ਤੇਗ ਬਹਾਦਰ ਸੀ ਕ੍ਰਿਆ ਕਰੀ ਨ ਕਿਨਹੂੰ ਆਨ

 ਜਥੇ: ਅਵਤਾਰ ਸਿੰਘ

ਪ੍ਰਧਾਨ,

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ।

 

ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਸਾਹਿਬ ਨੇ ਜਦ ਸਿੱਖ ਧਰਮ ਪ੍ਰਗਟ ਕੀਤਾ ਤਾਂ ਸਿੱਖੀ ਮਹਿਲ ਦੀ ਪਹਿਲੀ ਇੱਟ ਕੁਰਬਾਨੀ ਦੀ ਹੀ ਰੱਖੀ। ਧਰਮ ਪ੍ਰਤੀ ਕੁਰਬਾਨੀ ਤੇ ਸ਼ਹਾਦਤ ਦਾ ਸੰਕਲਪ ਉਨ੍ਹਾਂ ਨੇ ਹੀ ਰੌਸ਼ਨ ਕੀਤਾ। ਸ਼ਹੀਦੀ ਦੇ ਇਤਿਹਾਸ ਵਿਚ ਸਿੱਖ ਕੌਮ ਦਾ ਸਥਾਨ ਬਹੁਤ ਉੱਚਾ ਤੇ ਮਹਾਨ ਹੈ। ਪੰਜਵੇਂ ਤੇ ਨੌਵੇਂ ਜਾਮੇ ਵਿਚ ਸ੍ਰੀ ਗੁਰੂ ਅਰਜਨ ਦੇਵ ਜੀ ਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਭਾਵ ਦਾਦੇ ਤੇ ਪੋਤਰੇ ਨੇ ਆਪ ਸ਼ਹੀਦੀਆਂ ਦੇ ਕੇ ਸ਼ਹੀਦੀ-ਪਰੰਪਰਾ ਦਾ ਆਰੰਭ ਕਰ ਦਿੱਤਾ। ਉਸ ਸਮੇਂ ਤੋਂ ਹੁਣ ਤੀਕ ਲੱਖਾਂ ਹੀ ਸਿੱਖ ਤਲੀ ’ਤੇ ਸੀਸ ਰੱਖ ਕੌਮੀ ਅਣਖ ਤੇ ਅਜ਼ਾਦੀ, ਇਨਸਾਫ, ਹੱਕ, ਸੱਚ ਦੇ ਧਰਮ ਲਈ ਜੂਝੇ ਤੇ ਸ਼ਹੀਦ ਹੋਏ ਹਨ। ਸ਼ਹਾਦਤ ਦਾ ਸਿਧਾਂਤ ਤੇ ਪਰੰਪਰਾ ਸਿੱਖ ਇਤਿਹਾਸ ਤੇ ਸਭਿਆਚਾਰ ਦੀ ਇਕ ਨਿਵੇਕਲੀ ਪਹਿਚਾਣ ਹੈ। ਸ਼ਹੀਦੀ ਅਕਾਲ ਪੁਰਖ ਦੇ ਨੇੜੇ ਹੋਣ ਦਾ ਮੁਕਾਮ ਹੈ। ਸ਼ਹੀਦੀ ਨਿੱਡਰਤਾ ਦੀ ਨਿਸ਼ਾਨੀ ਹੈ। ਸ਼ਹੀਦ, ਸਬਰ ਤੇ ਸਿਦਕ ਦਾ ਮੁਜੱਸਮਾ ਹੈ। ਇਹ ਅਣਖ ਦਾ ਐਲਾਨਨਾਮਾ ਹੈ। ‘ਸ਼ਹੀਦ’ ਲਫਜ਼ ਦਾ ਅਧਾਰ ਸ਼ਾਹਦੀ, ਗਵਾਹੀ ਹੈ, ਭਾਵ ਮਕਸਦ ਤੇ ਨਿਸ਼ਾਨੇ ਵਾਸਤੇ ਦ੍ਰਿੜ੍ਹਤਾ ਨਾਲ ਖੜ੍ਹੇ ਹੋ ਕੇ ਮਿਸਾਲ ਬਣਨਾ ਹੈ। ਜ਼ੁਰਅਤ ਤੇ ਗ਼ੈਰਤ ਵਾਲੇ ਲੋਕ ਹੀ ਆਪਣੇ ਅਸੂਲ ’ਤੇ ਪਹਿਰਾ ਦਿੰਦੇ ਹਨ:

ਪਹਿਲਾ ਮਰਣੁ ਕਬੂਲਿ ਜੀਵਣ ਕੀ ਛਡਿ ਆਸ ॥

ਹੋਹੁ ਸਭਨਾ ਕੀ ਰੇਣੁਕਾ ਤਉ ਆਉ ਹਮਾਰੈ ਪਾਸਿ ॥

(ਪੰਨਾ 1102)

ਸਿੱਖ ਕੌਮ ਦਲੇਰ ਯੋਧਿਆਂ, ਜੁਝਾਰੂਆਂ, ਮਰਜੀਵੜਿਆਂ, ਸ਼ਹੀਦਾਂ, ਮੁਰੀਦਾਂ, ਹਠੀਆਂ ਤੇ ਤਪੀਆਂ ਦੀ ਕੌਮ ਹੈ। ਸਿੱਖ ਧਰਮ ’ਚ ਸਿੱਖ ਦਾ ਦਾਖਲਾ ਹੀ ਸੀਸ ਭੇਟ ਨਾਲ ਹੋਇਆ। ਸ੍ਰੀ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਨੇ ਮਨੁੱਖੀ ਕਦਰਾਂ-ਕੀਮਤਾਂ ਤੇ ਸਿੱਖ ਪੰਥ ਦੀ ਮਰਯਾਦਾ ਨੂੰ ਜਿਉਂਦਿਆਂ ਰੱਖਣ ਵਾਲੀ ਵਿਚਾਰਧਾਰਕ ਭੂਮੀ ਨੂੰ ਬੰਜਰ ਹੋਣ ਤੋਂ ਬਚਾਇਆ। ਸ਼ਹਾਦਤ ਨਿਆਂ, ਨੇਕੀ, ਹੱਕ, ਸੱਚ, ਸਹਿਜ, ਪ੍ਰੇਮ, ਸੂਰਮਗਤੀ ਅਤੇ ਰੋਸ਼ਨੀ ਦੇ ਸੋਮੇ ਧਰਮ ਲਈ ਹੁੰਦੀ ਹੈ। ਨੌਵੇਂ ਪਾਤਸ਼ਾਹ ਜੀ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਅਦੁੱਤੀ ਸ਼ਹਾਦਤ ਦੀ ਵਿਚਾਰਧਾਰਾ ਤੇ ਅਮਲੀ ਵਰਤਾਰੇ ਨੂੰ ਸਿਖਰ ਉਤੇ ਪਹੁੰਚਾਇਆ। ‘ਸਿਰੁ ਦੀਜੇ ਕਾਣਿ ਨ ਕੀਜੈ’ ਦੇ ਵਿਚਾਰ ਨੂੰ ਧੁਰ ਰੂਹ ਤਕ ਅਪਣਾਇਆ। ਸਿੱਖ ਹੱਕ ਸੱਚ ਨਿਆਂ ਲਈ ਲੜਨ ਵਿਚ ਫਖਰ ਸਮਝਦੇ ਸਨ।

ਇਤਿਹਾਸ ਵਿਚ ਆਉਂਦਾ ਹੈ ਕਿ ਜਦੋਂ ਆਨੰਦਪੁਰ ਸਾਹਿਬ ਵਿਖੇ ਕਸ਼ਮੀਰ ਵਿੱਚੋਂ ਆਏਂ ਪੰਡਤਾਂ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਔਰੰਗਜ਼ੇਬ ਦੀ ਹਕੂਮਤ ਵੱਲੋਂ ਜਬਰੀ ਧਰਮ ਤਬਦੀਲੀ ਕਰਾਉਣ ਅਤੇ ਦੁੱਖਾਂ ਦੀ ਲੰਬੀ ਦਾਸਤਾਨ ਸੁਣਾਈ ਤਾਂ ਉਦੋਂ ਗੁਰੂ ਪਾਤਸ਼ਾਹ ਜੀ ਨੇ ਉੱਤਰ ਦਿੱਤਾ ਕਿ ਕਿਸੇ ਆਤਮਾ ਦੀ ਬਲੀ ਨਾਲ ਹਕੂਮਤ ਦੇ ਅੱਤਿਆਚਾਰ ਰੁਕ ਜਾਣਗੇ ਤਾਂ ੳੇੁਥੇ ਖੜ੍ਹੇ ਨੌਂ ਸਾਲਾਂ ਦੇ ਬਾਲਕ ਗੁਰੂ ਗੋਬਿੰਦ ਸਿੰਘ ਜੀ ਨੇ ਸਹਿਜ-ਸੁਭਾਅ ਹੀ ਆਪਣੇ ਗੁਰੂ-ਪਿਤਾ ਜੀ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਕਿ ਗੁਰੂ ਪਿਤਾ ਜੀ ਤੁਹਾਡੇ ਨਾਲੋਂ ਸਤਿ ਪੁਰਖ ਅਤੇ ਮਹਾਤਮਾ ਹੋਰ ਕੌਣ ਹੋ ਸਕਦਾ ਹੈ। ਇਸ ਤਰ੍ਹਾਂ ਦੇ ਭੋਲੇ ਪਰ ਦੂਰ-ਅੰਦੇਸ਼ੀ ਵਾਲੇ ਬਚਨ ਸੁਣ ਕੇ ਹੋਰ ਸਭ ਲੋਕ ਹੱਕੇ-ਬੱਕੇ ਰਹਿ ਗਏ ਪਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਮਨ ਅੰਦਰ ਖੁਸ਼ੀ ਦੀ ਲਹਿਰ ਦੌੜ ਗਈ ਅਤੇ ਬਾਲ ਗੋਬਿੰਦ ਸਿੰਘ ਨੂੰ ਬੜੇ ਪ੍ਰਤਾਪੀ ਅਤੇ ਸਮਰੱਥ ਸਮਝ ਕੇ ਛਾਤੀ ਨਾਲ ਲਗਾ ਲਿਆ ਅਤੇ ੳੇੁਸੇ ਸਮੇਂ ਕਸ਼ਮੀਰੀ ਪੰਡਤਾਂ ਨੂੰ ਕਹਿ ਦਿੱਤਾ ਕਿ “ੳੇੁਹ ਬਾਦਸ਼ਾਹ ਨੂੰ ਜਾ ਕੇ ਦੱਸ ਦੇਣ ਕਿ ਉੇਨ੍ਹਾਂ ਦੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਪਹਿਲਾਂ ਦੀਨ ਮੁਹੰਮਦੀ ਬਣਾਓ, ਫਿਰ ਆਪੇ ਹੀ ਸਭ ਮੁਸਲਮਾਨ ਬਣ ਜਾਣਗੇ।”ਇਹ ਇਕ  ਬਾਦਸ਼ਾਹ ਦੀ ਦੂਜੇ ਬਾਦਸ਼ਾਹ ਨੂੰ ਵੰਗਾਰ ਸੀ। ‘ਪ੍ਰਿਂੰਸੀਪਲ ਸਤਿਬੀਰ ਸਿੰਘ’ ਅਨੁਸਾਰ ਕੁਰਬਾਨੀ ਦੋ ਕੰਮ ਕਰਦੀ ਹੈ, “ਇਹ ਜ਼ਾਲਮ ਹਿਰਦਿਆਂ ਨੂੰ ਪੰਘਾਰਦੀ ਹੈ ਅਤੇ ਦੂਜੇ ਮਜ਼ਲੂਮਾਂ ਵਿਚ ਸੁਰੱਖਿਆ ਦਾ ਅਹਿਸਾਸ ਪੈਦਾ ਕਰਦੀ ਹੈ।”

ਉਧਰ ਜਦੋਂ ਕਸ਼ਮੀਰੀ ਪੰਡਤਾਂ ਨੇ ਔਰੰਗਜ਼ੇਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਸੁਨੇਹਾ ਦਿੱਤਾ ਤਾਂ ਉਹ ਮਨ ਹੀ ਮਨ ’ਚ ਬਹੁਤ ਖੁਸ਼ ਹੋਇਆ ਹੋਵੇਗਾ। ਕਿਉਂਕਿ ਹੁਣ ਤਾਂ ਸਿਰਫ ਇਕੋ ਹੀ ਬੰਦੇ ਨੂੰ ਇਸਲਾਮ ਦੇ ਦਾਇਰੇ ਵਿਚ ਲਿਆ ਕੇ ਸਾਰੇ ਹਿੰਦੁਸਤਾਨ ਨੂੰ ਦਾਰੁਲ ਇਸਲਾਮ ਦੇ ਝੰਡੇ ਥੱਲੇ ਲਿਆਉਣਾ ਬਹੁਤ ਹੀ ਸੌਖਾਂ ਕੰਮ ਸੀ ਪਰ ਉਸ ਨੂੰ ਇਸ ਦੇ ਅੰਦਰ ਛੁਪੀ ਵੰਗਾਰ ਨਜ਼ਰ ਨਹੀਂ ਆਈ। ਬਾਦਸ਼ਾਹ ਅਤੇ ਤਾਕਤਵਰ ਆਦਮੀ ਸਤਾ ਦੇ ਨਸ਼ੇ ਵਿਚ ਅੰਨ੍ਹੇ ਹੋ ਜਾਂਦੇ ਹਨ। ਸੋ ਉਸ ਨੇ ਗੁਰੂ ਸਾਹਿਬ ਦੀ ਗ੍ਰਿਫਤਾਰੀ ਦਾ ਹੁਕਮ ਜਾਰੀ ਕਰਦਿਆਂ ਗੁਰੂ ਸਾਹਿਬ ਦਾ ਚੈਲਿੰਜ ਪ੍ਰਵਾਨ ਕਰ ਲਿਆ। ਹਣ ਮੁਕਾਬਲਾ ਸੱਚੇ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਅਤੇ ਔਰੰਗਜ਼ੇਬ ਦਰਮਿਆਨ ਸੀ। ਇਤਿਹਾਸ ਮੁਤਾਬਕ ਜਦੋਂ ਗੁਰੂ ਸਾਹਿਬ ਅਤੇ ਉਨ੍ਹਾਂ ਦੇ ਕੁਝ ਸ਼ਰਧਾਲੂਆਂ ਨੂੰ ਕੈਦ ਕਰਕੇ ਦਿੱਲੀ ਲਿਆਂਦਾ ਗਿਆ, ਉਦੋਂ ਔਰੰਗਜ਼ੇਬ ਹਿੰਦੁਸਤਾਨ ਦੇ ਸੂਬਾ ਸਰਹਿੰਦ ਵੱਲੋਂ ਪਠਾਣਾਂ ਦੀ ਬਗ਼ਾਵਤ ਰੋਕਣ ਦੇ ਸਿਲਸਿਲੇ  ਵਿਚ ਕਾਹਲੀ-ਕਾਹਲੀ ਰਵਾਨਾ ਹੋ ਗਿਆ ਸੀ ਅਤੇ ਜਾਂਦੀ ਵਾਰੀ ਗੁਰੂ ਸਾਹਿਬ ਨਾਲ ਕਿਹੋ ਜਿਹਾ ਵਰਤਾਓ ਕਰਨਾ ਹੈ, ਆਪਣੇ ਤੋਂ ਬਾਅਦ ਉੱਚ-ਅਹਿਲਕਾਰਾਂ ਨੂੰ ਸਮਝਾ ਗਿਆ ਸੀ। ਇਨ੍ਹਾਂ ਵਿੱਚੋਂ ਸਰਵ-ਉੱਚ ਸੀ, ਸ਼ਾਹਜਾਮਬਾਦ ਦਾ ਸੂਬੇਦਾਰ। ਉਸ ਨੇ ਗੁਰੂ ਸਾਹਿਬ ਨਾਲ ਗ੍ਰਿਫਤਾਰ ਕੀਤੇ ਗਏ ਅਨੇਕਾਂ ਸਿੱਖਾਂ ਵਿਚੋਂ ਤਿੰਨਾਂ , ਭਾਈ ਦਿਆਲਾ ਜੀ, ਭਾਈ ਮਤੀ ਦਾਸ ਜੀ ਅਤੇ ਭਾਈ ਸਤੀ ਦਾਸ ਜੀ ਨੂੰ ਕੈਦੀ ਬਣਾ ਲਿਆ ਅਤੇ ਬਾਕੀ ਸਾਰੇ ਛੱਡ ਦਿੱਤੇ।

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਉਤੇ ਹਕੂਮਤੀ ਵਾਰ ਸ਼ੁਰੂ ਹੋਏ। ਹਕੂਮਤ ਨੇ ਪਹਿਲਾਂ ਤਾਂ ਜ਼ਬਾਨੀ ਡਰਾਵੇ ਅਤੇ ਲਾਲਚ ਦਿੱਤੇ ਕਿ ਉਹ ਮੁਸਲਮਾਨ ਬਣਨਾ ਮੰਨ ਜਾਣ ਪਰ ਜਦੋਂ ਗੁਰੂ ਸਾਹਿਬ ਨਹੀਂ ਮੰਨੇ ਤਾਂ ਹਕੂਮਤੀ ਜ਼ੁਲਮ-ਜਬਰ ਦਾ ਦੌਰ ਸ਼ੁਰੂ ਹੋ ਜਾਂਦਾ ਹੈ ਅਤੇ ਇਸਦੇ ਸ਼ਿਕਾਰ ਭਾਈ ਦਿਆਲਾ ਜੀ, ਭਾਈ ਮਤੀ ਦਾਸ ਜੀ ਅਤੇ ਭਾਈ ਸਤੀ ਦਾਸ ਜੀ ਬਣਦੇ ਹਨ। ਗੁਰੂ ਸਾਹਿਬ ਦੀਆਂ ਅੱਖਾਂ ਸਾਹਮਣੇ ਇਨ੍ਹਾਂ ਨੂੰ ਵੱਖ-ਵੱਖ ਤਰੀਕਿਆਂ ਨਾਲ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ। ਧੰਨ ਸਨ ਉਹ ਮਾਵਾਂ ਦੇ ਲਾਲ ਅਤੇ ਗੁਰੂ ਦੇ ਚੇਲੇ ਜਿਨ੍ਹਾਂ ਮੌਤ ਨੂੰ ਖੁਦ ਕਲਾਵੇ ਵਿਚ ਲਿਆ। ਭਾਈ ਮਤੀ ਦਾਸ ਜੀ ਨੂੰ ਦੋ ਸ਼ਤੀਰਾਂ ਦੇ ਵਿਚਕਾਰ ਬੰਨ੍ਹ ਕੇ ਆਰੇ ਨਾਲ ਚੀਰਕੇ ਦੋ ਫਾੜ ਕਰ ਦਿੱਤਾ ਗਿਆ। ਗੁਰੂ ਦੇ ਸਿੱਖ ਨੇ ਸੀਅ ਨਹੀਂ ਕੀਤੀ ਅਤੇ ਵਾਹਿਗੁਰੂ ਦਾ ਜਾਪ ਕਰਦਿਆਂ ਸ਼ਹੀਦ ਹੋ ਗਿਆ। ਕਿਤਨਾ ਭਿਆਨਕ ਅਤੇ ਡਰਾਵਣਾ ਸੀਨ ਅੱਖਾਂ ਸਾਹਮਣੇ ਆੳੇੁਂਦਾ ਹੈ, ਜਿਸ ਦੀ ਕਲਪਨਾ ਕਰਕੇ ਲੂੰ ਕੰਢੇ ਖੜ੍ਹੇ ਹੋ ਜਾਂਦੇ ਹਨ ਪਰ ਧਂੰਨ ਗੁਰੂ ਸਾਹਿਬ ਸਨ ਅਤੇ ਧੰਨ ਉਨ੍ਹਾਂ ਦੀ ਸਿੱਖੀ। ਹਕੂਮਤ ਦੇ ਅਹਿਲਕਾਰ ਗੁਰੂ ਸਾਹਿਬ ਦਾ ਪ੍ਰਤੀਕ੍ਰਮ ਉਡੀਕਦੇ ਪਰ ਗੁਰੂ ਸਾਹਿਬ ਅਡੋਲ ਚਿੱਤ ਸਨ।

ਫਿਰ ਭਾਈ ਦਿਆਲਾ ਜੀ ਨੂੰ ਦੇਗ ਦੇ ਉਬਲਦੇ ਪਾਣੀ ਵਿਚ ਸੁੱਟ ਕੇ ਉਬਾਲ ਦਿਤਾ ਗੁਰੂ ਦੇ ਸਿੱਖ ਨੇ ਹਾਏ ਤੱਕ ਨਹੀਂ ਕੀਤੀ। ਹਕੂਮਤ ਹੁਣ ਸ਼ਰਮਿੰਦਗੀ ਮਹਿਸੂਸ ਕਰਨ ਲੱਗੀ। ਕਿੳੇੁਂਕਿ ੳੇੁਸ ਦੇ ਕਈ ਵਾਰ ਖਾਲੀ ਹੋ ਗਏ ਸਨ ਅਤੇ ਇਹ ਦ੍ਰਿਸ ਵੇਖ ਕੇ ਆਸ-ਪਾਸ ਦੇ ਲੋਕਾਂ ਦੇ ਦਿਲ ਹਿੱਲ ਗਏ ਸਨ ਪਰ ਗੁਰੂ ਸਾਹਿਬ ਅਡੋਲ ਸਨ। ਭਾਈ ਦਿਆਲਾ ਜੀ, ਭਾਈ ਮਨੀ ਸਿੰਘ ਜੀ ਦੇ ਸਕੇ ਭਰਾ ਸਨ, ਇਨ੍ਹਾਂ ’ਚੋਂ ਨੌਂ ਗੁਰੂ-ਘਰ ਲਈ ਸ਼ਹੀਦ ਹੋਏ ਸਨ ਅਤੇ ਜੋ ਦਸਵਾਂ ਸੀ ਉਹ ਛੋਟੀ ੳੇੁਮਰੇ ਚੜ੍ਹਾਈ ਕਰ ਗਿਆ ਸੀ। ਧੰਨ ਸੀ ੳੇੁਹ ਜਨਨੀ ਅਤੇ ਧੰਨ ਸਨ ੳੇੁਹ ਰੂਹਾਂ ਜੋ ਗੁਰੂ-ਘਰ ਲਈ ਕੁਰਬਾਨ ਹੋ ਗਈਆਂ। ਹਕੂਮਤ ਦੇ ਜੱਲਾਦਾਂ ਨੇ ਭਾਈ ਸਤੀਦਾਸ ਜੀ ਨੂੰ ਰੂੰਈ ਵਿਚ ਲਪੇਟ ਕੇ ਅੱਗ ਲਗਾ ਸ਼ਹੀਦ ਕਰ ਦਿੱਤਾ। ਇਹ ਕਹਿਰ ਵੀ ਗੁਰੂ ਸਾਹਿਬ ਨੂੰ ਹਰਾ ਨਾ ਸਕਿਆ। ਹਕੂਮਤ ਨੇ ਗੁਰੂ ਸਾਹਿਬ ਦੇ ਸਾਹਮਣੇ ਦਹਿਸ਼ਤਗਰਦੀ ਦੀ ਹੱਦ ਕਰ ਦਿੱਤੀ ਸੀ। ਹਕੂਮਤ ਬੌਖਲਾ ਉਠੀ ਕਿਉਂਕਿ ਹਾਰ ਉਸ ਦੇ ਸਾਹਮਣੇ ਸੀ, ਗੁਰੂ ਸਾਹਿਬ ਜਿੱਤ ਰਹੇ ਸਨ। ਅਖੀਰ ਗੁਰੂ ਜੀ ਨੂੰ ਵੀ ਸ਼ਹੀਦ ਕਰ ਦਿੱਤਾ ਗਿਆ। ਗੁਰੂ ਸਾਹਿਬ ਦਾ ਸੀਸ ਧੜ ਨਾਲੋਂ ਜੁਦਾ ਹੋ ਗਿਆ ਪਰ ਜਿੱਤ ਗੁਰੂ ਜੀ ਦੀ ਹੋਈ।

ਗੁਰੂ ਸਾਹਿਬ ਦੀ ਸ਼ਹਾਦਤ ਦਾ ਆਦਰਸ਼ ਜਿਥੇ ਮਾਨਵ-ਧਰਮ ਦੀ ਸੁਰੱਖਿਆ ਸੀ, ਉਥੇ ਸਮੂਹ ਮਨੁੱਖ ਜਾਤੀ ਦੇ ਵਿਚਾਰ-ਵਿਸ਼ਵਾਸ ਦੀ ਸੁਤੰਤਰਤਾ ਅਤੇ ਉਸ ਦੀ ਜ਼ਮੀਰ ਦੀ ਆਜ਼ਾਦੀ ਵਾਲੇ ਬੁਨਿਆਦੀ ਹੱਕਾਂ-ਅਧਿਕਾਰਾਂ ਦੀ ਬਰਕਰਾਰੀ ਵੀ ਸੀ। ਇਹ ਸਮੇਂ ਦੇ ਸਭ ਤੋਂ ਵੱਡੇ ਸਾਮਰਾਜ, ਭਾਵ ਮੁਗ਼ਲ ਸਲਤਨਤ ਦੀ ਬੇਪਨਾਹ ਤੇ ਬੇਲਗਾਮ ਰਾਜ-ਸ਼ਕਤੀ ਲਈ ਇਕ ਭਾਰੀ ਚੈਲੰਜ ਅਤੇ ਔਰੰਗਜ਼ੇਬ ਵਲੋਂ ਸਾਰੇ ਹਿੰਦੁਸਤਾਨ ਨੂੰ ਇਸਲਾਮ ਦੇ ਝੰਡੇ ਹੇਠ ਲਿਆਉਣ ਲਈ ਜਬਰੀ ਧਰਮ-ਬਦਲੀ ਵਾਸਤੇ ਅਪਣਾਈ ਹੋਈ ਤੁਅੱਸਬੀ ਤੇ ਹਿੰਸਕ ਨੀਤੀ ਨੂੰ ਇਕ ਮਹਾਨ ਵੰਗਾਰ ਵੀ ਸੀ। ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਜਿਸ ਪਰਉਪਕਾਰੀ ਭਾਵਨਾ, ਨਿਰਭੈਤਾ ਤੇ ਦ੍ਰਿੜ੍ਹਤਾ ਨਾਲ ਉਸ ਦੀ ਰਾਜਧਾਨੀ ਤੇ ਸ਼ਕਤੀ ਦੇ ਗੜ੍ਹ ਦਿੱਲੀ ਜਾ ਕੇ ਇਹ ਇਨਕਲਾਬੀ ਵੰਗਾਰ ਪਾਈ, ਉਸ ਦੀ ਧਾਰਮਿਕ ਨੀਤੀ ਨੂੰ ਭੰਡਿਆ, ਉਸ ਦੀ ਇਸਲਾਮ ਕਬੂਲਣ ਅਤੇ ਸਮੂਹ ਹਿੰਦਵਾਸੀਆਂ ਨੂੰ ਇਸ ਵੱਲ ਪ੍ਰੇਰਨ ਦੀ ਮੰਗ ਨੂੰ ਅਪ੍ਰਵਾਨਿਆ, ਉਸ ਦੀ ਕੋਈ ਕਰਾਮਾਤ ਵਿਖਾਉਣ ਵਾਲੀ ਸ਼ਰਤ ਨੂੰ ਠੁਕਰਾਇਆ ਅਤੇ ਇਹ ਕੁਝ ਨਾ ਕਰਨ ਦੀ ਸੂਰਤ ਵਿਚ ਕਤਲ ਦੇ ਡਰਾਵਿਆਂ ਨੂੰ ਟਿੱਚ ਸਮਝਦਿਆਂ, ਧਰਮ, ਨਿਆਂ, ਮਾਨਵੀ ਹਿੱਤਾਂ ਅਤੇ ਜ਼ਮੀਰ ਦੀ ਆਜ਼ਾਦੀ ਦੀ ਦਰਵੱਟੜੀ ’ਤੇ ਆਪਣੇ ਆਪ ਨੂੰ ਨਿਛਾਵਰ ਕਰ ਦਿੱਤਾ, ਉਹ ਠੀਕ ਅਰਥਾਂ ਵਿਚ ਇਕ ਯੁਗ-ਪਲਟਾਊ ਘਟਨਾ ਅਤੇ ਅਦੁੱਤੀ ਸਾਕਾ ਸੀ, ਜਿਸ ਦੀ ਵਿਸ਼ੇਸ਼ਤਾ ਤੇ ਵਿਲੱਖਣਤਾ ਵੱਲ ਧਿਆਨ ਦੁਆਉਂਦਿਆਂ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ‘ਬਚਿੱਤਰ ਨਾਟਕ’ ਵਿਚ ਬੜੇ ਸਪਸ਼ਟ ਸ਼ਬਦਾਂ ਵਿਚ ਜ਼ਿਕਰ ਕੀਤਾ ਹੈ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਦਿੱਲੀ ਦੇ ਸ਼ਹਿਨਸ਼ਾਹ, ਔਰੰਗਜ਼ੇਬ ਦੇ ਸਿਰ ’ਤੇ ਆਪਣੇ ਸਰੀਰ ਦਾ ਠੀਕਰਾ ਭੰਨ ਕੇ ਉਸ ਦੀਆਂ ਸਭ ਉਮੀਦਾਂ ਉੱਤੇ ਪਾਣੀ ਫੇਰ ਦਿੱਤਾ ਅਤੇ ਇਕ ਅਜਿਹਾ ਕਾਰਨਾਮਾ ਕਰ ਵਿਖਾਇਆ ਜੋ ਆਪਣੀ ਮਿਸਾਲ ਆਪ ਸੀ:

ਤਿਲਕ ਜੰਞੂ ਰਾਖਾ ਪ੍ਰਭ ਤਾ ਕਾ॥ ਕੀਨੋ ਬਡੋ ਕਲੂ ਮਹਿ ਸਾਕਾ॥…..

ਧਰਮ ਹੇਤ ਸਾਕਾ ਜਿਨਿ ਕੀਆ॥ ਸੀਸੁ ਦੀਆ ਪਰੁ ਸਿਰਰੁ ਨਾ ਦੀਆ॥…..

ਠੀਕਰਿ ਫੋਰਿ ਦਿਲੀਸ ਸਿਰਿ ਪ੍ਰਭ ਪੁਰ ਕੀਯਾ ਪਯਾਨ॥

ਤੇਗ ਬਹਾਦਰ ਸੀ ਕ੍ਰਿਆ ਕਰੀ ਨ ਕਿਨਹੂੰ ਆਨ॥…..

 

ਆਓ! ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਹੀਦੀ ਦਿਵਸ ਸਮੇਂ ਗੁਰੂ ਸਾਹਿਬ ਵੱਲੋਂ ਧਰਮ ਦੀ ਆਜ਼ਾਦੀ ਲਈ ਦਿੱਤੀ ਮਹਾਨ ਕੁਰਬਾਨੀ ਨੂੰ ਸਿਰ ਝੁਕਾਉਂਦੇ ਹੋਏ, ਉਨ੍ਹਾਂ ਵੱਲੋਂ ਵਿਖਾਏ ਰਾਹ ਅਤੇ ਕਲਿਆਣਕਾਰੀ ਸਿੱਖਿਆਵਾਂ ਉੱਤੇ ਚੱਲਣ ਦਾ ਪ੍ਰਣ ਕਰੀਏ।