁਰੂ ਕੇ ਬਾਗ ਦੇ ਮੈਨੇਜਰ ਸ. ਜਗਜੀਤ ਸਿੰਘ ਅਤੇ ਹੋਰ ਮੌਜੂਦ ਸਨ। ਨਗਰ ਕੀਰਤਨ ਨਾਲ ਪੁੱਜੇ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਰਮਦਾਸ ਦੇ ਮੈਨੇਜਰ ਸ. ਜਗਜੀਤ ਸਿੰਘ ਬੁੱਟਰ ਨੇ ਦੱਸਿਆ ਕਿ ਨਗਰ ਕੀਰਤਨ ਪ੍ਰਤੀ ਸੰਗਤ ਵਿਚ ਭਾਰੀ ਉਤਸ਼ਾਹ ਸੀ ਅਤੇ ਵੱਖ-ਵੱਖ ਪਿੰਡਾਂ ਦੀਆਂ ਸੰਗਤਾਂ ਨੇ ਨਗਰ ਕੀਰਤਨ ਦਾ ਉਚੇਚੇ ਤੌਰ ’ਤੇ ਸਵਾਗਤ ਕੀਤਾ। ਉਨ੍ਹਾਂ ਦੱਸਿਆ ਕਿ ਥਾਂ-ਥਾਂ ’ਤੇ ਸੰਗਤ ਵੱਲੋਂ ਲੰਗਰ ਅਤੇ ਚਾਹ ਪਾਣੀ ਦਾ ਪ੍ਰਬੰਧ ਕੀਤਾ ਗਿਆ ਸੀ। ਸੰਗਤ ਨੇ ਨਗਰ ਕੀਰਤਨ ਦੌਰਾਨ ਜਿਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਰੁਮਾਲਾ ਸਾਹਿਬ ਭੇਟ ਕਰਕੇ ਸ਼ਰਧਾ ਪ੍ਰਗਟਾਈ, ਉਥੇ ਹੀ ਪੰਜ ਪਿਆਰੇ ਅਤੇ ਨਿਸ਼ਾਨਚੀ ਸਿੰਘਾਂ ਨੂੰ ਵੀ ਸਿਰੋਪਾਓ ਭੇਟ ਕੀਤੇ। 
ਇਸੇ ਦੌਰਾਨ ਸ਼੍ਰੋਮਣੀ ਕਮੇਟੀ ਦੇ ਮੀਤ ਸਕੱਤਰ ਮੀਡੀਆ ਸ. ਕੁਲਵਿੰਦਰ ਸਿੰਘ ਰਮਦਾਸ ਨੇ ਦੱਸਿਆ ਕਿ ਭਲਕੇ ਸ਼ਤਾਬਦੀ ਦਾ ਮੁੱਖ ਸਮਾਗਮ ਵਿਸ਼ਾਲ ਪੱਧਰ ’ਤੇ ਕੀਤਾ ਜਾ ਰਿਹਾ ਹੈ, ਜਿਸ ਵਿਚ ਸੱਚਖੰਡ ਸ੍ਰੀ ਹਰਿਮੰਧਰ ਸਾਹਿਬ ਦੇ ਸਿੰਘ ਸਾਹਿਬਾਨ, ਤਖ਼ਤ ਸਾਹਿਬਾਨ ਦੇ ਜਥੇਦਾਰ, ਸਿੱਖ ਪੰਥ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ, ਕਥਾਵਾਚਕ, ਰਾਗੀ ਤੇ ਢਾਡੀ ਕਵੀਸ਼ਰ ਜਥੇ ਹਾਜ਼ਰੀ ਭਰਨਗੇ। ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਇਸ ਇਤਿਹਾਸਕ ਮੌਕੇ ’ਤੇ ਹਾਜ਼ਰੀ ਭਰਕੇ ਆਪਣੇ ਇਤਿਹਾਸ ਨਾਲ ਜੁੜਨ।