ਅਵਤਾਰ ਸਿੰਘ

ਪ੍ਰਧਾਨ,

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ,

ਸ੍ਰੀ ਅੰਮ੍ਰਿਤਸਰ।

 

ਧਰਮ, ਕੌਮ ਤੇ ਮਾਨਵਤਾ ਦੀ ਭਲਾਈ ਲਈ ਮੌਤ ਨੂੰ ਹੱਸ ਕੇ ਕਬੂਲ ਕਰਨ ਵਾਲੇ ਨੂੰ ਸ਼ਹੀਦ ਕਿਹਾ ਜਾਂਦਾ ਹੈ। ਸਿੱਖ ਇਤਿਹਾਸ ਅਜਿਹੀਆਂ ਸ਼ਹੀਦੀਆਂ ਦਾ ਕੀਮਤੀ ਖਜ਼ਾਨਾ ਹੈ। ਸਿੱਖ ਧਰਮ ਦੀ ਨੀਂਹ ਹੀ ਕੁਰਬਾਨੀ ’ਤੇ ਰੱਖੀ ਗਈ ਹੈ। ਇਸ ਵਿਚ ਕੋਈ ਅਤਿਕਥਨੀ ਨਹੀਂ ਕਿ ਸਿੱਖ ਇਤਿਹਾਸ ਸ਼ਹੀਦਾਂ ਦਾ ਇਤਿਹਾਸ ਹੈ। ਗੁਰੂ ਸ਼ਹੀਦ ਪ੍ਰੰਪਰਾ ਦਾ ਆਰੰਭ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨਾਲ ਹੁੰਦਾ ਹੈ। ਇਸੇ ਪ੍ਰੰਪਰਾ ਵਿਚ ਭਾਈ ਤਾਰੂ ਸਿੰਘ ਜੀ ਨੇ ਸ਼ਹੀਦੀ ਦੇ ਕੇ ਅਹਿਮ ਯੋਗਦਾਨ ਪਾਇਆ। ਭਾਈ ਤਾਰੂ ਸਿੰਘ ਅਠਾਰਵੀਂ ਸਦੀ ਦੇ ਇਤਿਹਾਸ ਦੇ ਸ਼ਹੀਦਾਂ ਵਿੱਚੋਂ ਇਕ ਮਹਾਨ ਸਿੱਖ ਸ਼ਹੀਦ ਸਨ। ਭਾਈ ਤਾਰੂ ਸਿੰਘ ਜੀ ਦਾ ਜਨਮ ਪਿੰਡ ਪੂਹਲਾ, ਜਿਲ੍ਹਾ ਅੰਮ੍ਰਿਤਸਰ ਵਿਖੇ ਸੰਧੂ ਜੱਟਾਂ ਦੇ ਘਰ ਹੋਇਆ। ਪੰਥ ਪ੍ਰਕਾਸ਼ ਦੇ ਕਰਤਾ ਗਿਆਨੀ ਗਿਆਨ ਸਿੰਘ ਜੀ ਲਿਖਦੇ ਹਨ:

 

ਪੂਲਾ ਨਾਮ ਗ੍ਰਾਮ ਅਹਿ ਨਿਕਟ ਭੜਾਣੈ ਬਹਿ, ਮਾਝੇ ਦੇਸ ਮੈ ਲਖਾਹਿ ਸਭ ਕੋ ਸੁਹਾਵਤੋ।

ਭਗਤ ਕਬੀਰ ਕੈਸੋ ਧੰਨੇ ਨੇ ਸਰਬੇ ਸਰੀਰ, ਤਾਰੂ ਸਿੰਘ ਨਾਮ ਮਮ ਭਗਤੀ ਕਮਾਵਤੋ॥

ਜਤੀ ਸਤੀ ਹਠੀ ਤਪੀ ਸੂਰਬੀਰ ਧੀਰ ਬਰ, ਪਰ ਉਪਕਾਰੀ ਭਾਰੀ ਜਗ ਜਪ ਗਾਵਤੋ।

ਖੇਤੀ ਕਰਾਵਾਣੈ ਕ੍ਰਿਤ ਧਰਮ ਕੀ ਛਕੇ ਛਕਾਵੈ, ਧਰਮ ਕਰਾਵੈ ਆਪ ਕਰਤ ਰਹਾ ਭਤੋ।

ਪਿੰਡ ਵਿਚ ਆਪ ਆਪਣੀ ਮਾਤਾ ਜੀ ਤੇ ਭੈਣ ਜੀ ਨਾਲ ਰਹਿੰਦਿਆਂ ਖੇਤੀਬਾੜੀ ਕਰਦਿਆਂ ਸਾਦਾ ਤੇ ਖੁਸ਼ਹਾਲ ਜੀਵਨ ਬਤੀਤ ਕਰਦੇ ਸਨ। ਆਪਦੇ ਮਾਤਾ ਜੀ ਤੇ ਭੈਣ ਜੀ ਵੀ ਬਹੁਤ ਮਿਹਨਤੀ ਸਨ। 1716 ਈ: ’ਚ ਬਾਬਾ ਬੰਦਾ ਸਿੰਘ ਜੀ ਤੇ ਉਹਨਾਂ ਦੇ ਸਾਥੀ ਸਿੰਘਾਂ ਦੀ ਸ਼ਹੀਦੀ ਉਪਰੰਤ ਮੁਗ਼ਲਾਂ ਵੱਲੋਂ ਸਿੰਘਾਂ ਉੱਤੇ ਬਹੁਤ ਅੱਤਿਆਚਾਰ ਕਰਨੇ ਸ਼ੁਰੂ ਹੋ ਗਏ। ਏਥੋਂ ਤੱਕ ਕਿ ਸਿੰਘਾਂ ਦੇ ਸਿਰਾਂ ਦੇ ਮੁੱਲ ਵੀ ਰੱਖਣੇ ਆਰੰਭ ਕਰ ਦਿੱਤੇ। ਉਸ ਸਮੇਂ ਲਾਹੌਰ ਦੇ ਗਵਰਨਰ ਜ਼ਕਰੀਆ ਖਾਨ ਨੇ ਤਾਂ ਜ਼ੁਲਮ ਦੀ ਹੱਦ ਹੀ ਕਰ ਦਿੱਤੀ ਸੀ। ਜਿੱਥੇ ਵੀ ਕੋਈ ਸਿੰਘ ਮਿਲਦਾ ਉਸਨੂੰ ਮਾਰ ਦਿੱਤਾ ਜਾਂਦਾ। ਅਜਿਹੇ ਸਮੇਂ ਵਿਚ ਸਿੰਘਾਂ ਨੇ ਜੰਗਲਾਂ ਵਿਚ ਨਿਵਾਸ ਕਰਨਾ ਠੀਕ ਸਮਝਿਆ ਤਾਂ ਜੋ ਉਹ ਜ਼ੁਲਮੀ ਹਕੂਮਤ ਦਾ ਟਾਕਰਾ ਕਰ ਸਕਣ। ਅਜਿਹੇ ਹਾਲਾਤਾਂ ਵਿਚ ਉਨ੍ਹਾਂ ਸਿੰਘਾਂ ਨੂੰ ਲੰਗਰ ਪਾਣੀ ਦੀ ਲੋੜ੍ਹ ਪੈਣੀ ਹੀ ਸੀ। ਭਾਈ ਤਾਰੂ ਸਿੰਘ ਜੀ ਤੇ ਉਨ੍ਹਾਂ ਦੇ ਪਰਿਵਾਰ ਨੇ ਮਿਲ ਕੇ ਸਿੰਘਾਂ ਦੀ ਸਹਾਇਤਾ ਲੰਗਰ ਤੇ ਹੋਰ ਜ਼ਰੂਰੀ ਚੀਜ਼ਾਂ ਨਾਲ ਕੀਤੀ। ਸਾਰਾ ਪਰਿਵਾਰ ਸਖ਼ਤ ਮਿਹਨਤ ਮੁਸ਼ੱਕਤ ਕਰਕੇ ਸਿੰਘਾਂ ਲਈ ਬੜੇ ਹੀ ਚਾਅ ਤੇ ਪਿਆਰ-ਸਤਿਕਾਰ ਨਾਲ ਲੰਗਰ ਤਿਆਰ ਕਰਦੇ। ਗਿਆਨੀ ਗਿਆਨ ਸਿੰਘ ਅਨੁਸਾਰ:

ਆਪ ਖਾਇ ਵਹਿ ਰੂਖੀ ਮੀਸੀ, ਮੋਟਾ ਪਹਰੈ ਆਪਿ ਰਹੇ ਲਿੱਸੀ।

ਇਸ ਤਰ੍ਹਾਂ ਭਾਈ ਤਾਰੂ ਸਿੰਘ ਜੀ ਕਿਰਤ ਕਰਕੇ ਵੰਡ ਛਕਦੇ। ਉਹ ਗੁਰਬਾਣੀ ਦੇ ਸਿਧਾਂਤ ਦੇ ਧਾਰਣੀ ਸਨ:

 

ਘਾਲਿ ਖਾਇ ਕਿਛੁ ਹਥਹੁ ਦੇਇ॥ ਨਾਨਕ ਰਾਹੁ ਪਛਾਣਹਿ ਸੇਇ॥1॥

(ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ 1245)

            ਆਪ ਸੱਚੇ ਸੇਵਕ ਤੇ ਪੰਥ ਦਰਦੀ ਸਨ। ਇਲਾਕੇ ਦੇ ਲੋਕ ਆਪ ਦੇ ਉੱਚੇ-ਸੁੱਚੇ ਚਰਿੱਤਰ ਦਾ ਸਤਿਕਾਰ ਕਰਦੇ ਸਨ। ਸਿੰਘਾਂ ਨਾਲ ਵੈਰ ਰੱਖਣ ਵਾਲਿਆਂ ਦੀ ਵੀ ਘਾਟ ਨਹੀਂ ਸੀ ਹਰਭਗਤ ਨਿਰੰਜਨੀਆਂ ਨਾਮ ਦੇ ਇਕ ਮੁਖਬਰ ਨੂੰ ਜਦੋਂ ਭਾਈ ਤਾਰੂ ਸਿੰਘ ਬਾਰੇ ਪਤਾ ਲੱਗਿਆ, ਤਾਂ ਉਸਨੇ ਜ਼ਰਾ ਵੀ ਦੇਰ ਨਾ ਕੀਤੀ ਤੇ ਗਵਰਨਰ ਜ਼ਕਰੀਆਂ ਖਾਨ ਦੇ ਕੰਨ ਭਰਨੇ ਸ਼ੁਰੂ ਕਰ ਦਿੱਤੇ। ਜ਼ਕਰੀਆਂ ਖਾਨ ਤੋਂ ਇਹ ਬਰਦਾਸ਼ਤ ਨਾ ਹੋਇਆ ਤੇ ਤੁਰੰਤ ਹੀ ਭਾਈ ਤਾਰੂ ਸਿੰਘ ਜੀ ਨੂੰ ਗ੍ਰਿਫਤਾਰ ਕਰਨ ਦਾ ਹੁਕਮ ਦਿੱਤਾ। ਭਾਈ ਤਾਰੂ ਸਿੰਘ ਨੂੰ ਬੰਦੀ ਬਣਾ ਕੇ ਪੇਸ਼ ਕੀਤਾ ਗਿਆ, ਭਾਈ ਤਾਰੂ ਸਿੰਘ ਜੀ ਨੂੰ ਬਹੁਤ ਤਸੀਹੇ ਦਿੱਤੇ ਗਏ। ਭਾਈ ਤਾਰੂ ਸਿੰਘ ਨੂੰ ਸਿੰਘਾਂ ਦੀ ਸਹਾਇਤਾ ਕਰਨ ਦੇ ਜੁਰਮ ਵਿਚ ਬਹੁਤ ਅੱਤਿਆਚਾਰ ਸਹਿਣ ਕਰਨੇ ਪਏ ਪਰ ਉਹ ਜ਼ਰਾ ਵੀ ਸਿੱਖੀ ਸਿਦਕ ਤੋਂ ਨਾ ਡੋਲੇ। ਜ਼ਕਰੀਆਂ ਖਾਨ ਨੇ ਭਾਈ ਤਾਰੂ ਸਿੰਘ ਨੂੰ ਆਪਣਾ ਧਰਮ ਛੱਡ ਕੇ ਮੁਸਲਮਾਨ ਬਣਨ ਲਈ ਕਿਹਾ ਤੇ ਅਜਿਹਾ ਨਾ ਮੰਨਣ ਤੇ ਕੇਸ ਕਤਲ ਕਰਨ ਦਾ ਹੁਕਮ ਦਿੱਤਾ। ਪਰ ਭਾਈ ਤਾਰੂ ਸਿੰਘ ਨੇ ਮੁਸਲਮਾਨ ਨਾ ਬਣਨ ਤੇ ਨਾ ਹੀ ਕੇਸ ਕਤਲ ਕਰਵਾਉਣ ਦੀ ਗੱਲ ਮੰਨੀ ਤੇ ਕਿਹਾ ਕਿ ਮੈਂ ਸਿਰ ਕਟਵਾ ਸਕਦਾ ਹਾਂ, ਪਰ ਸਤਿਗੁਰੂ ਦੀ ਦਿੱਤੀ ਪਿਆਰੀ ਪਵਿੱਤਰ ਦਾਤ ਨਹੀਂ ਦੇ ਸਕਦਾ। ਜ਼ਕਰੀਆ ਖਾਨ ਵੱਲੋਂ ਦੁਨੀਆਂ ਭਰ ਦੀਆਂ ਖੁਸ਼ੀਆਂ ਦੇਣ ਦਾ ਵਾਅਦਾ ਕੀਤਾ ਪਰ ਭਾਈ ਤਾਰੂ ਸਿੰਘ ਕਿਸੇ ਵੀ ਕੀਮਤ ਤੇ ਇਸ ਪਵਿੱਤਰ ਦਾਤ ਨੂੰ ਸਰੀਰ ਤੋਂ ਵੱਖ ਕਰਨ ਲਈ ਨਹੀਂ ਮੰਨੇ। ਇਸ ਤੋਂ ਬਾਅਦ ਜ਼ਕਰੀਆਂ ਖਾਨ ਨੇ ਜਲਾਦ ਨੂੰ  ਭਾਈ ਤਾਰੂ ਸਿੰਘ ਦੀ ਖੋਪਰੀ ਉਤਾਰਨ ਦਾ ਹੁਕਮ ਦਿੱਤਾ। ਜਿਸ ਤੇ ਭਾਈ ਤਾਰੂ ਸਿੰਘ ਨੂੰ ਜਰਾ ਵੀ ਦੁੱਖ ਨਾ ਹੋਇਆ। ਭਾਈ ਤਾਰੂ ਸਿੰਘ ਜੀ ਅਗਰ ਜ਼ਕਰੀਆਂ ਖਾਨ ਦੀ ਗੱਲ ਮੰਨ ਲੈਂਦੇ ਤਾਂ ਉਨ੍ਹਾਂ ਦੀ ਜਾਨ ਬਚ ਜਾਣੀ ਸੀ, ਪਰ ਉਨ੍ਹਾਂ ਨੇ ਆਪਣੀ ਸਿੱਖੀ ਨੂੰ ਕੇਸਾਂ-ਸੁਆਸਾਂ ਨਾਲ ਨਿਭਾਅ ਕੇ ਮਿਸਾਲ ਕਾਇਮ ਕੀਤੀ। ਜਲਾਦ ਰੰਬੀ ਨਾਲ ਭਾਈ ਸਾਹਿਬ ਦੀ ਖੋਪਰੀ ਉਤਾਰ ਰਿਹਾ ਸੀ ਤੇ ਆਪ ਜਪੁਜੀ ਦਾ ਪਾਠ ਕਰ ਰਹੇ ਸਨ। ਇੰਨਾ ਕੁਝ ਹੁੰਦਿਆਂ ਵੀ ਆਪਦੇ ਮੂੰਹੋਂ ਸੀ ਨਾ ਨਿਕਲੀ। ਪੰਥ ਪ੍ਰਕਾਸ਼ ਦਾ ਕਰਤਾ ਲਿਖਦਾ ਹੈ:

 

ਜਿਮ ਜਿਮ ਸਿੰਘਨ ਤੁਰਕ ਸਤਾਵੈ। ਤਿਮ ਤਿਮ ਮੁਖ ਸਿੰਘ ਲਾਲੀ ਆਵੈ।

            ਮੰਨਿਆ ਜਾਂਦਾ ਹੈ ਕਿ ਖੋਪਰੀ ਉੱਤਰ ਜਾਣ ਤੋਂ ਬਾਅਦ ਵੀ ਆਪ 22 ਦਿਨ ਤੱਕ ਜੀਵਤ ਰਹੇ। ਇਸ ਤਰ੍ਹਾਂ ਆਪ ਨੇ 1745 ਈ: ਨੂੰ ਸ਼ਹੀਦੀ ਪ੍ਰਾਪਤ ਕੀਤੀ। ਭਾਈ ਤਾਰੂ ਸਿੰਘ ਜੀ ਦੀ ਅਦੁੱਤੀ ਸ਼ਹਾਦਤ ਨੂੰ ਅਸੀਂ ਆਪਣੀ ਨਿੱਤ ਦੀ ਅਰਦਾਸ ਵਿਚ ਯਾਦ ਕਰਦੇ ਹਾਂ। ਅਜੋਕੇ ਸਮੇਂ ਵਿਚ ਨੌਜਵਾਨ ਪੀੜੀ ਨੂੰ ਭਾਈ ਤਾਰੂ ਸਿੰਘ ਜੀ ਦੀ ਇਸ ਮਹਾਨ ਸ਼ਹੀਦੀ ਤੋਂ ਸਿੱਖਿਆ ਲੈਂਦਿਆ ਆਪਣਾ ਜੀਵਨ ਉੱਚਾ-ਸੁੱਚਾ ਰੱਖਦਿਆਂ ਆਪਣੇ ਧਰਮ ਵਿਚ ਪੱਕੇ ਰਹਿਣਾ ਚਾਹੀਦਾ ਹੈ ਤੇ ਪਰਮਾਤਮਾ ਦੁਆਰਾ ਬਖਸ਼ੀ ਦਾਤ ਕੇਸਾਂ ਨੂੰ ਪੂਰਾ ਸਤਿਕਾਰ ਦੇਂਦਿਆਂ ਕੇਸਾਂ ਨੂੰ ਅੰਗ ਸੰਗ ਨਿਭਾਉਣਾ ਚਾਹੀਦਾ ਹੈ ਅਤੇ ਸੰਸਾਰ ਵਿਚ ਫੈਲ ਰਹੀ ਫੈਸਨਪ੍ਰਸਤੀ ਪਿੱਛੇ ਲੱਗ ਕੇ ਅਮੁੱਲੀ ਦਾਤ (ਕੇਸਾਂ) ਨੂੰ ਵਿਸਾਰਨਾ ਨਹੀਂ ਚਾਹੀਦਾ ਤਾਂ ਹੀ ਕੇਸ ਸਾਡੇ ਸਿਦਕ, ਸ਼ਾਨੋ-ਸ਼ੌਕਤ ਦਾ ਚਿੰਨ ਬਣ ਸਕਦੇ ਹਨ।