ਸਾਕੇ ਦੇ ਸ਼ਹੀਦ ਭਾਈ ਕਰਮ ਸਿੰਘ ਦੀ ਯਾਦ ’ਚ ਬਣੇ ਗੁਰਦੁਆਰਾ ਸਾਹਿਬ ਵਿਖੇ ਕੀਤਾ ਜਾਵੇਗਾ ਸਮਾਗਮ
ਅੰਮ੍ਰਿਤਸਰ, 15 ਅਗਸਤ-
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਕਾ ਸ੍ਰੀ ਪੰਜਾ ਸਾਹਿਬ ਦੇ 100 ਸਾਲਾ ਨੂੰ ਸਮਰਪਿਤ ਇਕ ਗੁਰਮਤਿ ਸਮਾਗਮ ਸਾਕੇ ਦੇ ਸ਼ਹੀਦ ਭਾਈ ਕਰਮ ਸਿੰਘ ਦੀ ਯਾਦ ਵਿਚ ਇਥੇ ਸੁਲਤਾਨਵਿੰਡ ਰੋਡ ’ਤੇ ਸਥਿਤ ਗੁਰਦੁਆਰਾ ਸਾਹਿਬ ਵਿਖੇ ਕੀਤਾ ਜਾਵੇਗਾ। ਇਹ ਐਲਾਨ ਗੁਰਦੁਆਰਾ ਸ਼ਹੀਦ ਭਾਈ ਕਰਮ ਸਿੰਘ ਦੇ ਪ੍ਰਬੰਧਕਾਂ ਨਾਲ ਮੁਲਾਕਾਤ ਮਗਰੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕੀਤਾ। ਐਡਵੋਕੇਟ ਧਾਮੀ ਨੇ ਕਿਹਾ ਕਿ ਸਿੱਖ ਕੌਮ ਸਾਕਾ ਸ੍ਰੀ ਪੰਜਾ ਸਾਹਿਬ ਦੀ ਪਹਿਲੀ ਸ਼ਤਾਬਦੀ 30 ਅਕਤੂਬਰ 2022 ਨੂੰ ਵਿਸ਼ਾਲ ਪੱਧਰ ’ਤੇ ਮਨਾ ਰਹੀ ਹੈ, ਜਿਸ ਨੂੰ ਲੈ ਕੇ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਸ਼੍ਰੋਮਣੀ ਕਮੇਟੀ ਇਸ ਸਬੰਧ ਵਿਚ ਵੱਖ-ਵੱਖ ਸਮਾਗਮ ਕਰਵਾਏਗੀ, ਜਿਸ ਤਹਿਤ 22 ਅਕਤੂਬਰ ਨੂੰ ਸੁਲਤਾਨਵਿੰਡ ਰੋਡ ’ਤੇ ਗੁਰੂ ਨਾਨਕਪੁਰਾ ਵਿਖੇ ਸਥਿਤ ਗੁਰਦੁਆਰਾ ਸ਼ਹੀਦ ਭਾਈ ਕਰਮ ਸਿੰਘ ਵਿਖੇ ਕੀਰਤਨ ਦਰਬਾਰ ਹੋਵੇਗਾ। ਉਨ੍ਹਾਂ ਕਿਹਾ ਕਿ ਭਾਈ ਕਰਮ ਸਿੰਘ ਸ੍ਰੀ ਪੰਜਾ ਸਾਹਿਬ ਸਾਕੇ ਦੇ ਸ਼ਹੀਦ ਹਨ, ਜਿਨ੍ਹਾਂ ਦੀ ਯਾਦ ਵਿਚ ਇਹ ਸਮਾਗਮ ਕੀਤਾ ਜਾਵੇਗਾ। ਇਸ ਸਮਾਗਮ ਮੌਕੇ ਸਿੱਖ ਪੰਥ ਦੇ ਪ੍ਰਸਿੱਧ ਕੀਰਤਨੀਏ ਹਾਜ਼ਰੀ ਭਰਨਗੇ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਸ. ਸੁਰਜੀਤ ਸਿੰਘ ਭਿੱਟੇਵੱਡ, ਭਾਈ ਮਨਜੀਤ ਸਿੰਘ ਭੂਰਾਕੋਹਨਾ, ਸ. ਗੁਰਮੀਤ ਸਿੰਘ ਬੂਹ, ਵਧੀਕ ਸਕੱਤਰ ਸ. ਪਰਮਜੀਤ ਸਿੰਘ ਸਰੋਆ, ਸ. ਪ੍ਰਤਾਪ ਸਿੰਘ, ਓਐਸਡੀ ਸ. ਸਤਬੀਰ ਸਿੰਘ ਧਾਮੀ, ਮੀਤ ਸਕੱਤਰ ਸ. ਬਲਵਿੰਦਰ ਸਿੰਘ ਕਾਹਲਵਾਂ, ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ. ਸੁਲੱਖਣ ਸਿੰਘ ਭੰਗਾਲੀ, ਇੰਚਾਰਜ ਸ. ਮੇਜਰ ਸਿੰਘ ਅਰਜਨ ਮਾਂਗਾ, ਗੁਰਦੁਆਰਾ ਸ਼ਹੀਦ ਭਾਈ ਕਰਮ ਸਿੰਘ ਜੀ ਦੇ ਮੁੱਖ ਸੇਵਾਦਾਰ ਸ. ਮਲਵਿੰਦਰ ਸਿੰਘ, ਸ. ਸ਼ਾਮ ਸਿੰਘ, ਸ. ਜਸਵਿੰਦਰ ਸਿੰਘ, ਮਾਸਟਰ ਤੇਜਿੰਦਰ ਸਿੰਘ, ਸ. ਮਨਿੰਦਰਪਾਲ ਸਿੰਘ, ਸ. ਬਲਜੀਤ ਸਿੰਘ ਬਸਰਾ, ਸ. ਜਤਿੰਦਰ ਸਿੰਘ ਲਾਲੀ ਆਦਿ ਮੌਜੂਦ ਸਨ।