ਸਿੱਖੀ ਸਿਦਕ ਦੀ ਸਿਖ਼ਰਲੀ ਮਿਸਾਲ: ਮੋਰਚਾ ਗੁਰੂ ਕਾ ਬਾਗ

ਐਡਵੋਕੇਟ ਹਰਜਿੰਦਰ ਸਿੰਘ ਧਾਮੀ,
ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ,
ਸ੍ਰੀ ਅੰਮ੍ਰਿਤਸਰ।

ਗੁਰਦੁਆਰਾ ਸਾਹਿਬ ਸਿੱਖ ਜੀਵਨ-ਜਾਚ ਦੀ ਘਾੜਤ ਲਈ ਅਗਵਾਈ ਦਾ ਪ੍ਰਮੁੱਖ ਕੇਂਦਰ ਹੈ, ਜਿਸ ਨੂੰ ਸਿੱਖ ਆਪਣੀ ਜ਼ਿੰਦਗੀ ਤੋਂ ਵੱਧ ਪਿਆਰ ਕਰਦੇ ਹਨ। ਸਿੱਖ ਜਿਥੇ ਵੀ ਵਸੇ, ਉਨ੍ਹਾਂ ਨੇ ਉਥੇ ਹੀ ਗੁਰਦੁਆਰਾ ਸਾਹਿਬ ਸਥਾਪਤ ਕਰਕੇ ਗੁਰੂ ਸਾਹਿਬ ਨੂੰ ਸਮਰਪਣ ਭਾਵਨਾ ਦਾ ਪ੍ਰਗਟਾਵਾ ਕੀਤਾ। ਉਂਜ ਸਿੱਖਾਂ ਤੋਂ ਇਲਾਵਾ ਗੁਰਦੁਆਰਾ ਸਾਹਿਬ ਦੇ ਸਰੋਕਾਰ ਪੂਰੀ ਮਨੁੱਖਤਾ ਨਾਲ ਵੀ ਜੁੜੇ ਹੋਏ ਹਨ, ਕਿਉਂਕਿ ਇਥੇ ਕਿਸੇ ਵੀ ਧਰਮ, ਮਜ੍ਹਬ, ਫਿਰਕੇ ਦੇ ਲੋਕ ਬਿਨਾ ਕਿਸੇ ਭੇਦ-ਭਾਵ ਦੇ ਆ ਸਕਦੇ ਹਨ। ਭਾਈ ਕਾਨ੍ਹ ਸਿੰਘ ਨਾਭਾ ਦੇ ਸ਼ਬਦਾਂ ਵਿਚ, ‘ਸਿੱਖਾਂ ਦਾ ਗੁਰਦੁਆਰਾ ਵਿਦਿਆਰਥੀਆਂ ਲਈ ਸਕੂਲ, ਆਤਮਿਕ ਜਗਿਆਸਾ ਵਾਲਿਆਂ ਲਈ ਗਯਾਨ ਉਪਦੇਸ਼ਕ ਆਚਾਰਯ, ਰੋਗੀਆਂ ਦੀ ਸ਼ਫ਼ਾਖਾਨਾ, ਭੁੱਖਿਆਂ ਲਈ ਅੰਨਪੂਰਣਾ, ਇਸਤ੍ਰੀ ਜਾਤਿ ਦੀ ਪਤ ਰੱਖਣ ਲਈ ਲੋਹਮਈ ਦੁਰਗ ਅਤੇ ਮੁਸਾਫਰਾਂ ਲਈ ਵਿਸ਼੍ਰਾਮ ਦਾ ਅਸਥਾਨ ਹੈ।’
ਇਤਿਹਾਸਕ ਗੁਰਦੁਆਰਾ ਸਾਹਿਬਾਨਾਂ ਵਿਚ ਗੁਰੂ ਸਾਹਿਬਾਨਾਂ ਦੇ ਨਾਲ-ਨਾਲ ਸਿੱਖ ਇਤਿਹਾਸ ਦੇ ਸ਼ਹੀਦਾਂ ਅਤੇ ਘਟਨਾਵਾਂ ਆਦਿ ਨਾਲ ਸਬੰਧਤ ਅਸਥਾਨ ਸ਼ਾਮਲ ਹਨ। ਅਠਾਰ੍ਹਵੀਂ ਸਦੀ ਵਿਚ ਸਰਕਾਰਾਂ ਦੇ ਜ਼ੁਲਮਾਂ ਖਿਲਾਫ ਲੜ੍ਹਦਿਆਂ ਜਦੋਂ ਸਿੰਘਾਂ ਦੇ ਘਰ ਘੋੜਿਆਂ ਦੀਆਂ ਕਾਠੀਆਂ ਬਣ ਗਏ, ਉਸ ਵੇਲੇ ਇਤਿਹਾਸਕ ਗੁਰਦੁਆਰਾ ਸਾਹਿਬਾਨ ਦਾ ਪ੍ਰਬੰਧ ਨਿਰਮਲੇ ਤੇ ਉਦਾਸੀ ਚਲਾਉਂਦੇ ਰਹੇ। ਪਰੰਤੂ ਇਸ ਮਗਰੋਂ ਅੰਗਰੇਜ ਰਾਜ ਸਮੇਂ ਗੁਰਦੁਆਰਿਆਂ ਦੇ ਪ੍ਰਬੰਧ ਤੇ ਕਾਬਜ਼ ਬਹੁਤੇ ਮਹੰਤ ਭ੍ਰਿਸ਼ਟ ਤੇ ਦੁਰਾਚਾਰੀ ਹੋ ਗਏ। ਇਨ੍ਹਾਂ ਨੇ ਗੁਰੂ ਘਰਾਂ ਅੰਦਰ ਮਨਮਤੀ ਕਾਰਵਾਈਆਂ ਆਰੰਭ ਦਿੱਤੀਆਂ। ਮਹੰਤਾਂ ਦੀਆਂ ਦੁਰਾਚਾਰੀ ਕਾਰਵਾਈਆਂ ਨਾਲ ਸਿੱਖ ਸੰਗਤਾਂ ਦੇ ਮਨਾਂ ਨੂੰ ਠੇਸ ਪੁੱਜਣੀ ਕੁਦਰਤੀ ਸੀ, ਜਿਸ ਕਰਕੇ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧ ਨੂੰ ਮਹੰਤਾਂ ਪਾਸੋਂ ਅਜ਼ਾਦ ਕਰਵਾਉਣ ਦੀ ਮੰਗ ਉਠਣ ਲੱਗੀ। ਸੰਗਤਾਂ ਦੀਆਂ ਇਨ੍ਹਾਂ ਭਾਵਨਾਵਾਂ ਵਿਚੋਂ ਗੁਰਦੁਆਰਾ ਸੁਧਾਰ ਲਹਿਰ ਨੇ ਜਨਮ ਲਿਆ।
ਇਖ਼ਲਾਕਹੀਣ ਮਹੰਤਾਂ ਦੇ ਕਬਜ਼ੇ ਵਿੱਚੋਂ ਪਾਵਨ ਇਤਿਹਾਸਕ ਗੁਰਧਾਮਾਂ ਦੇ ਪ੍ਰਬੰਧ ਨੂੰ ਆਜ਼ਾਦ ਕਰਾ ਕੇ ਉਥੇ ਮੁੜ ਪੰਥਕ ਮਰਿਯਾਦਾ ਬਹਾਲ ਕਰਨ ਦੇ ਉਦੇਸ਼ ਨਾਲ ਚੱਲੀ ‘ਗੁਰਦੁਆਰਾ ਸੁਧਾਰ ਲਹਿਰ’ ਦੌਰਾਨ ਵਾਪਰੇ ‘ਗੁਰੂ-ਕਾ-ਬਾਗ’ ਦੇ ਮੋਰਚੇ ਦਾ ਇਤਿਹਾਸ ਬੇਹੱਦ ਮਹੱਤਵਪੂਰਨ ਹੈ। ਇਸ ਮੋਰਚੇ ਨੇ ਜਿਥੇ ਗੁਰਦੁਆਰਾ ਸੁਧਾਰ ਲਹਿਰ ਨੂੰ ਸਿਖਰ ’ਤੇ ਪਹੁੰਚਾਇਆ ਅਤੇ ਸਿੱਖ ਸ਼ਕਤੀ ਨੂੰ ਹੋਰ ਸੰਗਠਤ ਕੀਤਾ, ਉਥੇ ਹੀ ਭਾਰਤ ਦੀ ਅਜ਼ਾਦੀ ਲਈ ਵੀ ਇਸ ਮੋਰਚੇ ਦਾ ਖਾਸ ਯੋਗਦਾਨ ਰਿਹਾ।
ਅੰਮ੍ਰਿਤਸਰ ਤੋਂ ਕੁਝ ਮੀਲ ਦੂਰ ਇਹ ਇਤਿਹਾਸਕ ਗੁਰਦੁਆਰਾ ਸਥਿਤ ਹੈ, ਜਿਥੇ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣੇ ਪਾਵਨ ਚਰਨ ਪਾਏ। ਇਥੋਂ ਦਾ ਮਹੰਤ ਸੁੰਦਰ ਦਾਸ ਉਦਾਸੀ ਬਹੁਤ ਹੀ ਘਟੀਆ ਆਚਰਣ ਵਾਲਾ ਸੀ, ਪ੍ਰੰਤੂ ਸਰਕਾਰ ਦੀ ਸ਼ਹਿ ਹੋਣ ਕਰਕੇ ਸਿੱਖ ਕੌਮ ਨੂੰ ਮਜ਼ਬੂਰਨ ਕੌੜਾ ਘੁੱਟ ਪੀਣਾ ਪੈ ਰਿਹਾ ਸੀ। ਗੁਰਦੁਆਰਾ ਸਾਹਿਬ ਦਾ ਪ੍ਰਬੰਧ ਆਜ਼ਾਦ ਕਰਵਾਉਣ ਲਈ ੩੧ ਜਨਵਰੀ ੧੯੨੧ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਹੇਠ ਸ. ਕਰਤਾਰ ਸਿੰਘ ਝੱਬਰ ਤੇ ਸ. ਦਾਨ ਸਿੰਘ ਵਿਛੋਆ ਗੁਰੂ ਕਾ ਬਾਗ ਵਿਖੇ ਜਥਾ ਲੈ ਕੇ ਗਏ, ਜਿਥੇ ਮਹੰਤ ਨੇ ਜਥੇ ਦੀਆਂ ਸ਼ਰਤਾਂ ਪ੍ਰਵਾਨ ਕਰਦਿਆਂ ਸੰਧੀ ਪੱਤਰ ’ਤੇ ਦਸਤਖ਼ਤ ਕੀਤੇ। ਪਰ ਅੰਗਰੇਜ ਸਰਕਾਰ ਦੀ ਸ਼ਹਿ ’ਤੇ ਆਪਣੇ ਵਾਅਦੇ ਤੋਂ ਫਿਰਿਆ ਮਹੰਤ ਗੁਰਦੁਆਰਾ ਸਾਹਿਬ ਦੀ ਜ਼ਮੀਨ ਨੂੰ ਆਪਣੀ ਸੰਪਤੀ ਮੰਨਣ ਲਗਾ। ਮਹੰਤ ਦੀ ਸ਼ਹਿ ’ਤੇ ੮ ਅਗਸਤ ੧੯੨੨ ਨੂੰ ਗੁਰੂ ਕੇ ਲੰਗਰ ਲਈ ਖੇਤਾਂ ਵਿੱਚੋਂ ਬਾਲਣ ਲਈ ਲੱਕੜਾਂ ਕੱਟਣ ਗਏ ਸਿੰਘਾਂ ਨੂੰ ਪੁਲੀਸ ਨੇ ਗ੍ਰਿਫਤਾਰ ਕਰ ਲਿਆ, ਜਿਨ੍ਹਾਂ ਨੂੰ ਅੰਮ੍ਰਿਤਸਰ ਦੀ ਅਦਾਲਤ ਵਿੱਚ ਪੇਸ਼ ਕਰਕੇ ਛੇ-ਛੇ ਮਹੀਨੇ ਕੈਦ ਦੀ ਸਜ਼ਾ ਸੁਣਾਈ ਗਈ। ਜਿਸ ਜ਼ਮੀਨ ਵਿਚੋਂ ਲੰਗਰ ਦੇ ਬਾਲਣ ਲਈ ਲੱਕੜਾਂ ਕੱਟੀਆਂ ਗਈਆਂ ਸਨ, ਉਹ ਵੀ ਗੁਰਦੁਆਰੇ ਦੀ ਮਲਕੀਅਤ ਸੀ, ਸੋ ਸਜ਼ਾ ਕਿਸ ਗੱਲ ਦੀ? ਇਸੇ ਮਸਲੇ ’ਤੇ ਸਿੱਖ ਕੌਮ ਨੇ ਮੋਰਚਾ ਲਗਾਉਣ ਦਾ ਫੈਸਲਾ ਕਰ ਲਿਆ।
ਸ਼੍ਰੋਮਣੀ ਕਮੇਟੀ ਵਲੋਂ ਰੋਜ਼ਾਨਾ ਪੰਜ-ਪੰਜ ਸਿੰਘਾਂ ਦਾ ਜਥਾ ਭੇਜਿਆ ਜਾਣ ਲੱਗਾ, ਜਿਸ ਨੂੰ ਪੁਲੀਸ ਪਕੜਦੀ ਅਤੇ ਦੂਰ-ਦੁਰਾਡੇ ਲਿਜਾ ਕੇ ਛੱਡ ਦਿੰਦੀ। ਇੱਧਰ ਜਥੇ ਦੇ ਸਿੰਘਾਂ ਦੀ ਗਿਣਤੀ ਵਧੀ ਤਾਂ ਉਧਰ ਪੁਲੀਸ ਮੁਖੀ ਬੀ.ਟੀ. ਨੇ ਉੱਚ ਅਫ਼ਸਰਾਂ ਨਾਲ ਰਾਇ ਕਰਕੇ ਸਿੰਘਾਂ ਉਤੇ ਸਖ਼ਤੀ ਦਾ ਦੌਰ ਤੇਜ਼ ਕਰ ਦਿੱਤਾ। ੨੬ ਅਗਸਤ ਨੂੰ ਲੱਕੜਾਂ ਲੈਣ ਲਈ ਗਏ ੩੬ ਸਿੰਘਾਂ ਦੇ ਜਥੇ ਦੀ ਸਖ਼ਤ ਮਾਰ-ਕੁਟਾਈ ਕੀਤੀ ਗਈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਵਿੱਚ ਹਾਜ਼ਰ ਸਿੰਘਾਂ ਨੂੰ ਕੇਸਾਂ ਤੋਂ ਫੜ੍ਹ ਕੇ ਧੂਹਿਆ ਗਿਆ ਅਤੇ ਬੰਦੂਕਾਂ ਦੇ ਬੱਟਾਂ ਤੇ ਡਾਂਗਾਂ ਨਾਲ ਭਾਰੀ ਮਾਰਕੁੱਟ ਕੀਤੀ ਗਈ। ਇਸੇ ਦਿਨ ਗੁਰੂ ਕੇ ਬਾਗ ਸਬੰਧੀ ਵਿਚਾਰ ਕਰਨ ਲਈ ਸ਼੍ਰੋਮਣੀ ਕਮੇਟੀ ਦੀ ਵਿਸ਼ੇਸ਼ ਇਕੱਤਰਤਾ ਅੰਮ੍ਰਿਤਸਰ ਵਿਖੇ ਹੋ ਰਹੀ ਸੀ ਤਾਂ ਮੁਖੀ ਲੀਡਰਾਂ ਦੇ ਵਾਰੰਟ ਜਾਰੀ ਹੋ ਗਏ, ਜਿਸ ’ਤੇ ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨਾਂ, ਸਕੱਤਰਾਂ ਆਦਿ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਬੜੀ ਸਜ-ਧਜ ਨਾਲ ਜਥੇ ਦੇ ਰੂਪ ਵਿਚ ਗ੍ਰਿਫਤਾਰੀ ਲਈ ਰਵਾਨਾ ਕੀਤਾ ਗਿਆ। ਹੁਣ ਸਿੰਘ ਗ੍ਰਿਫਤਾਰੀਆਂ ਦੇਣ ਲਈ ਹੁੰਮ-ਹੁਮਾ ਕੇ ਸ੍ਰੀ ਅੰਮ੍ਰਿਤਸਰ ਪੁੱਜਣ ਲੱਗੇ। ਰੋਜ਼ਾਨਾ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪੂਰਨ ਸ਼ਾਂਤਮਈ ਰਹਿਣ ਦਾ ਅਰਦਾਸਾ ਸੋਧ ਕੇ ਸਿੰਘਾਂ ਦਾ ਜਥਾ ਗੁਰੂ ਕੇ ਬਾਗ ਲਈ ਰਵਾਨਾ ਹੁੰਦਾ, ਜਿਸ ਦਾ ਪੁਲੀਸ ਦੀਆਂ ਲਾਠੀਆਂ ਨਾਲ ਸਵਾਗਤ ਕੀਤਾ ਜਾਂਦਾ। ਸਿੰਘ ਵਾਹਿਗੁਰੂ ਦਾ ਜਾਪ ਕਰਦੇ ਹੋਏ ਪੁਲੀਸ ਦੀਆਂ ਡਾਂਗਾਂ ਤਨ ’ਤੇ ਹੰਢਾਉਂਦੇ। ਜੋ ਫੱਟੜ ਹੋ ਕੇ ਡਿੱਗ ਜਾਂਦੇ, ਹੌਸਲਾ ਕਰ ਕੇ ਉੱਠਦੇ ਅਤੇ ਮਾਰ ਖਾਣ ਲਈ ਮੁੜ ਛਾਤੀਆਂ ਤਾਣ ਦਿੰਦੇ। ਪੁਲੀਸ ਨੇ ਡਾਂਗਾਂ ਨਾਲ ਹੀ ਬੱਸ ਨਾ ਕੀਤੀ, ਬਲਕਿ ਫੱਟੜ ਹੋ ਕੇ ਡਿੱਗੇ ਸਿੰਘਾਂ ਉੱਤੇ ਘੋੜੇ ਵੀ ਦੌੜਾਏ ਜਾਣ ਲੱਗੇ।
ਦੇਸ਼ ਵਿੱਚ ਹੀ ਨਹੀਂ ਬਲਕਿ ਸਾਰੇ ਸੰਸਾਰ ਵਿੱਚ ਸਿੱਖਾਂ ਦੇ ਸਬਰ, ਸਿਦਕ ਤੇ ਸ਼ਾਂਤਮਈ ਰਹਿਣ ਅਤੇ ਅੰਗਰੇਜ਼ੀ ਸਰਕਾਰ ਦੇ ਜਬਰ ਤੇ ਵਹਿਸ਼ੀਆਨਾ ਤਸ਼ੱਦਦ ਦੇ ਚਰਚੇ ਛਿੜ ਪਏ। ਮਨੁੱਖਤਾ ਨਾਲ ਹਮਦਰਦੀ ਰੱਖਣ ਵਾਲੇ ਵੱਖ-ਵੱਖ ਧਰਮਾਂ ਦੇ ਲੋਕ ਭਾਰੀ ਸੰਖਿਆ ਵਿਚ ਗੁਰੂ ਕੇ ਬਾਗ ਪੁੱਜਣ ਲੱਗੇ। ਇਨ੍ਹਾਂ ਵਿਚ ਅੰਗਰੇਜ਼ ਪਾਦਰੀ ਸੀ.ਐਫ. ਐਂਡਰੀਊਜ਼, ਪੰਡਤ ਮਦਨ ਮੋਹਨ ਮਾਲਵੀਆ, ਪ੍ਰੋ: ਰੁਚੀ ਰਾਮ ਸਾਹਨੀ, ਹਕੀਮ ਅਜਮਲ ਖਾਂ, ਸ੍ਰੀਮਤੀ ਸਰੋਜਨੀ ਨਾਇਡੂ ਖ਼ਾਸ ਵਰਨਣਯੋਗ ਹਨ। ਪਾਦਰੀ ਐਂਡਰੀਊਜ਼ ਜਿਸ ਨੇ ਤਵਾਰੀਖ਼ ਵਿੱਚ ਇਕ ਹੀ ਮਸੀਹਾ ਸੂਲੀ ਚੜ੍ਹਦਾ ਸੁਣਿਆ ਸੀ, ਅੱਖਾਂ ਸਾਹਮਣੇ ਸੈਂਕੜੈ ਮਸੀਹੇ ਤਸੀਹੇ ਝੱਲਦੇ ਵੇਖ ਕੇ ਰੋ ਉੱਠਿਆ ਸੀ। ਉਸ ਨੇ ਪੰਜਾਬ ਦੇ ਗਵਰਨਰ ਸਰ ਮੈਕਲੈਗਨ ਨਾਲ ਵਿਸ਼ੇਸ਼ ਮੁਲਾਕਾਤ ਕਰਕੇ ਇਹ ਕਹਿਰ ਬੰਦ ਕਰਨ ਲਈ ਜ਼ੋਰ ਪਾਇਆ, ਜਿਸ ’ਤੇ ੧੩ ਸਤੰਬਰ ਨੂੰ ਮੈਕਲੈਗਨ ਖ਼ੁਦ ਗੁਰੂ ਕੇ ਬਾਗ ਪੁੱਜਾ। ਇਸ ਦੇ ਫ਼ਲਸਰੂਪ ਸਿੰਘਾਂ ’ਤੇ ਡਾਂਗਾਂ ਵਰ੍ਹਨੀਆਂ ਬੰਦ ਹੋ ਗਈਆਂ, ਲੇਕਿਨ ਗ੍ਰਿਫ਼ਤਾਰੀਆਂ ਦਾ ਦੌਰ ਜਾਰੀ ਰਿਹਾ, ਜੋ ੧੭ ਨਵੰਬਰ ੧੯੨੨ ਤੀਕ ਚੱਲਿਆ। ਇਸ ਮੋਰਚੇ ਦੌਰਾਨ ੧੫੦੦ ਸਿੰਘ ਜ਼ਖ਼ਮੀ, ੫੬੦੫ ਸਿੰਘ ਗ੍ਰਿਫਤਾਰ ਹੋਏ ਅਤੇ ਕਈ ਸ਼ਹਾਦਤਾਂ ਹੋਈਆਂ।
ਗੁਰੂ ਕੇ ਬਾਗ ਦਾ ਮੋਰਚਾ ਸੰਨ ੧੯੨੨ ਵਿਚ ਵਾਪਰਿਆਂ ਸੀ, ਜਿਸ ਦੀ ੧੦੦ ਸਾਲਾ ਸ਼ਤਾਬਦੀ ਸਿੱਖ ਕੌਮ ਵੱਲੋਂ ਸਿੱਖ ਪ੍ਰੰਪਰਾਵਾਂ ਅਨੁਸਾਰ ਮਨਾਈ ਜਾ ਰਹੀ ਹੈ। ਇਸ ਸਬੰਧ ਵਿਚ ਸਿੱਖ ਪੰਥ ਦੀ ਨੁਮਾਇੰਦਾ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਸੰਪ੍ਰਦਾਵਾਂ, ਮਹਾਂਪੁਰਖਾਂ ਅਤੇ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਗੁਰੂ ਕਾ ਬਾਗ, ਪਿੰਡ ਘੁੱਕੇਵਾਲੀ, ਜ਼ਿਲ੍ਹਾ ਅੰਮ੍ਰਿਤਸਰ ਵਿਖੇ ਤਿੰਨ ਦਿਨਾਂ ਸਮਾਗਮ ਉਲੀਕੇ ਗਏ ਹਨ, ਜੋ ੬ ਅਗਸਤ ਤੋਂ ੮ ਅਗਸਤ ੨੦੨੨ ਤੱਕ ਚਲਣਗੇ। ੮ ਅਗਸਤ ਨੂੰ ਸ਼ਤਾਬਦੀ ਦਾ ਮੁੱਖ ਸਮਾਗਮ ਹੋਵੇਗਾ।
ਗੁਰਦੁਆਰਾ ਗੁਰੂ ਕੇ ਬਾਗ ਦਾ ਮੋਰਚਾ ਗੁਰਧਾਮਾਂ ’ਚ ਪੰਥਕ ਮਰਯਾਦਾ ਦੀ ਬਹਾਲੀ ਲਈ ਵਿੱਢੇ ਸੰਘਰਸ਼ ਦਾ ਗੌਰਵਮਈ ਇਤਿਹਾਸ ਹੈ, ਜਿਸ ਦੀ ੧੦੦ ਸਾਲਾ ਯਾਦ ਮਨਾਉਂਦੇ ਹੋਏ ਸਿੱਖ ਪੰਥ ਦੀ ਚੜ੍ਹਦੀ ਕਲਾ ਲਈ ਪੰਥਕ ਏਕਤਾ ਨਾਲ ਉਪਰਾਲੇ ਕਰਨੇ ਬੇਹੱਦ ਜ਼ਰੂਰੀ ਹਨ। ਮੇਰੀ ਸਿੱਖ ਜਗਤ ਨੂੰ ਅਪੀਲ ਹੈ ਕਿ ਗੁਰਬਾਣੀ ਅਤੇ ਸਿੱਖ ਇਤਿਹਾਸ ਦੀ ਰੌਸ਼ਨੀ ਵਿਚ ਸਿੱਖੀ ਦੇ ਪ੍ਰਚਾਰ ਨੂੰ ਸਮੂਹਿਕ ਯਤਨਾਂ ਨਾਲ ਅੱਗੇ ਵਧਾਈਏ ਤਾਂ ਜੋ ਅਗਲੀਆਂ ਪੀੜ੍ਹੀਆਂ ਆਪਣੇ ਇਤਿਹਾਸ ਅਤੇ ਵਿਰਸੇ ਤੋਂ ਜਾਣੂ ਹੋ ਸਕਣ।